ਮੁੰਬਈ: ‘ਬਧਾਈ ਦੋ’ ਦੀ ਅਦਾਕਾਰਾ ਭੂਮੀ ਪੇਡਨੇਕਰ ਦੀ ਨਵੀਂ ਆ ਰਹੀ ਫਿਲਮ ‘ਭਕਸ਼ਕ’ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ। ਇਹ ਜਾਣਕਾਰੀ ਫਿਲਮ ਦੇ ਨਿਰਮਾਤਾਵਾਂ ਵੱਲੋਂ ਅੱਜ ਸਾਂਝੀ ਕੀਤੀ ਗਈ। ਬਿਹਾਰ ਦੀ ਪਿੱਠਭੂਮੀ ’ਤੇ ਆਧਾਰਿਤ ਇਹ ਫਿਲਮ ਔਰਤਾਂ ਖ਼ਿਲਾਫ਼ ਹੋਣ ਵਾਲੇ ਜੁਰਮਾਂ ਦੀ ਸੱਚੀ ਕਹਾਣੀ ਬਿਆਨਦੀ ਹੈ। ਫਿਲਮ ਵਿੱਚ ਇੱਕ ਅਤਿ ਘਿਣਾਉਣੇ ਜੁਰਮ ਦਾ ਪਰਦਾਫਾਸ਼ ਕਰਨ ਲਈ ਇੱਕ ਔਰਤ ਵੱਲੋਂ ਕੀਤੀ ਗਈ ਜੀਅ ਤੋੜ ਮਿਹਨਤ ਨੂੰ ਦਰਸਾਇਆ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ‘ਬੋਸ: ਡੈੱਡ ਔਰ ਅਲਾਈਵ’ ਦੇ ਨਿਰਦੇਸ਼ਕ ਪੁਲਕਿਤ ਵੱਲੋਂ ਕੀਤਾ ਗਿਆ ਹੈ। ਫਿਲਮ ਦੀ ਕਹਾਣੀ ਵੀ ਪੁਲਕਿਤ ਤੇ ਜਯੋਤਿਸਨਾ ਨਾਥ ਨੇ ਮਿਲ ਕੇ ਲਿਖੀ ਹੈ। ਫਿਲਮ ਦਾ ਨਿਰਮਾਣ ਸ਼ਾਹਰੁਖ ਖ਼ਾਨ ਦੇ ਪ੍ਰੋਡਕਸ਼ਨ ਬੈਨਰ ‘ਰੈੱਡ ਚਿਲੀ ਐਂਟਰਟੇਨਮੈਂਟ’ ਹੇਠ ਕੀਤਾ ਗਿਆ ਹੈ। ਪ੍ਰੋਡਕਸ਼ਨ ਹਾਊਸ ਵੱਲੋਂ ਸ਼ੂਟਿੰਗ ਦੀ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ ਰਾਹੀਂ ਸਾਂਝੀ ਕੀਤੀ ਗਈ। ਇਸ ਸੰਦੇਸ਼ ਵਿੱਚ ਲਿਖਿਆ ਹੈ, ‘ਟੀਮ ‘ਭਕਸ਼ਕ’ ਵੱਲੋਂ ਕੰਮ ਖਤਮ। 39 ਦਿਨਾਂ ਦਾ ਸ਼ਡਿਊਲ। ਤੁਹਾਡੇ ਤੱਕ ਲਿਆ ਰਹੇ ਹਾਂ, ਔਰਤਾਂ ਖ਼ਿਲਾਫ਼ ਹੋਣ ਵਾਲੇ ਅਤਿ ਘਿਣਾਉਣੇ ਜੁਰਮ ਅਤੇ ਉਸ ਖ਼ਿਲਾਫ਼ ਇਨਸਾਫ਼ ਦੀ ਪ੍ਰਾਪਤੀ ਲਈ ਲੜੀ ਗਈ ਲੜਾਈ ਦੀ ਕਹਾਣੀ।’ -ਪੀਟੀਆਈ