ਹਰਦਿਆਲ ਸਿੰਘ ਥੂਹੀ
ਤੂੰਬੇ ਅਲਗੋਜ਼ੇ ਦੀ ਗਾਇਕੀ ਦੇ ਖੇਤਰ ਵਿਚ ਕੁਝ ਗਾਇਕ ਦੋਹਰੇ ਗੁਣਾਂ ਦੇ ਧਾਰਨੀ ਵੀ ਹੋਏ ਹਨ, ਭਾਵ ਉਹ ਆਪ ਗਾਉਂਦੇ ਵੀ ਸਨ ਤੇ ਕਾਵਿ ਰਚਨਾ ਵੀ ਕਰਦੇ ਸਨ। ਗਾਇਕੀ ਦੇ ਨਾਲ ਨਾਲ ਉਨ੍ਹਾਂ ਨੇ ਬਹੁਤ ਸਾਰੀ ਕਾਵਿ ਰਚਨਾ ਕੀਤੀ, ਜਿਸ ਨੂੰ ਉਨ੍ਹਾਂ ਤੋਂ ਇਲਾਵਾ ਦੂਸਰੇ ਗਾਇਕ ਵੀ ਗਾਉਂਦੇ ਰਹੇ ਹਨ ਤੇ ਵਰਤਮਾਨ ਸਮੇਂ ਗਾ ਵੀ ਰਹੇ ਹਨ। ਇਨ੍ਹਾਂ ਵਿਚ ਸਦੀਕ ਮੁਹੰਮਦ ਔੜ, ਫਰਜੰਦ ਅਲੀ ਭੋਲੇਵਾਲ ਮਜਾਰਾ, ਇਬਰਾਹੀਮ ਘੁੱਦੂ ਮਾਲੇਰਕੋਟਲਾ, ਬਦਰਦੀਨ ਧਨੌਲਾ, ਗੁਲਾਮ ਨਬੀ ਧਨੋ ਆਦਿ ਜ਼ਿਕਰਯੋਗ ਨਾਂ ਹਨ। ਅਜਿਹਾ ਹੀ ਇਕ ਹੋਰ ਗਾਇਕ ਹੋਇਆ ਹੈ ਠਾਕਰ ਰਾਮ ਫਰਾਲਾ। ਇਸ ਅੰਦਰ ਵੀ ਉਕਤ ਦੋਵੇਂ ਗੁਣ ਸਨ।
ਠਾਕਰ ਰਾਮ ਦਾ ਜਨਮ ਜ਼ਿਲ੍ਹਾ ਜਲੰਧਰ ਦੇ ਪਿੰਡ ਫਰਾਲਾ ਵਿਖੇ ਪਿਤਾ ਨਫਿਕਰੂ ਰਾਮ ਤੇ ਮਾਤਾ ਬਾਵੀ ਦੇ ਘਰ 1920-22 ਦੇ ਨੇੜੇ ਤੇੜੇ ਹੋਇਆ। ਪਰਿਵਾਰ ਦਾ ਪਿਤਾ-ਪੁਰਖੀ ਕਿੱਤਾ ‘ਤਾਣੀ ਬੁਣਨਾ’ ਸੀ। ਸਪੀਕਰਾਂ ‘ਤੇ ਵੱਜਦੇ ਤਵਿਆਂ ਅਤੇ ਮੇਲਿਆਂ ‘ਤੇ ਲੱਗਦੇ ਗਮੰਤਰੀਆਂ ਦੇ ਅਖਾੜਿਆਂ ਨੂੰ ਸੁਣ ਸੁਣ ਕੇ ਠਾਕਰ ਰਾਮ ਦੇ ਮਨ ਵਿਚ ‘ਗੌਣ’ ਪ੍ਰਤੀ ਖਿੱਚ ਪੈਦਾ ਹੋ ਗਈ। ਉਸ ਸਮੇਂ ਕਾਕਾ ਰਾਵਾਂ ਖੇਲਾ ਵਾਲਾ ਤੂੰਬੇ ਅਲਗੋਜ਼ੇ ਦੀ ਗਾਇਕੀ ਦਾ ਬੇਤਾਜ਼ ਬਾਦਸ਼ਾਹ ਸੀ। ਠਾਕਰ ਰਾਮ ‘ਗੌਣ’ ਸਿੱਖਣ ਲਈ ਉਸ ਕੋਲ ਚਲਾ ਗਿਆ। ਪਤਾ ਨਹੀਂ ਕਿਉਂ, ਉਸ ਨੇ ਠਾਕਰ ਰਾਮ ਨੂੰ ਆਪਣਾ ਸ਼ਾਗਿਰਦ ਬਣਾਉਣ ਤੋਂ ਨਾਂਹ ਕਰ ਦਿੱਤੀ। ਨਿਰਾਸ਼ ਹੋ ਕੇ ਉਹ ਢੇਰੀ ਢਾਹ ਕੇ ਨਹੀਂ ਬੈਠਾ, ਸਗੋਂ ਉਸ ਦਾ ਇਰਾਦਾ ਹੋਰ ਦ੍ਰਿੜ ਹੋ ਗਿਆ। ਉਹ ਪ੍ਰਸਿੱਧ ਗਾਇਕ ਤੇ ਸ਼ਾਇਰ ਧਨੌਲੇ ਵਾਲੇ ਬਦਰਦੀਨ ਦੇ ਜਾ ਪੈਰੀਂ ਪਿਆ। ਉਸਤਾਦ ਨੇ ਚੁੱਕ ਕੇ ਛਾਤੀ ਨਾਲ ਲਾ ਲਿਆ। ਮੁੜਕੇ ਘਰ ਨਹੀਂ ਗਿਆ, ਪੰਜ ਸਾਲ ਉਸਤਾਦ ਦੇ ਕੋਲ ਹੀ ਰਿਹਾ। ਗਾਇਕੀ ਦੀਆਂ ਬਾਰੀਕੀਆਂ ਸਿੱਖਣ ਦੇ ਨਾਲ ਨਾਲ ਸ਼ਾਇਰੀ ਦੇ ਗੁਰ ਵੀ ਸਿੱਖਦਾ ਰਿਹਾ। ਦੋਹਾਂ ਦੇ ਸਬੰਧ ਪਿਉ ਪੁੱਤਰ ਵਾਲੇ ਬਣ ਗਏ। ਉਸਤਾਦ ਕੋਲ ਰਹਿੰਦਿਆਂ ਆਪਣੀ ਪਹਿਲੀ ਰਚਨਾ ‘ਰੂਪ ਬਸੰਤ’ ਦਾ ਕਿੱਸਾ ਲਿਖਿਆ। ਉਸਤਾਦ ਨੇ ਥਾਪੜਾ ਦੇ ਦਿੱਤਾ, ”ਪੁੱਤਰਾ ਹੁਣ ਤੂੰ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਦੇ ਕਾਬਲ ਹੋ ਗਿਆ, ਜਾਹ, ਜਾਹ ਕੇ ਆਪਣਾ ਜਥਾ ਬਣਾ ਲੈ ਤੇ ਅਖਾੜੇ ਲਾ।”
ਉਸਤਾਦ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਠਾਕਰ ਰਾਮ ਵਾਪਸ ਆਪਣੇ ਪਿੰਡ ਆ ਗਿਆ। ਅਮਰੂ (ਅਮਰਦਾਸ) ਨੂੰ ਤੂੰਬੇ ‘ਤੇ ਅਤੇ ਸੰਧਵਾਂ ਦੇ ਠਾਕਰ ਰਾਮ (ਮਹਿਰਾ) ਨੂੰ ਜੋੜੀ (ਅਲਗੋਜ਼ੇ) ‘ਤੇ ਲਾ ਕੇ ਅਖਾੜੇ ਲਾਉਣੇ ਸ਼ੁਰੂ ਕਰ ਦਿੱਤੇ। ਦਿਨਾਂ ਵਿਚ ਹੀ ਠਾਕਰ ਰਾਮ ਦੇ ਜਥੇ ਦੀ ਪਿੰਡਾਂ ਵਿਚ ਚਰਚਾ ਹੋਣ ਲੱਗ ਪਈ। ਗਾਉਣ ਦੇ ਨਾਲ ਨਾਲ ਉਹ ਸ਼ਾਇਰੀ ਵੀ ਕਰਦਾ ਰਿਹਾ। ਉਸ ਨੇ ਮਿਰਜ਼ਾ, ਹੀਰ ਰਾਂਝਾ, ਪੂਰਨ ਭਗਤ, ਕੌਲਾਂ, ਰਾਜਾ ਨਲ, ਗੌਂਸ ਪਾਕ ਆਦਿ ‘ਲੜੀ ਦੇ ਰਾਗਾਂ’ ਤੋਂ ਇਲਾਵਾ ਅਣਗਿਣਤ ਵਿਕੋਲਿਤਰੇ ‘ਰੰਗ’ ਵੀ ਲਿਖੇ। ਉਸ ਦੀਆਂ ਲਿਖੀਆਂ ਰਚਨਾਵਾਂ ਨੂੰ ਉਹ ਆਪ ਤਾਂ ਗਾਉਂਦਾ ਹੀ ਸੀ, ਇਸ ਦੇ ਨਾਲ ਨਾਲ ਦੂਸਰੇ ਗਾਇਕ ਵੀ ਗਾਉਂਦੇ ਸਨ। 1944-45 ਵਿਚ ਠਾਕਰ ਰਾਮ ਦਾ ਵਿਆਹ ਹੋਇਆ। ਇਸ ਵਿਆਹ ਤੋਂ ਉਸ ਦੇ ਘਰ ਇਕ ਪੁੱਤਰ ਪੈਦਾ ਹੋਇਆ, ਜਿਸ ਦਾ ਜਨਮ ਰੌਲਿਆਂ (ਵੰਡ) ਵੇਲੇ ਦਾ ਹੈ। ਕੁਝ ਸਾਲਾਂ ਬਾਅਦ ਉਸ ਦੀ ਪਤਨੀ ਦੀ ਮੌਤ ਹੋ ਗਈ। ਇਸ ਗੱਲ ਦਾ ਉਸ ਨੂੰ ਬਹੁਤ ਸਦਮਾ ਲੱਗਾ। ਉਸ ਦੀਆਂ ਰਚਨਾਵਾਂ ਵਿਚੋਂ ਵਿਛੋੜੇ ਦਾ ਦਰਦ ਸਾਫ਼ ਝਲਕਦਾ ਹੈ:
ਠਾਕਰ ਰਾਮਾ ਵਿਛੋੜਾ ਮੈਥੋਂ, ਜਰ ਨਹੀਂ ਹੁੰਦਾ।
ਕਿੱਦਾਂ ਦਿਲ ਨੂੰ ਮਨਾਵਾਂ, ਸਬਰ ਕਰ ਨਹੀਂ ਹੁੰਦਾ।
ਮਾਹੀ ਪਾ ਗਿਆ ਵਿਛੋੜਾ, ਮੈਥੋਂ ਮਰ ਨਹੀਂ ਹੁੰਦਾ।
ਪਿਆ ਇਸ਼ਕੇ ਦਾ ਫੱਟ ਡੂੰਘਾ ਭਰ ਨਹੀਂ ਹੁੰਦਾ।
ਹੌਲੀ ਹੌਲੀ ਉਸ ਦੇ ਫੱਟ ਭਰ ਗਏ ਤੇ ਕੁਝ ਸਾਲਾਂ ਬਾਅਦ ਉਸ ਦਾ ਦੂਜਾ ਵਿਆਹ ਮੱਲਪੁਰ ਦੀ ਗੁਰਦੇਵ ਕੌਰ ਨਾਲ ਹੋ ਗਿਆ। ਇਸ ਜੋੜੀ ਦੇ ਘਰ ਤਿੰਨ ਪੁੱਤਰਾਂ ਨੇ ਜਨਮ ਲਿਆ। 1956 ਵਿਚ ਜਨਮਿਆ ਵੱਡਾ ਮੱਖਣ ਚੌਦਾਂ ਪੰਦਰਾਂ ਸਾਲ ਦੀ ਉਮਰ ਵਿਚ ਹੀ ਆਪਣੇ ਪਿਤਾ ਦਾ ਸਾਥ ਦੇਣ ਲੱਗ ਪਿਆ ਸੀ। ਉਸ ਤੋਂ ਛੋਟੇ ਸ਼ਿੰਦਰਪਾਲ ਤੇ ਮੋਹਣ ਲਾਲ ਵੀ ਆਪਣੇ ਪਿਤਾ ਵਾਲੀ ਲਾਈਨ ‘ਤੇ ਹੀ ਤੁਰ ਪਏ। ਲੰਮਾ ਸਮਾਂ ਠਾਕਰ ਰਾਮ ਨੇ ਆਪ ਗਾਇਆ ਅਤੇ ਆਪਣੇ ਪੁੱਤਰਾਂ ਨੂੰ ਗਾਉਂਦਿਆਂ ਸੁਣਿਆ ਤੇ ਮਾਣਿਆ। ਉਸ ਨੇ ਕੁਝ ਸ਼ਾਗਿਰਦਾਂ ਨੂੰ ਵੀ ਇਸ ਗਾਇਕੀ ਦੀ ਸਿੱਖਿਆ ਦਿੱਤੀ। ਇਨ੍ਹਾਂ ਵਿਚੋਂ ਪਿੰਡ ਝੰਡੇਰਾਂ ਦੇ ਸੰਤ ਰਾਮ ਤੇ ਸਾਲੋ ਚੰਗੇ ਗਮੰਤਰੀ ਬਣੇ। ਠਾਕਰ ਰਾਮ ਦੁਆਰਾ ਲਿਖੀਆਂ ਅਨੇਕਾਂ ਰਚਨਾਵਾਂ ਵਿਚੋਂ ਕੁਝ ਗਿਣਤੀ ਦੇ ਰੰਗਾਂ ਦੇ ਮੁੱਖੜੇ ਹਨ:
* ਜਰਮ ਦੇ ਲਿਆ ਕਰਮ ਕੀਹਦਾ ਲਾਵਾਂ,
ਜਲ ਗਏ ਨਸੀਬ ਨੀਂ ਧੀਏ। (ਕੌਲਾਂ)
* ਘੁੰਡ ਕੱੱਢਕੇ ਖੈਰ ਨਾ ਪਾਈਏ,
ਨੀਂ ਸਾਧੂ ਹੁੰਦੇ ਰੂਪ ਰੱਬ ਦਾ। (ਹੀਰ)
* ਸੋਹਣਾ ਦੇਖਕੇ ਪਿਆਰ ਪੈ ਗਿਆ ਪਾਉਣਾ,
ਤੇ ਲੁੱਟ ਕੇ ਬਲੋਚ ਲੈ ਗਿਆ। (ਸੱਸੀ)
* ਲੱਗੀ ਵਾਲੇ ਨਾ ਜ਼ਰਾ ਵੀ ਅੱਖ ਲਾਉਂਦੇ,
ਨੀਂ ਤੇਰੀ ਕਿਵੇਂ ਅੱਖ ਲੱਗ ਗਈ।
ਰਹਿਣ ਜਾਗਦੇ ‘ਤੇ ਹੋਰਾਂ ਨੂੰ ਜਗਾਉਂਦੇ,
