ਹਰਦਿਆਲ ਸਿੰਘ ਥੂਹੀ
ਮਾਲਵੇ ਵਿਚ ਗਾਇਣ ਕਲਾ ਕਵੀਸ਼ਰੀ ਦਾ ਵਿਸ਼ਾਲ ਆਧਾਰ ਰਿਹਾ ਹੈ। ਇੱਥੇ ਹਰ ਦੂਜੇ, ਤੀਜੇ ਪਿੰਡ ਵਿਚ ਕੋਈ ਨਾ ਕੋਈ ਕਵੀਸ਼ਰ ਜ਼ਰੂਰ ਹੁੰਦਾ ਸੀ। ਕਈ ਕਈ ਪਿੰਡਾਂ ਵਿਚ ਤਾਂ ਦਸ-ਦਸ, ਪੰਦਰਾਂ-ਪੰਦਰਾਂ ਕਵੀਸ਼ਰ ਵੀ ਹੁੰਦੇ ਸਨ। ਵਰਤਮਾਨ ਸਮੇਂ ਭਾਵੇਂ ਤੂੰਬੇ ਅਲਗੋਜ਼ੇ ਤੇ ਢੱਡ ਸਾਰੰਗੀ ਦੀ ਗਾਇਕੀ ਦੀ ਸਥਿਤੀ ਤਰਸਯੋਗ ਹੈ, ਪਰ ਕਵੀਸ਼ਰੀ ਦਾ ਪ੍ਰਚਲਨ ਅੱਜ ਵੀ ਸੁਖਾਵੀਂ ਸਥਿਤੀ ਵਿਚ ਹੈ। ਅੱਜ ਵੀ ਬਹੁਤ ਸਾਰੇ ਕਵੀਸ਼ਰ ਗਾ ਵੀ ਰਹੇ ਹਨ ਅਤੇ ਰਚਨਾ ਵੀ ਕਰ ਰਹੇ ਹਨ। ਦਰਬਾਰਾ ਸਿੰਘ ਉੱਭਾ ਇਕ ਨਾਮੀਂ ਕਵੀਸ਼ਰ ਹੈ, ਜਿਸਨੇ ਲਗਭਗ ਸੱਠ ਸਾਲ ਕਵੀਸ਼ਰੀ ਕੀਤੀ ਤੇ ਅੱਜ ਵੀ ਕਾਵਿ ਰਚਨਾ ਕਰ ਰਿਹਾ ਹੈ।
ਦਰਬਾਰਾ ਸਿੰਘ ਦਾ ਜਨਮ ਜ਼ਿਲ੍ਹਾ ਮਾਨਸਾ ਦੀ ਤਹਿਸੀਲ ਜੋਗਾ ਦੇ ਪਿੰਡ ਉੱਭਾ ਵਿਖੇ 1940 ਵਿਚ ਪਿਤਾ ਮੋਦਨ ਸਿੰਘ ਤੇ ਮਾਤਾ ਬਚਨ ਕੌਰ ਦੇ ਘਰ ਸਿੱਖ ਪਰਿਵਾਰ ਵਿਚ ਹੋਇਆ। ਉਸਦਾ ਬਚਪਨ ਆਮ ਪੇਂਡੂ ਨਿਮਨ ਪਰਿਵਾਰਾਂ ਦੇ ਬੱਚਿਆਂ ਵਾਂਗ ਹੀ ਬੀਤਿਆ। ਉਸਨੂੰ ਸਕੂਲ ਦਾ ਮੂੰਹ ਦੇਖਣਾ ਨਸੀਬ ਨਾ ਹੋਇਆ। ਨੌਂ ਦਸ ਸਾਲ ਦੀ ਉਮਰ ਵਿਚ ਉਸਨੂੰ ਉਸਦੀ ਭੂਆ ਆਪਣੇ ਕੋਲ ਪਿੰਡ ਢੱਡੇ ਲੈ ਗਈ, ਕਿਉਂਕਿ ਉਸਦੇ ਕੇਵਲ ਲੜਕੀਆਂ ਹੀ ਸਨ। ਇੱਥੇ ਉਸਨੇ ਨਿਰਮਲੇ ਸੰਤਾਂ ਦੇ ਡੇਰੇ (ਗੁਰਦੁਆਰਾ ਸਾਹਿਬ) ਤੋਂ ਸੰਤ ਕਿਸ਼ਨ ਸਿੰਘ ਪਾਸੋਂ ਗੁਰਮੁਖੀ ਪੜ੍ਹਨੀ ਸਿੱਖੀ, ਸਾਢੇ ਕੁ ਤਿੰਨ ਸਾਲ ਇੱਥੇ ਰਿਹਾ। ਇਸ ਦੌਰਾਨ ਉਹ ਗੁਰੂ ਗ੍ਰੰਥ ਸਾਹਿਬ ਦਾ ਚੰਗਾ ਪਾਠੀ ਬਣ ਗਿਆ ਸੀ। ਇੱਥੋਂ ਦੇ ਕਵੀਸ਼ਰ ਪੰਡਤ ਸ਼ਿਵ ਰਾਮ ਨੂੰ ਸੁਣ ਸੁਣ ਕੇ ਦਰਬਾਰਾ ਸਿੰਘ ਨੂੰ ਕਵੀਸ਼ਰੀ ਦੀ ਲਗਨ ਲੱਗ ਗਈ। ਉਨ੍ਹਾਂ ਨੂੰ ਹੀ ਉਸਤਾਦ ਧਾਰ ਕੇ ਕਵੀਸ਼ਰੀ ਦੀ ਦੀਖਿਆ ਲਈ। ਪੰਡਤ ਸ਼ਿਵ ਰਾਮ, ਪ੍ਰਸਿੱਧ ਕਵੀਸ਼ਰ ਪੰਡਤ ਬਰਮਾ ਨੰਦ ਡਿੱਖਾਂ ਵਾਲਿਆਂ ਦੇ ਪਲੇਠੇ ਸ਼ਾਗਿਰਦ ਸਨ। ਦਰਬਾਰਾ ਸਿੰਘ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ, ਸੋ ਉਸਨੇ ਰਾਮਾਇਣ, ਮਹਾਂਭਾਰਤ, ਭਗਵਤ ਗੀਤਾ, ਪੌਰਾਣਿਕ ਕਥਾਵਾਂ, ਇਤਿਹਾਸਕ ਗ੍ਰੰਥ, ਸਿੱਖ ਇਤਿਹਾਸ, ਨਾਵਲ ਆਦਿ ਬਹੁਤ ਸਾਰਾ ਸਾਹਿਤ ਪੜ੍ਹ ਕੇ ਆਪਣੇ ਗਿਆਨ ਨੂੰ ਵਿਸ਼ਾਲ ਕੀਤਾ।
ਦਰਬਾਰਾ ਸਿੰਘ ਨੇ ਪੰਡਤ ਸ਼ਿਵ ਰਾਮ ਦੀ ਅਗਵਾਈ ਅਧੀਨ ਹੀ ਕਵੀਸ਼ਰੀ ਕਰਨੀ ਸ਼ੁਰੂ ਕਰ ਦਿੱਤੀ, ਇਸ ਜਥੇ ਵਿਚ ਤੀਜਾ ਸਾਥੀ ਸੀ ਅਕਲੀਆ ਪਿੰਡ ਦਾ ਭੂਰਾ ਸਿੰਘ। ਪੂਰੇ ਪੱਚੀ ਸਾਲ ਉਸਤਾਦ ਦੀ ਸੰਗਤ ਕੀਤੀ। ਕਵੀਸ਼ਰੀ ਗਾਇਨ ਦੇ ਨਾਲ ਨਾਲ ਉਸਨੇ ਕਾਵਿ ਰਚਨਾ ਵੀ ਸ਼ੁਰੂ ਕਰ ਦਿੱਤੀ। ਤੀਖਣ ਬੁੱਧੀ ਦਾ ਹੋਣ ਕਾਰਨ ਉਹ ਹਰ ਗੱਲ ਨੂੰ ਬੜੀ ਛੇਤੀ ਪਕੜ ਲੈਂਦਾ ਸੀ। ਕਾਵਿ ਰਚਨਾ ਲਈ ਉਸਨੇ ਕੋਈ ਪਿੰਗਲ ਆਦਿ ਨਹੀਂ ਵਾਚਿਆ, ਸਗੋਂ ਆਪਣੀ ਸਮਝ ਅਤੇ ਬੁੱਧੀ ਦੀ ਹੀ ਵਰਤੋਂ ਕੀਤੀ। ਉਹ ਕਹਿੰਦਾ ਹੈ:
ਕਵਿਤਾ ਦੀ ਸਾਰ ਨਾ ਪਿੰਗਲ ਦੀ ਵਿਚਾਰ ਕੋਈ,
ਬੁੱਧੀ ਅਨੁਸਾਰ ਗੁਣ ਗਾਏ ਸ਼ਾਇਰ ਸੱਜਣੋਂ।
ਅਠਾਰਾਂ ਸਾਲ ਦੀ ਉਮਰ ਵਿਚ ਦਰਬਾਰਾ ਸਿੰਘ ਨੇ ਆਪਣਾ ਪਹਿਲਾ ਪ੍ਰਸੰਗ ‘ਚੱਕਰਵਿਊ’ (ਮਹਾਂਭਾਰਤ) ਰਚਿਆ। ਉਸਤੋਂ ਬਾਅਦ ਲਗਾਤਾਰ ਕਾਵਿ ਰਚਨਾ ਹੁੰਦੀ ਰਹੀ। ਹੁਣ ਤਕ ਉਹ ਪੰਦਰਾਂ-ਸੋਲਾਂ ਦੇ ਕਰੀਬ ਪੂਰੇ ਪ੍ਰਸੰਗ ਅਤੇ ਪੰਦਰਾਂ ਕੁ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਵਿਕੋਲਿਤਰੇ ਛੰਦ (ਕਵਿਤਾਵਾਂ) ਲਿਖ ਚੁੱਕਾ ਹੈ। ਇਨ੍ਹਾਂ ਪ੍ਰਸੰਗਾਂ ਵਿਚ ਤਿੰਨ ਪਰਬ ਮਹਾਂਭਾਰਤ, ਰਾਮਾਇਣ ਵਿਚੋਂ ਰਾਜ ਤਿਲਕ ਤੋਂ ਭੀਲਣੀ ਤਕ, ਦਹੂਦ ਬਾਦਸ਼ਾਹ, ਰਵੀਦਾਸ ਭਗਤ, ਸਿੱਖ ਇਤਿਹਾਸ ਵਿਚੋਂ ਮਹਿਰਾਜ ਦੀ ਜੰਗ (ਛੇਵੀਂ ਪਾਤਸ਼ਾਹ), ਬਿਧੀ ਚੰਦ, ਗੁਰੂ ਗੋਬਿੰਦ ਸਿੰਘ ਜੀ ਦੀ ਬਾਲ ਲੀਲਾ, ਭੰਗਾਣੀ ਦਾ ਜੰਗ, ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਹੀਰ ਆਦਿ ਸ਼ਾਮਲ ਹਨ। ਇਨ੍ਹਾਂ ਪ੍ਰਸੰਗਾਂ ਨੂੰ ਉਸਦੇ ਆਪਣੇ ਚੇਲਿਆਂ ਤੋਂ ਇਲਾਵਾ ਦੂਸਰੇ ਕਵੀਸ਼ਰ ਵੀ ਗਾਉਂਦੇ ਹਨ। ਇਨ੍ਹਾਂ ਰਚਨਾਵਾਂ ਵਿਚ ਉਸਨੇ ਵੱਖ-ਵੱਖ ਛੰਦਾਂ ਜਿਵੇਂ ਕੋਰੜਾ, ਕੇਸਰੀ, ਦੋਹਰਾ, ਕਬਿੱਤ, ਮਨੋਹਰ ਭਵਾਨੀ, ਝੋਕ ਆਦਿ ਦੀ ਵਰਤੋਂ ਕੀਤੀ ਹੋਈ ਹੈ।
