ਮਨਦੀਪ ਸਿੰਘ ਸਿੱਧੂ
ਸਿਨੇ ਪੰਜਾਬੀ
ਯਾਦਾਂ ਤੇ ਯਾਦਗਾਰਾਂ
ਪੰਜਾਬੀ ਤੇ ਹਿੰਦੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਸਤੀਸ਼ ਛਾਬੜਾ ਦੀ ਪੈਦਾਇਸ਼ 29 ਸਤੰਬਰ 1918 ਨੂੂੰ ਕਾਂਗੜਾ, ਪੰਜਾਬ (ਹੁਣ ਹਿਮਾਚਲ ਪ੍ਰਦੇਸ਼ ਦਾ ਜ਼ਿਲ੍ਹਾ) ਦੇ ਪੰਜਾਬੀ ਖੱਤਰੀ ਪਰਿਵਾਰ ਵਿਚ ਹੋਈ। ਇਨ੍ਹਾਂ ਦਾ ਅਸਲੀ ਨਾਮ ਪ੍ਰਿਥਵੀ ਰਾਜ ਛਾਬੜਾ ਸੀ। ਫ਼ਿਲਮੀ ਦੁਨੀਆਂ ’ਚ ਪਹਿਲਾਂ ਸਤੀਸ਼ ਅਤੇ ਫਿਰ ਸਤੀਸ਼ ਛਾਬੜਾ ਦੇ ਨਾਮ ਨਾਲ ਮਸ਼ਹੂਰ ਹੋਏ। ਇਨ੍ਹਾਂ ਨੇ ਬੀ. ਏ. ਤਕ ਤਾਲੀਮ ਲਾਹੌਰ ਤੋਂ ਹਾਸਲ ਕੀਤੀ। ਸਤੀਸ਼ ਇਕ ਵਧੀਆ ਸ਼ਾਇਰ ਹੋਣ ਦੇ ਨਾਲ-ਨਾਲ ਹਾਕੀ, ਕ੍ਰਿਕਟ ਅਤੇ ਟੈਨਿਸ ਦੇ ਚੰਗੇ ਖਿਡਾਰੀ ਅਤੇ ਗਾਉਣ ਦੇ ਵੀ ਸ਼ੌਕੀਨ ਸਨ।
10 ਅਗਸਤ 1938 ਨੂੰ ਨੁਮਾਇਆਂ ਫ਼ਿਲਮਸਾਜ਼ ਅਤੇ ਹਿਦਾਇਤਕਾਰ ਮਹਬਿੂਬ ਖ਼ਾਨ ਨਵੇਂ ਚਿਹਰਿਆਂ ਦੀ ਤਲਾਸ਼ ’ਚ ਲਾਹੌਰ ਆਏ। ਉੱਥੇ ਉਨ੍ਹਾਂ ਦੀ ਮੁਲਾਕਾਤ ਪੰਜਾਬੀ ਗੱਭਰੂ ਪ੍ਰਿਥਵੀ ਰਾਜ ਛਾਬੜਾ ਨਾਲ ਹੋਈ ਜੋ ਨਾ ਕੇਵਲ ਖ਼ੂਬਸੂਰਤ ਚਿਹਰਾ ਸੀ ਬਲਕਿ ਸੁਰੀਲਾ ਗਾਉਂਦਾ ਵੀ ਸੀ। ਮਹਬਿੂਬ ਖ਼ਾਨ ਨੇ ਪ੍ਰਿਥਵੀ ਰਾਜ ਛਾਬੜਾ ਨੂੰ ‘ਸਤੀਸ਼’ ਦਾ ਨਾਮ ਦਿੱਤਾ ਤੇ ਕਿਹਾ ਕਿ ਬੰਬਈ ਪਹੁੰਚ ਕੇ ਸਾਗਰ ਮੂਵੀਟੋਨ ਵਿਚ ਚਲੇ ਜਾਓ। ਉਨ੍ਹਾਂ ਦੇ ਮਸ਼ਵਰੇ ’ਤੇ ਅਮਲ ਕਰਦਿਆਂ 1938 ਨੂੰ ਪ੍ਰਿਥਵੀ ਰਾਜ ਬੰਬਈ ਟੁਰ ਗਿਆ। ਕੁਝ ਸਮਾਂ ਸਾਗਰ ਮੂਵੀਟੋਨ ਵਿਚ ਕੰਮ ਕਰਨ ਤੋਂ ਬਾਅਦ ਨੈਸ਼ਨਲ ਸਟੂਡੀਓ, ਅਮਰ ਪਿਕਚਰਜ਼, ਸੁਦਰਸ਼ਨ, ਏਸ਼ਿਆਟਿਕ, ਡੀ. ਆਰ. ਡੀ., ਯੂਨਾਈਟਿਡ ਆਰਟਿਸਟ ਅਤੇ ਰਾਜਾ ਮੂਵੀਟੋਨ ਵਿਚ ਕੰਮ ਕਰਦੇ ਰਹੇ।
ਸਤੀਸ਼ ਦੇ ਨਾਮ ਨਾਲ ਪ੍ਰਿਥਵੀ ਰਾਜ ਛਾਬੜਾ ਦੀ ਪਹਿਲੀ ਹਿੰਦੀ ਫ਼ਿਲਮ ਸਾਗਰ ਮੂਵੀਟੋਨ, ਬੰਬਈ ਦੀ ਯਾਕੂਬ ਖ਼ਾਨ ਨਿਰਦੇਸ਼ਿਤ ‘ਉਸਕੀ ਤਮੰਨਾ’ ਉਰਫ਼ ‘ਹਰ ਲਾਸਟ ਡਿਜ਼ਾਇਰ’ (1939) ਸੀ। ਇਸ ਫ਼ਿਲਮ ਵਿਚ ਸਤੀਸ਼ ਨੇ ਮਾਯਾ ਬੈਨਰਜੀ ਨਾਲ ਹੀਰੋ ਦਾ ਕਿਰਦਾਰ ਨਿਭਾਇਆ। ਫ਼ਿਲਮ ਦੇ 8 ਗੀਤ ਪੰਡਤ ਇੰਦਰ ਅਤੇ ਮੌਸੀਕੀ ਅਨੁਪਮ ਘਟਕ ਨੇ ਮੁਰੱਤਬਿ ਕੀਤੀ ਸੀ। ਨੈਸ਼ਨਲ ਸਟੂਡੀਓ, ਬੰਬਈ ਦੀ ਏ. ਆਰ. ਕਾਰਦਾਰ ਨਿਰਦੇਸ਼ਿਤ ਫ਼ਿਲਮ ‘ਪੂਜਾ’ (1940) ਵਿਚ ਸਤੀਸ਼ ਨੇ ‘ਤੁਲਸੀ’ ਦਾ ਸੋਹਣਾ ਕਿਰਦਾਰ ਨਿਭਾਇਆ। ਫ਼ਿਲਮ ਦੀ ਕਹਾਣੀ ਤੇ ਮੁਕਾਲਮੇ ਐੱਮ. ਸਾਦਿਕ, ਗੀਤ ਸ਼ਾਤਰ ਗ਼ਜ਼ਨਵੀ ਅਤੇ ਸੰਗੀਤ ਅਨਿਲ ਬਿਸਵਾਸ ਨੇ ਮੁਰੱਤਬਿ ਕੀਤਾ ਸੀ। ਇਹ ਫ਼ਿਲਮ ਪਾਥੇ ਸਿਨਮਾ ਵਿਚ 28 ਦਸੰਬਰ 1940 ਨੂੰ ਨੁਮਾਇਸ਼ ਹੋਈ। ਨੈਸ਼ਨਲ ਸਟੂਡੀਓਜ਼ ਦੀ ਹੀ ਰਾਮ ਚੰਦਰ ਨਿਰਦੇਸ਼ਿਤ ਫ਼ਿਲਮ ‘ਕਸੌਟੀ’ (1941) ਵਿਚ ਉਸਨੇ ਅਦਾਕਾਰਾ ਵੀਨਾ ਨਾਲ ਦੂਜੇ ਹੀਰੋ ਦਾ ਰੋਲ ਅਦਾ ਕੀਤਾ। ਸੁਦਰਸ਼ਨ ਪਿਕਚਰਜ਼, ਬੰਬਈ ਦੀ ਦਵਾਰਕਾ ਖੋਸਲਾ ਨਿਰਦੇਸ਼ਿਤ ‘ਸੱਜਣ’ (1941) ’ਚ ਉਸਨੇ ਹੁਸਨ ਬਾਨੋ ਨਾਲ ਹੀਰੋ ਦਾ ਪਾਰਟ ਅਦਾ ਕੀਤਾ। ਨੈਸ਼ਨਲ ਸਟੂਡੀਓਜ਼ ਲਿਮਟਿਡ, ਬੰਬਈ ਦੀ ਹੀ ਵੀਰੇਂਦਰ ਸੀ. ਦੇਸਾਈ ਨਿਰਦੇਸ਼ਿਤ ਫ਼ਿਲਮ ‘ਨਿਰਦੋਸ਼’ (1941) ਵਿਚ ਊਸਨੇ ਸਾਥੀ ਅਦਾਕਾਰ ਦਾ ਪਾਤਰ ਅਦਾ ਕੀਤਾ।
ਅਮਰ ਪਿਕਚਰਜ਼, ਬੰਬਈ ਦੀ ਆਰ. ਐੱਸ. ਚੌਧਰੀ ਦੀ ਨਿਰਦੇਸ਼ਿਤ ਫ਼ਿਲਮ ‘ਆਂਖ ਮਿਚੌਲੀ’ (1942) ਵਿਚ ਨਲਿਨੀ ਜਯਵੰਤ ਨਾਲ ਹੀਰੋ ਦਾ ਕਿਰਦਾਰ ਨਿਭਾਇਆ। ਅਮਰ ਪਿਕਚਰਜ਼, ਬੰਬਈ ਦੀ ਸਰਵੋਤਮ ਬਾਦਾਮੀ ਨਿਰਦੇਸ਼ਿਤ ਫ਼ਿਲਮ ‘ਖਿਲੌਨਾ’ ਉਰਫ਼ ‘ਦਿ ਟੁਆਏ’ (1942) ’ਚ ਸਤੀਸ਼ ਨੇ ਸਨੇਹਪ੍ਰਭਾ ਤੇ ਪੀ. ਜਯਰਾਜ ਨਾਲ ਸਹਾਇਕ ਹੀਰੋ ਦਾ ਕਿਰਦਾਰ ਨਿਭਾਇਆ। ਏਸ਼ਿਆਟਿਕ ਪਿਕਚਰਜ਼, ਬੰਬਈ ਦੀ ਮਜ਼ਹਰ ਖ਼ਾਨ ਨਿਰਦੇਸ਼ਿਤ ਫ਼ਿਲਮ ‘ਯਾਦ’ (1942) ਵਿਚ ਉਸਨੇ ਅਦਾਕਾਰਾ ਵੀਨਾ ਉਰਫ਼ ਤਜੌਰ ਸੁਲਤਾਨਾ ਨਾਲ ਹੀਰੋ ਦਾ ਪਾਰਟ ਯਾਨੀ ਇਕ ‘ਮਜਨੂੰ’ ‘ਟਾਂਗੇ ਵਾਲੇ ਦੀ ਭੂਮਿਕਾ ਨੂੰ ਬੜੀ ਉਮਦਗੀ ਨਾਲ ਅਦਾ ਕੀਤਾ। ਇਸ ਵਿਚ ਸਤੀਸ਼ ਤੇ ਵੀਨਾ ’ਤੇ ਫ਼ਿਲਮਾਇਆ ਗੀਤ ‘ਯਾਦ ਜਬ ਬੈਚੇਨ ਕਰਤੀ ਹੈ ਚਲੇ ਆਤੇ ਹੈਂ ਹਮ’ (ਜੀ. ਐੱਮ. ਦੁੱਰਾਨੀ, ਰਾਜਕੁਮਾਰੀ) ਵੀ ਖ਼ੂਬ ਚੱਲਿਆ। ਹਾਲਾਂਕਿ ਸਤੀਸ਼ ਨੂੰ ਬੰਬੇ ਫ਼ਿਲਮ ਜਗਤ ਵਿਚ ਬਿਹਤਰੀਨ ਅਦਾਕਾਰੀ ਸਦਕਾ ਵੱਡੇ ਪੈਮਾਨੇ ’ਤੇ ਕੁਝ ਵੱਡੀਆਂ ਪੇਸ਼ਕਸ਼ਾਂ ਮਿਲ ਰਹੀਆਂ ਸਨ ਅਤੇ ਇਹੋ ਜਿਹੇ ਹੀ ਸੱਦੇ ਉਸ ਨੂੰ ਲਾਹੌਰ (ਪੰਜਾਬ) ਵਿਚੋਂ ਵੀ ਆ ਰਹੇ ਸਨ।