ਨੀਂ ਤੇਰੀ ਕਿਵੇਂ ਅੱਖ ਲੱਗ ਗਈ। (ਸੱਸੀ)
ਆਪਣੇ ਅਤੇ ਪਤੇ ਬਾਰੇ ਠਾਕਰ ਰਾਮ ਦਾ ਰਚਿਆ ਇੱਕ ਛੰਦ ਹੈ, ਜਿਸ ਵਿਚ ਉਸ ਨੇ ਬੜੇ ਸਿੱਧੇ ਸਾਦੇ ਢੰਗ ਨਾਲ ਆਪਣੇ ਆਲੇ ਦੁਆਲੇ ਦੇ ਪਿੰਡਾਂ ਬਾਰੇ ਜਾਣਕਾਰੀ ਦਿੱਤੀ ਹੋਈ ਹੈ:
ਪਿੰਡ ਹੈ ਫਰਾਲਾ ਥੋਨੂੰ ਦੱਸਾਂ ਬੋਲ ਜੀ।
ਨੋਖਰਆਲ ਅਤੇ ਸੰਧਵਾਂ ਦੇ ਕੋਲ ਜੀ।
ਸੂੰਡ ਤੇ ਗਦਾਣੀ ਦਾ ਵਸੀਮਾ ਲੱਗਦਾ।
ਢੱਕ ਵਿਚੋਂ ਭੁੱਲਿਆ ਨੀਂ ਬੰਦਾ ਲੱਭਦਾ।
ਪਿੰਡ ਕੰਗਰੌਲ ਕੋਲ ਹੈ ਕਟਾਰੀਆਂ।
ਪੱਕੇ ਪੁਲ ਉੱਤੇ ਪਾਣੀ ਲੱਫਾਂ ਮਾਰੀਆਂ।
ਘੁੰਮਣਾ ਦੇ ਕੋਲ ਮਾਣਕਾ ਜ਼ਰੂਰ ਜੀ।
ਦੋਵੇਂ ਪਿੰਡ ਦਾਰੂ ਵਿਚ ਮਸ਼ਹੂਰ ਜੀ।
ਮੁੰਨੇ ਤਾਂ ਪਰੋਲੀ ਸਾਤੇ ਲਹਿੰਦੇ ਪੱਖ ਜੀ।
ਢਾਹੀ ਸੀ ਬਰਾਲੋਂ ਛੱਡਿਆ ਨਾ ਕੱਖ ਜੀ।
ਜੱਸੋਂ ਤੇ ਮਜਾਲਾ ਜਿੱਥੇ ਚੱਕ ਦਾਬੇ ਦਾ।
ਕੁਲਥਮ ਤੇ ਮਥਾਲੀ ਜਿੱਥੇ ਰੋਜ਼ਾ ਬਾਬੇ ਦਾ।
ਲੇਲਾਂ ਤੇ ਸਰਿਆਲਾ ਚੱਕਾਂ ਦਾ ਹੈ ਜ਼ੋਰ ਜੀ।
ਪਿੰਡ ਤਲਵੰਡੀ ਦਿਸੇ ਲਾਇਨ ਕੋਲ ਜੀ।
ਬੀਸਲੇ, ਧਰੇਲਾਂ ਛੋਟੀਆਂ ਤੇ ਵੱਡੀਆਂ।
ਸ਼ੈਰੀਆਂ ਨੇ ਜੋੜਕੇ ਚਲਾਈਆਂ ਗੱਡੀਆਂ।
ਜ਼ਿਲ੍ਹਾ ਹੈ ਜਲੰਧਰ ਟੇਸਣ ਬਰਾਮ ਜੀ।
ਪਿੰਡ ਹੈ ਫਰਾਲਾ ਠਾਕਰ ਮੇਰਾ ਨਾਮ ਜੀ।