ਦਰਬਾਰਾ ਸਿੰਘ ਦੇ ਜਥੇ ਨੇ ਮਾਲਵੇ ਵਿਚ ਲੱਗਣ ਵਾਲੇ ਹਰ ਛੋਟੇ ਬੜੇ ਮੇਲੇ ਵਿਚ ਆਪਣੀ ਕਲਾ ਦੇ ਜੌਹਰ ਵਿਖਾਏ ਹਨ। ਸਥਾਨਕ ਮੇਲਿਆਂ ਤੋਂ ਇਲਾਵਾ ਕਪਾਲ ਮੋਚਨ ਤੇ ਪਹੋਏ ਦੇ ਮੇਲਿਆਂ ਵਿਚ ਵੀ ਇਨ੍ਹਾਂ ਦੀ ਝੰਡੀ ਰਹੀ ਹੈ। ਦਰਬਾਰਾ ਸਿੰਘ ਦੀ ਸੁਰੀਲੀ ਤੇ ਬੁਲੰਦ ਆਵਾਜ਼ ਸਰੋਤਿਆਂ ਦੇ ਧੁਰ ਅੰਦਰ ਤਕ ਲਹਿ ਜਾਂਦੀ ਸੀ। ਉਸਨੇ ਜਿੱਥੇ ਆਪ ਕਵੀਸ਼ਰੀ ਕੀਤੀ ਉੱਥੇ ਆਪਣੇ ਕੁਝ ਚੇਲਿਆਂ ਨੂੰ ਵੀ ਕਵੀਸ਼ਰੀ ਦੀ ਦੀਖਿਆ ਦਿੱਤੀ। ਗਿਣਤੀ ਵਧਾਉਣ ਦੀ ਥਾਂ ਉਸਨੇ ਕੇਵਲ ਪੰਜ ਸ਼ਾਗਿਰਦ ਬਣਾਏ। ਇਨ੍ਹਾਂ ਵਿਚ ਲਾਭ ਸਿੰਘ ਉੱਭਾ, ਬਲੌਰ ਸਿੰਘ ਬੁਰਜ ਹਰੀ, ਜੋਗਿੰਦਰ ਸਿੰਘ ਦਾਨਾ ਰੁਮਾਣਾ, ਹਾਕਮ ਸਿੰਘ ਉੱਭਾ ਤੇ ਜੀਤ ਸਿੰਘ ਗਾਮੀ ਕਲਾਂ ਸ਼ਾਮਲ ਹਨ। ਇਹ ਸਾਰੇ ਲਗਾਤਾਰ ਕਵੀਸ਼ਰੀ ਕਲਾ ਨਾਲ ਜੁੜੇ ਹੋਏ ਹਨ ਤੇ ਆਪਣੇ ਉਸਤਾਦ ਦਾ ਨਾਂ ਚਮਕਾ ਰਹੇ ਹਨ। ਇਸ ਬਾਰੇ ਉਸਦਾ ਕਹਿਣਾ ਹੈ:
ਚੇਲੇ ਐ ਸਿਰਫ਼ ਪੰਜ, ਗਾਉਂਦੇ ਐਂ ਅਖਾੜਿਆਂ ’ਚ,
ਰੱਖਦੇ ਐ ਰੌਣਕਾਂ ਲਗਾਏ ਸ਼ਾਇਰ ਸੱਜਣੋ।
ਦਰਬਾਰਾ ਸਿੰਘ ਨੇ ਅਖਾੜਿਆਂ ਵਿਚ ਕਵੀਸ਼ਰੀ ਕਰਨ ਤੋਂ ਇਲਾਵਾ ਕੁਝ ਰਿਕਾਰਡਿੰਗ ਵੀ ਕਰਵਾਈ ਹੈ। ਇਨਰੀਕੋ ਕੰਪਨੀ ਨੇ 1978 ਵਿਚ ਇਨ੍ਹਾਂ ਦੀਆਂ ਆਵਾਜ਼ਾਂ ਵਿਚ ਦੋ ਤਵੇ ਰਿਲੀਜ਼ ਕੀਤੇ। ਇਨ੍ਹਾਂ ਵਿਚ ਦਰਬਾਰਾ ਸਿੰਘ ਦਾ ਸਾਥ ਲਾਭ ਸਿੰਘ ਉੱਭਾ ਅਤੇ ਕਰਨੈਲ ਸਿੰਘ ਕਾਨ੍ਹੇ ਕੇ ਨੇ ਦਿੱਤਾ ਹੋਇਆ ਹੈ। ਇਨ੍ਹਾਂ ਦੋਵੇਂ ਈ.ਪੀ. ਤਵਿਆਂ ਵਿਚ ਅੱਠ ਛੰਦ ਹਨ, ਜਿਨ੍ਹਾਂ ਵਿਚੋਂ ਕੁਝ ਇਕ ਦੇ ਮੁੱਖੜੇ ਨਿਮਨ ਲਿਖਤ ਹਨ:
* ਪੇਸ਼ ਕਰੋ ਸ਼ਰਧਾਂਜਲੀਆਂ ਸਭ,
