ਡਾ. ਸਾਹਿਬ ਸਿੰਘ
ਜ਼ਿੰਦਗੀ ਦੀਆਂ ਪ੍ਰਾਪਤੀਆਂ, ਮੁਸ਼ਕਲਾਂ, ਉਲਝਣਾਂ ਤੇ ਗੁੰਝਲਾਂ ਇਨਸਾਨ ਦੇ ਨਾਲ ਨਾਲ ਤੁਰਦੀਆਂ ਹਨ। ਉਹ ਚਾਹੇ ਪੰਜਾਬ ਵਿੱਚ ਹੋਵੇ ਜਾਂ ਪੰਜਾਬੋਂ ਬਾਹਰ। ਉਹ ਭਾਰਤ ਵਿੱਚ ਹੋਵੇ ਜਾਂ ਮੁਲਕ ਤੋਂ ਦੂਰ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀ ਜ਼ਿੰਦਗੀ ਪ੍ਰਤੀ ਦੂਰੋਂ ਸਮਝ ਬੜੀ ਪੇਤਲੀ ਬਣਦੀ ਹੈ: ਜਿਵੇਂ ਉਨ੍ਹਾਂ ਦੇ ਹਿੱਸੇ ਸਿਰਫ਼ ਖੁਸ਼ਹਾਲੀ ਤੇ ਮੌਜ ਮਸਤੀ ਹੀ ਆਈ ਹੋਵੇ। ਜਿਵੇਂ ਉਨ੍ਹਾਂ ਨੂੰ ਕਾਰੂੰ ਦਾ ਖ਼ਜ਼ਾਨਾ ਲੱਭ ਗਿਆ ਹੋਵੇ। ਇਸ ਸਮਝ ਦੇ ਬਣਨ ਵਿੱਚ ਕਿਤੇ ਨਾ ਕਿਤੇ ਯੋਗਦਾਨ ਐੱਨਆਰਆਈ ਭੈਣਾਂ ਭਰਾਵਾਂ ਦਾ ਵੀ ਹੈ, ਜਦੋਂ ਉਹ ਵਾਪਸ ਆਪਣੀ ਧਰਤੀ ’ਤੇ ਪਹੁੰਚ ਕੇ ਗੁਣਾਂ ਹੋਏ ਡਾਲਰਾਂ ਤੇ ਪੌਂਡਾਂ ਦਾ ਦਿਖਾਵਾ ਗੱਜ ਵੱਜ ਕੇ ਕਰਦੇ ਹਨ। ਪਰ ਕਸੂਰ ਉਨ੍ਹਾਂ ਲੋਕਾਂ ਦਾ ਵੀ ਹੈ ਜੋ ਇਹ ਸਮਝਣੋਂ ਅਸਮਰੱਥ ਰਹੇ ਕਿ ਚਾਰ-ਪੰਜ ਸਾਲ ਬਾਅਦ ਛੁੱਟੀ ਆਇਆ ਕੋਈ ਭਰਾ ਜਾਂ ਭੈਣ ਵਿਦੇਸ਼ ਦੀ ਸਮਾਂਬੱਧ ਤੇ ਸਖ਼ਤ ਅਨੁਸ਼ਾਸਨ ਵਾਲੀ ਜ਼ਿੰਦਗੀ ਤੋਂ ਕੁਝ ਦਿਨ ਜਾਂ ਮਹੀਨਿਆਂ ਲਈ ਵਿਹਲਾ ਹੋਇਆ ਹੁੰਦਾ ਹੈ ਤੇ ਉਹ ਹਰ ਪਲ ਨੂੰ ਰੱਜ ਕੇ ਮਾਣਨਾ ਚਾਹੁੰਦਾ ਹੈ।
ਖ਼ੈਰ! ਇਹ ਤਾਂ ਸਾਧਾਰਨ ਜਿਹੀਆਂ ਗੱਲਾਂ ਹਨ, ਪਰ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਅਨੇਕਾਂ ਚੁਣੌਤੀਆਂ ਨਾਲ ਸਿੱਝਣਾ ਪੈਂਦਾ ਹੈ। ਪੀੜ੍ਹੀਆਂ ਦਾ ਪਾੜਾ ਇੱਕ ਵੱਡੀ ਚੁਣੌਤੀ ਹੈ। ਸੱਭਿਆਚਾਰਕ ਟਕਰਾਓ ਤੰਗ ਕਰਦਾ ਹੈ, ਨਿੱਜੀ ਪਲਾਂ ਤੇ ਨਿੱਜੀ ਸਥਾਨ ਬਾਰੇ ਅਲੱਗ ਅਲੱਗ ਪੀੜ੍ਹੀਆਂ ਦੇ ਵਿਚਾਰ ਬਹੁਤ ਟਕਰਾਅ ਵਾਲੇ ਹਨ। ਰੰਗਮੰਚ ਲਈ ਇਹ ਟਕਰਾਓ ਭਰਪੂਰ ਵਿਸ਼ਾ ਬਣਦੇ ਹਨ… ਸੰਘਣਾ ਤੇ ਨਿੱਗਰ ਵਿਸ਼ਾ। ਪਾਤਰ ਬਹੁਤ ਦਿਲਚਸਪ ਹਨ। ਪਾਤਰਾਂ ਦੀ ਵਖਰੇਵੇਂ ਵਾਲੀ ਰੂਪਰੇਖਾ ਬਹੁਤ ਉੱਘੜਵੀਂ ਹੈ। ਕਹਾਣੀਆਂ ਹੈਰਾਨ ਕਰਨ ਵਾਲੀਆਂ ਵੀ ਹਨ ਤੇ ਪਰੇਸ਼ਾਨ ਕਰਨ ਵਾਲੀਆਂ ਵੀ। ਕੁਝ ਤਾਂ ਪਸ਼ੇਮਾਨ ਕਰਨ ਵਾਲੀਆਂ ਵੀ ਹਨ। ਤਣਾਅ ਸਹਿਜ ਲੱਗਦਾ ਹੈ ਕਿਉਂਕਿ ਪੰਜਾਬ ਵਿੱਚ ਰਹਿੰਦੇ ਪੰਜਾਬੀਆਂ ਵਾਂਗ ਇਹ ਪੰਜਾਬੀ ਗੱਲ-ਗੱਲ ’ਤੇ ਖਹਬਿੜ ਨਹੀਂ ਸਕਦੇ, ਡਾਂਗ ਨਹੀਂ ਚੁੱਕ ਸਕਦੇ ਤੇ ਗਾਲੋ ਗਾਲੀ ਨਹੀਂ ਹੋ ਸਕਦੇ! ਪਰ ਲੁਕਵੇਂ ਰੂਪ ਵਿੱਚ ਇਹ ਤਣਾਅ ਮੌਜੂਦ ਹੈ। ਜਿਨ੍ਹਾਂ ਸੰਤੁਲਨ ਬਣਾ ਲਿਆ ਹੈ ਤੇ ਵੱਖਰੇ ਮੁਲਕ ਦਾ ਵੱਖਰਾ ਚਾਲਚਲਣ ਸਮਝ ਲਿਆ ਹੈ, ਉਨ੍ਹਾਂ ਦੀਆਂ ਪਰੇਸ਼ਾਨੀਆਂ ਘਟੀਆਂ ਹਨ। ਸਮਾਜਿਕ ਜ਼ਿੰਦਗੀ ਵਿੱਚ ਸਰਗਰਮ ਭਾਈਵਾਲੀ ਨੂੰ ਲੈ ਕੇ ਟਕਰਾਓ ਹੈ। ਰਾਜਨੀਤਕ ਸੂਝ ਤੇ ਮੌਕਾਪ੍ਰਸਤੀ ਵਾਲੀ ਪਹੁੰਚ ਨੂੰ ਲੈ ਕੇ ਵੀ ਵਖਰੇਵੇਂ ਮੌਜੂਦ ਹਨ। ਸਭ ਤੋਂ ਵੱਡੀ ਚੁਣੌਤੀ ਹਾਲਾਤ ਨੂੰ ਸਮਝ ਕੇ ਫ਼ੈਸਲੇ ਲੈਣ ਦੀ ਹੈ। ਜੋ ਫ਼ੈਸਲੇ ਨਹੀਂ ਕਰ ਪਾਉਂਦੇ, ਉਨ੍ਹਾਂ ਨੂੰ ਲੰਬਾ ਸੰਤਾਪ ਭੋਗਣਾ ਪੈਂਦਾ ਹੈ। ਇਸ ਸੰਤਾਪ ਨੂੰ ਲੈ ਕੇ ਭਾਅ ਗੁਰਸ਼ਰਨ ਸਿੰਘ ਨੇ 1995 ਵਿੱਚ ਨਾਟਕ ਲਿਖਿਆ ਸੀ ‘ਸੰਤਾਪ’। ਜੋ ਅੱਜ ਆਪਣੀ ਇੰਗਲੈਂਡ ਫੇਰੀ ਦੌਰਾਨ ਮੈਨੂੰ ਸ਼ਿੱਦਤ ਨਾਲ ਯਾਦ ਆ ਰਿਹਾ ਹੈ। ਮੈਂ ਉਸ ਨਾਟਕ ਦਾ ਦੁਚਿੱਤੀ ਵਾਲਾ ਨਾਇਕ ਸਾਂ।
ਪਰਦਾ ਉੱਠਦਾ ਹੈ ਤਾਂ ਹਰਨੇਕ ਕੁਰਸੀ ’ਤੇ ਬੈਠਾ ਅਖ਼ਬਾਰ ਪੜ੍ਹ ਰਿਹਾ ਹੈ। ਉਸ ਦੀ ਪਤਨੀ ਨੌਕਰੀ ’ਤੇ ਜਾਣ ਦੀ ਤਿਆਰੀ ਕਰ ਰਹੀ ਹੈ। ਕਦੇ ਆਇਰਨ ਟੇਬਲ ’ਤੇ ਕੱਪੜੇ ਇਸਤਰੀ ਕਰਦੀ ਹੈ, ਕਦੇ ਖਾਣ ਦਾ ਸਾਮਾਨ ਆਪਣੇ ਤੇ ਹਰਨੇਕ ਲਈ ਪੈਕ ਕਰ ਰਹੀ ਹੈ। ਦੋਵਾਂ ਵਿੱਚ ਨੋਂਕ ਝੋਂਕ ਚੱਲ ਰਹੀ ਹੈ। ਮੁੱਦਾ ਇਹ ਹੈ ਕਿ ਹਰਨੇਕ ਦੇ ਮਾਂ-ਬਾਪ ਪੰਜਾਬ ਤੋਂ ਆਏ ਹੋਏ ਹਨ ਤੇ ਨਿੱਤ ਕੁਝ ਨਾ ਕੁਝ ਅਜਿਹਾ ਹੋ ਜਾਂਦਾ ਹੈ ਜੋ ਪਤਨੀ ਨੂੰ ਖਿੱਝ ਦਿਵਾਉਂਦਾ ਹੈ। ਕਦੇ ਰਸੋਈ ਵਿੱਚ ਕੋਈ ਭਾਂਡਾ ਟੁੱਟ ਜਾਂਦਾ ਹੈ, ਕਦੇ ਪਤਨੀ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਵੱਲੋਂ ਪਾਏ ਜਾਣ ਵਾਲੇ ਆਰਾਮਦਾਇਕ ਕੱਪੜਿਆਂ ਵੱਲ ਮਾਤਾ ਜੀ ਅਜੀਬ ਨਜ਼ਰਾਂ ਨਾਲ ਦੇਖਦੇ ਹਨ। ਹਰਨੇਕ ਮਾਹੌਲ ਨੂੰ ਸੁਖਾਵਾਂ ਬਣਾਉਣ ਲਈ ਨਿੱਕੀਆਂ ਨਿੱਕੀਆਂ ਟਕੋਰਾਂ ਕਰ ਰਿਹਾ ਹੈ। ਮਾਂ ਜੀ ਆਉਂਦੇ ਹਨ ਤਾਂ ਹਲਕੀ ਜਿਹੀ ਬਹਿਸ ਹੁੰਦੀ ਹੈ। ਪਤਨੀ ਗੁੱਸੇ ਵਿੱਚ ਹਰਨੇਕ ਨੂੰ ਉਸ ਦਾ ਟਿਫਨ ਫੜਾ ਕੇ ਕੰਮ ’ਤੇ ਚਲੇ ਜਾਂਦੀ ਹੈ। ਹੁਣ ਬਾਪੂ ਜੀ ਦੀ ਐਂਟਰੀ ਹੁੰਦੀ ਹੈ। ਉਹ ਹੱਸਮੁਖ ਸੁਭਾਅ ਦੇ ਹਨ। ਹਾਲਾਤ ਦੀ ਗੰਭੀਰਤਾ ਨੂੰ ਸਮਝਣ ਵਾਲੇ ਹਨ। ਹਰਨੇਕ ਤੇ ਮਾਂ-ਬਾਪ ਦੀ ਦਿਲਚਸਪ ਵਾਰਤਾਲਾਪ ਪੈਦਾ ਹੁੰਦੀ ਹੈ। ਮਾਂ-ਬਾਪ ਵਾਪਸ ਜਾਣ ਲਈ ਕਹਿ ਰਹੇ ਹਨ, ਹਰਨੇਕ ਨੂੰ ਬੁਰਾ ਲੱਗ ਰਿਹਾ ਹੈ।
ਇਹ ਨਾਟਕ ਦਾ ਮੁੱਖ ਵਿਸ਼ਾ ਹੈ। ਪਰ ਭਾਅ ਗੁਰਸ਼ਰਨ ਸਿੰਘ ਇਸ ਦੇ ਆਲੇ ਦੁਆਲੇ ਉਹ ਨਿੱਕੀਆਂ ਨਿੱਕੀਆਂ ਕਹਾਣੀਆਂ ਸਿਰਜਦੇ ਹਨ ਜੋ ਹਲਕੇ ਫੁਲਕੇ ਅੰਦਾਜ਼ ਵਿੱਚ ਇਹ ਸਪੱਸ਼ਟ ਕਰਦੀਆਂ ਜਾਂਦੀਆਂ ਹਨ ਕਿ ਇਹ ਵਖਰੇਵਾਂ ਕਿੱਥੇ ਤੇ ਕਿਉਂ ਹੈ? ਮਾਂ ਜੀ ਨੂੰ ਆਂਢ ਗੁਆਂਢ ਗੱਲਾਂ ਮਾਰਨ ਲਈ ਔਰਤਾਂ ਨਹੀਂ ਲੱਭ ਰਹੀਆਂ ਜਿਨ੍ਹਾਂ ਨਾਲ ਉਹ ਇੱਧਰ ਉੱਧਰ ਦੀਆਂ ਕਹਾਣੀਆਂ ਕਹਿ ਸੁਣ ਸਕੇ। ਬਾਪੂ ਜੀ ਨੂੰ ਇਸ ਰੁਝੇਵੇਂ ਭਰੀ ਜ਼ਿੰਦਗੀ ਵਿੱਚ ਸਮਾਜਿਕ ਤੇ ਸੱਭਿਆਚਾਰਕ ਸਰਗਰਮੀਆਂ ਦੀ ਕਮੀ ਨਜ਼ਰ ਆਉਂਦੀ ਹੈ ਤੇ ਆਪਣੀ ਸਮਾਜਿਕ ਜ਼ਿੰਦਗੀ ਖੁੱਸਦੀ ਲੱਗਦੀ ਹੈ। ਹਰਨੇਕ ਇੰਗਲੈਂਡ ਵੱਸ ਚੁੱਕਾ ਹੈ। ਉਹ ਇੱਥੇ ਰਹਿ ਕੇ ਹੋਰ ਤਰੱਕੀ ਕਰਨਾ ਚਾਹੁੰਦਾ ਹੈ। ਸੁੱਖ ਸਹੂਲਤਾਂ ਭਰੀ ਜ਼ਿੰਦਗੀ ਮਾਣਨੀ ਚਾਹੁੰਦਾ ਹੈ, ਪਰ ਮਾਂ-ਬਾਪ ਦੀ ਸੇਵਾ ਵੀ ਕਰਨੀ ਚਾਹੁੰਦਾ ਹੈ। ਲੋਕ ਲਾਜ ਦਾ ਖਿਆਲ ਵੀ ਰੱਖਣਾ ਚਾਹੁੰਦਾ ਹੈ, ਤਾਅਨੇ ਮਿਹਣਿਆਂ ਤੋਂ ਬਚਣਾ ਵੀ ਚਾਹੁੰਦਾ ਹੈ। ਹਰਨੇਕ ਦੀ ਪਤਨੀ ਆਜ਼ਾਦ ਖ਼ਿਆਲਾਂ ਦੀ ਮਾਲਕਣ ਹੈ। ਉਹ ਸਖ਼ਤ ਮਿਹਨਤ ਤੋਂ ਬਾਅਦ ਆਪਣੀ ਨਿੱਜੀ ਜ਼ਿੰਦਗੀ ਨੂੰ ਮਾਣਨਾ ਚਾਹੁੰਦੀ ਹੈ ਤੇ ਖਲਲ ਉਸ ਨੂੰ ਪਸੰਦ ਨਹੀਂ ਹੈ। ਇਹੋ ਜਿਹਾ ਤਾਣਾ ਬਾਣਾ ਬੁਣ ਕੇ ਨਾਟਕਕਾਰ ਨਾਟਕ ਦੇ ਵਿਸ਼ੇ ਨੂੰ ਇਕਹਿਰਾ ਤੇ ਬੋਝਲ ਹੋਣ ਤੋਂ ਬਚਾਈ ਰੱਖਦਾ ਹੈ।
ਦਿਲਚਸਪੀ ਪੈਦਾ ਕਰਨ ਲਈ ਇੱਕ ਪਾਤਰ ਸਿਰਜਿਆ ਜਾਂਦਾ ਹੈ, ਸੋਹਣ ਸਿੰਘ। ਉਹ ਵੀ ਬਾਪੂ ਜੀ ਦੀ ਤਰ੍ਹਾਂ ਇੱਥੇ ਆਇਆ ਹੋਇਆ ਹੈ, ਪਰ ਉਸ ਨੇ ਆਪਣੀ ਜ਼ਿੰਦਗੀ ਨੂੰ ਢਾਲ ਲਿਆ ਹੈ। ਉਹ ਇਕੱਲਾ ਰਹਿੰਦਾ ਹੈ, ਮੌਜ ਮਸਤੀ ਕਰਦਾ ਹੈ ਤੇ ਦੁਨੀਆ ਦੇ ਨਜ਼ਾਰੇ ਤੱਕਦਾ ਹੈ, ਭਾਵੇਂ ਕਿ ਉਸ ਦੀਆਂ ਆਦਤਾਂ ਠੀਕ ਨਹੀਂ ਹਨ। ਇਨ੍ਹਾਂ ਦੋ ਪਾਤਰਾਂ ਦਾ ਟਕਰਾਉ ਸਿਰਜ ਕੇ ਨਾਟਕਕਾਰ ਦਰਸ਼ਕ ਦੇ ਸਾਹਮਣੇ ਦੋ ਰਾਹ ਰੱਖ ਦਿੰਦਾ ਹੈ, ਪਰ ਤਿਆਰੀ ‘ਤੀਜੇ’ ਲਈ ਕਰਦਾ ਹੈ। ਜਿੱਥੇ ਆਪਸੀ ਸਤਿਕਾਰ ਵੀ ਹੋਵੇ ਤੇ ਵਿਅਕਤੀਗਤ ਆਜ਼ਾਦੀ ਵੀ ਹੋਵੇ। ਅਖੀਰ ਵਿੱਚ ਮਾਂ-ਬਾਪ ਵਤਨ ਪਰਤਣ ਦਾ ਫ਼ੈਸਲਾ ਕਰਦੇ ਹਨ ਤੇ ਨੂੰਹ-ਪੁੱਤ ਨੂੰ ਸੰਤਾਪ ਮੁਕਤ ਕਰਕੇ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਆਪਣਿਆਂ ਵਿੱਚ ਜਿਊਣ ਦਾ ਫ਼ੈਸਲਾ ਕਰਦੇ ਹਨ। ਸੰਤ ਰਾਮ ਉਦਾਸੀ ਦੀਆਂ ਸਤਰਾਂ ਪਿੱਠਭੂਮੀ ਤੋਂ ਉੱਚੀਆਂ ਹੁੰਦੀਆਂ ਹਨ… ‘ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ!’
