ਮੁੰਬਈ, 29 ਅਪਰੈਲ
ਮਰਹੂੁਮ ਅਦਾਕਾਰ ਇਰਫ਼ਾਨ ਖ਼ਾਨ ਦੇ ਦੇਹਾਂਤ ਨੂੰ ਇੱਕ ਸਾਲ ਪੂਰੇ ਹੋਣ ’ਤੇ ਅੱਜ ਉਨ੍ਹਾਂ ਦੀ ਪਤਨੀ ਸੁਤਾਪਾ ਸਿਕਦਾਰ ਨੇ ਸੋਸ਼ਲ ਮੀਡੀਆ ’ਤੇ ਅਦਾਕਾਰ ਨੂੰ ਸਮਰਪਿਤ ਇੱਕ ਭਾਵੁਕ ਨੋਟ ਲਿਖਿਆ ਜਿਸ ’ਚ ਸੁਤਾਪਾ ਨੇ ਅਦਾਕਾਰ ਨਾਲ ਹਸਪਤਾਲ ਵਿੱਚ ਬਿਤਾਏ ਆਖ਼ਰੀ ਪਲਾਂ ਦਾ ਜ਼ਿਕਰ ਕੀਤਾ। ਉਸ ਨੇ ਲਿਖਿਆ, ‘‘ਮੌਤ ਤੋਂ ਬੇਖੌਫ਼ ਲੋਕ ਗਹਿਰਾਈ ਨਾਲ ਜਿਊਂਦੇ ਹਨ… ਅਨੀਸ ਨਿਨ… ਤੁਹਾਡਾ ਪਸੰਦੀਦਾ ਕਵੀ, ਇਰਫ਼ਾਨ। ਪਿਛਲੇ ਸਾਲ ਅੱਜ ਦੀ ਰਾਤ ਮੈਂ ਅਤੇ ਮੇਰੇ ਦੋਸਤਾਂ ਨੇ ਮਿਲ ਕੇ ਤੁਹਾਡੇ ਲਈ ਗਾਣੇ ਗਾਏ, ਸਭ ਤੁਹਾਡੀ ਪਸੰਦ ਦੇ ਗਾਣੇ। ਨਰਸਾਂ ਸਾਡੇ ਵੱਲ ਅਜੀਬ ਤਰੀਕੇ ਨਾਲ ਦੇਖ ਰਹੀਆਂ ਸੀ ਪਰ ਮੈਂ ਇਹ ਸਭ ਤੁਹਾਡੇ ਲਈ ਕੀਤਾ। ਜਦੋਂ ਮੈਨੂੰ ਦੱਸਿਆ ਗਿਆ ਕਿ ਇਹ ਉਹ ਸਮਾਂ ਹੈ, ਜਦ ਤੁਹਾਨੂੰ ਚੰਗੀਆਂ ਯਾਦਾਂ ਨਾਲ ਜਾਣ ਦੇਣਾ ਹੋਵੇਗਾ… ਅਸੀਂ ਗਾਣੇ ਗਾਏ.. ਅਗਲੇ ਦਿਨ ਤੁਸੀਂ ਸਾਨੂੰ ਛੱਡ ਕੇ ਅਗਲੇ ਪੜਾਅ ਲਈ ਰਵਾਨਾ ਹੋਏ।’’ ਸੁਤਾਪਾ ਨੇ ਆਪਣੇ ਤੇ ਇਰਫ਼ਾਨ ਦੇ ਕਈ ਕਿੱਸੇ ਸਾਂਝੇ ਕੀਤੇ, ਜਦੋਂ ਉਹ ਪਹਿਲੀ ਵਾਰ ਮਿਲੇ ਸੀ। ਸੁਤਾਪਾ ਨੇ ਕਰੋਨਾ ਮਹਾਮਾਰੀ ਕਾਰਨ ਇਰਫ਼ਾਨ ਦੀਆਂ ਆਖ਼ਰੀ ਰਸਮਾਂ ਵਿੱਚ ਉਸ ਦੇ ਚਾਹੁਣ ਵਾਲਿਆਂ ਨੂੰ ਸ਼ਾਮਲ ਨਾ ਕਰ ਸਕਣ ’ਤੇ ਵੀ ਅਫਸੋਸ ਜਾਹਿਰ ਕੀਤਾ। ਬੌਲੀਵੁੱਡ ਦੀਆਂ ਕਈ ਨਾਮਵਰ ਹਸਤੀਆਂ ਜਿਵੇਂ ਰਾਧਿਕਾ ਮਦਾਨ, ਅਰਜੁਨ ਕਪੂਰ, ਦਿਵਿਆ ਦੱਤਾ ਅਤੇ ਰਣਦੀਪ ਹੁੱਡਾ ਸਮੇਤ ਹੋਰਾਂ ਨੇ ਵੀ ਸੋਸ਼ਲ ਮੀਡੀਆ ’ਤੇ ਮਰਹੂਮ ਅਦਾਕਾਰ ਨੂੰ ਯਾਦ ਕੀਤਾ। -ਆਈਏਐੱਨਐੱਸ
ਕੋਈ ਵੀ ਮੇਰੇ ਪਿਤਾ ਦੀ ਥਾਂ ਨਹੀਂ ਲੈ ਸਕਦਾ: ਬਾਬਿਲ
ਮੁੰਬਈ: ਇਰਫ਼ਾਨ ਖ਼ਾਨ ਦੇ ਪੁੱਤਰ ਬਾਬਿਲ ਨੇ ਅੱਜ ਆਪਣੇ ਪਿਤਾ ਨੂੰ ਬਰਸੀ ’ਤੇ ਯਾਦ ਕਰਦਿਆਂ ਕਿਹਾ ਕਿ ਕੋਈ ਵੀ ਉਨ੍ਹਾਂ ਦੀ ਥਾਂ ਨਹੀਂ ਲੈ ਸਕਦਾ। ਬਾਬਿਲ ਨੇ ਸੋਸ਼ਲ ਮੀਡੀਆ ’ਤੇ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਮਰਹੂਮ ਅਦਾਕਾਰ ਹਲਕੇ ਪੀਲੇ ਰੰਗ ਦੀ ਟੀ-ਸ਼ਰਟ ਅਤੇ ਨੀਲੀ ਪੈਂਟ ਵਿੱਚ ਦਿਖਾਈ ਦੇ ਰਹੇ ਹਨ। ਤਸਵੀਰ ਦੇ ਨਾਲ ਬਾਬਿਲ ਨੇ ਲਿਖਿਆ, ‘‘ਤੁਸੀਂ ਆਪਣੇ-ਆਪ ਵਿੱਚ ਸੰਪੂਰਨ ਸੀ, ਕੋਈ ਵੀ ਤੁਹਾਡੀ ਜਗ੍ਹਾ ਨਹੀਂ ਲੈ ਸਕਦਾ।’’