ਹਰਜੀਤ ਸਿੰਘ*
ਪ੍ਰਸਿੱਧ ਫ਼ਿਲਮ ‘ਇੰਟਰਸਟੈਲਰ’ ਵਿੱਚ ਇੱਕ ਕਥਨ ਹੈ ‘ਮਨੁੱਖ ਜਾਤੀ ਦੀ ਪੈਦਾਇਸ਼ ਧਰਤੀ ’ਤੇ ਜ਼ਰੂਰ ਹੋਈ, ਪਰ ਇਹ ਏਥੇ ਖ਼ਤਮ ਹੋਣ ਲਈ ਨਹੀਂ ਬਣੀ।’
ਇਸੇ ਕਥਨ ਨੂੰ ਸੱਚ ਕਰਨ ਵੱਲ ਹੰਭਲਾ ਹੈ ਸਟਾਰਸ਼ਿਪ। ਸਟਾਰਸ਼ਿਪ, ਪ੍ਰਸਿੱਧ ਉੱਦਮੀ ਏਲੋਨ ਮਸਕ ਦੀ ਕੰਪਨੀ ਸਪੇਸ-ਐਕਸ ਦਾ ਇੱਕ ਰਾਕੇਟ ਹੈ| ਇਹ ਰਾਕੇਟ ਪੂਰੀ ਤਰ੍ਹਾਂ ਮੁੜ-ਵਰਤੋਂ ਯੋਗ ਹੈ|
ਆਮ ਰਾਕੇਟ ਸਿਰਫ਼ ਇੱਕ ਵਾਰ ਵਰਤਿਆ ਜਾ ਸਕਦਾ ਹੈ ਤੇ ਬਾਲਣ ਖ਼ਤਮ ਹੋਣ ਤੋਂ ਬਾਅਦ ਖਾਲੀ ਰਾਕੇਟ ਜਾਂ ਹਵਾ ਵਿੱਚ ਜਲ ਕੇ ਭਸਮ ਹੋ ਜਾਂਦਾ ਹੈ ਜਾਂ ਸਮੁੰਦਰ ਵਿੱਚ ਡਿੱਗ ਜਾਂਦਾ ਹੈ|
ਇਸ ਰਾਕੇਟ ਦੇ ਦੋ ਪੜਾਅ ਹਨ| ਪਹਿਲੇ ਪੜਾਅ ਨੂੰ ਸੁਪਰ ਹੈਵੀ ਕਿਹਾ ਜਾਂਦਾ ਹੈ ਜੋ ਕਿ ਇੱਕ ਬੂਸਟਰ ਹੈ, ਮਤਲਬ ਧਰਤੀ ’ਤੇ ਵਾਪਸ ਆ ਜਾਂਦਾ ਹੈ| ਦੂਜੇ ਪੜਾਅ ਨੂੰ ਸਟਾਰਸ਼ਿਪ ਪੁਲਾੜ ਵਾਹਨ ਕਿਹਾ ਜਾਂਦਾ ਹੈ| ਇਹ ਪੜਾਅ ਅੱਗੇ ਪੁਲਾੜ ਵਿੱਚ ਜਾਂਦਾ ਹੈ| ਦੋਵੇਂ ਪੜਾਅ ਤਰਲ ਆਕਸੀਜਨ + ਤਰਲ ਮੀਥੇਨ ਦੇ ਮੇਲ ਨਾਲ ਚੱਲਦੇ ਹਨ। ਅੱਜਕੱਲ੍ਹ ਦੇ ਜ਼ਿਆਦਾਤਰ ਰਾਕੇਟ ਐਲੂਮੀਨੀਅਮ ਦੇ ਬਣਦੇ ਹਨ, ਪਰ ਇਹ ਰਾਕੇਟ ਪੂਰੀ ਤਰ੍ਹਾਂ ਸਟੀਲ ਦਾ ਬਣਿਆ ਹੈ| ਇਸ ਰਾਕੇਟ ਦੀ ਉਚਾਈ 120 ਮੀਟਰ ਅਤੇ ਵਿਆਸ 9 ਮੀਟਰ ਹੈ| ਇਹ ਲਗਭਗ 150 ਟਨ ਭਾਰ ਧਰਤੀ ਦੇ ਹੇਠਲੇ ਪੰਧ (LEO) ਵਿੱਚ ਭੇਜ ਸਕਦਾ ਹੈ| ਪੁਲਾੜ ਪੰਧ ਵਿੱਚ ਹੀ ਇਸ ਵਿੱਚ ਦੁਬਾਰਾ ਬਾਲਣ ਭਰਕੇ ਇਸ ਨੂੰ ਚੰਦਰਮਾ ਜਾਂ ਮੰਗਲ ’ਤੇ ਲਿਜਾਇਆ ਜਾ ਸਕੇਗਾ|
