ਕੁਲਦੀਪ ਸਿੰਘ ਧਨੌਲਾ
ਯਥਾਰਥਵਾਦੀ ਚਿੱਤਰਕਾਰਾਂ ਨੇ ਹਰ ਯੁੱਗ ਅੰਦਰ ਲੋਕਾਂ ਦੇ ਦਿਲਾਂ ਵਿਚ ਥਾਂ ਬਣਾਈ ਕਿਉਂਕਿ ਇਸ ਸ਼ੈਲੀ ਦੇ ਚਿੱਤਰ ਬੜੀ ਸਹਿਜਤਾ ਨਾਲ ਇਕ ਸਾਧਾਰਨ ਵਿਅਕਤੀ ਨਾਲ ਵੀ ਸਬੰਧ ਜੋੜ ਲੈਂਦੇ ਹਨ। ਭਾਰਤ ਵਿਚ ਤੇਲ ਰੰਗ ਅਤੇ ਯਥਾਰਥਵਾਦੀ ਸ਼ੈਲੀ ਦਾ ਆਗਮਨ ਕੰਪਨੀ ਰਾਜ ਸਮੇਂ ਹੋਇਆ। ਯਥਾਰਥਵਾਦੀ ਸ਼ੈਲੀ ਦੀ ਚਿੱਤਰਕਾਰੀ ਬਹੁਤ ਮਿਹਨਤ, ਲਗਨ ਅਤੇ ਸ਼ਿੱਦਤ ਭਾਲਦੀ ਹੈ। ਇਸ ਵਿਧਾ ਵਿਚ ਕੰਮ ਕਰਨ ਵਾਲੇ ਚਿੱਤਰਕਾਰ ਵਿਰਲੇ ਹੀ ਹਨ, ਕਈ ਦਹਾਕਿਆਂ ਮਗਰੋਂ ਇਸੇ ਵੰਨਗੀ ਦਾ ਇਕ ਚਿੱਤਰਕਾਰ ਆਰ. ਐੱਮ. ਸਿੰਘ (ਰਾਹੀ ਮਹਿੰਦਰ ਸਿੰਘ) ਹੈ ਜਿਸ ਨੇ ਕਲਾ ਪ੍ਰੇਮੀਆਂ ਦੇ ਦਿਲ ’ਤੇ ਦਸਤਕ ਦਿੱਤੀ ਹੈ। ਉਸ ਦੇ ਬਣਾਏ ਚਿੱਤਰ ਜੀਵੰਤ ਹੁੰਦੇ ਹਨ। ਪੰਜਾਬ ਦੇ ਇਕ ਨਿੱਕੇ ਜਿਹੇ ਪਿੰਡ ਭਰੋਲੀ ਕਲਾਂ (ਪਠਾਨਕੋਟ) ਦਾ ਜੰਮਪਲ ਹੁਣ ਸਥਾਈ ਤੌਰ ’ਤੇ ਚੰਡੀਗੜ੍ਹ ਵਸ ਗਿਆ ਹੈ, ਸਕੂਲ ਆਉਂਦੇ-ਜਾਂਦੇ ਰੇਲ ਗੱਡੀ ਵਿਚੋਂ ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ ਬੁਰਸ਼ ਫੜੀ ਆਲਾ-ਦੁਆਲਾ ਚਿੱਤਰਦਾ ਰਹਿੰਦਾ ਅਤੇ ਯਾਤਰੀਆਂ ਦੇ ਪੈਂਸਿਲ ਸਕੈੱਚ ਬਣਾ ਕੇ ਆਨੰਦ ਮਾਣਦਾ ਰਹਿੰਦਾ। ਪੇਸ਼ੇਵਰ ਫੋਟੋਗ੍ਰਾਫ਼ਰ ਪਿਤਾ ਸਰਦਾਰ ਮੇਹਰ ਸਿੰਘ ਨੇ ਇਕ ਬਾਲ ਚਿੱਤਰਕਾਰ ਦਾ ਗੁਣ ਪਛਾਣ ਲਿਆ ਸੀ, ਬਹੁਤ ਸਰਾਹਿਆ ਅਤੇ ਭਰਪੂਰ ਉਤਸ਼ਾਹ ਦਿੱਤਾ। ਫੇਰ ਕੀ ਸੀ, ਬਾਲ ਚਿੱਤਰਕਾਰ ਨੇ ਨਿੱਕੇ-ਨਿੱਕੇ ਕਦਮਾਂ ਨਾਲ ਵੱਡੀਆਂ ਮੰਜ਼ਿਲਾਂ ਸਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸਰਕਾਰੀ, ਗ਼ੈਰ-ਸਰਕਾਰੀ, ਦੇਸ਼-ਵਿਦੇਸ਼ ਵਿਚ ਚਿੱਤਰ ਸੁਸ਼ੋਭਿਤ ਹੋਣ ਲੱਗੇ। ਆਰ. ਐੱਮ. ਸਿੰਘ ਬਾਲਪਨ ਤੋਂ ਹੀ ਮਹਾਨ ਚਿੱਤਰਕਾਰ ਸਰਦਾਰ ਸੋਭਾ ਸਿੰਘ ਨੂੰ ਆਪਣਾ ਆਦਰਸ਼ ਅਤੇ ਉਸਤਾਦ ਮੰਨ ਕੇ ਯਥਾਰਥਵਾਦੀ ਕਲਾ ਪਰੰਪਰਾ ਨੂੰ ਲੈ ਕੇ ਅੱਗੇ ਤੁਰਦਾ ਆ ਰਿਹਾ ਹੈ।
ਸਖ਼ਤ ਮਿਹਨਤ ਸਦਕਾ ਆਰ. ਐੱਮ. ਸਿੰਘ ਦੀ ਕਲਾ ਦੀ ਖੁਸ਼ਬੂ ਨੇ ਵੀ ਆਪਣਾ ਅਸਰ ਦਿਖਾਇਆ। ਇਸ ਦੇ ਬਣਾਏ ਚਿੱਤਰ ਨਵੀਂ ਦਿੱਲੀ ਵਿਖੇ ਸੰਸਦ ਵਿਚ ਸਥਾਈ ਤੌਰ ’ਤੇ ਪ੍ਰਦਰਸ਼ਿਤ ਹੋ ਗਏ। ਅਗਲਾ ਸੱਦਾ ਰਾਸ਼ਟਰਪਤੀ ਭਵਨ ਵੱਲੋਂ ਪ੍ਰਾਪਤ ਹੋਇਆ, ਜੋ ਕਿਸੇ ਕਲਾਕਾਰ ਲਈ ਵੱਡਾ ਸਨਮਾਨ ਹੈ। ਆਰ. ਐੱਮ. ਸਿੰਘ ਨੂੰ ਦੇਸ਼ ਦੀ 12ਵੀਂ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਦਾ ਆਕਮਕੱਦ ਚਿੱਤਰ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਆਰ. ਐੱਮ. ਸਿੰਘ ਅਜਿਹਾ ਪਹਿਲਾ ਪੰਜਾਬੀ ਚਿੱਤਰਕਾਰ ਹੈ, ਜਿਸ ਲਈ ਰਾਸ਼ਟਰਪਤੀ ਭਵਨ ਦੇ ਦਰਵਾਜ਼ੇ ਖੁੱਲ੍ਹੇ ਅਤੇ ਖੁਸ਼ਆਮਦੀਦ ਕਿਹਾ ਗਿਆ। ਹੁਣ ਇਸ ਚਿੱਤਰ ਨੂੰ ਸਜੀਵ ਬਣਾਉਣਾ ਇਸ ਚਿੱਤਰਕਾਰ ਦਾ ਜਨੂੰਨ ਬਣ ਗਿਆ ਸੀ। ਚਿੱਤਰ ਦੀ ਤਿਆਰੀ ਲਈ ਢੁਕਵਾਂ ਮਾਹੌਲ ਹੋਵੇ, ਇਸ ਲਈ ਚਿੱਤਰਕਾਰ ਨੂੰ ਕੁਝ ਚਿਰ ਰਾਸ਼ਟਰਪਤੀ ਭਵਨ ਵਿਖੇ ਰਹਿਣਾ ਪਿਆ। ਇਸ ਦੌਰਾਨ ਰਾਸ਼ਟਰਪਤੀ ਅਤੇ ਚਿੱਤਰਕਾਰ ਵਿਚਕਾਰ ਕਈ ਮੁਲਾਕਾਤਾਂ ਅਤੇ ਬੈਠਕਾਂ ਹੋਈਆਂ। ਚਿੱਤਰ ਵਿਚ ਰੂਹ ਫੂਕਣ ਲਈ ਰਾਸ਼ਟਰਪਤੀ ਨੂੰ ਚਿੱਤਰਕਾਰ ਸਾਹਮਣੇ ਕਈ ਵਾਰ ਬੈਠਣਾ ਪਿਆ। ਮਿਹਨਤ ਰੰਗ ਲਿਆਈ ਅਤੇ ਇਹ ਚਿੱਤਰ ਤਿਆਰ ਹੋ ਗਿਆ। ਸ੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਇਸ ਚਿੱਤਰ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਸ ਲਾਸਾਨੀ ਚਿੱਤਰਕਾਰ ਨੂੰ ਥਾਪੜਾ ਦਿੱਤਾ। ਹੁਣ ਇਹ ਚਿੱਤਰ ਰਾਸ਼ਟਰਪਤੀ ਭਵਨ ਵਿਖੇ ਪੱਕੇ ਤੌਰ ’ਤੇ ਪ੍ਰਦਰਸ਼ਿਤ ਹੋ ਚੁੱਕਾ ਹੈ। ਇਸ ਤੋਂ ਬਾਅਦ ਦੂਜੀ ਵਾਰ ਉਸ ਨੇ 13ਵੇਂ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਅਤੇ ਹੁਣ ਤੀਜੀ ਵਾਰ 14ਵੇਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਚਿੱਤਰ ਬਣਾਇਆ ਹੈ। ਇਸ ਤਰ੍ਹਾਂ ਉਹ ਲਗਾਤਾਰ ਤਿੰਨ ਰਾਸ਼ਟਰਪਤੀਆਂ ਦੇ ਚਿੱਤਰ ਬਣਾਉਣ ਵਾਲਾ ਪੰਜਾਬ ਦਾ ਹੀ ਨਹੀਂ ਸਗੋਂ ਦੇਸ਼ ਦਾ ਪਹਿਲਾ ਚਿੱਤਰਕਾਰ ਬਣ ਗਿਆ ਹੈ।
ਆਰ. ਐੱਮ. ਸਿੰਘ ਨੇ ਰਾਸ਼ਟਰਪਤੀ ਭਵਨ ਪਹੁੰਚਣ ਦੀ ਦਿਲਚਸਪ ਕਹਾਣੀ ਸੁਣਾਉਂਦਿਆਂ ਦੱਸਿਆ ਕਿ ਉਹਦਾ ਰਾਕ ਗਾਰਡਨ ਦੇ ਨਿਰਮਾਤਾ ਨੇਕ ਚੰਦ ਸੈਣੀ ਨਾਲ ਬਹੁਤ ਪਿਆਰ ਹੋਣ ਕਰਕੇ ਆਉਣਾ-ਜਾਣਾ ਲੱਗਿਆ ਰਹਿੰਦਾ ਸੀ। ਇਕ ਦਿਨ ਆਰ. ਐੱਮ. ਸਿੰਘ ਨੇ ਨੇਕ ਚੰਦ ਦੇ ਦਫ਼ਤਰ ਵਿਚ ਕੰਧ ਨਾਲ ਪੁੱਠੀ ਪਈ ਪੇਂਟਿੰਗ ਸਿੱਧੀ ਕਰਕੇ ਦੇਖੀ ਤਾਂ ਨੇਕ ਚੰਦ ਕਹਿਣ ਲੱਗੇ ਇਹ ਮੈਂ ਹੀ ਪੁੱਠੀ ਕਰਕੇ ਰੱਖੀ ਹੈ ਕਿਉਂਕਿ ਇਹ ਮੈਨੂੰ ਬਿਲਕੁਲ ਪਸੰਦ ਨਹੀਂ ਆਈ ਸੀ।
ਇਹ ਸੁਣ ਕੇ ਆਰ. ਐੱਮ. ਸਿੰਘ ਨੇ ਨੇਕ ਚੰਦ ਨੂੰ ਕਿਹਾ ਕਿ ਮੈਂ ਆਪਣੇ ਆਪ ਨੂੰ ਕੋਈ ਵੱਡਾ ਚਿੱਤਰਕਾਰ ਤਾਂ ਨਹੀਂ ਸਮਝਦਾ, ਪਰ ਜਿਹੜੀ ਤੁਹਾਡੀ ਤਸਵੀਰ ਮੈਂ ਬਣਾਂਵਾਗਾ, ਉਹਨੂੰ ਤੁਸੀਂ ਕਦੇ ਵੀ ਮੂਧੀ ਨਹੀਂ ਮਾਰ ਸਕੋਗੇ। ਸਾਢੇ ਤਿੰਨ ਮਹੀਨਿਆਂ ਦੀਆਂ ਰੋਜ਼ਾਨਾ ਮੁਲਾਕਾਤਾਂ ਵਿਚੋਂ 13 ਬੈਠਕਾਂ ਰਾਹੀਂ ਨੇਕ ਚੰਦ ਦੀ ਖ਼ੂਬਸੂਰਤ ਅਤੇ ਜੀਵੰਤ ਤਸਵੀਰ ਤਿਆਰ ਹੋ ਗਈ। ਨੇਕ ਚੰਦ ਨੇ ਬਣਦੀ ਤਸਵੀਰ ਬਿਲਕੁਲ ਨਹੀਂ ਦੇਖੀ ਸੀ ਕਿਉਂਕਿ ਉਹ ਚਾਹੁੰਦੇ ਸਨ ਕਿ ਜਦੋਂ ਚਿੱਤਰਕਾਰ ਦੀ ਪੂਰੀ ਤਸੱਲੀ ਹੋ ਜਾਵੇਗੀ ਤਾਂ ਹੀ ਉਹ ਦੇਖਣਗੇ। ਜਦੋਂ ਨੇਕ ਚੰਦ ਨੇ ਤਸਵੀਰ ਉੱਤੋਂ ਪਰਦਾ ਹਟਾਇਆ ਤਾਂ ਇਹਨੂੰ ਦੇਖ ਕੇ ਉਹ ਬਹੁਤ ਖ਼ੁਸ਼ ਹੋਏ ਅਤੇ ਆਰ. ਐੱਮ. ਸਿੰਘ ਨੂੰ ਜੱਫੀ ਵਿਚ ਲੈ ਲਿਆ। ਜਦੋਂ ਨੇਕ ਚੰਦ ਹੋਰਾਂ ਦੇ ਮਕਾਨ ਦੀ ਮੁਰੰਮਤ ਹੋਣ ਲੱਗੀ ਤਾਂ ਉਨ੍ਹਾਂ ਆਪਣੇ ਬੇਟੇ ਨੂੰ ਕਿਹਾ ਕਿ ਘਰ ਦੇ ਹੋਰ ਸਾਮਾਨ ਦੀ ਮੈਨੂੰ ਕੋਈ ਚਿੰਤਾ ਨਹੀਂ, ਪਰ ਮੇਰੀ ਪੇਂਟਿੰਗ ਨੂੰ ਆਂਚ ਨਹੀਂ ਆਉਣੀ ਚਾਹੀਦੀ। ਸੋ ਬੇਟੇ ਅਨੁਜ ਨੇ ਪੇਂਟਿੰਗ ਬਹੁਤ ਵਧੀਆ ਢੰਗ ਨਾਲ ਪੈੱਕ ਕਰਕੇ ਰੱਖ ਦਿੱਤੀ। ਜਦੋਂ 2012 ਵਿਚ ਆਰ. ਐੱਮ. ਸਿੰਘ ਨੂੰ ਰਾਸ਼ਟਰਪਤੀ ਭਵਨ ਵੱਲੋਂ ਸੱਦਾ ਆਇਆ ਤਾਂ ਨਾਲ ਇਕ ਪੇਂਟਿੰਗ ਲੈ ਕੇ ਆਉਣ ਦੀ ਤਜਵੀਜ਼ ਦਿੱਤੀ ਗਈ ਤਾਂ ਚਿੱਤਰਕਾਰ ਦੇ ਮਨ ਵਿਚ ਇਕੋ ਪੇਂਟਿੰਗ ਆਈ ਉਹ ਸੀ ਨੇਕ ਚੰਦ ਵਾਲੀ। ਇਸ ਤਰ੍ਹਾਂ ਨੇਕ ਚੰਦ ਸੈਣੀ ਦੇ ਬੇਟੇ ਦੀ ਬੰਨ੍ਹੀ ਪੇਂਟਿੰਗ ਰਾਸ਼ਟਰਪਤੀ ਦੇ ਮੁਲਾਜ਼ਮਾਂ ਨੇ ਖੋਲ੍ਹੀ। ਇਸ ਪੇਂਟਿੰਗ ਨੂੰ ਦੇਖ ਕੇ ਹੀ ਸ੍ਰੀਮਤੀ ਪਾਟਿਲ ਨੇ ਆਰ. ਐੱਮ. ਸਿੰਘ ਦੀ ਬਤੌਰ ਆਰਟਿਸਟ ਚੋਣ ਕੀਤੀ ਸੀ।
