ਮਨਦੀਪ ਸਿੰਘ ਸਿੱਧੂ
ਭੁਪਿੰਦਰ ਸਿੰਘ ਉਰਫ਼ ਭੁਪਿੰਦਰ ਦਾ ਜਨਮ 6 ਫਰਵਰੀ 1940 ਨੂੰ ਅੰਮ੍ਰਿਤਸਰ ਵਿਖੇ ਹੋਇਆ ਤੇ ਉੱਥੇ ਹੀ ਇਨ੍ਹਾਂ ਦਾ ਬਚਪਨ ਬੀਤਿਆ। ਪਿਤਾ ਨੱਥਾ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਸੰਗੀਤ ਦੇ ਪ੍ਰੋਫੈਸਰ ਸਨ। ਫਿਰ ਇਨ੍ਹਾਂ ਦਾ ਪਰਿਵਾਰ ਦਿੱਲੀ ਜਾ ਵੱਸਿਆ। ਇਸ ਤੋਂ ਬਾਅਦ ਪਿੱਠਵਰਤੀ ਗਾਇਕੀ, ਗ਼ਜ਼ਲ ਗਾਇਕੀ, ਸੰਗੀਤਕਾਰ, ਗਿਟਾਰਿਸਟ ਵਜੋਂ ਉਨ੍ਹਾਂ ਨੂੰ ਜੋ ਪਛਾਣ ਮਿਲੀ ਉਸ ਤੋਂ ਸਭ ਚੰਗੀ ਤਰ੍ਹਾਂ ਵਾਕਿਫ਼ ਹਨ।
1960ਵਿਆਂ ਦੇ ਦਹਾਕੇ ’ਚ ਭੁਪਿੰਦਰ ਨੇ ਆਪਣੀ ਗਾਇਕੀ ਦਾ ਆਗਾਜ਼ ਸੰਗੀਤਕਾਰ ਸਤੀਸ਼ ਭਾਟੀਆ ਦੀ ਹਿਦਾਇਤ ਵਿੱਚ ਆਲ ਇੰਡੀਆ ਰੇਡੀਓ, ਦਿੱਲੀ ਤੋਂ ਸ਼ੁਰੂ ਕੀਤਾ। ਕੁਝ ਸਮਾਂ ਉੱਥੇ ਨਗਮਾਸਾਰਾਈ ਕਰਨ ਤੋਂ ਬਾਅਦ ਉਹ ਦੂਰਦਰਸ਼ਨ ਕੇਂਦਰ, ਦਿੱਲੀ ਨਾਲ ਜੁੜ ਗਏ ਤੇ ਇੱਥੋਂ ਹੀ ਉਨ੍ਹਾਂ ਨੇ ਗਿਟਾਰ ਤੇ ਵਾਇਲਨ ਵਜਾਉਣੀ ਸਿੱਖੀ। 1968 ਵਿੱਚ ਮਾਰੂਫ਼ ਸੰਗੀਤਕਾਰ ਮਦਨ ਮੋਹਨ ਨੇ ਆਲ ਇੰਡੀਆ ਰੇਡੀਓ ’ਤੇ ਉਨ੍ਹਾਂ ਦਾ ਇੱਕ ਪ੍ਰੋਗਰਾਮ ਸੁਣਿਆ ਤੇ ਉਨ੍ਹਾਂ ਨੂੰ ਦਿੱਲੀ ਤੋਂ ਬੰਬਈ ਸੱਦ ਲਿਆ।
ਜਦੋਂ ਚੇਤਨ ਆਨੰਦ ਨੇ ਆਪਣੇ ਫਿਲਮਸਾਜ਼ ਅਦਾਰੇ ਹਿਮਾਲਿਆ ਫਿਲਮਜ਼, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿੱਚ ਹਿੰਦੀ ਫਿਲਮ ‘ਹਕੀਕਤ’ (1964) ਬਣਾਈ ਤਾਂ ਮੌਸੀਕਾਰ ਮਦਨ ਮੋਹਨ ਨੇ ਭੁਪਿੰਦਰ ਨੂੰ ਨਵੇਂ ਗੁਲੂਕਾਰ ਵਜੋਂ ਪੇਸ਼ ਕਰਵਾਇਆ। ਨਗਮਾਨਿਗਾਰ ਕੈਫ਼ੀ ਆਜ਼ਮੀ ਦਾ ਲਿਖਿਆ ‘ਹੋ ਕੇ ਮਜਬੂਰ ਮੁਝੇ ਉਸ ਨੇ ਭੁਲਾਇਆ ਹੋਗਾ’ (ਭੁਪਿੰਦਰ, ਮੁਹੰਮਦ ਰਫ਼ੀ, ਤਲਤ ਮਹਿਮੂਦ, ਮੰਨਾ ਡੇਅ) ਭੁਪਿੰਦਰ ਦਾ ਗਾਇਆ ਪਹਿਲਾ ਫਿਲਮੀ ਗੀਤ ਸੀ, ਜਿਸ ਵਿੱਚ ਉਸ ਦੀਆਂ ਗਾਈਆਂ ਸਤਰਾਂ ਉਸ ’ਤੇ ਹੀ ਫਿਲਮਾਈਆਂ ਗਈਆਂ। ਇਹ ਗੀਤ ਮਸ਼ਹੂਰ ਤਾਂ ਬਹੁਤ ਹੋਇਆ, ਪਰ ਭੁਪਿੰਦਰ ਨੂੰ ਕੋਈ ਖ਼ਾਸ ਪਛਾਣ ਨਹੀਂ ਮਿਲੀ। ਫਿਰ ਦੋ ਸਾਲ ਬਾਅਦ ਜਦੋਂ ਚੇਤਨ ਆਨੰਦ ਨੇ ਆਪਣੇ ਫਿਲਮਸਾਜ਼ ਅਦਾਰੇ ਦੀ ਆਪਣੀ ਹਿਦਾਇਤਕਾਰੀ ਵਿੱਚ ਫਿਲਮ ‘ਆਖ਼ਰੀ ਖ਼ਤ’ (1966) ਬਣਾਈ ਤਾਂ ਮੌਸੀਕਾਰ ਖ਼ਿਆਮ ਨੇ ਪਹਿਲੀ ਵਾਰ ਉਸ ਕੋਲੋਂ ਏਕਲ ਗੀਤ ਗਵਾਇਆ ‘ਰੁੱਤ ਹੈ ਜਵਾਂ ਜਵਾਂ ਰਾਤ ਮੇਹਰਬਾਂ ਛੋੜੋ ਕੋਈ ਦਾਸਤਾਨ’ ਜੋ ਅਦਾਕਾਰ ਰਾਜੇਸ਼ ਖੰਨਾ ’ਤੇ ਫਿਲਮਾਇਆ ਗਿਆ।
ਇਨ੍ਹਾਂ ਫਿਲਮਾਂ ਤੋਂ ਬਾਅਦ ਮੁਕੁਲ ਪਿਕਚਰਜ਼, ਬੰਬੇ ਦੀ ਰੂਪ ਕੇ. ਸ਼ੋਰੀ ਨਿਰਦੇਸ਼ਿਤ ਫਿਲਮ ‘ਅਕਲਮੰਦ’ (1966) ’ਚ ਉਸ ਨੇ ਓ. ਪੀ. ਨਈਅਰ ਦੇ ਸੰਗੀਤ ’ਚ ਅਜ਼ੀਜ਼ ਕਸ਼ਮੀਰੀ ਦਾ ਲਿਖਿਆ ਕੱਵਾਲੀ ਗੀਤ ‘ਓ ਬੇਖ਼ਬਰ ਤੁਝਕੋ ਕਯਾ ਪਤਾ’ (ਨਾਲ ਮਹਿੰਦਰ ਕਪੂਰ, ਜੀ. ਐੱਮ. ਦੁੱਰਾਨੀ) ਗਾਇਆ ਜੋ ਆਈ. ਐੱਸ. ਜੌਹਰ, ਵੀ. ਗੋਪਾਲ ਤੇ ਸਾਥੀਆਂ ’ਤੇ ਫਿਲਮਾਇਆ ਗਿਆ ਸੀ। ਸੁਪਰ ਪਿਕਚਰਜ਼, ਬੰਬੇ ਦੀ ਅਸਪੀ ਨਿਰਦੇਸ਼ਿਤ ਫਿਲਮ ‘ਬਾਦਲ’ (1966) ’ਚ ਭੁਪਿੰਦਰ ਨੇ ਮੌਸੀਕਾਰਾ ਊਸ਼ਾ ਖੰਨਾ ਦੇ ਸੰਗੀਤ ’ਚ ਅਸਦ ਭੋਪਾਲੀ ਦਾ ਲਿਖਿਆ ਸਿਰਫ਼ ਇੱਕੋ ਦੋਗਾਣਾ ‘ਆਪਕੋ ਜੋ ਦੇਖੇਗਾ ਪਿਆਰ ਹੀ ਸੇ ਦੇਖੇਗਾ’ (ਨਾਲ ਆਸ਼ਾ) ਗਾਇਆ ਜੋ ਸੰਜੀਵ ਕੁਮਾਰ ਤੇ ਨ੍ਰਿਤ ਅਦਾਕਾਰਾ ਹੈਲਨ ’ਤੇ ਫਿਲਮਾਇਆ ਗਿਆ ਸੀ। ਫਿਲਮ ‘ਦੁਲਹਨ ਏਕ ਰਾਤ ਕੀ’ (1966) ’ਚ ਉਸ ਨੇ ਨੀਰਜ ਦਾ ਲਿਖਿਆ ਤੇ ਮਦਨ ਮੋਹਨ ਦਾ ਸੰਗੀਤਬੱਧ ਗੀਤ ‘ਜ਼ਿੰਦਗੀ ਦੁਲਹਨ ਹੈ ਏਕ ਰਾਤ ਕੀ’ ਗਾਇਆ ਜੋ ਧਰਮਿੰਦਰ ਤੇ ਨੂਤਨ ’ਤੇ ਫਿਲਮਾਇਆ ਗਿਆ ਟਾਈਟਲ ਗੀਤ ਸੀ। ਫਿਲਮ ‘ਬਾਦਲ’ (1966) ’ਚ ਊਸ਼ਾ ਖੰਨਾ ਦੇ ਸੰਗੀਤ ’ਚ ਜਾਵੇਦ ਅਨਵਰ ਦਾ ਲਿਖਿਆ ਦੋਗਾਣਾ ‘ਆਪਕੋ ਜੋ ਦੇਖੇਗਾ ਪਿਆਰ ਸੇ ਦੇਖੇਗਾ’ (ਭੁਪਿੰਦਰ, ਆਸ਼ਾ ਭੌਸਲੇ) ਜੋ ਅਦਾਕਾਰ ਸੰਜੀਵ ਕੁਮਾਰ ਤੇ ਹੈਲਨ ’ਤੇ ਫਿਲਮਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਖ਼ੂਨ ਕਾ ਖ਼ੂਨ’ (ਇੱਕ ਗੀਤ) ਤੇ ‘ਜਿੰਬੋ ਫਾਈਂਡਸ ਏ ਸਨ’ (1966/ਇੱਕ ਗੀਤ), ‘ਦੋ ਦੁਸ਼ਮਨ’ (ਇੱਕ ਗੀਤ) ਤੇ ‘ਰਾਤ ਔਰ ਦਿਨ’ (1967/ਇੱਕ ਗੀਤ), ‘ਅਭਿਲਾਸ਼ਾ’ (ਇੱਕ ਗੀਤ) ਤੇ ‘ਫ਼ਰੇਬ’ (1968/ਇੱਕ ਗੀਤ), ‘ਜੀਨੇ ਕੀ ਰਾਹ’ (1969/ਇੱਕ ਗੀਤ) ਲਈ ਗਾਇਆ।
ਫਿਲਮ ‘ਪ੍ਰੇਮ ਪੁਜਾਰੀ’ (1970) ’ਚ ਸਚਿਨ ਦੇਵ ਬਰਮਨ ਦੇ ਸੰਗੀਤ ’ਚ ਇੱਕ ਗੀਤ ‘ਗ਼ਮ ਪੇ ਧੂਲ ਡਾਲੋ…ਯਾਰੋ ਨਿਲਾਮ ਕਰੋ ਸੁਸਤੀ’ (ਨਾਲ ਕਿਸ਼ੋਰ ਕੁਮਾਰ) ਜੋ ਅਨੂਪ ਕੁਮਾਰ ਤੇ ਦੇਵ ਆਨੰਦ ’ਤੇ ਫਿਲਮਾਇਆ ਗਿਆ ਸੀ।
ਜਦੋਂ ਵੀ. ਕੇ. ਸੋਬਤੀ ਨੇ ਫਿਲਮਸਾਜ਼ ਅਦਾਰੇ ਤਿਰੂਪਤੀ ਪਿਕਚਰਜ਼, ਬੰਬੇ ਦੇ ਬੈਨਰ ਹੇਠ ਗੁਲਜ਼ਾਰ ਦੀ ਹਿਦਾਇਤਕਾਰੀ ਵਿੱਚ ਫਿਲਮ ‘ਪਰਿਚਯ’ (1972) ਬਣਾਈ ਤਾਂ ਸੰਗੀਤਕਾਰ ਆਰ. ਡੀ. ਬਰਮਨ ਨੇ ਗੁਲਜ਼ਾਰ ਦੇ ਲਿਖੇ ਦੋ ਗੀਤ ਭੁਪਿੰਦਰ ਕੋਲੋਂ ਗਵਾਏ ‘ਮਿੱਤਵਾ ਬੋਲੇ ਮੀਠੇ ਬੈਨ’ ਤੋਂ ਇਲਾਵਾ ਲਤਾ ਮੰਗੇਸ਼ਕਰ ਨਾਲ ਗਾਏ ਦੋਗਾਣੇ ‘ਬੀਤੀ ਨਾ ਬਿਤਾਈ ਰੈਣਾ ਬਿਰਹਾ ਕੀ ਜਾਈ ਰੈਣਾ’ ਜੋ ਜਯਾ ਭਾਦੁੜੀ ਤੇ ਸੰਜੀਵ ਕੁਮਾਰ ’ਤੇ ਫਿਲਮਾਇਆ ਗਿਆ ਸੀ। ਇਸ ਗੀਤ ਨਾਲ ਹਿੰਦੀ ਫਿਲਮ ਸਨਅਤ ਵਿੱਚ ਉਨ੍ਹਾਂ ਨੂੰ ਪੁਖ਼ਤਾ ਪਛਾਣ ਮਿਲੀ। ਸੁਨੰਦਿਨੀ ਪਿਕਚਰਜ਼, ਮਦਰਾਸ ਦੀ ਗੁਲਜ਼ਾਰ ਨਿਰਦੇਸ਼ਿਤ ਫਿਲਮ ‘ਮੌਸਮ’ (1975) ’ਚ ਮਦਨ ਮੋਹਨ ਦੇ ਸੰਗੀਤ ’ਚ ਗੁਲਜ਼ਾਰ ਦਾ ਲਿਖਿਆ ‘ਦਿਲ ਢੂੰਡਤਾ ਹੈ ਫਿਰ ਵਹੀ ਫ਼ੁਰਸਤ ਕੇ ਰਾਤ ਦਿਨ’ ਗੀਤ ਭੁਪਿੰਦਰ (ਨਾਲ ਲਤਾ ਮੰਗੇਸ਼ਕਰ) ਦਾ ਸ਼ਾਹਕਾਰ ਗੀਤ ਸਾਬਤ ਹੋਇਆ। ਸੰਜੀਵ ਕੁਮਾਰ ਤੇ ਸ਼ਰਮੀਲਾ ਟੈਗੋਰ ’ਤੇ ਫਿਲਮਾਏ ਇਸ ਗੀਤ ਨਾਲ ਉਨ੍ਹਾਂ ਨੂੰ ਬੇਪਨਾਹ ਪ੍ਰਸਿੱਧੀ ਮਿਲੀ। ਕਲਾਂਈਬ ਫਿਲਮਜ਼, ਬੰਬੇ ਦੀ ਭੀਮਸੈਨ ਨਿਰਦੇਸ਼ਿਤ ਫਿਲਮ ‘ਘਰੌਂਦਾ’ (1977) ’ਚ ਸੰਗੀਤਕਾਰ ਜੈਦੇਵ ਨੇ ਗੁਲਜ਼ਾਰ ਦੇ ਲਿਖੇ ਦੋ ਗੀਤ ਭੁਪਿੰਦਰ ਕੋਲੋਂ ਗਵਾਏ। ਪਹਿਲਾ ਰੂਨਾ ਲੈਲਾ ਨਾਲ ‘ਦੋ ਦੀਵਾਨੇ ਸ਼ਹਿਰ ਮੇਂ’ ਤੇ ਦੂਜਾ ਏਕਲ ਗੀਤ ‘ਏਕ ਅਕੇਲਾ ਇਸ ਸ਼ਹਿਰ ਮੇਂ, ਰਾਤ ਔਰ ਦੁਪਹਿਰ ਮੇਂ’ ਜੋ ਅਮੋਲ ਪਾਲੇਕਰ ਤੇ ਜ਼ਰੀਨਾ ਵਹਾਬ ’ਤੇ ਫਿਲਮਾਏ ਬੇਹੱਦ ਮਸ਼ਹੂਰ ਗੀਤ ਸਨ। ਫਿਲਮ ‘ਬਾਜ਼ਾਰ’ (1982) ’ਚ ਖ਼ਿਆਮ ਦੇ ਸੰਗੀਤ ’ਚ ਬਸ਼ਰ ਨਵਾਜ਼ ਦੀ ਲਿਖੀ ਤੇ ਭੁਪਿੰਦਰ ਦੀ ਗਾਈ ਗ਼ਜ਼ਲ ‘ਕਰੋਗੇ ਯਾਦ ਤੋ ਹਰ ਬਾਤ ਯਾਦ ਆਏਗੀ’ ਬੜੀ ਪਸੰਦ ਕੀਤੀ ਗਈ। ਪੰਜਾਬੀ ਫਿਲਮ ਅਦਾਕਾਰ ਰੋਮੇਸ਼ ਸ਼ਰਮਾ ਦੇ ਫਿਲਮਸਾਜ਼ ਅਦਾਰੇ ਰੋਮੇਸ਼ ਫਿਲਮਜ਼, ਬੰਬੇ ਦੀ ਮੁਕੁਲ ਆਨੰਦ ਨਿਰਦੇਸ਼ਿਤ ਫਿਲਮ ‘ਏਤਬਾਰ’ (1985) ’ਚ ਭੱਪੀ ਲਹਿਰੀ ਦੇ ਸੰਗੀਤ ’ਚ ਹਸਨ ਕਮਲ ਦੀ ਲਿਖੀ ਗ਼ਜ਼ਲ ‘ਕਿਸੀ ਨਜ਼ਰ ਕੋ ਤੇਰਾ ਇੰਤਜ਼ਾਰ ਆਜ ਭੀ ਹੈ’ (ਭੁਪਿੰਦਰ ਸਿੰਘ, ਆਸ਼ਾ ਭੌਸਲੇ) ਹੱਦ ਦਰਜਾ ਪਸੰਦ ਕੀਤੀ ਗਈ ਜੋ ਫਿਲਮ ’ਚ ਸੁਰੇਸ਼ ਉਬਰਾਏ ਤੇ ਡਿੰਪਲ ਕਪਾਡੀਆ ’ਤੇ ਫਿਲਮਾਈ ਗਈ। ਬਾਕੀ ਉਨ੍ਹਾਂ ਦੇ ਗਾਏ ਦਿਲਕਸ਼ ਫਿਲਮੀ ਗੀਤ ਤੇ ਗ਼ਜ਼ਲਾਂ ਦੀ ਫ਼ਹਿਰਿਸਤ ਬਹੁਤ ਲੰਬੀ ਹੈ।
ਭੁਪਿੰਦਰ ਸਿੰਘ ਨੇ ਆਪਣਾ ਆਖਰੀ ਨਗ਼ਮਾ ਹਿੰਦੀ ਫਿਲਮ ‘ਮਾਧੋਲਾਲ ਕੀਪ ਵਾਕਿੰਗ’ (2009) ਲਈ ਗਾਇਆ। ਨਾਯਾਬ ਤੇ ਰਾਜਾ ਦੇ ਸੰਗੀਤ ’ਚ ਅਸਲਮ ਸਾਹਨੀ ਦੇ ਲਿਖੇ ਇਸ ਦਿਲਕਸ਼ ਗੀਤ ਦੇ ਬੋਲ ਹਨ ‘ਨੈਨਾ ਲਾਗੇ ਲਾਗੇ ਰੇ ਤੋਸੇ ਨੈਨਾ ਲਾਗੇ ਰੇ’ ਜੋ ਅਦਾਕਾਰ ਸੁਬਰਤ ਦੱਤਾ ’ਤੇ ਫਿਲਮਾਇਆ ਗਿਆ ਸੀ।
ਹਿੰਦੀ ਦੇ ਨਾਲ-ਨਾਲ ਉਨ੍ਹਾਂ ਪੰਜਾਬੀ ਫਿਲਮਾਂ ਵਿੱਚ ਵੀ ਖ਼ੂਬਸੂਰਤ ਗੀਤ ਗਾਏ। ਭੁਪਿੰਦਰ ਸਿੰਘ ਨੂੰ ਪੰਜਾਬੀ ਫਿਲਮਾਂ ਵਿਚ ਗੁਲੂਕਾਰੀ ਦਾ ਮੌਕਾ ਦਿੱਤਾ ਮਾਰੂਫ਼ ਸੰਗੀਤਕਾਰ ਹੰਸ ਰਾਜ ਬਹਿਲ ਨੇ। ਜਦੋਂ ਜਸਵੰਤ ਸਿੰਘ ਨਾਰੰਗ ਨੇ ਆਪਣੇ ਫਿਲਮਸਾਜ਼ ਅਦਾਰੇ ਹੇਠ ਸੁਭਾਸ਼ ਭਾਖੜੀ ਦੀ ਹਿਦਾਇਤਕਾਰੀ ’ਚ ਪੰਜਾਬੀ ਫਿਲਮ ‘ਸ਼ੇਰ ਪੁੱਤਰ’ (1977) ਬਣਾਈ ਤਾਂ ਹੰਸਰਾਜ ਬਹਿਲ ਨੇ ਰਜੇਸ਼ ਸ਼ਰਮਾ ਦਾ ਲਿਖਿਆ ਰੁਮਾਨੀ ਗੀਤ ਭੁਪਿੰਦਰ ਕੋਲੋਂ ਗਵਾਇਆ ‘ਵੇ ਤੇਰੇ ਕੋਲ ਆਣ, ਜੀ ਨਈਓ ਕਰਦਾ ਜਾਣ ਤੇ’ (ਨਾਲ ਮੀਨੂੰ ਪ੍ਰਸ਼ੋਤਮ) ਪਦਮਾ ਖੰਨਾ ਤੇ ਧੀਰਜ ਕੁਮਾਰ ’ਤੇ ਫਿਲਮਾਇਆ ਗਿਆ ਜੋ ਬੜਾ ਹਿੱਟ ਹੋਇਆ। ਟੀ. ਐੱਸ. ਬਵੇਜਾ ਦੇ ਫਿਲਮਸਾਜ਼ ਅਦਾਰੇ ਉਪਕਾਰ ਇੰਟਰਟੇਨਮੈਂਟਸ ਲਿਮਟਿਡ., ਚੰਡੀਗੜ੍ਹ ਦੀ ਬ੍ਰਿਜ ਮੋਹਨ ਨਿਰਦੇਸ਼ਿਤ ਫਿਲਮ ‘ਸ਼ਹੀਦ ਊਧਮ ਸਿੰਘ’ (1977) ’ਚ ਸਰਦੂਲ ਕਵਾਤੜਾ ਨੇ ਆਪਣੇ ਸੰਗੀਤ ’ਚ ਭੁਪਿੰਦਰ ਕੋਲੋਂ ਵਾਰਿਸ ਸ਼ਾਹ ਦੀ ਹੀਰ ਗਵਾਈ ‘ਕੋਈ ਹੀਰ ਦੀ ਕਰੇ ਤਾਰੀਫ਼ ਸ਼ਾਇਰ’ ਜੋ ਖ਼ੂਬ ਪਸੰਦ ਕੀਤੀ ਗਈ। ਡਾ. ਮਨੋਹਰ ਕੌਰ ਅਰਪਨ ਦੇ ਫਿਲਮਸਾਜ਼ ਅਦਾਰੇ ਪੰਜਾਬ ਨਾਟਕ ਅਕੈਡਮੀ, ਪਟਿਆਲਾ ਦੀ ਡਾ. ਸੁਰਜੀਤ ਸਿੰਘ ਸੇਠੀ ਨਿਰਦੇਸ਼ਿਤ ਫਿਲਮ ‘ਮੁਗ਼ਲਾਨੀ ਬੇਗਮ’ (1979) ’ਚ ਐੱਸ. ਮੋਹਿੰਦਰ ਨੇ ਭੁਪਿੰਦਰ ਕੋਲੋਂ ਇੱਕੋ ਗੀਤ ਗਵਾਇਆ। ‘ਮੈਂ ਭਟਕਦਾ ਹੀ ਰਿਹਾ’ ਜੋ ਵਿਨੋਦ ਸੂਦ ’ਤੇ ਫ਼ਿਲਮਾਇਆ ਗਿਆ ਸੀ। ਕਮਲਜੀਤ ਸਿੰਘ ਕਵਾਤੜਾ ਦੇ ਜ਼ਾਤੀ ਬੈਨਰ ਦੀ ਚਮਨ ਨੀਲੈ ਨਿਰਦੇਸ਼ਿਤ ਫਿਲਮ ‘ਦੋ ਪੋਸਤੀ’ (1981) ’ਚ ਸਰਦੂਲ ਕਵਾਤੜਾ ਨੇ ਭੁਪਿੰਦਰ ਤੇ ਮੁਹੰਮਦ ਰਫ਼ੀ ਕੋਲੋਂ ਇੱਕ ਮਜ਼ਾਹੀਆ ਗੀਤ ਗਵਾਇਆ ‘ਪਿੰਡ ਛੱਡ ਛੱਲੇ ਦੋ ਪੋਸਤੀ’ ਜੋ ਰਜਿੰਦਰ ਨਾਥ ਤੇ ਆਈ. ਐੱਸ. ਜੌਹਰ ’ਤੇ ਫਿਲਮਾਇਆ ਗਿਆ ਸੀ। ਵਿਨੋਦ ਤਲਵਾਰ ਦੇ ਫਿਲਮਸਾਜ਼ ਅਦਾਰੇ ਤਲਵਾਰ ਪ੍ਰੋਡਕਸ਼ਨਜ਼, ਬੰਬੇ ਦੀ ਵਿਨੋਦ ਤਲਵਾਰ ਨਿਰਦੇਸ਼ਿਤ ਪੰਜਾਬੀ ਫਿਲਮ ‘ਇਸ਼ਕ ਨਿਮਾਣਾ’ (1984) ’ਚ ਸੁਰਿੰਦਰ ਕੋਹਲੀ ਦੇ ਸੰਗੀਤ ਵਿੱਚ ਬਲਬੀਰ ਨਿਰਦੋਸ਼ ਦਾ ਲਿਖਿਆ ਭੰਗੜਾ ਗੀਤ ‘ਪੈਰ ਰੱਖ ਕੇ…ਅਸੀਂ ਗੱਭਰੂ ਦੇਸ਼ ਪੰਜਾਬ ਦੇ’ (ਮਹਿੰਦਰ ਕਪੂਰ, ਭੁਪਿੰਦਰ, ਸਵਿਤਾ ਸਾਥੀ) ਸਤੀਸ਼ ਕੌਲ, ਮਿਹਰ ਮਿੱਤਲ ਤੇ ਸੁਧਾ ਚੋਪੜਾ ’ਤੇ ਫਿਲਮਾਇਆ ਗਿਆ। ਮਧੂ ਅਗਰਵਾਲ ਦੇ ਫਿਲਮਸਾਜ਼ ਅਦਾਰੇ ਸਰਵ ਕਲਾ ਮੰਦਰ, ਜਲੰਧਰ ਦੀ ਸਤੀਸ਼ ਭਾਖੜੀ ਨਿਰਦੇਸ਼ਿਤ ਫਿਲਮ ‘ਬਾਬੁਲ ਦਾ ਵਿਹੜਾ’ (1985) ’ਚ ਰਵੀ-ਦੀਪਕ ਦੇ ਸੰਗੀਤ ’ਚ ਡੀ. ਸੀ. ਮਿੱਤਲ ਦਾ ਲਿਖਿਆ ਇੱਕ ਗੀਤ ਭੁਪਿੰਦਰ ਕੋਲੋਂ ਗਵਾਇਆ ‘ਚੜ੍ਹਦੀ ਜਵਾਨੀ ਰੁੱਤ ਹੈ ਬਹਾਰ ਦੀ’ ਜੋ ਦਾਰਾ ਸਿੰਘ ਤੇ ਭਗਤਾਂ ’ਤੇ ਫਿਲਮਾਇਆ ਗਿਆ ਸੀ।
ਬੀ. ਏ. ਜੀ. ਫਿਲਮਜ਼, ਮੁੰਬਈ ਦੀ ਗੁਰਬੀਰ ਸਿੰਘ ਗਰੇਵਾਲ ਨਿਰਦੇਸ਼ਿਤ ਪੰਜਾਬੀ ਫਿਲਮ ‘ਮੰਨਤ’ (2006) ’ਚ ਮੌਸੀਕਾਰ ਜੈਦੇਵ ਦੇ ਸੰਗੀਤ ’ਚ ਉਸ ਨੇ ਭੰਗੜਾ ਗੀਤ ‘ਨੱਚ ਮਿੱਤਰਾ ਗਾ ਮਿੱਤਰਾ ਜ਼ਰਾ ਢੋਲੀਆ ਤੂੰ ਢੋਲ ਵਜਾ ਮਿੱਤਰਾ’ (ਨਾਲ ਅਰਵਿੰਦਰ ਸਿੰਘ, ਰਾਣੀ ਰਣਦੀਪ, ਸਿਮਰਜੀਤ ਕੁਮਾਰ) ਜੋ ਰਮਿਤ ਵਾਲੀਆ, ਕੰਵਲਜੀਤ ਸਿੰਘ, ਕੁਲਰਾਜ ਰੰਧਾਵਾ, ਜਿੰਮੀ ਸ਼ੇਰਗਿੱਲ ਤੇ ਸਾਥੀਆਂ ’ਤੇ ਫਿਲਮਾਇਆ ਗਿਆ ਸੀ। ਇਹ ਕਾਮਯਾਬ ਫਿਲਮ 6 ਅਕਤੂਬਰ 2006 ਨੂੰ ਨੁਮਾਇਸ਼ ਹੋਈ। ਹਰਬਖ਼ਸ਼ ਲਾਟਾ ਦੇ ਫਿਲਮਸਾਜ਼ ਅਦਾਰੇ ਲਾਟਾ ਪ੍ਰੋਡਕਸ਼ਨਜ਼ ਦੀ ਪੰਜਾਬੀ ਫਿਲਮ ‘ਬਾਬੁਲ ਦਾ ਵਿਹੜਾ’ (2007) ’ਚ ਐੱਚ. ਐੱਮ. ਦੇ ਸੰਗੀਤ ’ਚ ਨਕਸ਼ ਲਾਇਲਪੁਰੀ ਦੀ ਲਿਖੀ ਗ਼ਜ਼ਲ ‘ਡੁੱਬ ਗਿਆ ਆਸਾਂ ਦਾ ਸੂਰਜ ਰਾਤ ਗ਼ਮਾਂ ਦੀ’ (ਭੁਪਿੰਦਰ ਸਿੰਘ) ਜੋ ਅਦਾਕਾਰ ਜੀਓਰਡਨ ਰਾਣੇ ਉੱਤੇ ਫ਼ਿਲਮਾਈ ਗਈ ਸੀ।
ਭੁਪਿੰਦਰ ਸਿੰਘ ਦਾ ਵਿਆਹ 1983 ਵਿੱਚ ਬੰਗਲਾਦੇਸ਼ ਦੀ ਹਿੰਦੂ ਗੁਲੂਕਾਰਾ ਮਿਤਾਲੀ ਮੁਖਰਜੀ ਨਾਲ ਹੋਇਆ ਜੋ ਬਾਅਦ ਵਿੱਚ ਮਿਤਾਲੀ ਸਿੰਘ ਕਹਾਈ। ਇਸ ਤੋਂ ਬਾਅਦ ਇਸ ਜੋੜੀ ਨੇ ਮੌਸੀਕੀ ਦੀ ਦੁਨੀਆ ਵਿੱਚ ਆਪਣੀ ਉਮਦਾ ਗਾਇਕੀ ਜ਼ਰੀਏ ਇਕੱਠਿਆਂ ਕਈ ਸੰਗੀਤਕ ਸ਼ੋਅ ਪੇਸ਼ ਕਰ ਕੇ ਭਰਪੂਰ ਸ਼ੋਹਰਤ ਖੱਟੀ। ਫਿਲਮੀ ਗੀਤਾਂ ਤੋਂ ਇਲਾਵਾ ਭੁਪਿੰਦਰ ਸਿੰਘ ਦੇ ਗਾਏ ਗੀਤਾਂ, ਗ਼ਜ਼ਲਾਂ, ਭੇਟਾਂ-ਭਜਨਾਂ ਦੇ ਕਈ ਗ਼ੈਰ-ਫਿਲਮੀ ਗ੍ਰਾਮੋਫੋਨ ਰਿਕਾਰਡ (ਐੱਲ. ਪੀ./ਈ. ਪੀ./ਐੱਚ. ਐੱਮ.