ਇਨਕਲਾਬ ਦੇ ਬਾਨੀ ਨੂੰ
* ਸੜਨ ਸ਼ਮਾਂ ਤੇ ਅਣਖੀ ਯੋਧੇ, ਬਣ ਬਣ ਕੇ ਪਰਵਾਨੇ
* ਕਹਿਣੀ ਸੌਖੀ ਮਿੱਤਰਾ ਪੁਗਾਉਣੀ ਔਖੀ ਐ
* ਸੁਣੋ ਬਹਾਦਰ ਊਧਮ ਸਿੰਘ ਦਾ ਯੁੱਗ ਪਲਟਾਊ ਸਾਕਾ
ਮਾਲਵੇ ਵਿਚ ਕੁਝ ਥਾਵਾਂ ’ਤੇ ਕਵੀਸ਼ਰੀ ਜਥਿਆਂ ਦੇ ਮੁਕਾਬਲੇ ਵੀ ਹੁੰਦੇ ਹਨ, ਜਿੱਥੇ 50-50, 60-60 ਜਥੇ ਭਾਗ ਲੈਂਦੇ ਹਨ। ਬੱਧਣੀ ਕਲਾਂ ਵਿਖੇ ਸੰਤ ਪਰਦੀਪ ਸਿੰਘ ਜੀ ਦੀ ਦੇਖ-ਰੇਖ ਹੇਠ ਕਰਵਾਇਆ ਜਾਂਦਾ ਕਵੀਸ਼ਰੀ ਮੁਕਾਬਲਾ ਇਕ ਨਾਮੀ ਮੁਕਾਬਲਾ ਹੈ। ਇਸ ਮੁਕਾਬਲੇ ਵਿਚ ਦਰਬਾਰਾ ਸਿੰਘ ਦੇ ਜਥੇ ਨੇ 2011 ਵਿਚ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ। ਇਸ ਤੋਂ ਪਹਿਲਾਂ 2010 ਅਤੇ 2009 ਵਿਚ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਸੀ।
ਦਰਬਾਰਾ ਸਿੰਘ ਵੱਲੋਂ ਕਵੀਸ਼ਰੀ ਖੇਤਰ ਵਿਚ ਪਾਏ ਯੋਗਦਾਨ ਸਦਕਾ ਬਹੁਤ ਸਾਰੀਆਂ ਸੰਸਥਾਵਾਂ ਨੇ ਸਮੇਂ ਸਮੇਂ ’ਤੇ ਉਸਨੂੰ ਮਾਣ ਸਨਮਾਨ ਨਾਲ ਵੀ ਨਿਵਾਜਿਆ ਹੈ। ਸਾਹਿਤ ਸਭਾ ਬਾਲਿਆਂ ਵਾਲੀ ਵੱਲੋਂ ਸਨਮਾਨ ਕੀਤਾ ਗਿਆ। ਸਾਹਿਤ ਸਭਾ ਤਲਵੰਡੀ ਸਾਬੋ, ਸਾਹਿਤ ਸਭਾ ਸਰੌਦ ਅਤੇ ਪਿੰਡ ਸਦੋਹੇ ਵੱਲੋਂ ਵੀ ਸਨਮਾਨਿਆ ਗਿਆ। ਕਵੀਸ਼ਰੀ ਦੇ ਕੁੰਭ ਮਾਈਸਰ ਖਾਨੇ ਜਿੱਥੇ ਹਰ ਸਾਲ ਅਨੇਕਾਂ ਜਥੇ ਪਹੁੰਚਦੇ ਹਨ, ਵਿਖੇ ਵੀ ਦਰਬਾਰਾ ਸਿੰਘ ਦੇ ਜਥੇ ਨੂੰ ਸਨਮਾਨਿਤ ਕੀਤਾ ਗਿਆ। ਵਡੇਰੀ ਉਮਰ ਹੋਣ ਕਾਰਨ 2017 ਵਿਚ ਉਸਨੇ ਗਾਉਣਾ ਛੱਡ ਦਿੱਤਾ ਸੀ।