ਸਾਲ 2005 ਵਿੱਚ ਸ਼ੁਰੂ ਹੋਇਆ ਇਹ ਪ੍ਰਾਜੈਕਟ ਵਿਕਾਸ ਦੇ ਕਈ ਪੜਾਵਾਂ ਵਿੱਚੋਂ ਲੰਘ ਕੇ ਅੱਜ ਦੇ ਰੂਪ ਵਿੱਚ ਪਹੁੰਚਿਆ ਹੈ| ਮਸਕ ਨੇ 2005 ਵਿੱਚ ਸਭ ਤੋਂ ਪਹਿਲਾਂ ਇੱਕ ਉੱਚ ਸਮਰੱਥਾ ਵਾਲੇ ਰਾਕੇਟ ਦੀ ਗੱਲ ਕੀਤੀ ਜੋ 140 ਟਨ ਤੱਕ ਭਾਰ ਲਿਜਾ ਸਕਦਾ ਸੀ| 2016 ਵਿੱਚ ਅੰਤਰਰਾਸ਼ਟਰੀ ਖਗੋਲ ਕਾਂਗਰਸ ਵਿੱਚ ਮਸਕ ਨੇ ਅਜਿਹੇ ਰਾਕੇਟ ਦਾ ਸੁਝਾਅ ਦਿੱਤਾ ਜਿਸ ਨਾਲ ਇਨਸਾਨਾਂ ਨੂੰ ਸੌਰ ਮੰਡਲ ਦੇ ਹੋਰ ਗ੍ਰਹਿਆਂ ’ਤੇ ਲਿਜਾਇਆ ਜਾ ਸਕਦਾ ਸੀ| ਇਸ ਦਾ ਨਾਮ ਬੀ.ਐੱਫ.ਆਰ. (ਬਿਗ ਫਾਲਕਨ ਰਾਕੇਟ) ਸੀ| ਇਹੀ ਰਾਕੇਟ ਫਿਰ ਹੋਰ ਸੁਧਾਰ ਕੇ 2018 ਵਿੱਚ ਸਟਾਰਸ਼ਿਪ ਦੇ ਨਾਮ ਹੇਠ ਅਮਲੀ ਰੂਪ ਵਿੱਚ ਐਲਾਨਿਆ ਗਿਆ|
ਇਸ ਦਾ ਸੁਪਰ ਹੈਵੀ ਬੂਸਟਰ ਪੜਾਅ 70 ਮੀਟਰ ਉੱਚਾ ਹੈ ਅਤੇ ਇਸ ਵਿੱਚ 3600 ਟਨ ਬਾਲਣ ਭਰਿਆ ਜਾਂਦਾ ਹੈ। ਇਸ ਵਿੱਚ 33 ਰੈਪਟਰ ਇੰਜਣ ਵਰਤੇ ਜਾਂਦੇ ਹਨ ਜੋ ਕੁੱਲ 7200 ਟਨ ਦਾ ਬਲ ਪੈਦਾ ਕਰਦੇ ਹਨ| ਇਹ ਬਲ ਅੱਜ ਤੱਕ ਦੇ ਸਭ ਤੋਂ ਤਕੜੇ ਰਾਕੇਟ ਸੈਟਰਨ-5 ਰਾਕੇਟ ਤੋਂ ਦੁੱਗਣਾ ਹੈ। ਸੁਪਰ ਹੈਵੀ ਬੂਸਟਰ ਰਾਕੇਟ ਨੂੰ ਮੈਕ 8-9 ਤੱਕ (ਆਵਾਜ਼ ਦੀ ਗਤੀ ਤੋਂ 8-9 ਗੁਣਾ ਤੇਜ਼) ਦੀ ਗਤੀ ’ਤੇ ਪਹੁੰਚਾ ਸਕਦਾ ਹੈ। ਆਪਣਾ ਕੰਮ ਖ਼ਤਮ ਕਰਕੇ ਇਹ ਬੂਸਟਰ ਰਾਕੇਟ ਤੋਂ ਵੱਖ ਹੋ ਕੇ ਦਾਗੇ ਜਾਣ ਵਾਲੀ ਥਾਂ ’ਤੇ ਵਾਪਸ ਉਤਰ ਜਾਂਦਾ ਹੈ| ਇਸ ਵਿੱਚ ਬਾਲਣ ਭਰ ਕੇ ਅਤੇ ਥੋੜ੍ਹੀ ਬਹੁਤ ਮੁਰੰਮਤ ਕਰਕੇ ਅਗਲੇ ਰਾਕੇਟ ਲਈ ਵਰਤਿਆ ਜਾ ਸਕਦਾ ਹੈ|