ਠਾਕਰ ਰਾਮ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਿਹਾ ਅਤੇ ਜੀਵਨ ਦੇ ਆਖਰੀ ਪੜਾਅ ਤੱਕ ਕਾਵਿ ਰਚਨਾ ਕਰਦਾ ਰਿਹਾ। ਅਖੀਰ ਨੱਬੇ ਕੁ ਸਿਆਲ ਹੁਨਾਲ ਹੰਢਾ ਕੇ 27 ਅਗਸਤ 2013 ਨੂੰ ਉਸ ਦਾ ਭੌਰ ਵਜੂਦ ‘ਚੋਂ ਉਡਾਰੀ ਮਾਰ ਗਿਆ। ਉਸ ਨੇ ਆਪਣੇ ਘਰਦਿਆਂ ਨੂੰ ਕਿਹਾ ਸੀ ਕਿ ਮੈਂ ਇੱਕ ਮੁਸਲਮਾਨ (ਬਦਰਦੀਨ) ਦਾ ਸ਼ਾਗਿਰਦ ਹਾਂ ਤੇ ਉਸ ਦੇ ਪੁੱਤਰ ਸਮਾਨ ਹਾਂ। ਮੇਰੀ ਮੌਤ ਤੋਂ ਬਾਅਦ ਮੈਨੂੰ ਚਿਖਾ ਵਿਚ ਜਲਾਉਣਾ ਨਹੀਂ, ਮੈਨੂੰ ਕਬਰ ਵਿਚ ਦਫ਼ਨਾਉਣਾ ਹੈ। ਉਸ ਦੇ ਪੁੱਤਰਾਂ ਵੱਲੋਂ ਉਸ ਦੀ ਅੰਤਮ ਇੱਛਾ ਪੂਰੀ ਕੀਤੀ ਗਈ। ਪਿੰਡ ਵਿਚ ਉਸ ਦੀ ਕਬਰ ਬਣੀ ਹੋਈ ਹੈ। ਪਿਤਾ ਦੀ ਮੌਤ ਤੋਂ ਸਾਲ ਕੁ ਬਾਅਦ ਵੱਡਾ ਪੁੱਤਰ ਮੱਖਣ ਵੀ ਇਸ ਫਾਨੀ ਜਹਾਨ ਨੂੰ ਅਲਵਿਦਾ ਕਹਿ ਗਿਆ।
ਠਾਕਰ ਰਾਮ ਦੇ ਪੁੱਤਰ ਮੋਹਣ ਲਾਲ ਤੇ ਸ਼ਿੰਦਰਪਾਲ ਆਪਣੇ ਪਿਤਾ ਦੀ ਵਿਰਾਸਤ ਨੂੰ ਸੰਭਾਲ ਕੇ ਅੱਗੇ ਤੋਰ ਰਹੇ ਹਨ। ਮੋਹਣ ਲਾਲ ਆਗੂ ਅਤੇ ਸ਼ਿੰਦਰਪਾਲ ਪਾਛੂ (ਤੂੰਬੇ) ਵਜੋਂ ਉਸ ਦਾ ਸਾਥ ਨਿਭਾਅ ਰਿਹਾ ਹੈ। ਇਨ੍ਹਾਂ ਨਾਲ ਜੋੜੀ (ਨਗੋਜ਼ੇ) ਪਰਗਟ ਚੱਕ ਰਾਮੂ ਵਾਲਾ ਵਜਾਉਂਦਾ ਹੈ। ਕਦੇ ਕਦੇ ਝੰਡੂਪੁਰੀਆ ਦੌਲੂ ਵੀ ਸਾਥ ਦੇ ਦਿੰਦਾ ਹੈ। ਇਸ ਜਥੇ ਦਾ ਦੁਆਬੇ ਦੇ ‘ਰਾਗੀਆਂ’ ਵਿਚ ਚੰਗਾ ਬੋਲਬਾਲਾ ਹੈ।
ਸੰਪਰਕ: 84271-00341