ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ
ਵਤਨ ਇਸ਼ਕੇ ਤੂੰ ਇਫ਼ਤੇਖਾਰਮ
ਇਸ ਫ਼ਾਰਸੀ ਗੀਤ ਦਾ ਅਰਥ ਹੈ, ‘ਆਪਣੇ ਪਿਆਰੇ ਦੇਸ਼ ’ਤੇ ਮੈਨੂੰ ਮਾਣ ਹੈ।’ 1970 ਦੇ ਦਹਾਕੇ ਵਿੱਚ ਜਦੋਂ ਫ਼ਾਰਸੀ ਵਿੱਚ ਇਸ ਨੂੰ ਉੱਘੇ ਗਾਇਕ ਅਬਦੁਲ ਵਹਾਬ ਮਦਾਦੀ ਨੇ ਲਿਖਿਆ ਸੀ ਤਾਂ ਇਹ ਗੀਤ ਕਲਾਸਿਕ ਰਚਨਾਵਾਂ ਵਾਂਗ ਪੂਰੇ ਦੇਸ਼ ਵਿੱਚ ਗਾਇਆ ਜਾਂਦਾ ਸੀ। ਪਰ ਹੁਣ ਪਿਛਲੇ ਦੋ ਦਹਾਕਿਆਂ ਤੋਂ ਸਥਿਤੀ ਪੂਰੀ ਬਦਲ ਗਈ ਹੈ। ਇਨ੍ਹਾਂ ਦਿਨਾਂ ਵਿੱਚ ਤਾਲਿਬਾਨੀ ਹਕੂਮਤ ਨੇ ਇੱਕ ਵਾਰੀ ਫਿਰ ਤੋਂ ਅਫ਼ਗਾਨਿਸਤਾਨ ਵਿੱਚ ਸੁਰ, ਸਾਜ਼, ਗੀਤ-ਸੰਗੀਤ ’ਤੇ ਪਾਬੰਦੀ ਲਾ ਦਿੱਤੀ ਹੈ। ਹੁਣ ਤੀਕ 40 ਤੋਂ ਜ਼ਿਆਦਾ ਪ੍ਰਸਿੱਧ ਲੋਕ ਗਾਇਕਾਂ ਤੇ ਸੰਗੀਤਕਾਰਾਂ ਨੂੰ ਫ਼ਤਵਾਬੰਦੀ ਕਾਰਨ ਗੋਲੀ ਨਾਲ ਉਡਾ ਦਿੱਤਾ ਗਿਆ ਹੈ। ਇਹ ਵਿਰਾਸਤ ਦਾ ਦਫ਼ਨ ਹੈ।
ਇਹ ਉਹੀ ਧਰਤੀ ਹੈ ਜਿੱਥੇ ਸੂਫ਼ੀਆਂ ਤੇ ਸੂਫ਼ੀ ਸੰਗੀਤਕਾਰਾਂ ਨੇ ਕਦੀ ਸਦੀਆਂ ਪਹਿਲਾਂ ਸ਼ਾਂਤੀ ਤੇ ਅਮਨ ਦਾ ਸੁਰ ਛੇੜਿਆ ਸੀ। ਅੱਜ ਉੱਥੇ ਜੋ ਹਸ਼ਰ ਸੰਗੀਤ ਦਾ ਹੈ, ਉਹ ਕਿਸੇ ਵੀ ਸੱਭਿਆ ਸਮਾਜ ਦੀ ਕਲਪਨਾ ਤੋਂ ਪਰ੍ਹੇ ਹੈ। ਇਹ ਦਿਲ ਨੂੰ ਦਹਿਲਾ ਦੇਣ
ਵਾਲਾ ਮੰਜ਼ਰ ਹੈ। ਪਿਛਲੇ ਦਿਨੀਂ ਪਸ਼ਤੋ ਤੇ ਫ਼ਾਰਸੀ ਗ਼ਜ਼ਲ ਗਾਇਕ ਨੂੰ ਜਿਸ ਤਰ੍ਹਾਂ ਬੇਇੱਜ਼ਤ ਕਰਕੇ ਸ਼ਰੇ-ਮੈਦਾਨ ਗੋਲੀ ਮਾਰੀ ਗਈ, ਉਹ ਜ਼ਾਲਿਮਾਨਾ ਵੀਡੀਓ ਵੇਖ ਕੇ ਤੁਸੀਂ ਪਰੇਸ਼ਾਨ ਹੋ ਸਕਦੇ ਹੋ। ਇਸ ਨੂੰ ਪੂਰੀ ਦੁਨੀਆ ਨੇ ਵੇਖਿਆ ਹੈ।
ਸਾਡੇ ਇਤਿਹਾਸ ਤੇ ਪਰੰਪਰਾ, ਵਿਰਾਸਤ ਵਿੱਚ ਗੀਤ, ਸੰਗੀਤ ਤੇ ਸੁਰਾਂ ਨੂੰ ਰੱਬ ਦੀ ਆਮਦ ਤੇ ਉਸ ਦੀ ਆਵਾਜ਼ ਮੰਨਿਆ ਜਾਂਦਾ ਹੈ। ਅਮਨ ਦਾ ਪੈਗ਼ਾਮ ਇਨ੍ਹਾਂ ਸੁਰਾਂ ਰਾਹੀਂ ਹੀ ਪੂਰੀ ਦੁਨੀਆ ਵਿੱਚ ਪਹੁੰਚਿਆ ਹੈ, ਪਰ ਹੁਣ ਅਫ਼ਗਾਨਿਸਤਾਨ ਵਿੱਚ ਤਾਲਿਬਾਨੀ ਸ਼ਾਸਨ ਇਸ ਦਾ ਵਿਨਾਸ਼ ਕਰ ਰਿਹਾ ਹੈ। ਅੱਜ ਸੈਂਕੜੇ ਅਫ਼ਗਾਨ ਪਸ਼ਤੋ ਤੇ ਫ਼ਾਰਸੀ ਲੇਖਕ, ਗੀਤ ਤੇ ਸੰਗੀਤਕਾਰ ਤੇ ਗਵੱਈਏ ਪਿਸ਼ਾਵਰ, ਪਾਕਿਸਤਾਨ ਵਿੱਚ ਸ਼ਰਨ ਲੈ ਕੇ ਆਪਣੇ ਸੰਗੀਤ ਦੇ ਹੁਨਰ ਤੇ ਆਪਣੇ ਸਾਜ਼ਾਂ ਨੂੰ ਬਚਾ ਕੇ ਰਵਾਇਤੀ ਪਸ਼ਤੂਨ ਸੰਗੀਤ ਤੇ ਅਫ਼ਗਾਨ ਸੁਰਾਂ ਨੂੰ ਸੰਭਾਲ ਰਹੇ ਹਨ।
ਪਿਛਲੇ ਦਿਨਾਂ ਵਿੱਚ ਅਫ਼ਗਾਨਿਸਤਾਨ ਵਿੱਚ ਗੀਤ- ਸੰਗੀਤ ਦੇ ਪ੍ਰਸਿੱਧ ਕਲਾਕਾਰਾਂ ਨੂੰ ਚੁਣ-ਚੁਣ ਕੇ ਮਾਰਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਫਿਲਮਸਾਜ਼ ਵੀ ਆਪਣੀ ਜਾਨ ਬਚਾ ਕੇ ਭੱਜ ਰਹੇ ਹਨ। ਔਰਤ ਗਾਇਕਾਂ ਦੀ ਸਥਿਤੀ ਤਾਂ ਹੋਰ ਵੀ ਖ਼ਰਾਬ ਹੈ। ਤੁਸੀਂ ਇਸ ਦਾ ਇਨ੍ਹਾਂ ਸਤਰਾਂ ਤੋਂ ਅੰਦਾਜ਼ਾ ਲਾ ਸਕਦੇ ਹੋ, ਜੋ ਅਫ਼ਗਾਨੀ ਜਲਾਵਤਨੀ ਹੰਢਾ ਰਹੇ ਫ਼ਾਰਸੀ ਗੀਤਕਾਰ ਨੇ ਲਿਖੀਆਂ ਹਨ। ਇਰਾਨ ’ਚ ਸ਼ਰਨ ਲੈ ਕੇ ਰਹਿ ਰਹੇ ‘ਅੰਦਗਈ’ ਕਹਿੰਦੇ ਹਨ:
ਪੰਜਸ਼ੀਰ ਦੀਆਂ ਘਾਟੀਆਂ ਵਿੱਚ
ਮਹਿਫ਼ਲਾਂ ਤਾਂ ਇਤਿਹਾਸ ਹੋ ਗਈਆਂ
ਮੇਲੇ ਤੇ ਖਾਨਗਾਹਾਂ ਦੇ ਚਿਰਾਗ ਬੁਝ ਗਏ