ਸਟਾਰਸ਼ਿਪ ਪੁਲਾੜ ਵਾਹਨ ਬੂਸਟਰ ਦੇ ਉੱਪਰ ਲੱਗਦਾ ਹੈ। ਇਸ ਦੀ ਉਚਾਈ 50 ਮੀਟਰ ਹੈ ਅਤੇ ਇਸ ਵਿੱਚ ਕੁੱਲ 1200 ਟਨ ਬਾਲਣ ਹੁੰਦਾ ਹੈ| ਇਸ ਵਿੱਚ ਕੁੱਲ 6 ਰੈਪਟਰ ਇੰਜਣ ਵਰਤੇ ਗਏ ਹਨ| ਇਸ ਦੀ ਨਿਵੇਕਲੀ ਗੱਲ ਇਸ ਦੀ ਪੇਲੋਡ ਫੇਅਰਿੰਗ ਹੈ| ਪੇਲੋਡ ਫੇਅਰਿੰਗ ਰਾਕੇਟ ਦੇ ਉੱਪਰਲੇ ਕੋਨ ਨੁਮਾ ਹਿੱਸੇ ਨੂੰ ਕਹਿੰਦੇ ਹਨ| ਇਸ ਦੇ ਅੰਦਰ ਉਪਗ੍ਰਹਿ ਜਾਂ ਪੁਲਾੜ ਯਾਤਰੀ ਹੁੰਦੇ ਹਨ ਅਤੇ ਇਹ ਉਨ੍ਹਾਂ ਨੂੰ ਹਵਾ ਦੀ ਰਗੜ ਤੋਂ ਬਚਾਉਂਦੀ ਹੈ| ਉਪਗ੍ਰਹਿ ਦੇ ਮਾਮਲੇ ਵਿੱਚ ਰਵਾਇਤੀ ਤੌਰ ’ਤੇ ਇਹ ਫੇਅਰਿੰਗ, ਵਾਯੂਮੰਡਲ ਖ਼ਤਮ ਹੋਣ ’ਤੇ (ਲਗਭਗ 10 ਕਿ.ਮੀ ਦੀ ਉਚਾਈ ’ਤੇ) ਭਾਰ ਘਟਾਉਣ ਲਈ ਰਾਕੇਟ ਤੋਂ ਅਲੱਗ ਕਰ ਦਿੱਤੀ ਜਾਂਦੀ ਹੈ ਤੇ ਇਹ ਸਮੁੰਦਰ ਵਿੱਚ ਡਿੱਗ ਜਾਂਦੀ ਹੈ| ਪਰ ਸਟਾਰਸ਼ਿਪ ਦੀ ਫੇਅਰਿੰਗ ਖੁੱਲ੍ਹ ਕੇ ਬੰਦ ਹੋ ਸਕਣ ਵਾਲੀ ਹੈ| ਇਹ ਉਪਗ੍ਰਹਿ ਨੂੰ ਪੁਲਾੜ ਵਿੱਚ ਛੱਡਣ ਵੇਲੇ ਖੁੱਲੇਗੀ ਅਤੇ ਫਿਰ ਬੰਦ ਹੋ ਜਾਵੇਗੀ| ਸਪੇਸ ਐਕਸ ਇਸ ਨੂੰ ਪੁਲਾੜ ਵਿੱਚ ਫੈਲਿਆ ਮਲਬਾ ਇਕੱਠਾ ਕਰਨ ਵਾਸਤੇ ਵਰਤਣ ਲਈ ਵੀ ਵਿਚਾਰ ਕਰ ਰਿਹਾ ਹੈ|
ਸਟਾਰਸ਼ਿਪ ਕਈ ਰੂਪਾਂ ਵਿੱਚ ਉਪਲੱਬਧ ਹੋਏਗਾ| ਮੂਲ ਡਿਜ਼ਾਈਨ ਦੀ ਵਰਤੋਂ ਪੁਲਾੜ ਵਿੱਚ ਮਾਲ ਦੀ ਢੋਆ-ਢੁਆਈ ਲਈ ਕੀਤੀ ਜਾਵੇਗੀ। ਸਟਾਰਸ਼ਿਪ ਟੈਂਕਰ ਨੂੰ ਧਰਤੀ ਦੇ ਪੰਧ ਵਿੱਚ ਬਾਲਣ ਲਿਜਾਣ ਅਤੇ ਹੋਰ ਸਟਾਰਸ਼ਿਪਾਂ ਵਿੱਚ ਭਰਨ ਲਈ ਵਰਤਿਆ ਜਾਵੇਗਾ| ਇਸ ਦਾ ਮੰਗਲ ਰੂਪ 100 ਤੱਕ ਯਾਤਰੀਆਂ ਨੂੰ ਮੰਗਲ ’ਤੇ ਲੈ ਜਾ ਸਕਦਾ ਹੈ| ਚੰਨ ’ਤੇ ਯਾਤਰੀ ਲਿਜਾਣ ਲਈ ਵੀ ਇੱਕ ਡਿਜ਼ਾਇਨ ਤਿਆਰ ਕੀਤਾ ਜਾਵੇਗਾ| ਇੱਕ ਹੋਰ ਸਟਾਰਸ਼ਿਪ ਰੂਪ ਲੰਬੀ ਦੂਰੀ ਦੀਆਂ ਉਡਾਣਾਂ ’ਤੇ ਯਾਤਰੀਆਂ ਨੂੰ ਲਿਜਾ ਸਕਦਾ ਹੈ। ਇਸ ਦੇ ਨਾਲ ਦੁਨੀਆ ਦੇ ਕਿਸੇ ਵੀ ਦੋ ਸ਼ਹਿਰਾਂ ਵਿਚਕਾਰ ਦਾ ਸਫ਼ਰ 1 ਘੰਟੇ ਤੋਂ ਘੱਟ ਸਮੇਂ ਵਿੱਚ ਪੂਰਾ ਕੀਤਾ ਜਾ ਸਕੇਗਾ|
ਇਸ ਰਾਕੇਟ ਨੂੰ ਸਪੇਸ ਐਕਸ ਦੇ ਬੋਕਾ ਚੀਕਾ ਵਿਖੇ ਸਥਿਤ ਲਾਂਚ ਕੇਂਦਰ ਤੋਂ ਛੱਡਿਆ ਜਾਵੇਗਾ ਅਤੇ ਇੱਥੇ ਹੀ ਉਤਾਰਿਆ ਜਾਵੇਗਾ| ਇਸ ਜਗ੍ਹਾ ਨੂੰ ਸਟਾਰਬੇਸ ਦਾ ਨਾਮ ਦਿੱਤਾ ਗਿਆ ਹੈ|
ਪੁਲਾੜ ਦਾ ਬਸਤੀਕਰਨ
ਸਪੇਸਐਕਸ ਦਾ ਮੁੱਖ ਟੀਚਾ ਮੰਗਲ ਨੂੰ ਰਹਿਣਯੋਗ ਬਣਾਉਣਾ ਅਤੇ ਇਸ ਦਾ ਬਸਤੀਕਰਨ ਕਰਨਾ ਹੈ| ਏਲੋਨ ਮਸਕ ਅਨੁਸਾਰ ਦਸ ਲੱਖ ਲੋਕਾਂ ਦੀ ਆਬਾਦੀ ਵਾਲਾ ਇੱਕ ਮੰਗਲ ਸ਼ਹਿਰ ਸਵੈ-ਨਿਰਭਰ ਹੋਵੇਗਾ| ਇਸ ਲਈ ਘੱਟੋ-ਘੱਟ ਦਸ ਹਜ਼ਾਰ ਇਨਸਾਨ ਲਿਜਾਣ ਵਾਲੀਆਂ ਅਤੇ ਇੱਕ ਲੱਖ ਮਾਲਵਾਹਕ ਸਟਾਰਸ਼ਿਪਾਂ ਲੋੜੀਂਦੀਆਂ ਹੋਣਗੀਆਂ|
ਕਿਸੇ ਵੀ ਵਿਅਕਤੀ ਨੂੰ ਮੰਗਲ ’ਤੇ ਲਿਜਾਣ ਤੋਂ ਪਹਿਲਾਂ ਲੋੜੀਂਦੇ ਸਾਜ਼ੋ-ਸਾਮਾਨ ਨੂੰ ਲਿਜਾਣ ਲਈ ਕੁਝ ਮਾਲਵਾਹਕ ਮਿਸ਼ਨ ਭੇਜੇ ਜਾਣਗੇ। ਇਨ੍ਹਾਂ ਵਿੱਚ ਸੋਲਰ ਪੈਨਲ, ਖੁਦਾਈ ਲਈ ਰੋਬੋਟ, ਮੰਗਲ ਦੇ ਵਾਯੂਮੰਡਲ ਵਿੱਚ ਨਾਈਟ੍ਰੋਜਨ ਅਤੇ ਕਾਰਬਨ ਡਾਈਆਕਸਾਈਡ ਪੈਦਾ ਕਰਨ ਵਾਲੀਆਂ ਮਸ਼ੀਨਾਂ ਹੋਣਗੀਆਂ| ਇਸ ਤੋਂ ਇਲਾਵਾ ਇੱਕ ਬਾਲਣ ਪਲਾਂਟ ਵੀ ਹੋਵੇਗਾ ਜੋ ਜ਼ਮੀਨਦੋਜ਼ ਬਰਫ਼ ਅਤੇ ਕਾਰਬਨ ਡਾਇਆਕਸਾਇਡ ਤੋਂ ਮੀਥੇਨ ਅਤੇ ਆਕਸੀਜਨ ਪੈਦਾ ਕਰੇਗਾ| ਨਾਲ ਹੀ ਫ਼ਸਲਾਂ ਉਗਾਉਣ ਲਈ ਸ਼ੀਸ਼ੇ ਦੇ ਪਾਰਦਰਸ਼ੀ ਗੁੰਬਦ ਦੀ ਉਸਾਰੀ ਦਾ ਸਾਮਾਨ ਹੋਵੇਗਾ| ਬਾਲਣ ਪਲਾਂਟ ਰਾਹੀਂ ਬਣਾਈ ਤਰਲ ਮੀਥੇਨ ਅਤੇ ਤਰਲ ਆਕਸੀਜਨ ਦੀ ਵਰਤੋਂ ਕਰਕੇ ਸਾਮਾਨ ਲੈ ਕੇ ਗਈ ਸਟਾਰਸ਼ਿਪ ਮੰਗਲ ਤੋਂ ਧਰਤੀ ’ਤੇ ਵਾਪਸ ਆ ਸਕਦੀ ਹੈ।
ਇਸ ਤੋਂ ਬਾਅਦ ਦੇ ਸ਼ੁਰੂਆਤੀ ਮਿਸ਼ਨ ਵਿੱਚ ਇੱਕ ਛੋਟਾ ਚਾਲਕ ਦਲ (ਲਗਭਗ 12 ਲੋਕ) ਜਾਵੇਗਾ| ਇਸ ਦਲ ਦਾ ਮੁੱਖ ਟੀਚਾ ਬਾਲਣ ਪਲਾਂਟ ਅਤੇ ਮੰਗਲ ਬੇਸ ਅਲਫ਼ਾ ਦੇ ਊਰਜਾ ਸਿਸਟਮ ਨੂੰ ਬਣਾਉਣਾ ਅਤੇ ਮੁਰੰਮਤ ਕਰਨਾ ਅਤੇ ਇੱਕ ਮੁੱਢਲੇ ਬੇਸ ਕੈਂਪ ਨੂੰ ਸਥਾਪਿਤ ਕਰਨਾ ਹੈ।
ਮੰਗਲ ’ਤੇ ਟਿਕਾਣਾ ਬਣਾਉਣ ਲਈ ਜਗ੍ਹਾ 400 ਅਕਸ਼ਾਂਸ਼ ’ਤੇ ਹੋਣੀ ਚਾਹੀਦੀ ਹੈ ਤਾਂ ਕਿ ਸੌਰ ਊਰਜਾ ਦਾ ਵੱਧ ਤੋਂ ਵੱਧ ਫਾਇਦਾ ਲਿਆ ਜਾਂ ਸਕੇ| ਇਸ ਤੋਂ ਇਲਾਵਾ ਇੱਥੇ ਤਾਪਮਾਨ ਨਿੱਘਾ ਹੋਣਾ ਚਾਹੀਦਾ ਹੈ ਤੇ ਸਭ ਤੋਂ ਜ਼ਰੂਰੀ ਗੱਲ ਜ਼ਮੀਨਦੋਜ਼ ਬਰਫ਼ ਦਾ ਬਹੁਤ ਵੱਡਾ ਭੰਡਾਰ ਹੋਣਾ ਚਾਹੀਦਾ ਹੈ| ਮੁੱਢਲੇ ਅਨੁਮਾਨਾਂ ਮੁਤਾਬਕ ਬਾਲਣ ਪਲਾਂਟ ਨੂੰ ਰੋਜ਼ਾਨਾ ਲਗਭਗ 1 ਟਨ ਬਾਲਣ ਬਣਾਉਣਾ ਹੋਏਗਾ| ਇਸ ਲਈ ਜੋ ਊਰਜਾ ਦੀ ਲੋੜ ਹੈ ਉਸ ਲਈ 56,200 ਵਰਗ ਮੀਟਰ ਵਿੱਚ ਫੈਲੇ ਸੌਰ ਊਰਜਾ ਪਲਾਂਟ ਦੀ ਲੋੜ ਹੋਏਗੀ| ਇਸ ਤੋਂ ਇਲਾਵਾ ਪਰਮਾਣੂ ਅਤੇ ਪੌਣ ਊਰਜਾ ਵੀ ਵਰਤੀ ਜਾ ਸਕਦੀ ਹੈ|
