ਮੁੰਬਈ: ‘ਦਿ ਗਰੇਟ ਇੰਡੀਅਨ ਕਪਿਲ ਸ਼ੋਅ’ ’ਚ ਦਿਓਲ ਭਰਾਵਾਂ ਨੇ ਦਿਲ ਖੋਲ੍ਹ ਕੇ ਗੱਲਾਂ ਕੀਤੀਆਂ ਤੇ ਜ਼ਿੰਦਗੀ ’ਚ ਆਏ ਉਤਰਾਅ-ਚੜ੍ਹਾਅ ਬਾਰੇ ਜਨਤਕ ਤੌਰ ’ਤੇ ਖੁੱਲ੍ਹ ਕੇ ਚਰਚਾ ਕੀਤੀ। ਇਸ ਐਪੀਸੋਡ ਸਬੰਧੀ ਨੈੱਟਫਲਿਕਸ ’ਤੇ ਇੱਕ ਪ੍ਰੋਮੋ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਦੋਵੇਂ ਭਰਾ ਸਨੀ ਦਿਓਲ ਤੇ ਬੌਬੀ ਦਿਓਲ ਨੂੰ ਗੱਲਾਂ ਕਰਦੇ ਦਿਖਾਇਆ ਜਾ ਰਿਹਾ ਹੈ। ਇਸ ਪ੍ਰੋਮੋ ’ਚ ਸਨੀ ਸਾਲ 2023 ’ਚ ਦਿਓਲ ਪਰਿਵਾਰ ਵੱਲੋਂ ਹਾਸਲ ਕੀਤੀਆਂ ਕਾਮਯਾਬੀਆਂ ਬਾਰੇ ਗੱਲ ਕਰਦਿਆਂ ਭਾਵੁਕ ਹੋ ਗਏ। ਦੱਸਣਯੋਗ ਹੈ ਕਿ ਇਸ ਸਾਲ ’ਚ ਮਸ਼ਹੂਰ ਅਦਾਕਾਰ ਧਰਮਿੰਦਰ ਨੇ ਕਰਨ ਜੌਹਰ ਦੀ ਹਿੱਟ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ’ਚ ਕੰਮ ਕਰ ਕੇ ਪ੍ਰਸ਼ੰਸਕਾਂ ਦਾ ਪਿਆਰ ਹਾਸਲ ਕੀਤਾ। ਇਸ ਦੇ ਨਾਲ ਹੀ ਸਨੀ ਦੀ ਫ਼ਿਲਮ ‘ਗਦਰ 2’ ਨੇ ਕਾਮਯਾਬੀ ਹਾਸਲ ਕੀਤੀ। ਇਸ ਤਰ੍ਹਾਂ ਫ਼ਿਲਮ ਐਨੀਮਲ ’ਚ ਬੌਬੀ ਵੱਲੋਂ ਨਿਭਾਈ ਭੂਮਿਕਾ ਨੇ ਉਸ ਦੀ ਜ਼ਿੰਦਗੀ ਹੀ ਬਦਲ ਦਿੱਤੀ। ਸਨੀ ਨੇ ਕਿਹਾ,‘‘ਸਾਲ 1960 ਤੋਂ ਅਸੀਂ ਲਾਈਮਲਾਈਟ ’ਚ ਹਾਂ। ਕਈ ਸਾਲ ਤੋਂ ਕੋਸ਼ਿਸ਼ਾਂ ਜਾਰੀ ਸਨ ਪਰ ਕਾਮਯਾਬੀ ਨਹੀਂ ਸੀ ਮਿਲ ਰਹੀ।’’ ਅਦਾਕਾਰ ਨੇ ਆਪਣੇ ਚੰਗੇ ਦਿਨਾਂ ਬਾਰੇ ਦੱਸਦਿਆਂ ਕਿਹਾ,‘‘ ਸਾਨੂੰ ਨਹੀਂ ਪਤਾ ਕਿ ਸਾਡੇ ’ਤੇ ਏਨੀ ਕ੍ਰਿਪਾ ਕਿਵੇਂ ਹੋਈ, ਇਸੇ ਸਾਲ ਮੇਰੇ ਬੇਟੇ ਦਾ ਵਿਆਹ ਹੋਇਆ, ‘ਗਦਰ 2’ ਕਾਮਯਾਬ ਹੋਈ ਤੇ ਪਾਪਾ ਦੀ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਰਿਲੀਜ਼ ਹੋਈ।’’ ਇਸੇ ਦੌਰਾਨ ਗੱਲਬਾਤ ਕਰਦਿਆਂ ਬੌਬੀ ਭਾਵੁਕ ਵੀ ਹੋ ਗਿਆ ਤੇ ਦੋਵਾਂ ਭਰਾਵਾਂ ਦਾ ਗੂੜ੍ਹਾ ਪਿਆਰ ਵੀ ਦੇਖਣ ਨੂੰ ਮਿਲਿਆ। ਬੌਬੀ ਨੇ ਸਨੀ ਨੂੰ ‘ਸੁਪਰਮੈਨ’ ਦਾ ਖ਼ਿਤਾਬ ਦਿੱਤਾ। -ਏਐੱਨਆਈ