ਨਵੀਂ ਦਿੱਲੀ: ਅਦਾਕਾਰ ਸੰਜੇ ਕਪੂਰ ਦੀ ਧੀ ਸ਼ਨਾਇਆ ਕਪੂਰ ਜਲਦ ਹੀ ਸਿਨੇ ਜਗਤ ਵਿੱਚ ਪੈਰ ਧਰਨ ਜਾ ਰਹੀ ਹੈ। 21 ਸਾਲਾ ਸ਼ਨਾਇਆ ਆਪਣਾ ਨਵਾਂ ਸਫ਼ਰ ਸ਼ੁਰੂ ਕਰਨ ਲਈ ਕਾਫੀ ਉਤਾਵਲੀ ਹੈ। ਖ਼ਬਰ ਏਜੰਸੀ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਉਸ ਨੇ ਆਖਿਆ,‘‘ਮੈਂ ਸੱਚਮੁਚ ਬਹੁਤ ਖੁਸ਼ ਹਾਂ ਅਤੇ ਫ਼ਿਲਮ ਦੀ ਸ਼ੂਟਿੰਗ ਦਾ ਇੰਤਜ਼ਾਰ ਕਰ ਰਹੀ ਹਾਂ। ਮੈਂ ਆਪਣੇ ਨਿਰਦੇਸ਼ਕ ਨਾਲ ਕਈ ਵਾਰ ਕਹਾਣੀ ਪੜ੍ਹ ਚੁੱਕੀ ਹਾਂ ਤੇ ਮੇਰੇ ਕਿਰਦਾਰ ਬਾਰੇ ਲੰਮੀ ਚੌੜੀ ਗੱਲਬਾਤ ਹੋ ਚੁੱਕੀ ਹੈ।’’ ਸ਼ਨਾਇਆ ਦੀ ਪਹਿਲੀ ਫ਼ਿਲਮ ਦਾ ਨਿਰਦੇਸ਼ਕ ਸ਼ਸ਼ਾਂਕ ਖੇਤਾਨ ਕਰੇਗਾ ਜਦੋਂਕਿ ਇਹ ਫ਼ਿਲਮ ਕਰਨ ਜੌਹਰ ਦੇ ਧਰਮ ਪ੍ਰੋਡਕਸ਼ਨ ਹਾਊਸ ਵੱਲੋਂ ਪ੍ਰੋਡਿਊਸ ਕੀਤੀ ਜਾਵੇਗੀ। ਅਦਾਕਾਰਾ ਨੇ ਆਖਿਆ,‘‘ਮੈਂ ਸਮਝਦੀ ਹਾਂ ਕਿ ਕਿਰਦਾਰ ਵਿੱਚ ਖੁਭ ਜਾਣ ਲਈ ਉਸ ਬਾਰੇ ਸਮਝ ਹੋਣੀ ਬਹੁਤ ਜ਼ਰੂਰੀ ਹੈ।’’ ਇਸ ਤੋਂ ਪਹਿਲਾਂ ਸ਼ਨਾਇਆ ਫ਼ਿਲਮ ਬਣਾਉਣ ਦੀਆਂ ਬਾਰੀਕੀਆਂ ਤੇ ਸੈੱਟ ਦੇ ਕੰਮਕਾਰ ਨੂੰ ਸਮਝਣ ਲਈ ਜਾਹਨਵੀ ਕਪੂਰ ਦੀ ਫ਼ਿਲਮ ‘ਗੁੰਜਨ ਸਕਸੈਨਾ’ ਵਿੱਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰ ਚੁੱਕੀ ਹੈ। ਉਸ ਨੇ ਆਖਿਆ,‘‘ਮੇਰੇ ਪਿਤਾ ਕਦੇ ਵੀ ਕੁਝ ਪੁੱਛਣਾ ਜਾਂ ਜਾਣਨਾ ਨਹੀਂ ਚਾਹੁੰਦੇ ਪਰ ਉੁਹ ਮੇਰੇ ਲਈ ਬਹੁਤ ਚਿੰਤਤ ਹਨ। ਮੇਰੀ ਮਾਂ ਮੇਰੀ ਪੱਕੀ ਦੋਸਤ ਵਾਂਗ ਹੈ। ਇਸ ਲਈ ਉਹ ਮੇਰੇ ‘ਡੇਟ’ ਉੱਤੇ ਜਾਣ ਤੋਂ ਪਹਿਲਾਂ ਤੇ ਆਉਣ ਮਗਰੋਂ ਘੱਟੋ-ਘੱਟ ਸੌ ਸਵਾਲ ਪੁੱਛਦੀ ਹੈ ਪਰ ਮੈਂ ਇਹ ਨਹੀਂ ਕਹਾਂਗੀ ਕਿ ਉਹ ਮੈਨੂੰ ਬਹੁਤ ਤੰਗ ਕਰਦੀ ਹੈ।’’ ਜਾਣਕਾਰੀ ਅਨੁਸਾਰ ਸ਼ਨਾਇਆ ਦੀ ਹਾਲੇ ਪਹਿਲੀ ਬੌਲੀਵੁੱਡ ਫ਼ਿਲਮ ਆਉਣੀ ਹੈ ਪਰ ਉਹ ਸੋਸ਼ਲ ਮੀਡੀਆ ’ਤੇ ਸਰਗਰਮ ਹੈ ਤੇ ਉਸ ਦੇ ਇੰਸਟਾਗ੍ਰਾਮ ’ਤੇ ਸੈਂਕੜੇ ਪ੍ਰਸ਼ੰਸਕ ਹਨ। -ਆਈਏਐੱਨਐੱਸ