ਇਸ ਨਾਟਕ ਵਿੱਚ ਹਰਦੀਪ ਗਿੱਲ, ਅਨੀਤਾ, ਰਜਿੰਦਰ ਰੋਜ਼ੀ, ਪਵਨਦੀਪ ਤੇ ਮੈਂ ਅਲੱਗ ਅਲੱਗ ਭੂਮਿਕਾਵਾਂ ਨਿਭਾਉਂਦੇ ਸਾਂ। ਇਹ ਨਾਟਕ ਕੈਨੇਡਾ ਦੇ ਸ਼ਹਿਰ ਵਿਨੀਪੈੱਗ ਵਿੱਚ ਬਹਿ ਕੇ 1995 ਵਿੱਚ ਲਿਖਿਆ ਗਿਆ ਸੀ। ਇਸ ਦੀ ਰਿਹਰਸਲ ਵੀ ਨਾਲ ਨਾਲ ਹੀ ਚੱਲਦੀ ਸੀ, ਹਰਨੇਕ ਧਾਲੀਵਾਲ ਦੇ ਘਰ ਦੀ ਬੇਸਮੈਂਟ ਵਿੱਚ। ਇੱਕ ਦਿਨ ਬਾਹਰ ਵਿਹੜੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੋਰੀ ਗੁਆਂਢਣ ਨੇ ਪੁਲੀਸ ਨੂੰ ਸ਼ਿਕਾਇਤ ਕਰਨ ਦੀ ਧਮਕੀ ਵੀ ਦਿੱਤੀ ਸੀ ਤੇ ਅਸੀਂ ਮੁੜ ਬੇਸਮੈਂਟ ਵਿੱਚ ਜਾ ਵੜੇ ਸੀ। ਬਾਹਰਲੇ ਮੁਲਕਾਂ ਵਿੱਚ ਤੁਸੀਂ ਕਿਸੇ ਦੇ ਨਿੱਜ ਨੂੰ ਪਰੇਸ਼ਾਨ ਨਹੀਂ ਕਰ ਸਕਦੇ, ਉਹ ਮੋੜਵਾਂ ਪ੍ਰਤੀਕਰਮ ਦਿੰਦੇ ਹਨ। ਉਹ ਜ਼ਿੰਦਗੀ ਦਾ ਸੰਘਰਸ਼ ਜ਼ਿੰਦਗੀ ਜਿਊਣ ਲਈ ਕਰਦੇ ਹਨ। ਅਸੀਂ ਕਈ ਵਾਰ ਇੱਥੇ ਟਪਲਾ ਖਾ ਜਾਂਦੇ ਹਾਂ ਤੇ ਸੰਤਾਪ ਭੋਗਦੇ ਹਾਂ। ਪੰਜਾਬੀਆਂ ਦੀ ਵਿਦੇਸ਼ੀ ਜ਼ਿੰਦਗੀ ਅਨੇਕ ਸਵਾਲਾਂ ਤੇ ਕਹਾਣੀਆਂ ਨਾਲ ਭਰੀ ਹੋਈ ਹੈ, ਕਦੇ ਫੇਰ ਬਾਤ ਪਾਵਾਂਗਾ।
ਸੰਪਰਕ: 98880-11096