ਮੁੰਬਈ: ਪਿਛਲੇ ਸਾਲਾਂ ਦੌਰਾਨ ਬਿੱਗ ਬੌਸ ਦੇ ਦੀ ਮੇਜ਼ਬਾਨੀ ਕਰਦੇ ਅਦਾਕਾਰ ਸਲਮਾਨ ਖ਼ਾਨ ਨੂੰ ਹਫ਼ਤਾਵਰੀ ਐਪੀਸੋਡ ਵਿੱਚ ਹਮੇਸ਼ਾ ਮੌਜ-ਮਸਤੀ ਕਰਦੇ ਦੇਖਿਆ ਗਿਆ ਪਰ ਇਸ ਵਾਰ ਅਜਿਹਾ ਕੁੱਝ ਖ਼ਾਸ ਦੇਖਣ ਨੂੰ ਨਹੀਂ ਮਿਲਿਆ। ਬਿੱਗ ਬੌਸ ਦੇ 14ਵੇਂ ਸੀਜ਼ਨ ਵਿੱਚ ਸਲਮਾਨ ਜ਼ਿਆਦਾਤਰ ਗੁੱਸੇ ਵਿੱਚ ਅਤੇ ਖਿਝੇ-ਖਿਝੇ ਦਿਖਾਈ ਦਿੱਤੇ। ਇਹ ਸੀਜ਼ਨ ਬਿੱਗ ਬੌਸ ਦੇ ਇਤਿਹਾਸ ਵਿੱਚ ਸਭ ਤੋਂ ਅਕਾਊ ਦਿਖਾਈ ਦੇ ਰਿਹਾ ਹੈ, ਭਾਵੇਂ ਕਿ ਇਸ ਲਈ ਸਲਮਾਨ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਸੀਜ਼ਨ-14 ਦੀ ਗੱਲ ਕਰੀਏ ਤਾਂ ਘਰ ਅੰਦਰ ਮੌਜੂਦ ਮੁਕਾਬਲੇਬਾਜ਼ਾਂ ’ਚ ਇੱਕ ਤੋਂ ਬਾਅਦ ਇੱਕ ਉਤਰਾਅ-ਚੜਾਅ ਆਉਂਦੇ ਦੇਖੇ ਗਏ, ਜਿਨ੍ਹਾਂ ਤੋਂ ਸਲਮਾਨ ਕਈ ਵਾਰ ਨਾਰਾਜ਼ ਹੋਏ। ਹਾਲ ਹੀ ਵਿੱਚ ਆਏ ‘ਵੀਕਐਂਡ ਕਾ ਵਾਰ’ ਐਪੀਸੋਡ ਵਿੱਚ ਸਲਮਾਨ ਸਾਫ਼ ਤੌਰ ’ਤੇ ਖਿਝਦੇ ਦਿਖਾਈ ਦਿੱਤੇ, ਜਦ ਉਹ ਅਭਿਨਵ ਸ਼ੁਕਲਾ ਨੂੰ ਰਾਖੀ ਸਾਵੰਤ ਦੇ ਪੈਂਤੜੇ ਬਾਰੇ ਸਮਝਾ ਰਹੇ ਸੀ ਤਾਂ ਅਭਿਨਵ ਨੇ ਵਿੱਚੋਂ ਟੋਕਣ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਸਲਮਾਨ ਨੂੰ ਸਾਫ਼ ਕਹਿੰਦਿਆਂ ਸੁਣਿਆ ਗਿਆ, ‘‘ਅਭਿਨਵ ਮੈਨੂੰ ਆਪਣੀ ਗੱਲ ਪੂਰੀ ਕਰਨ ਦਿਓ। ਤੁਹਾਨੂੰ ਚੀਜ਼ਾਂ ਪ੍ਰਤੀ ਇਸ ਤਰ੍ਹਾਂ ਵਧੇਰੇ ਪ੍ਰਤੀਕਿਰਿਆ ਦੇਣ ਦੀ ਲੋੜ ਨਹੀਂ।’’ ਇਸ ਤੋਂ ਇਲਾਵਾ ਕਈ ਵਾਰ ਸਲਮਾਨ ਅਭਿਨਵ ਦੀ ਪਤਨੀ ਅਤੇ ਅਦਾਕਾਰਾ ਰੂਬੀਨਾ ਦਿਲਾਇਕ ’ਤੇ ਵੀ ਖਿਝਦੇ ਦਿਖਾਈ ਦਿੱਤੇ। ਸੁਪਰਸਟਾਰ ਨੇ ਮੁਕਾਬਲੇਬਾਜ਼ ਨਿੱਕੀ ਤੰਬੋਲੀ ਨੂੰ ਵੀ ਉਸ ਦੇ ਅਣਚਾਹੇ ਵਤੀਰੇ ਲਈ ਝਿੜਕਿਆ। -ਆਈਏਐੱਨਐੱਸ