ਗੁਰਮੀਤ ਸਿੰਘ*
ਇਹ ਇੱਕ ਛੋਟੀ ਕਿਸਮ ਦਾ ਉੱਲੂ ਹੈ। ਇਸ ਨੂੰ ਪੰਜਾਬੀ ਵਿੱਚ ਧਾਰੀਦਾਰ ਉੱਲੂ ਅਤੇ ਅੰਗਰੇਜ਼ੀ ਵਿੱਚ ‘ਏਸ਼ੀਅਨ ਬਾਰਡ ਆਉਲੈੱਟ’ (The Asian barred owlet) ਕਹਿੰਦੇ ਹਨ। ਇਸ ਦਾ ਚਾਕਲੇਟ ਭੂਰਾ ਰੰਗਾ ਸਰੀਰ ਹੁੰਦਾ ਹੈ। ਇਹ ਉੱਲੂ ਦੀਆਂ ਹੋਰ ਕਿਸਮਾਂ ਤੋਂ ਛੋਟਾ ਹੁੰਦਾ ਹੈ। ਇਨ੍ਹਾਂ ਦੇ ਕੰਨ ਨਹੀਂ ਦਿਸਦੇ। ਇਸ ਦੀ ਛਾਤੀ ਫਿੱਕੀ ਭੂਰੇ ਰੰਗ ਦੀ ਹੁੰਦੀ ਹੈ। ਇਸ ਦੇ ਸਾਰੇ ਸਰੀਰ ਵਿੱਚ ਬਰਾਬਰ ਦੂਰੀ ’ਤੇ ਚਿੱਟੀਆਂ ਧਾਰੀਆਂ ਹੁੰਦੀਆਂ ਹਨ। ਇਨ੍ਹਾਂ ਦੇ ਗਲੇ ’ਤੇ ਚਿੱਟੇ ਧੱਬੇ ਹੁੰਦੇ ਹਨ। ਇਸ ਪਰਿਵਾਰ ਦੇ ਉੱਲੂ ਬਹੁਤ ਛੋਟੇ ਹੁੰਦੇ ਹਨ। ਇਨ੍ਹਾਂ ਦਾ ਸਿਰ ਗੋਲ-ਮਟੋਲ ਹੁੰਦਾ ਹੈ। ਇਨ੍ਹਾਂ ਦੀਆਂ ਵੱਡੀਆਂ ਸੁੰਦਰ ਅੱਖਾਂ ਪੀਲੇ ਚਮਕਦਾਰ ਰੰਗ ਵਿੱਚ ਬਹੁਤ ਖੂੁੁਬਸੂਰਤ ਦਿਸਦੀਆਂ ਹਨ। ਪੈਰਾਂ ਦੇ ਪੰਜੇ ਤੇ ਨਹੁੰਦਰਾਂ ਤਿੱਖੀਆਂ ਤੇ ਜਾਨਦਾਰ ਹੁੰਦੀਆਂ ਹਨ। ਬਾਕੀ ਉੱਲੂ ਪ੍ਰਜਾਤੀ ਦੀਆਂ ਕਿਸਮਾਂ ਰਾਤ ਨੂੰ ਸ਼ਿਕਾਰ ਵਿੱਚ ਸਰਗਰਮ ਰਹਿੰਦੀਆਂ ਹਨ, ਪਰ ਧਾਰੀਦਾਰ ਉੱਲੂ ਦਿਨ ਵੇਲੇ ਸਰਗਰਮ ਰਹਿੰਦਾ ਹੈ ਅਤੇ ਰਾਤ ਨੂੰ ਸੌਂਦਾ ਹੈ। ਇਹ ਭਾਰਤ, ਪਾਕਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼, ਚੀਨ, ਮਿਆਂਮਾਰ, ਥਾਈਲੈਂਡ, ਕੰਬੋਡੀਆ, ਲਾਓਸ ਅਤੇ ਵੀਅਤਨਾਮ ਵਿੱਚ ਪਾਇਆ ਜਾਂਦਾ ਹੈ। ਧਾਰੀਦਾਰ ਉੱਲੂ ਨਿਵਾਸੀ ਪੰਛੀ ਹੈ। ਉੱਚੀਆਂ ਥਾਵਾਂ ’ਤੇ ਰਹਿਣ ਵਾਲੇ ਪੰਛੀ ਸਰਦੀਆਂ ਵਿੱਚ ਹੇਠਲੇ ਪੱਧਰਾਂ ’ਤੇ ਮੈਦਾਨਾਂ ਵਿੱਚ ਆ ਜਾਂਦੇ ਹਨ। ਇਸ ਨੂੰ ਪੰਜਾਬ ਵਿੱਚ ਕਈ ਥਾਵਾਂ ’ਤੇ ਵੇਖਿਆ ਗਿਆ ਹੈ। ਮਾਦਾ ਪੰਛੀ, ਨਰ ਨਾਲੋਂ ਥੋੜ੍ਹੀ ਵੱਡੀ ਤੇ ਭਾਰੀ ਹੁੰਦੀ ਹੈ। ਧਾਰੀਦਾਰ ਉੱਲੂ ਦੀ ਖੁਰਾਕ ਵਿੱਚ ਮੁੱਖ ਤੌਰ ’ਤੇ ਵੱਡੇ ਕੀੜੇ ਸ਼ਾਮਲ ਹੁੰਦੇ ਹਨ। ਬੀਟਲ, ਟਿੱਡੇ, ਟਿੱਡੀਆਂ, ਬੀਂਡਾ, ਸਿਕਾਡਾ ਅਤੇ ਦੀਮਕ ਆਦਿ ਇਨ੍ਹਾਂ ਦਾ ਮੁੱਖ ਭੋਜਨ ਹੁੰਦੇ ਹਨ। ਇਹ ਡੱਡੂਆਂ, ਕਿਰਲੀਆਂ, ਚੂਹੇ ਅਤੇ ਛੋਟੇ ਪੰਛੀਆਂ ਦਾ ਸ਼ਿਕਾਰ ਕਰਨ ਲਈ ਜਾਣੇ ਜਾਂਦੇ ਹਨ। ਇਹ ਆਪਣੇ ਸ਼ਿਕਾਰ ਨੂੰ ਉੱਡਦੇ ਹੋਇਆਂ ਨੂੰ ਫੜਨ ਵਿੱਚ ਵੀ ਮਾਹਿਰ ਹੁੰਦੇ ਹਨ। ਕਦੇ-ਕਦਾਈਂ ਇਹ ਜ਼ਮੀਨ ’ਤੇ ਵੀ ਉਤਰ ਜਾਂਦੇ ਹਨ ਅਤੇ ਰੁੱਖਾਂ ਦੀਆਂ ਟਹਿਣੀਆਂ ਅਤੇ ਪੱਤਿਆਂ ਤੋਂ ਆਪਣੇ ਸ਼ਿਕਾਰ ਨੂੰ ਵੀ ਫੜ ਲੈਂਦੇ ਹਨ।
ਇਸ ਨੂੰ ‘ਕੋਇਲ ਉੱਲੂ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਵੀ ਕੋਇਲ ਦੀ ਤਰ੍ਹਾਂ ਆਪਣਾ ਆਲ੍ਹਣਾ ਨਹੀਂ ਬਣਾਉਂਦਾ, ਬਲਕਿ ਦੂਸਰਿਆਂ ਦੇ ਆਲ੍ਹਣਿਆਂ ਵਿੱਚ ਆਂਡੇ ਦਿੰਦਾ ਹੈ। ਇਹ ਆਲ੍ਹਣੇ ਵਿੱਚ ਮੌਜੂਦ ਦੂਜੇ ਪੰਛੀ ਨੂੰ ਮਾਰ ਕੇ ਉਸ ਦੇ ਆਲ੍ਹਣੇ ’ਤੇ ਕਬਜ਼ਾ ਕਰ ਲੈਂਦੇ ਹਨ। ਇਨ੍ਹਾਂ ਦਾ ਪ੍ਰਜਣਨ ਦਾ ਸਮਾਂ ਭਾਰਤ ਵਿੱਚ ਅਪਰੈਲ ਅਤੇ ਮਈ ਵਿੱਚ ਹੁੰਦਾ ਹੈ। ਨਰ ਮਾਦਾ ਆਪਣਾ ਜੋੜਾ ਬਣਾਉਂਦੇ ਹਨ। ਇਨ੍ਹਾਂ ਦੇ ਆਲ੍ਹਣੇ ਦੀਆਂ ਥਾਵਾਂ ਵਿੱਚ ਦਰੱਖਤਾਂ ਦੀਆਂ ਖੁੱਡਾਂ ਅਤੇ ਪੁਰਾਣੇ ਲੱਕੜ ਦੇ ਸੁਰਾਖ ਸ਼ਾਮਲ ਹੁੰਦੇ ਹਨ। ਮਾਦਾ ਚਾਰ ਤੋਂ ਸੱਤ ਆਂਡੇ ਦਿੰਦੀ ਹੈ। ਮਾਦਾ ਜ਼ਿਆਦਾਤਰ ਚੂਚਿਆਂ ਨੂੰ ਪ੍ਰਫੁੱਲਿੱਤ ਕਰਦੀ ਹੈ ਅਤੇ ਨਰ, ਮਾਦਾ ਨੂੰ ਭੋਜਨ ਦਿੰਦਾ ਹੈ। ਇਨ੍ਹਾਂ ਦੇ ਚੂਚੇ ਚਾਰ ਹਫ਼ਤਿਆਂ ਵਿੱਚ ਬਾਹਰ ਆ ਜਾਂਦੇ ਹਨ। ਆਲ੍ਹਣੇ ਵਿੱਚੋਂ ਚੂਚੇ ਵੱਡੇ ਹੋ ਕੇ 30 ਤੋਂ 34 ਦਿਨਾਂ ਬਾਅਦ ਉੱਡ ਜਾਂਦੇ ਹਨ। ਉਹ ਆਪਣੀ ਸੀਮਾ ਦੇ ਅੰਦਰ ਭੋਜਨ ਅਤੇ ਪ੍ਰਜਣਨ ਲਈ ਸਥਾਨਕ ਅਦਲਾ-ਬਦਲੀ ਵੀ ਕਰ ਲੈਂਦੇ ਹਨ।
ਸਾਡੇ ਦੇਸ਼ ਵਿੱਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਅਧੀਨ ਇਹ ਪੰਛੀ ਸੁਰੱਖਿਅਤ ਹਨ। ਆਈ.ਯੂ.ਸੀ.ਐੱਨ. (ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ਼ ਨੇਚਰ) ਨੇ ਉੱਲੂ ਜਾਤੀ ਨੂੰ ਸ਼੍ਰੇਣੀਬੱਧ ਅਤੇ ਇਸ ਦਾ ਮੁਲਾਂਕਣ ਕੀਤਾ ਹੈ। ਉਨ੍ਹਾਂ ਨੇ ਇਸ ਨੂੰ ‘ਘੱਟ ਤੋਂ ਘੱਟ ਚਿੰਤਾ’ ਵਜੋਂ ਸੂਚੀਬੱਧ ਕੀਤਾ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910