ਸਰਕਾਰ ਭਾਵੇਂ ਕਿਸੇ ਪਾਰਟੀ ਦੀ ਹੋਵੇ, ਪਰ ਕਲਾਕਾਰਾਂ, ਖ਼ਾਸ ਕਰਕੇ ਚਿੱਤਰਕਾਰਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਹੋਰ ਤਾਂ ਹੋਰ ਕੋਈ ਯੂਨੀਵਰਸਿਟੀ ਵੀ ਇਸ ਪਾਸੇ ਧਿਆਨ ਨਹੀਂ ਦੇ ਰਹੀ। ਮਹਾਨ ਚਿੱਤਰਕਾਰ ਸਰਦਾਰ ਸੋਭਾ ਸਿੰਘ ਨੂੰ ਸਾਰੀ ਉਮਰ ਘਾਲਣਾ ਘਾਲਣ ਤੋਂ ਬਾਅਦ 83 ਸਾਲਾਂ ਦਾ ਹੋਣ ’ਤੇ ਤਤਕਾਲੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਕਾਰਨ ਪਦਮਸ਼੍ਰੀ ਮਿਲਿਆ ਸੀ। ਗਿਆਨੀ ਜ਼ੈਲ ਸਿੰਘ ਉਨ੍ਹਾਂ ਦੀ ਕਲਾ ਦੇ ਪ੍ਰਸ਼ੰਸਕ ਤੇ ਪਿਆਰ ਕਰਨ ਵਾਲਿਆਂ ਵਿਚੋਂ ਇਕ ਸਨ। ਜਦੋਂ ਗਿਆਨੀ ਜੀ ਦਾ ਆਫੀਸ਼ੀਅਲ ਪੋਰਟਰੇਟ ਬਣਾਉਣ ਦਾ ਸਿਲਸਿਲਾ ਸ਼ੁਰੂ ਹੋਣ ਲੱਗਿਆ ਤਾਂ ਉਨ੍ਹਾਂ ਤੁਰੰਤ ਕਹਿ ਦਿੱਤਾ ਸੀ ਕਿ ਮੇਰਾ ਪੋਰਟਰੇਟ ਸਿਰਫ਼ ਇਕੋ ਚਿੱਤਰਕਾਰ ਬਣਾ ਸਕਦਾ ਹੈ, ਉਹ ਹੈ ਸਰਦਾਰ ਸੋਭਾ ਸਿੰਘ। ਪਰ ਉਨ੍ਹਾਂ ਦੀ ਇਹ ਰੀਝ ਪੂਰੀ ਨਾ ਹੋਈ ਤੇ ਉਸੇ ਸਾਲ ਸਰਦਾਰ ਸੋਭਾ ਸਿੰਘ ਚਲ ਵਸੇ।
ਇਸੇ ਕਰਕੇ ਆਰ. ਐੱਮ. ਸਿੰਘ ਕਹਿੰਦਾ ਹੈ ਕਿ ‘ਮੇਰੇ ਦੁਆਰਾ ਬਣਾਏ ਤਿੰਨ ਰਾਸ਼ਟਰਪਤੀ ਸਾਹਿਬਾਨ ਦੇ ਚਿੱਤਰਾਂ ਵਿਚੋਂ ਇਕ ਸਰਦਾਰ ਸੋਭਾ ਸਿੰਘ ਗੁਰੂਦਸ਼ਨਾਂ ਵਜੋਂ, ਦੂਜਾ ਚਿੱਤਰ ਗੁਰੂ ਭਰਾ ਮੇਹਰ ਸਿੰਘ ਨੂੰ ਅਤੇ ਤੀਜਾ ਚਿੱਤਰ ਸਮੂਹ ਪੰਜਾਬੀ ਚਿੱਤਰਕਾਰਾਂ ਨੂੰ ਸਮਰਪਿਤ ਕਰਦਾ ਹਾਂ।’’
ਸੰਪਰਕ: 94642-91023