ਯੂਨਾਈਟਿਡ ਫ਼ਿਲਮਜ਼, ਬੰਬਈ ਦੀ ਐੱਸ. ਖਲੀਲ ਨਿਰਦੇਸ਼ਿਤ ਫ਼ਿਲਮ ‘ਨਈ ਜ਼ਿੰਦਗੀ’ ਉਰਫ਼ ‘ਘਰੌਂਦਾ’ (1943) ਵਿਚ ਊਸਨੇ ਅਦਾਕਾਰਾ ਨਜਮਾ ਨਾਲ ਹੀਰੋ ਦਾ ਰੋਲ ਕੀਤਾ। ਡੀ. ਆਰ. ਡੀ. ਪ੍ਰੋਡਕਸ਼ਨਜ਼, ਬੰਬਈ ਦੀ ਜੇ. ਕੇ. ਨੰਦਾ (ਜਯ ਕਿਸ਼ਨ ਨੰਦਾ) ਨਿਰਦੇਸ਼ਿਤ ਫ਼ਿਲਮ ‘ਇਸ਼ਾਰਾ’ (1943) ਵਿਚ ਦੂਜੇ ਹੀਰੋ ਵਜੋਂ ਸਤੀਸ਼ ਨੂੰ ਅਦਾਕਾਰਾ, ਗੁਲੂਕਾਰਾ ਸੁਰੱਈਆ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫ਼ਿਲਮ ਵਿਚ ਸਤੀਸ਼ ਨੇ ਸੁਰੱਈਆ ਨਾਲ ਇਕ ਰੁਮਾਨੀ ਗੀਤ ‘ਬਾਗੋਂ ਮੇਂ ਕੋਇਲ ਬੋਲੀ ਮੇਰੇ ਦਿਲ ਕੀ ਦੁਨੀਆ ਡੋਲੀ’ ਫ਼ਿਲਮਾਇਆ ਗਿਆ ਜੋ ਹਿੱਟ ਗੀਤ ਸੀ। ਇਹ ਫ਼ਿਲਮ ਮੁਕੰਮਲ ਹੁੰਦਿਆਂ ਹੀ ਸਤੀਸ਼ ਨੂੰ ਲਾਹੌਰ ਸੱਦਿਆ ਗਿਆ।
ਸਤੀਸ਼ ਛਾਬੜਾ ਦੀ ਪਹਿਲੀ ਪੰਜਾਬੀ ਫ਼ਿਲਮ ਸ਼ੋਰੀ ਪਿਕਚਰਜ਼, ਲਾਹੌਰ ਦੀ ਰੂਪ ਕੇ. ਸ਼ੋਰੀ (ਸਹਾਇਕ ਰਾਣਾ ਬਸ਼ੀਰ ਸ਼ਫ਼ਕਤ) ਨਿਰਦੇਸ਼ਿਤ ‘ਕੋਇਲ’ (1944) ਸੀ। ਫ਼ਿਲਮ ਵਿਚ ਸਤੀਸ਼ ਨੇ ‘ਪੋਸਟ ਮਾਸਟਰ’ ਦਾ ਸੋਹਣਾ ਪਾਰਟ ਨਿਭਾਇਆ, ਜਿਸ ਦੇ ਰੂਬਰੂ ਲਾਹੌਰ ਦੀ ਹੁਸੀਨ ਪੰਜਾਬਣ ਮੁਟਿਆਰ ਮਨੋਰਮਾ ‘ਪਾਰੋ’ ਦਾ ਕਿਰਦਾਰ ਨਿਭਾ ਰਹੀ ਸੀ। ਪੰਡਤ ਅਮਰਨਾਥ ਦੀ ਪੁਰਅਸਰ ਮੌਸੀਕੀ ਵਿਚ ਤਾਮੀਰ ਇਸ ਫ਼ਿਲਮ ਦੇ ਗੀਤ ‘ਬੋਲੀ ਜਾ…ਕੂ ਕੂ ਨੀਂ ਕਾਲੀਏ ਕੋਇਲੇ’, ‘ਮੁੰਡਿਆ ਨੂੰ ਸਮਝਾ ਇਸ ਗਲੀ ਦਿਆ ਹਾਕਮਾ’, ‘ਨੀਂ ਜੀਹਦਾ ਮਿਲ ਮਿਹਣਾ ਉਹਦੀ ਬਾਂਹ ਫੜ੍ਹੀਏ’, ‘ਸੁਣ ਵੇ ਰਾਹੀਆ ਜਾਂਦਿਆ ਐਨੀ ਗੱਲ ਸਮਝਾ’, ‘ਝੱਲਾਂ ਪੱਖੀ ਤੇ ਲੱਗੇ ਠੰਢੀ ਵਾ ਮੌਸਮ ਗਰਮੀ ਦਾ’, ‘ਹੌਲੇ-ਹੌਲੇ ਕੂਕ ਨੀਂ ਤੂੰ ਕਾਲੀਏ ਕੋਇਲੇ’ (ਜ਼ੀਨਤ ਬੇਗ਼ਮ) ਆਦਿ ਆਵਾਮ ਨੇ ਬੜੇ ਪਸੰਦ ਕੀਤੇ। ਇਹ ਫ਼ਿਲਮ 24 ਨਵੰਬਰ 1944 ਨੂੰ ਵਾਲਿੰਗਟਨ, ਟਾਕੀਜ਼, ਲਾਹੌਰ ਵਿਖੇ ਰਿਲੀਜ਼ ਹੋਈ।
ਕਾਰਵਾਂ ਪਿਕਚਰਜ਼, ਬੰਬਈ ਦੀ ਕੇ. ਡੀ. ਮਹਿਰਾ ਨਿਰਦੇਸ਼ਿਤ ਫ਼ਿਲਮ ‘ਭਾਈ’ (1944) ’ਚ ਉਸਨੇ ਅਦਾਕਾਰਾ ਮਨੋਰਮਾ ਨਾਲ ਹੀਰੋ ਦਾ ਪਾਰਟ ਨਿਭਾਇਆ। ਸੰਗੀਤ ਭਾਈ ਗ਼ੁਲਾਮ ਹੈਦਰ, ਸ਼ਿਆਮ ਸੁੰਦਰ ਅਤੇ 8 ਗੀਤ ਗੀਤ ਖ਼ਾਨ ਸ਼ਾਤਰ ਗ਼ਜ਼ਨਵੀ ਨੇ ਲਿਖੇ। ਤਲਵਾਰ ਪ੍ਰੋਡਕਸ਼ਨਜ਼, ਕਲਕੱਤਾ ਦੀ ਆਰ. ਸੀ. ਤਲਵਾਰ ਨਿਰਦੇਸ਼ਿਤ ਫ਼ਿਲਮ ‘ਅਲਬੇਲੀ’ (1945) ਵਿਚ ਸਤੀਸ਼ ਨੇ ਅਦਾਕਾਰਾ ਰਮੋਲਾ ਨਾਲ ਹੀਰੋ ਦਾ ਰੋਲ ਕੀਤਾ ਸੀ। ਇਹ ਫ਼ਿਲਮ 22 ਦਸੰਬਰ 1945 ਨੂੰ ਸੈਂਟਰਲ ਸਿਨਮਾ, ਬੰਬਈ ਵਿਖੇ ਨੁਮਾਇਸ਼ ਹੋਈ। ਚਿੱਤਰਾ ਪ੍ਰੋਡਕਸ਼ਨਜ਼, ਲਾਹੌਰ ਦੀ ਜੇ. ਕੇ. ਨੰਦਾ ਨਿਰਦੇਸ਼ਿਤ ਫ਼ਿਲਮ ‘ਝੁਮਕੇ’ (1945) ’ਚ ਉਸਨੇ ਸਹਾਇਕ ਹੀਰੋ ਦਾ ਪਾਤਰ ਅਦਾ ਕੀਤਾ। ਇਹ ਫ਼ਿਲਮ 22 ਜੂਨ 1946 ਨਿਊ ਵੈਸਟ ਐਂਡ ਸਿਨਮਾ, ਬੰਬਈ ਵਿਖੇ ਰਿਲੀਜ਼ ਹੋਈ। ਇਹ ਸਿਨਮਾ ਦਾ ਉਹ ਵੇਲਾ ਸੀ ਜਦੋਂ ਫ਼ਿਲਮਬੀਨਾਂ ’ਤੇ ਸਤੀਸ਼ ਛਾਬੜਾ ਦੀ ਅਦਾਕਾਰੀ ਦਾ ਜਾਦੂ ਛਾਇਆ ਹੋਇਆ ਸੀ। 1947 ਵਿਚ ਦੇਸ਼ ਦੀ ਵੰਡ ਹੋ ਗਈ ਅਤੇ ਸਤੀਸ਼ ਪੱਕੇ ਤੌਰ ’ਤੇ ਲਾਹੌਰ ਛੱਡ ਬੰਬਈ ਆਣ ਵੱਸਿਆ। ਬੇਸ਼ੱਕ ਇਨ੍ਹਾਂ ਦੀਆਂ ਬਹੁਤੀਆਂ ਫ਼ਿਲਮਾਂ ਕਾਮਯਾਬ ਨਹੀਂ ਹੋਈਆਂ, ਪਰ ‘ਖਿਲੌਨਾ’, ‘ਨਿਰਦੋਸ਼’ ਅਤੇ ‘ਕਸੌਟੀ’ ਫ਼ਿਲਮਾਂ ਬੜੀਆਂ ਪਸੰਦ ਕੀਤੀਆਂ ਗਈਆਂ।
ਦੇਸ਼ ਵੰਡ ਤੋਂ ਬਾਅਦ ਬਤੌਰ ਚਰਿੱਤਰ ਅਦਾਕਾਰ ਉਸਦੀ ਦੂਜੀ ਪੰਜਾਬੀ ਫ਼ਿਲਮ ਨਿਗਾਰਸਤਾਨ (ਇੰਡੀਆ) ਫ਼ਿਲਮਜ਼, ਬੰਬੇ ਦੀ ਰਾਜਿੰਦਰ ਸ਼ਰਮਾ ਨਿਰਦੇਸ਼ਤ ‘ਜੁਗਨੀ’ (1953) ਸੀ। ਫ਼ਿਲਮਸਾਜ਼ ਤੇ ਕਹਾਣੀਨਵੀਸ ਮੁਲਕਰਾਜ ਭਾਖੜੀ, ਸੰਗੀਤ ਹੰਸਰਾਜ ਬਹਿਲ, ਗੀਤ ਵਰਮਾ ਮਲਿਕ ਨੇ ਤਹਿਰੀਰ ਕੀਤੇ ਸਨ। ਫ਼ਿਲਮ ਵਿਚ ਸਤੀਸ਼ ਛਾਬੜਾ ਨੇ ਫ਼ਿਲਮ ਦੇ ਹੀਰੋ ਸੁੰਦਰ ਦੇ ਪਿਤਾ ‘ਲਾਲਾ ਹਵੇਲੀ ਰਾਮ’ ਦਾ ਪਾਰਟ ਅਦਾ ਕੀਤਾ। ਇਹ ਫ਼ਿਲਮ 28 ਜਨਵਰੀ 1955 ਨੂੰ ਸਿਟੀਲਾਈਟ ਸਿਨਮਾ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਗੋਲਡਨ ਮੂਵੀਜ਼, ਬੰਬੇ ਦੀ ਜੁਗਲ ਕਿਸ਼ੋਰ (ਸਹਾਇਕ ਹੈਨਰੀ ਜੂਲੀਅਸ) ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਭੰਗੜਾ’ (1959) ਸੀ। ਬੰਬਈ ਦੇ ਪ੍ਰਕਾਸ਼ ਸਟੂਡੀਓ ’ਚ ਬਣੀ ਇਸ ਫ਼ਿਲਮ ਦੇ ਫ਼ਿਲਮਸਾਜ਼ ਤੇ ਕਹਾਣੀਨਵੀਸ ਮੁਲਕਰਾਜ ਭਾਖੜੀ, ਸੰਗੀਤ ਹੰਸਰਾਜ ਬਹਿਲ ਤੇ ਨਗ਼ਮਾਨਿਗਾਰ ਵਰਮਾ ਮਲਿਕ ਸਨ। ਫ਼ਿਲਮ ਵਿਚ ਸਤੀਸ਼ ਛਾਬੜਾ ਨੇ ਇਕ ਵਾਰ ਫਿਰ ਸੁੰਦਰ ਦੇ ਪਿਓ ‘ਲਾਲਾ ਕੌਡੇ ਸ਼ਾਹ’ ਦਾ ਚਰਿੱਤਰ ਕਿਰਦਾਰ ਅਦਾ ਕੀਤਾ, ਜਿਨ੍ਹਾਂ ਦੀ ਗੋਪਾਲ ਸਹਿਗਲ ਤੇ ਖ਼ਰੈਤੀ ਭੈਂਗਾ ਨਾਲ ਸੰਵਾਦ ਅਦਾਇਗੀ ਨੇ ਖ਼ੂਬ ਹਾਸਾ ਪੈਦਾ ਕੀਤਾ। ਗੋਲਡਨ ਮੂਵੀਜ਼, ਬੰਬੇ ਦੀ ਜੁਗਲ ਕਿਸ਼ੋਰ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਦੋ ਲੱਛੀਆਂ’ (1960) ਵਿਚ ਉਸਨੇ ਦੂਜੇ ਹੀਰੋ ‘ਲੱਭੂ ਸ਼ਾਹ’ ਦਾ ਨਾਕਾਰਾਤਮਕ ਰੋਲ ਨਿਭਾਇਆ। ਹੰਸਰਾਜ ਬਹਿਲ ਦੇ ਸੰਗੀਤ ਵਿਚ ਵਰਮਾ ਮਲਿਕ ਦੇ ਲਿਖੇ ਤਿੰਨ ਗੀਤ ਸਤੀਸ਼ ਛਾਬੜਾ ਤੇ ਕ੍ਰਿਸ਼ਨਾ ਕੁਮਾਰੀ ’ਤੇ ਫ਼ਿਲਮਾਏ ਗਏ ‘ਹਾਏ ਨੀਂ ਮੇਰਾ ਬਾਲਮ ਹੈ ਬੜਾ ਜ਼ਾਲਿਮ’, ‘ਭਾਵੇਂ ਬੋਲ ਤੇ ਭਾਵੇਂ ਨਾ ਬੋਲ’ (ਸ਼ਮਸ਼ਾਦ ਬੇਗ਼ਮ) ਤੇ ਇਕ ਭੰਗੜਾ ਗੀਤ ‘ਹੋਏ ਗੋਰਾ ਰੰਗ ਨਾ ਹੋ ਜਾਵੇ ਕਾਲਾ ਧੁੱਪੇ ਨਾ ਪਕਾਈਂ ਰੋਟੀਆਂ’ (ਮੁਹੰਮਦ ਰਫ਼ੀ, ਸ਼ਮਸ਼ਾਦ ਬੇਗ਼ਮ) ਜੋ ਇਨ੍ਹਾਂ ਦੋਵਾਂ ਦੇ ਨਾਲ ਹੀਰੋ ਦਲਜੀਤ ਤੇ ਇੰਦਰਾ ਬਿੱਲੀ ’ਤੇ ਵੀ ਫ਼ਿਲਮਾਇਆ ਗਿਆ ਸੀ। ਫ਼ਿਲਮਸਾਜ਼ ਤੇ ਕਹਾਣੀਨਵੀਸ ਮੁਲਕਰਾਜ ਭਾਖੜੀ ਸਨ। ਇਹ ਫ਼ਿਲਮ 23 ਦਸੰਬਰ 1960 ਨੂੰ ਇੰਦਰ ਪੈਲੇਸ, ਅੰਮ੍ਰਿਤਸਰ ’ਚ ਪਰਦਾਪੇਸ਼ ਹੋਈ। ਸੰਗੀਤ ਪਿਕਚਰਜ਼, ਬੰਬੇ ਦੀ ਮਨੋਹਰ ਦੀਪਕ ਦੀ ਫ਼ਿਲਮਸਾਜ਼ੀ ਅਤੇ ਜੁਗਲ ਕਿਸ਼ੋਰ ਦੀ ਹਿਦਾਇਤਕਾਰੀ ਵਿਚ ਬਣੀ ‘ਖੇਡਣ ਦੇ ਦਿਨ ਚਾਰ’ (1962) ਵਿਚ ਉਸਨੇ ਪਿੰਡ ਦੇ ‘ਜਾਗੀਰਦਾਰ’ ਦਾ ਨਾਕਾਰਾਤਮਕ ਕਿਰਦਾਰ ਅਦਾ ਕੀਤਾ। ਵੰਡ ਦੇ ਮੌਜ਼ੂ ’ਤੇ ਬਣੀ ਇਸ ਫ਼ਿਲਮ ਦੇ ਹੀਰੋ ਮਨੋਹਰ ਦੀਪਕ ਸੁਨਾਮੀ ਤੇ ਹੀਰੋਇਨ ਇੰਦਰਾ ਬਿੱਲੀ ਸੀ। ਇਹ ਫ਼ਿਲਮ 2 ਨਵੰਬਰ 1962 ਨੂੰ ਇੰਦਰ ਪੈਲੇਸ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਫ਼ਿਲਮਸਾਜ਼ ਕ੍ਰਿਸ਼ਨ ਲਾਲ ਵਰਮਾ ਦੇ ਜ਼ਾਤੀ ਬੈਨਰ ਵਰਮਾ ਇੰਟਰਨੈਸ਼ਨਲ ਪਿਕਚਰਜ਼, ਬੰਬੇ ਦੀ ਪੰਜਾਬੀ ਫ਼ਿਲਮ ‘ਲਾਈਏ ਤੋੜ ਨਿਭਾਈਏ’ (1966) ਸਤੀਸ਼ ਛਾਬੜਾ ਦੀ ਹਿਦਾਇਤਕਾਰੀ ਅਤੇ ਅਦਾਕਾਰੀ ਵਿਚ ਬਣੀ ਆਖ਼ਰੀ ਪੰਜਾਬੀ ਫ਼ਿਲਮ ਸੀ। ਇਸ ਫ਼ਿਲਮ ਵਿਚ ਉਸਨੇ ਮਖੌਲੀਆ ਅਦਾਕਾਰ ਗੋਪਾਲ ਸਹਿਗਲ ਦੇ ਪਿਓ ‘ਚੌਧਰੀ’ ਦਾ ਚਰਿੱਤਰ ਰੋਲ ਨਿਭਾਇਆ। ਇਹ ਫ਼ਿਲਮ 16 ਸਤੰਬਰ 1966 ਨੂੰ ਅਸ਼ੋਕਾ ਥੀਏਟਰ, ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ।
ਸ੍ਰੀਗੋਪਾਲ ਪਿਕਚਰਜ਼, ਬੰਬਈ ਦੀ ਪ੍ਰਕਾਸ਼ ਨਿਰਦੇਸ਼ਿਤ ‘ਕਰਵਟ’ (1949) ਵਿਚ ਸਤੀਸ਼ ਨੇ ਗੀਤਾ ਨਿਜ਼ਾਮੀ ਨਾਲ ਹੀਰੋ ਦਾ ਕਿਰਦਾਰ ਨਿਭਾਇਆ। ਹੰਸਰਾਜ ਬਹਿਲ ਦੇ ਸੰਗੀਤ ਵਿਚ ਸੈਫ਼ ਦਾ ਲਿਖਿਆ ਇਕ ਗੀਤ ‘ਨਿਗਾਹੇਂ ਮਿਲਾਨੇ ਕੋ ਜੀ ਚਾਹਤਾ ਹੈ’ (ਭਾਗ-2) ਸਤੀਸ਼ ਨੇ ਗਾਇਆ ਤੇ ਉਸ ਉੱਪਰ ਹੀ ਫ਼ਿਲਮਾਇਆ ਗਿਆ ਸੀ। ਉਨ੍ਹਾਂ ਦੀ ਵਫ਼ਾਤ ਦਾ ਹਵਾਲਾ ਕਾਫ਼ੀ ਖੋਜ ਕਰਨ ਤੋਂ ਬਾਅਦ ਵੀ ਨਹੀਂ ਮਿਲ ਪਾਇਆ।
ਸੰਪਰਕ : 97805-09545