ਹੁਣ ਬਾਰੂਦ ਹੈ ਪੰਜਸ਼ੀਰ ਦੀ ਵਾਦੀ ਵਿੱਚ
ਹਰ ਸੜਕ ’ਤੇ ਪਹਿਰਾ ਹੈ
ਸੰਗੀਤ ਅਲੋਪ ਹੈ।
ਸੁਰ ਗਾਇਬ ਨੇ
ਗਰਦੋ-ਗੁਬਾਰ ਤੇ ਬਾਰੂਦ ਦੀ ਗੰਧ ਹੈ- ਚਾਰੇ ਪਾਸੇ
ਮੇਰੀ ਹਰੀ ਭਰੀ ਇਸ ਅਫ਼ਗਾਨ ਧਰਤੀ ਦੇ ਟੁਕੜੇ ’ਤੇ
ਪਿਛਲੇ ਦਿਨਾਂ ਵਿੱਚ ਜਿਨ੍ਹਾਂ ਫ਼ਾਰਸੀ ਤੇ ਪਸ਼ਤੋ ਗਾਉਣ ਵਾਲਿਆਂ ਨੂੰ ਘਰਾਂ ’ਚੋਂ ਬਾਹਰ ਕੱਢ ਕੇ ਮੈਦਾਨ ਵਿੱਚ ਲਿਆ ਕੇ ਮਾਰਿਆ ਗਿਆ, ਉਨ੍ਹਾਂ ’ਚ ਸ਼ਾਮਲ ਪ੍ਰਸਿੱਧ ਸੰਗੀਤਕਾਰਾਂ ’ਚ ਉਹ ਨਾਮ ਵੀ ਹਨ ਜਿਨ੍ਹਾਂ ਨੇ ਫ਼ਾਰਸੀ ਤੇ ਪਸ਼ਤੋ ਗੀਤਾਂ ਦੀ ਧੂਮ ਨਾਲ ਈਰਾਨ, ਪਾਕਿਸਤਾਨ, ਉਜ਼ਬੇਕਿਸਤਾਨ ਤੇ ਤਜਾਕਿਸਤਾਨ ਤੋਂ ਲੈ ਕੇ ਯੂ-ਟਿਊਬ ’ਤੇ ਪੂਰੀ ਦੁਨੀਆ ਵਿੱਚ ਆਪਣੇ ਰਵਾਇਤੀ ਸੰਗੀਤ ਨਾਲ ਆਪਣੀ ਜਗ੍ਹਾ ਬਣਾਈ ਸੀ। ਲੋਕ ਫ਼ਨਕਾਰ ਜਿਸ ਨੂੰ ਪੂਰਾ ਅਫ਼ਗਾਨਿਸਤਾਨ ਝੂਮ-ਝੂਮ ਕੇ ਸੁਣਦਾ ਸੀ, ਉਹ ਨਾਂ ਸੀ ਫਵਾਦ ਅੰਦਰਾਬੀ, ਜਿਸ ਨੂੰ ਸਾਜ਼ਾਂ ਸਮੇਤ ਗੋਲੀ ਮਾਰ ਕੇ ਸ਼ਰੇਆਮ ਜਲਾ ਦਿੱਤਾ ਗਿਆ। ਹੋਰਨਾਂ ਜਾਨ ਗਵਾਉਣ ਵਾਲਿਆਂ ਵਿੱਚ ਗਾਇਕ ਸੰਰਗਦ ਦੇ ਗਲ ਵਿੱਚ ਤਬਲਾ ਤੇ ਹੋਰ ਸਾਜ਼ ਪਾ ਕੇ ਘੁੰਮਾਇਆ ਤੇ ਫਿਰ ਕੂਨਰ ਦੇ ਮੈਦਾਨ ਵਿੱਚ ਗੋਲੀ ਨਾਲ ਉਡਾ ਦਿੱਤਾ ਗਿਆ। ਅਬਦੁਲ ਹੱਕ ਓਮੇਰੀ ਨੂੰ ਸਾਜ਼ਾਂ ਸਣੇ ਜਲਾ ਦਿੱਤਾ ਗਿਆ। ਇਹ ਪਕਤੀਆ ਪ੍ਰੋਵਿੰਸ ਦੀ ਘਟਨਾ ਹੈ।
ਤਾਲਿਬਾਨੀ ਪ੍ਰਸ਼ਾਸਨ ਕਹਿੰਦਾ ਹੈ ਕਿ ਇਹ ਸ਼ਰੀਆ ਕਾਨੂੰਨ ਦੇ ਅਧੀਨ ਹੈ ਤੇ ਗੀਤ-ਸੰਗੀਤ ਹਰਾਮ ਹੈ, ਪਰ ਉਹ ਭੁੱਲ ਜਾਂਦੇ ਹਨ ਕਿ ਇਸ ਖਿੱਤੇ ਵਿੱਚ ਸੰਗੀਤ ਸਦੀਆਂ ਤੋਂ ਇੱਕ ਪਰੰਪਰਾ ਰਿਹਾ ਹੈ। ਸੂਫ਼ੀ ਮਜ਼ਾਰਾਂ ’ਤੇ ਫ਼ਾਰਸੀ ਕਲਾਮ ਤੇ ਪਸ਼ਤੋ ਸੂਫ਼ੀ ਤੇ ਨ੍ਰਿਤ ਦੇ ਪ੍ਰੋਗਰਾਮ ਹਜ਼ਾਰਾਂ ਲੋਕ ਸੁਣਦੇ ਸਨ। ਅਫ਼ਗਾਨਿਸਤਾਨ ਵਿੱਚ ਔਰਤਾਂ ਨੂੰ ਟੀ.ਵੀ. ’ਤੇ ਕੰਮ ਕਰਨ ਤੋਂ ਵੀ ਰੋਕ ਦਿੱਤਾ ਗਿਆ ਹੈ। ਇਹ ਕਿਹੋ ਜਿਹਾ ਨਿਜ਼ਾਮ ਹੈ ਜਿੱਥੇ ਸਾਹਿਤ ਤੇ ਕਲਾਵਾਂ ਨੂੰ ਦਫ਼ਨ ਕੀਤਾ ਜਾ ਰਿਹਾ ਹੈ।
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਅਫ਼ਗਾਨਿਸਤਾਨ ਵਿੱਚ ਸੰਗੀਤ ਦੀ ਪਰੰਪਰਾ ਸੂਫ਼ੀ ਪਰੰਪਰਾ ਨਾਲ ਜੁੜੀ ਹੋਈ ਹੈ। ਸਮੂਹ ਗਾਇਨ ਸ਼ੈਲੀਆਂ, ਜਿਨ੍ਹਾਂ ਵਿੱਚ ਮੁਰਸੀਆ, ਮਨਕਾਸਤ, ਨੋਹੇਹ ਅਤ ਰੋਜੇਹ ਸ਼ਾਮਲ
ਹਨ। ਅਸਲ ਵਿੱਚ ਇਹ ਇਸਲਾਮੀ ਚਿਸ਼ਤੀ ਕਾਬਲੀ ਕਬੀਲੇ ਦੀ ਪਰੰਪਰਾ ਦਾ ਸੰਗੀਤ ਹੈ। ਇਸ ਵਿੱਚ ਹਾਰਮੋਨੀਅਮ ਤੇ ਤਬਲਾ ਵਰਤਿਆ ਜਾਂਦਾ ਹੈ।
ਹੇਲਮੰਡ ਪ੍ਰਾਂਤ ਤੇ ਹੈਰਾਤ ਵਿੱਚ ਸੂਫ਼ੀ ਦਰਗਾਹਾਂ ’ਤੇ ਕਈ-ਕਈ ਰਾਤਾਂ ਤੱਕ ਸੰਗੀਤ ਦੀਆਂ ਮਹਿਫ਼ਲਾਂ ਲੱਗਦੀਆਂ ਸਨ। ਇਨ੍ਹਾਂ ’ਚ ਫ਼ਾਰਸੀ ਜ਼ੁਬਾਨ ਦੇ ਨਾਲ-ਨਾਲ ਉਪ ਭਾਸ਼ਾਵਾਂ ਲੋਗਾਰੀ, ਸ਼ੋਮਾਲੀ ਆਦਿ ਵੀ ਸ਼ਾਮਲ ਹੁੰਦੀਆਂ ਸਨ।
ਅਫ਼ਗਾਨਿਸਤਾਨ ਦੇ ਉਸਤਾਦ ਗਾਇਕਾਂ ਵਿੱਚ ਬੇਹੱਦ ਪ੍ਰਭਾਵਸ਼ਾਲੀ ਰਹੇ ਮੁਹੰਮਦ ਹੁਸੈਨ ਸਰਹਾਂਗ, ਰਹੀਮ ਬਖ਼ਸ਼, ਉਸਤਾਦ ਸਰਹਾਂਗ ਨੇ ਸੰਗੀਤ ਤੇ ਨ੍ਰਿਤ ਨਾਲ ਪਸ਼ਤੋ ਤੇ ਦਾਦਰੀ ਜ਼ੁਬਾਨਾਂ ’ਚ ਸੰਗੀਤ ਦੀ ਇਤਿਹਾਸਕ ਪਰੰਪਰਾ ਕਾਇਮ ਕੀਤੀ ਸੀ। ਉਸਤਾਦ ਮੁਹੰਮਦ ਹੁਸੈਨ ਸਰਹਾਂਗ ਨੂੰ ਉਸਤਾਦ ਬੜੇ ਗੁਲਾਮ ਅਲੀ ਖਾਂ ਦੇ ਸਮਕਾਲੀ ਦੇ ਰੂਪ ਵਿੱਚ ਵੀ ਵੇਖਿਆ ਜਾਂਦਾ ਰਿਹਾ ਹੈ। ਕੰਧਾਰ ਵੈਲੀ ਦੇ ਓਬੈਦੁੱਲਾ ਜਨ ਕੰਧਰਾਈ ਦੇ ਨਾਲ ਉਸਤਾਦ ਕਾਸਿਮ ਅਤੇ ਉਸਤਾਦ ਰਹੀਮ ਬਖ਼ਸ਼ ਅਜਿਹੇ ਗਵੱਈਏ ਹੋਏ ਹਨ, ਜੋ ਵੰਡ ਤੋਂ ਪਹਿਲਾਂ ਭਾਰਤ ਵਿੱਚ ਵੀ ਪ੍ਰਸਿੱਧ ਸਨ। ਪਰ ਸੱਚ ਇਹ ਵੀ ਹੈ ਕਿ ਸ਼ੁੱਧ ਅਫ਼ਗਾਨ ਤੇ ਦਾਰੀ ਪਸ਼ਤੋ ਸ਼ੈਲੀ ਵਿੱਚ ਉਸਤਾਦ ਅਹਿਮਦ ਜ਼ਹੀਰ ਨੇ ਇਸ ਨੂੰ ਘਰ-ਘਰ ਪਹੁੰਚਾਇਆ।
ਫਰਹਾਦ ਦਰਿਆ ਨੇ 1970 ਵਿੱਚ ਇਸ ਸ਼ੈਲੀ ਨਾਲ ਪਸ਼ਤੋ ਸੰਗੀਤ ਵਿੱਚ ਨਵੀਂ ਰੂਹ ਭਰ ਦਿੱਤੀ ਸੀ। ਇਹ ਸ਼ੈਲੀ ਬਾਅਦ ਵਿੱਚ ਇਰਾਨੀ ਸੰਗੀਤਕਾਰ ਗੂਗੋਸ਼ ਨੇ ਜਾਜ ਸ਼ੈਲੀ ਵਿੱਚ ਵਰਤੀ ਤੇ ਹਰਮਨਪਿਆਰਤਾ ਦੀ ਨਵੀਂ ਦਮਦਾਰ ਸ਼ੈਲੀ ਪ੍ਰਵਾਨ ਚੜ੍ਹਾਈ। ਅਫ਼ਗਾਨਿਸਤਾਨ ਵਿੱਚ ਰੈਪ, ਪੌਪ ਤੇ ਰੌਕ ਸੰਗੀਤ ਵੀ ਪ੍ਰਵਾਨ ਚੜ੍ਹਿਆ ਸੀ, ਪਰ ਇਹ ਤਾਲਿਬਾਨੀ ਹਕੂਮਤ ਤੋਂ ਪਹਿਲਾਂ ਦੀ ਸਥਿਤੀ ਸੀ।
ਬੀਨ, ਰਬਾਬ, ਸਰੋਦ, ਹਾਰਮੋਨੀਅਮ ਤੇ ਤਬਲਾ, ਘੁੰਗਰੂ, ਸਭ ਕੁਝ ਉਹੋ ਹੀ ਹੈ, ਜੋ ਭਾਰਤੀ ਉਪ ਮਹਾਂਦੀਪ ਵਿੱਚ ਸੰਗੀਤ ਦੀ ਪਛਾਣ ਹੈ। ਰਬਾਬ ਨੂੰ ਅਫ਼ਗਾਨਿਸਤਾਨ ’ਚ ਕੇਵਲ ਸ਼ਹਿਤੂਤ ਦੀ ਲੱਕੜ ਤੇ ਤਿੰਨ ਤਾਰਾਂ ਨਾਲ ਬਣਾਇਆ ਜਾਂਦਾ ਹੈ। ਘਿਚਕੀ ਵੀ ਇੱਕ ਅਫ਼ਗਾਨ ਸਾਜ਼ ਹੈ। 1925 ’ਚ ਜਦੋਂ ਰੇਡੀਓ ਅਫ਼ਗਾਨਿਸਤਾਨ ਸ਼ੁਰੂ ਹੋਇਆ ਸੀ। ਪਰਬੀਨ ਪਹਿਲੀ ਮਹਿਲਾ ਗਾਇਕਾ ਸੀ। 1950 ਤੋਂ 1970 ਵਿੱਚ ਅਫ਼ਗਾਨ ਦਾਰੀ, ਪਸ਼ਤੋ ਤੇ ਫ਼ਾਰਸੀ ਜ਼ੁਬਾਨਾਂ ’ਚ ਸੰਗੀਤ ਦੀ ਧਮਕ ਗੁਆਂਢੀ ਦੇਸ਼ਾਂ ਤੱਕ ਸੁਣਾਈ ਦਿੰਦੀ ਸੀ। ਉਸਤਾਦ ਦਾਊਦ ਵਜ਼ੀਰੀ, ਡਾ. ਮੁਹੰਮਦ ਸਾਦਿਕ ਫਿਤਰਤ, ਰਹੀਮ ਮਹਿਰਯਾਰ ਤੇ ਹੈਦਰ ਸਲੀਮ ਪ੍ਰਸਿੱਧ ਅਫ਼ਗਾਨ ਗਾਇਕਾਂ ’ਚ ਰਹੇ ਹਨ ਜਿਨ੍ਹਾਂ ਸੰਗੀਤ ਦੀ ਇੱਕ ਨਵੀਂ ਦੁਨੀਆ ਬਣਾਈ ਸੀ ਜੋ ਹੁਣ ਤਾਲਿਬਾਨੀ ਰਾਜ ਵਿੱਚ ਖ਼ਤਮ ਹੋ ਗਈ ਹੈ।
ਸਾਲ 2001 ’ਚ ਅਮਰੀਕੀ ਦਖਲ ਨਾਲ ਫਿਰ ਇੱਕ ਦੌਰ ਗੀਤ, ਸਾਹਿਤ ਤੇ ਸੰਗੀਤ ਦਾ ਸ਼ੁਰੂ ਹੋਇਆ, ਜੋ ਤਾਲਿਬਾਨੀ ਸ਼ਾਸਨ ਦੇ ਦੁਬਾਰਾ ਆਉਣ ਨਾਲ ਖ਼ਤਮ ਹੋ ਗਿਆ ਹੈ। ਵਰਤਮਾਨ ’ਚ 40 ਤੋਂ ਜ਼ਿਆਦਾ ਗਾਇਕ ਤੇ ਸੰਗੀਤਕਾਰਾਂ ਦੀ ਅਣਕਿਆਸੀ ਮੌਤ ਤੋਂ ਬਾਅਦ ਅਫ਼ਗਾਨ ਸੰਗੀਤਕਾਰ ਕਾਬੁਲ ਤੇ ਦੂਸਰੇ ਸ਼ਹਿਰਾਂ ’ਚ ਚਲੇ ਗਏ ਹਨ ਜਾਂ ਛੁਪ ਗਏ ਹਨ।
ਸੰਗੀਤਕਾਰਾਂ ਤੇ ਗਾਇਕਾਂ ਲਈ ਹੁਣ ਅਫ਼ਗਾਨਿਸਤਾਨ ’ਚ ਕੋਈ ਥਾਂ ਨਹੀਂ ਹੈ। ਗਾਇਕ ਪਾਸੁਨ ਮੁਨੱਵਰ ਅਨੁਸਾਰ ਅਸੀਂ ਗਾਉਣਾ ਛੱਡ ਵੀ ਦੇਈਏ, ਤਦ ਵੀ ਤਾਲਿਬਾਨੀ ਪ੍ਰਸ਼ਾਸਨ ਸਾਨੂੰ ਮਾਰ ਦੇਵੇਗਾ। ਇਸ ਲਈ ਵਤਨ ਛੱਡ ਦਿੱਤਾ ਹੈ। ਗੁਲਾਬ ਅਫ਼ਰੀਦੀ ਕਹਿੰਦੇ ਨੇ ਕਿ ‘ਰੱਬਾਬ ਦੀਆਂ ਤਾਰਾਂ’ ’ਚ ਹੁਣ ਮੌਤ ਦਾ ਤਾਂਡਵ ਹੈ। ਰਿਕਾਰਡਿੰਗ ਸਟੂਡੀਓ ਬੰਦ ਹਨ। ਸਾਜ਼ ਜਲਾਏ ਜਾ ਰਹੇ ਹਨ। ਕਿਹਾ ਜਾਂਦਾ ਹੈ ਕਿ ਜਿਸ ਦੇਸ਼ ਨੂੰ ਖ਼ਤਮ ਕਰਨਾ ਹੋਵੇ, ਉਸ ਦੀ ਜ਼ੁਬਾਨ, ਸੱਭਿਆਚਾਰ, ਗੀਤ-ਸੰਗੀਤ ਖੋਹ ਲਵੋ, ਉੱਥੇ ਜ਼ਿੰਦਗੀ ਖ਼ਤਮ ਹੋ ਜਾਵੇਗੀ। ਅੱਜ ਅਫ਼ਗਾਨ ਧਰਤੀ ’ਤੇ ਇਹ ਹੀ ਸਭ ਕੁਝ ਵਾਪਰ ਰਿਹਾ ਹੈ।
ਜ਼ਿੰਦਗੀ ਦੇ ਖੇੜਿਆਂ ਦਾ ਸੁਨੇਹਾ ਗੀਤਾਂ ਦੀ ਲੈਅ, ਸੰਗੀਤ ਦੀਆਂ ਲਹਿਰਾਂ ਵਿੱਚ ਹੈ। ਸੰਤੂਰ ਤੇ ਰਬਾਬ ਵਰਗੇ ਸਾਜ਼ ਜਦੋਂ ਤਬਲੇ ਦੀ ਥਾਪ ਨਾਲ ਲਰਜ਼ਦੇ ਬੋਲਾਂ ਨਾਲ ਜ਼ਿੰਦਗੀ ਦੇ ਸੁਪਨਿਆਂ ਦੀ ਅੱਕਾਸੀ ਕਰਦੇ ਹਨ ਤਾਂ ਕੁਦਰਤ ਧਰਤੀ ’ਤੇ ਉਤਰ ਆਉਂਦੀ ਹੈ। ਏਸ਼ੀਆਈ ਖਿੱਤੇ ਦੀ ਖ਼ੂਬਸੂਰਤ ਧਰਤੀ ਅਫ਼ਗਾਨਿਸਤਾਨ ਵਿੱਚ ਜਿਵੇਂ ਪਿਛਲੇ ਕਈ ਦਹਾਕਿਆਂ ਤੋਂ ਇਹ ਸਭ ਕੁਝ ਵਾਪਰ ਰਿਹਾ ਹੈ। ਇਹ ਪੂਰੀ ਦੁਨੀਆ ਦੇ ਕਲਾਕਾਰਾਂ ਤੇ ਸੰਗੀਤਕਾਰਾਂ ਲਈ ਦੁਖਦਾਈ ਹੈ ਤੇ ਅਫ਼ਗਾਨੀ ਕਲਾਕਾਰਾਂ ਲਈ ਤਾਂ ਬੇਵਤਨੀ, ਜ਼ਿਲਤ ਤੇ ਮੌਤ ਦਾ ਸਾਹਮਣਾ ਕਰਨਾ ਇਸ ਨੂੰ ਹੋਰ ਵੀ ਭਿਆਨਕ ਬਣਾ ਦਿੰਦਾ ਹੈ। ਹੁਣ ਉੱਥੇ ਲੜਾਈ ਮੌਤ ਤੇ ਜ਼ਿੰਦਗੀ ਵਿੱਚ ਫਸੀ ਹੋਈ ਸੱਭਿਆਚਾਰਕ ਪਛਾਣ, ਭਾਸ਼ਾ, ਗੀਤ-ਸੰਗੀਤ ਦੀ ਹੈ ਜੋ ਖ਼ਤਮ ਹੋ ਰਿਹਾ ਹੈ। ਸਾਜ਼ ਜਲਾਏ ਜਾ ਰਹੇ ਹਨ ਤੇ ਗਾਇਕ ਗੋਲੀਆਂ ਨਾਲ ਉਡਾਏ ਜਾ ਰਹੇ ਹਨ। ਕੀ ਦੁਨੀਆ ਦੀ ਕੋਈ ਆਵਾਜ਼ ਇਸ ਸੁਰ ਸੰਗੀਤ ਦੀ ਦੁਨੀਆ ਨੂੰ ਬਚਾਉਣ ਲਈ ਤਾਲਿਬਾਨੀ ਫਤਵੇ ਦੇ ਵਿਰੁੱਧ ਆਵਾਜ਼ ਉਠਾਏਗੀ। ਇਰਾਨ ’ਚ ਰਹਿੰਦੇ ਗਾਇਕ ਤੇ ਸੰਗੀਤਕਾਰ ਫਿਆਜ਼ ਨੂੰ ਜਦੋਂ ਮੈਂ ਫੋਨ ’ਤੇ ਪੁੱਛਿਆ ਤਾਂ ਉਸ ਨੇ ਆਪਣੀ ਨਵੀਂ ਗ਼ਜ਼ਲ ਦਾ ਅਰਥ ਦੱਸਦਿਆਂ ਕਿਹਾ:
ਹੁਣ ਧੂੰਆਂ ਹੀ ਧੂੰਆਂ ਹੈ ਮੇਰੇ ਚਾਰੇ ਪਾਸੇ
ਹੁਣ ਸੁੰਨ ਪਸਰੀ, ਚੁੱਪ ਹੈ ਧਾਨ ਦੇ ਖੇਤਾਂ ’ਚ
ਹੁਣ ਬਾਰੂਦ ਹੈ ਫ਼ਸਲਾਂ ਦੇ ਬੀਜਾਂ ’ਚ
ਮੌਤ ਦੀ ਫ਼ਸਲ ਬੀਜ ਰਹੇ ਹਾਂ
ਅਸੀਂ
ਇਨ੍ਹਾਂ ਦਿਨੀਂ ਆਪਣੀ ਸਵਰਗ
ਵਰਗੀ ਧਰਤੀ ’ਚ…।
ਸੰਗੀਤਕਾਰਾਂ ਤੇ ਗਾਇਕਾਂ ਲਈ ਹੁਣ ਅਫ਼ਗਾਨਿਸਤਾਨ ’ਚ ਕੋਈ ਥਾਂ ਨਹੀਂ ਹੈ ਕਿਉਂਕਿ ਹੁਣ ਮੌਤ ਦਾ ਤਾਂਡਵ ਹੈ। ਪਿਛਲੇ ਦਿਨਾਂ ਵਿੱਚ ਅਫ਼ਗਾਨਿਸਤਾਨ ਵਿੱਚ ਗੀਤ- ਸੰਗੀਤ ਦੇ ਪ੍ਰਸਿੱਧ ਕਲਾਕਾਰਾਂ ਨੂੰ ਚੁਣ-ਚੁਣ ਕੇ ਮਾਰਿਆ ਜਾ ਰਿਹਾ ਹੈ। ਔਰਤ ਗਾਇਕਾਂ ਦੀ ਸਥਿਤੀ ਤਾਂ ਹੋਰ ਵੀ ਖ਼ਰਾਬ ਹੈ। ਵਰਤਮਾਨ ’ਚ 40 ਤੋਂ ਜ਼ਿਆਦਾ ਗਾਇਕ ਤੇ ਸੰਗੀਤਕਾਰਾਂ ਦੀ ਅਣਕਿਆਸੀ ਮੌਤ ਤੋਂ ਬਾਅਦ ਅਫ਼ਗਾਨ ਸੰਗੀਤਕਾਰ ਕਾਬੁਲ ਤੇ ਦੂਸਰੇ ਸ਼ਹਿਰਾਂ ’ਚ ਚਲੇ ਗਏ ਹਨ ਜਾਂ ਛੁਪ ਕੇ ਜ਼ਿੰਦਗੀ ਬਿਤਾ ਰਹੇ ਹਨ। ਉੱਥੇ ਰਿਕਾਰਡਿੰਗ ਸਟੂਡੀਓ ਬੰਦ ਪਏ ਹਨ। ਸੰਗੀਤਕ ਸਾਜ਼ ਜਲਾਏ ਜਾ ਰਹੇ ਹਨ। ਕਿਹਾ ਜਾਂਦਾ ਹੈ ਕਿ ਜਿਸ ਦੇਸ਼ ਨੂੰ ਖ਼ਤਮ ਕਰਨਾ ਹੋਵੇ, ਉਸ ਦੀ ਜ਼ੁਬਾਨ, ਸੱਭਿਆਚਾਰ, ਗੀਤ-ਸੰਗੀਤ ਖੋਹ ਲਵੋ, ਉੱਥੇ ਜ਼ਿੰਦਗੀ ਖ਼ਤਮ ਹੋ ਜਾਵੇਗੀ। ਅੱਜ ਅਫ਼ਗਾਨੀ ਧਰਤੀ ’ਤੇ ਇਹ ਹੀ ਸਭ ਕੁਝ ਵਾਪਰ ਰਿਹਾ ਹੈ। ਅਸੀਂ ਸਾਰੇ ਬੇਵੱਸ ਹੋ ਕੇ ਅਫ਼ਗਾਨ ਸੰਗੀਤ ਨੂੰ ਖਾਮੋਸ਼ ਹੁੰਦੇ ਦੇਖ ਰਹੇ ਹਾਂ।
*ਲੇਖਕ, ਉੱਘੇ ਮੀਡੀਆ ਬ੍ਰਾਡਕਾਸਟਰ ਤੇ ਦੂਰਦਰਸ਼ਨ ਦੇ ਸਾਬਕਾ ਮਹਾਂਨਿਰਦੇਸ਼ਕ ਹਨ।
ਸੰਪਰਕ: 94787-30156