ਵੀ) ਆ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਗਾਏ ਗੀਤਾਂ ਗ਼ਜ਼ਲਾਂ ਦੀਆਂ ਅਨੇਕਾਂ ਆਡੀਓ ਕੈਸੇਟਾਂ ਤੇ ਆਡੀਓ ਸੀਡੀਜ਼ ਵੀ ਜਾਰੀ ਹੋਈਆਂ, ਜਿਨ੍ਹਾਂ ਨੂੰ ਸੰਗੀਤ-ਮੱਦਾਹਾਂ ਨੇ ਬੜਾ ਪਸੰਦ ਕੀਤਾ। ਪੰਜਾਬੀ ਕੈਸੇਟਾਂ ਵਿੱਚ ‘ਮਟਕੇ ਤੇ ਮਟਕਾ’ (1990/ਨਾਲ ਮਿਤਾਲੀ ਸਿੰਘ), ਸ਼ਿਵ ਕੁਮਾਰ ਬਟਾਲਵੀ ਦੀ ਸ਼ਾਹਕਾਰ ਰਚਨਾ ‘ਲੂਣਾ’ (2005), ‘ਸੁਰੀਲਾ ਮੇਰਾ ਪੰਜਾਬ’ (2005) ਤੋਂ ਇਲਾਵਾ ਹਿੰਦੀ ਕੈਸੇਟਾਂ ਵਿੱਚ ‘ਐਵਰਗ੍ਰੀਨ ਲਵ ਸੌਂਗਸ’ (1983), ‘ਹਿੱਟਸ ਆਫ਼ ਭੁਪਿੰਦਰ’ (1988), ‘ਸ਼ਰਮਾਤੇ ਸ਼ਰਮਾਤੇ’ (1992/ਨਾਲ ਮਿਤਾਲੀ ਸਿੰਘ), ‘ਸਾਕੀ’ (1994), ‘ਗੁਲਮੋਹਰ’ (1994/ਨਾਲ ਮਿਤਾਲੀ ਸਿੰਘ), ‘ਤੂ ਸਾਥ ਚੱੱਲ’ (1999/ਨਾਲ ਮਿਤਾਲੀ ਸਿੰਘ), ‘ਏਕ ਆਰਜ਼ੂ’ (2004/ਨਾਲ ਮਿਤਾਲੀ ਸਿੰਘ) ਆਦਿ। ਇਨ੍ਹਾਂ ’ਚੋਂ ਬਹੁਤੀਆਂ ਐਲਬਮਾਂ ਦਾ ਸੰਗੀਤ ਉਨ੍ਹਾਂ ਨੇ ਖ਼ੁਦ ਤਾਮੀਰ ਕੀਤਾ ਸੀ।
ਆਪਣੀ ਆਵਾਜ਼ ਦੀ ਵੱਖਰੀ ਪਛਾਣ ਵਾਲੇ ਅਜ਼ੀਮ ਪੰਜਾਬੀ ਗੁਲੂਕਾਰ ਭੁਪਿੰਦਰ ਸਿੰਘ 18 ਜੁਲਾਈ 2022 ਨੂੰ 82 ਸਾਲਾਂ ਦੀ ਉਮਰ ’ਚ ਮੁੰਬਈ ਵਿਖੇ ਅਕਾਲ ਚਲਾਣਾ ਕਰ ਗਏ। ਇਨ੍ਹਾਂ ਦਾ ਇੱਕ ਪੁੱਤਰ ਨਿਹਾਲ ਸਿੰਘ ਸੰਗੀਤਕਾਰ ਹੈ ਜੋ ਆਪਣੇ ਪਿਤਾ ਦੀ ਸੰਗੀਤ ਵਿਰਾਸਤ ਨੂੰ ਅੱਗੇ ਵਧਾ ਰਿਹਾ ਹੈ।
ਸੰਪਰਕ: 97805-09545