ਮੰਗਲ ’ਤੇ ਜਾਣ ਲਈ ਉਸ ਸਮੇਂ ਦੀ ਧਰਤੀ ਤੋਂ ਦੂਰੀ ਅਨੁਸਾਰ, 80 ਤੋਂ 150 ਦਿਨ ਲੱਗ ਸਕਦੇ ਹਨ| ਇੱਕ ਟਿਕਟ ਦੀ ਕੀਮਤ 5 ਲੱਖ ਅਮਰੀਕੀ ਡਾਲਰ ਦੇ ਆਸ ਪਾਸ ਕਿਆਸੀ ਜਾ ਰਹੀ ਹੈ| ਚਾਹੇ ਮੰਗਲ ’ਤੇ ਸ਼ੁਰੂਆਤੀ ਦੌਰ ਵਿੱਚ ਦਰਜਨ ਕੁ ਲੋਕ ਜਾਣਗੇ, ਪਰ ਸਮਾਂ ਪਾ ਕੇ ਇਹ ਗਿਣਤੀ 10 ਲੱਖ ਤੱਕ ਲਿਜਾਣ ਦਾ ਪ੍ਰੋਗਰਾਮ ਹੈ| ਏਨੇ ਲੋਕ ਇਸ ਲਈ ਚਾਹੀਦੇ ਹਨ ਕਿਉਂਕਿ ਮੰਗਲ ’ਤੇ ਸਾਨੂੰ ਸਭ ਕੁਝ ਸ਼ੁਰੂ ਤੋਂ ਬਣਾਉਣਾ ਪਏਗਾ| ਸਾਨੂੰ ਮੰਗਲ ਦੀ ਸਤਹ ਵਿੱਚੋਂ ਖਣਿਜ ਕੱਢ ਕੇ ਵਰਤਣੇ ਪੈਣਗੇ| ਉੱਥੇ ਕੋਈ ਰੁੱਖ ਨਹੀਂ ਉੱਗਣ ਵਾਲੇ, ਸੋ ਆਕਸੀਜਨ, ਨਾਈਟ੍ਰੋਜਨ ਆਪੇ ਨਹੀਂ ਬਣਨ ਵਾਲੀਆਂ| ਉੱਥੇ ਕੋਈ ਤੇਲ ਜਾਂ ਕੋਲਾ ਨਹੀਂ ਹੋਏਗਾ| ਇਸ ਕਰਕੇ ਸਾਨੂੰ ਉੱਥੇ ਬਹੁਤ ਤਨਦੇਹੀ ਨਾਲ ਕੰਮ ਕਰਨਾ ਪਏਗਾ|
ਮੰਗਲ ਦੇ ਬਸਤੀਕਰਨ ਬਾਰੇ ਸਭ ਤੋਂ ਵੱਡਾ ਸਵਾਲ ਇਸ ਨਾਲ ਆਉਣ ਵਾਲੀਆਂ ਸਿਹਤ ਸਮੱਸਿਆਵਾਂ ਹਨ| ਲੰਬੇ ਸਮੇਂ ਤੱਕ ਪੁਲਾੜ ਯਾਤਰਾ ਕਰਨ, ਰੇਡੀਏਸ਼ਨ ਦਾ ਲਗਾਤਾਰ ਸਾਹਮਣਾ ਕਰਨ, ਭਾਰਹੀਣਤਾ ਅਤੇ ਮੰਗਲ ਦੀ ਘੱਟ ਗੁਰੂਤਾ ਕਈ ਕਿਸਮ ਦੀਆਂ ਸਿਹਤ ਸਮੱਸਿਆਵਾਂ ਖੜ੍ਹੀਆਂ ਕਰ ਸਕਦੇ ਹਨ ਜਿਨ੍ਹਾਂ ਬਾਰੇ ਸਾਡੇ ਕੋਲ ਹਾਲੇ ਕੋਈ ਜਵਾਬ ਨਹੀਂ ਹੈ|
ਹੁਣ ਤੱਕ ਸਟਾਰਸ਼ਿਪ ਦੇ ਮੁੱਢਲੇ ਮਾਡਲਾਂ ਨੇ ਘੱਟ ਉਚਾਈ ਵਾਲੀਆਂ ਛੋਟੀਆਂ ਉਡਾਣਾਂ ਭਰੀਆਂ ਹਨ| ਸਪੇਸ ਐਕਸ ਦੀ ਯੋਜਨਾ 2022 ਵਿੱਚ ਧਰਤੀ ਦੁਆਲੇ ਪੰਧ ਵਿੱਚ ਬਾਲਣ ਭਰਨ ਦਾ ਪ੍ਰਯੋਗ ਕਰਨ ਦੀ ਹੈ| ਇਸ ਤੋਂ ਬਾਅਦ 2023 ਵਿੱਚ ਚੰਨ ਦੇ ਮਿਸ਼ਨ ਦੀ ਯੋਜਨਾ ਹੈ| ਮੰਗਲ ’ਤੇ ਪਹਿਲੀ ਮਨੁੱਖ ਰਹਿਤ ਸਟਾਰਸ਼ਿਪ 2024 ਤੱਕ ਭੇਜਣ ਦੀ ਯੋਜਨਾ ਹੈ| ਏਲੋਨ ਮਸਕ ਨੂੰ ਭਰੋਸਾ ਹੈ ਕਿ 2026 ਤੱਕ ਇਨਸਾਨ ਮੰਗਲ ’ਤੇ ਕਦਮ ਰੱਖ ਲਵੇਗਾ|
ਹਾਲੇ ਤੱਕ ਇਸ ਪ੍ਰਾਜੈਕਟ ਦਾ ਪੂਰਾ ਖ਼ਰਚਾ ਸਪੇਸ ਐਕਸ ਕਰ ਰਿਹਾ ਹੈ| ਅਮਰੀਕੀ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਫੰਡ ਦੇਣ ਤੋਂ ਅਸਮੱਰਥਾ ਪ੍ਰਗਟਾਈ ਹੈ| ਏਲੋਨ ਮਸਕ ਨੇ ਆਪਣੀ ਖੁਦ ਦੀ ਪੂੰਜੀ ਲਾਉਣ ਦੀ ਗੱਲ ਕਹੀ ਹੈ, ਪਰ ਸ਼ਾਇਦ ਇਹ ਕਾਫ਼ੀ ਨਹੀਂ ਹੋਵੇਗੀ|
ਮੰਗਲ ਨੂੰ ਰਹਿਣਯੋਗ ਬਣਾਉਣ ਲਈ ਇਹ ਪ੍ਰੋਗਰਾਮ ਸਾਡਾ ਪਹਿਲਾ ਕਦਮ ਹੈ| ਆਉਣ ਵਾਲੇ ਸਮੇਂ ਵਿੱਚ ਮਸਕ ਦੀ ਯੋਜਨਾ ਮੰਗਲ ਨੂੰ ਧਰਤੀ ਵਾਂਗ ਇਨਸਾਨਾਂ ਦੇ ਰਹਿਣ ਲਈ ਅਨੁਕੂਲ ਬਣਾਉਣਾ ਹੈ| ਇਸ ਵਿੱਚ ਸਭ ਤੋਂ ਵੱਡੀ ਅੜਚਨ ਮੰਗਲ ’ਤੇ ਵਾਯੂਮੰਡਲ ਦੀ ਅਣਹੋਂਦ ਹੈ| ਇੱਕ ਸਮੇਂ ਮੰਗਲ ’ਤੇ ਵੀ ਧਰਤੀ ਵਾਂਗ ਸੰਘਣਾ ਵਾਯੂਮੰਡਲ ਸੀ, ਪਰ ਘੱਟ ਗੁਰੂਤਾ ਅਤੇ ਚੁੰਬਕੀ ਖੇਤਰ ਦੀ ਅਣਹੋਂਦ ਕਰਨ ਇਹ ਹੌਲੀ ਹੌਲੀ ਪੁਲਾੜ ਵਿੱਚ ਰਿਸ ਗਿਆ| ਇਨਸਾਨ ਦੇ ਰਹਿਣ ਲਈ ਇਸ ਨੂੰ ਵਾਪਸ ਬਣਾਉਣਾ ਜ਼ਰੂਰੀ ਹੈ| ਇਸ ਲਈ ਕਈ ਕਿਸਮ ਦੇ ਸੁਝਾਅ ਦਿੱਤੇ ਗਏ ਹਨ, ਪਰ ਹਾਲੇ ਕਿਸੇ ’ਤੇ ਵੀ ਸਹਿਮਤੀ ਨਹੀਂ ਬਣੀ ਹੈ| ਮੰਗਲ ਨੂੰ ਸਾਡਾ ਅਗਲਾ ਘਰ ਬਣਾਉਣ ਦੀ ਸੋਚ ਜੋ ਏਲੋਨ ਮਸਕ ਲੈ ਕੇ ਚੱਲ ਰਿਹਾ ਹੈ, ਬਹੁਤ ਵੱਡੀ ਹੈ ਤੇ ਇਸ ਨੂੰ ਪੂਰਾ ਕਰਨ ਲਈ ਹਾਲੇ ਹੋਰ ਜ਼ਿਆਦਾ ਸਮੇਂ ਤੇ ਪੂੰਜੀ ਦੀ ਲੋੜ ਹੋਵੇਗੀ| ਪਰ ਇਹ ਗੱਲ ਜ਼ਰੂਰ ਹੈ ਕਿ ਇਸ ਪ੍ਰੋਗਰਾਮ ਨਾਲ ਮਸਕ ਜੋ ਪੂਰਨੇ ਪਾ ਕੇ ਜਾਵੇਗਾ, ਉਸ ਦਾ ਫਾਇਦਾ ਆਉਣ ਵਾਲੇ ਸਮੇਂ ਵਿੱਚ ਮਨੁੱਖ ਨੂੰ ਜ਼ਰੂਰ ਹੋਵੇਗਾ| ਇਸ ਦੀ ਇੱਕ ਮਿਸਾਲ ਬਾਲਨ ਬਾਲਣ ਪੈਦਾ ਕਰਨ ਵਾਲਾ ਪਲਾਂਟ ਹੈ| ਇਸ ਨੂੰ ਸੌਰ ਮੰਡਲ ਦੇ ਹੋਰ ਗ੍ਰਹਿਾਂ ’ਤੇ ਮਿਸ਼ਨ ਭੇਜਣ ਸਮੇਂ ਬਾਲਣ ਭਰਨ ਲਈ ਵਰਤਿਆ ਜਾ ਸਕੇਗਾ| ਇਸ ਨਾਲ ਅਜਿਹੇ ਮਿਸ਼ਨਾਂ ਦੀ ਲਾਗਤ ਬਹੁਤ ਹੀ ਘਟ ਜਾਵੇਗੀ| ਇੱਕ ਕਾਨਫਰੰਸ ਵਿੱਚ ਮਸਕ ਨੇ ਬ੍ਰਹਿਸਪਤੀ ਦੇ ਉਪਗ੍ਰਹਿ ਯੂਰੋਪਾ, ਪਲੂਟੋ, ਅਤੇ ਊਰਟ ਬੱਦਲ ਵਰਗੀਆਂ ਦੁਰੇਡੀਆਂ ਮੰਜ਼ਿਲਾਂ ਲਈ ਸੰਕਲਪਿਕ ਮਿਸ਼ਨ ਪੇਸ਼ ਕੀਤੇ ਜੋ ਮੰਗਲ ਤੋਂ ਭੇਜੇ ਜਾ ਸਕਦੇ ਹਨ।
ਸੋ ਇਹ ਪ੍ਰੋਗਰਾਮ ਹੋਰ ਕਿੰਨੇ ਸਿੱਧੇ-ਅਸਿੱਧੇ ਫਾਇਦੇ ਦੇਵੇਗਾ ਅਤੇ ਕੀ ਇਹ ਇਨਸਾਨ ਨੂੰ ਧਰਤੀ ਤੋਂ ਇਲਾਵਾ ਦੂਜਾ ਘਰ ਦੇ ਸਕੇਗਾ, ਇਹ ਹਾਲੇ ਭਵਿੱਖ ਦੇ ਗਰਭ ਵਿੱਚ ਲੁਕਿਆ ਹੈ| ਉਮੀਦ ਹੈ ਕਿ ਅਗਲੇ ਕੁਝ ਸਾਲਾਂ ਤੱਕ ਇਨਸਾਨ ਮੰਗਲ ’ਤੇ ਪੈਰ ਧਰ ਸਕੇਗਾ|
*ਇਸਰੋ ਵਿਗਿਆਨੀ
ਸੰਪਰਕ: 99957-65095