ਦਰਬਾਰਾ ਸਿੰਘ ਦੀ ਇੱਛਾ ਸੀ ਕਿ ਉਸ ਦੇ ਰਚੇ ਪ੍ਰਸੰਗ ਪੁਸਤਕ ਰੂਪ ਵਿਚ ਛਪ ਜਾਣ। ਭਾਵੇਂ ਪਹਿਲਾਂ ਉਸ ਦੀਆਂ ਲਿਖੀਆਂ ਕੁਝ ਕਵਿਤਾਵਾਂ ਡਾ. ਗੁਰਦੇਵ ਸਿੰਘ ਸਿੱਧੂ ਦੀ ਸੰਪਾਦਨਾ ਅਧੀਨ ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ, ਦਿੱਲੀ ਵੱਲੋਂ ਪ੍ਰਕਾਸ਼ਿਤ ਪੁਸਤਕ ‘ਸੋਹਲੇ ਭਗਤ ਸਿੰਘ’ ਵਿਚ ਛਪ ਚੁੱਕੀਆਂ ਸਨ, ਪਰ ਪੂਰਾ ਪ੍ਰਸੰਗ ਕੋਈ ਨਹੀਂ ਸੀ ਛਪਿਆ। ਹੁਣ ਉਸਦੇ ਗੁਰਭਾਈ ਕਵੀਸ਼ਰ ਮਾਸਟਰ ਰੇਵਤੀ ਪ੍ਰਸ਼ਾਦ ਅਤੇ ਕਵੀਸ਼ਰ ਮਾਸਟਰ ਦਰਸ਼ਨ ਭੱਮਾ ਦੇ ਉੱਦਮ ਸਦਕਾ ਕੁਝ ਪ੍ਰਸੰਗ ਇਕ ਪੁਸਤਕ ਵਿਚ ਛਪ ਚੁੱਕੇ ਹਨ। ‘ਰੰਗ ਕਵੀਸ਼ਰੀ’ ਨਾਂ ਦੀ ਇਸ ਪੁਸਤਕ ਵਿਚ ਤਿੰਨ ਪ੍ਰਸੰਗ ‘ਐਹਲਾਵਤੀ’, ‘ਗਊ ਹਰਨ’, ਅਤੇ ‘ਚੱਕਰਵਿਊ’ ਸ਼ਾਮਲ ਹਨ। ਦੂਸਰੀ ਪੁਸਤਕ ਛਪਾਈ ਅਧੀਨ ਹੈ।
ਦਰਬਾਰਾ ਸਿੰਘ ਦਾ ਵਿਆਹ ਅਠਾਰਾਂ ਕੁ ਸਾਲ ਦੀ ਉਮਰ ਵਿਚ ਹੋ ਗਿਆ ਸੀ। ਉਸਦੀ ਜੀਵਨ ਸਾਥਣ ਬਣੀ ਚਉਕੇ ਪਿੰਡ ਦੀ ਬਸੰਤ ਕੌਰ। ਇਨ੍ਹਾਂ ਦੇ ਘਰ ਦੋ ਲੜਕੇ ਤੇ ਦੋ ਲੜਕੀਆਂ ਪੈਦਾ ਹੋਈਆਂ। ਉਸਦੇ ਪੁੱਤ ਪੋਤਰਿਆਂ ਵਿਚੋਂ ਕੋਈ ਵੀ ਕਵੀਸ਼ਰੀ ਕਲਾ ਨਾਲ ਨਹੀਂ ਜੁੜਿਆ। ਅੱਜਕੱਲ੍ਹ ਦਰਬਾਰਾ ਸਿੰਘ ਆਪਣੇ ਛੋਟੇ ਪੁੱਤਰ ਕੋਲ ਪਿੰਡ ਉੱਭੇ ਵਿਖੇ ਜ਼ਿੰਦਗੀ ਦੇ ਆਖ਼ਰੀ ਦੌਰ ਵਿਚੋਂ ਗੁਜ਼ਰ ਰਿਹਾ ਹੈ।
ਸੰਪਰਕ: 84271-00341