ਮੁੰਬਈ, 5 ਜੁਲਾਈ
ਫਿਲਮ ਨਿਰਮਾਤਾ ਰਾਮ ਮਾਧਵਨੀ ਵੱਲੋਂ ‘ਆਰਿਆ’ ਲੜੀ ਦੇ ਸੀਜ਼ਨ-2 ਦਾ ਐਲਾਨ ਕੀਤਾ ਗਿਆ ਹੈ। ਇਸ ਲੜੀ ਵਿੱਚ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨਵੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੀ ਦਿਖੇਗੀ। ਦਿ ਡਿਜ਼ਨੀ+ਹੌਟਸਟਾਰ ਦੀ ਇਹ ਲੜੀ ਮਸ਼ਹੂਰ ਡੱਚ ਅਪਰਾਧਿਕ ਡਰਾਮਾ ‘ਪੈਨੋਜ਼ਾ’ ਦਾ ਰੀਮੇਕ ਹੈ ਜੋ ਆਰਿਆ ਸਰੀਨ ਦੁਆਲੇ ਘੁੰਮਦਾ ਹੈ। ਆਰਿਆ ਸਰੀਨ ਦੀ ਭੂਮਿਕਾ ਸੁਸ਼ਮਿਤਾ ਸੇਨ ਨੇ ਨਿਭਾਈ ਹੈ। ਉਹ ਇਕ ਖੁਸ਼ਹਾਲ ਵਿਆਹੁਤਾ ਹੈ ਜਿਸ ਦੇ ਪਤੀ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਜਿਸ ਕਾਰਨ ਉਸ ਦੀ ਦੁਨੀਆ ਹਿੱਲ ਜਾਂਦੀ ਹੈ। ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਪਤੀ ਗੈਰ-ਕਾਨੂੰਨੀ ਨਸ਼ਾ ਤਸਕਰੀ ਦੇ ਧੰਦੇ ਵਿੱਚ ਸ਼ਾਮਲ ਸੀ ਅਤੇ ਹੁਣ ਨਸ਼ਾ ਤਸਕਰਾਂ ਤੋਂ ਉਸ ਦੇ ਪਰਿਵਾਰ ਨੂੰ ਵੀ ਖ਼ਤਰਾ ਹੈ। ਇਹ ਸ਼ੋਅ ਮਾਧਵਾਨੀ ਤੇ ਸੰਦੀਪ ਮੋਦੀ ਵੱਲੋਂ ਮਿਲ ਕੇ ਬਣਾਇਆ ਗਿਆ ਹੈ ਜਿਸ ਨਾਲ ਸੁਸ਼ਮਿਤਾ ਸੈਨ ਦੀ ਆਖ਼ਰੀ ਹਿੰਦੀ ਫਿਲਮ ‘ਨੋ ਪ੍ਰੋਬਲਮ’ ਮਗਰੋਂ ਇਕ ਦਹਾਕੇ ਬਾਅਦ ਸਕਰੀਨ ’ਤੇ ਵਾਪਸੀ ਹੋਈ ਹੈ। -ਪੀਟੀਆਈ