ਮੁੰਬਈ, 11 ਜਨਵਰੀ
ਨਵੀਂ ਫਿਲਮ ਕੇਜੀਐੱਫ: ਚੈਪਟਰ-2 ਦੇ ਟੀਜ਼ਰ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਰਵੀਨਾ ਟੰਡਨ ਅਤੇ ਸੰਜੇ ਦੱਤ ਕਾਫੀ ਉਤਸ਼ਾਹਿਤ ਹਨ। ਫ਼ਿਲਮ ਦਾ ਟੀਜ਼ਰ, ਜੋ ਕਿ ਕੰਨੜ ਸੁਪਰਸਟਾਰ ਯਸ਼ ਨੂੰ ਰੌਕੀ ਦੇ ਰੂਪ ਵਿੱਚ ਵਾਪਸ ਲਿਆਇਆ ਹੈ, 7 ਜਨਵਰੀ ਨੂੰ ਰਿਲੀਜ਼ ਹੋਣ ਤੋਂ ਬਾਅਦ ਹੁਣ ਤੱਕ ਯੂ-ਟਿਊਬ ’ਤੇ 67,41,517 ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਤੇ ਇਸ ਨੂੰ 524 ਹਜ਼ਾਰ ਤੋਂ ਵੀ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਹੈ। ਰਵੀਨਾ ਟੰਡਨ ਨੇ ਕਿਹਾ, “ਮੈਂ ਫਿਲਮ ਦੇ ਟੀਜ਼ਰ ਨੂੰ ਦੁਨੀਆ ਭਰ ਵਿੱਚ ਮਿਲੇ ਭਰਵੇਂ ਹੁੰਗਾਰੇ ਲਈ ਦਰਸ਼ਕਾਂ ਦੀ ਧੰਨਵਾਦੀ ਹਾਂ। ਦਰਸ਼ਕਾਂ ਦੀ ਟੀਜ਼ਰ ਇਸ ਫਿਲਮ ਦੇ ਟੀਜ਼ਰ ਪ੍ਰਤੀ ਪ੍ਰਤੀਕਿਰਿਆ ਬਹੁਤ ਹੀ ਉਤਸ਼ਾਹਿਤ ਕਰਨ ਵਾਲੀ ਹੈ ਅਤੇ ਇਸ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅਸੀਂ ਫਿਲਮ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਉਮੀਦ ਹੈ ਕਿ ਦਰਸ਼ਕ ਫਿਲਮ ਨੂੰ ਵੀ ਇਸੇ ਤਰ੍ਹਾਂ ਹੁੰਗਾਰਾ ਦੇਣਗੇ।’’ ਅਦਾਕਾਰ ਸੰਜੇ ਦੱਤ ਵੀ ਟੀਜ਼ਰ ਨੂੰ ਮਿਲੇ ਦਰਸ਼ਕਾਂ ਦੇ ਹੁੰਗਾਰੇ ਤੋਂ ਕਾਫ਼ੀ ਖੁਸ਼ ਹਨ। ਉਨ੍ਹਾਂ ਕਿਹਾ, ‘‘ਮੈਂ ਇਸ ਫ਼ਿਲਮ ਲਈ ਬਹੁਤ ਉਤਸ਼ਾਹਿਤ ਹਾਂ।’’ ਪ੍ਰਸ਼ਾਂਤ ਨੀਲ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ ਹਿੰਦੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਵਿੱਚ ਰਿਲੀਜ਼ ਹੋਵੇਗੀ।
2018 ’ਚ ਰਿਲੀਜ਼ ਹੋਈ ਕੇਜੀਐੱਫ: ਚੈਪਟਰ-1 ਨੇ ਸਾਲ ਵਧੀਆ ਐਕਸ਼ਨ ਤੇ ਸਰਬੋਤਮ ਵਿਸ਼ੇਸ਼ ਪ੍ਰਭਾਵਾਂ ਵਾਲੀ ਫਿਲਮ ਲਈ ਦੋ ਰਾਸ਼ਟਰੀ ਪੁਰਸਕਾਰ ਜਿੱਤੇ ਸਨ। -ਆਈਏਐੱਨਐੱਸ