ਮੁੰਬਈ: ਸੀਨੀਅਰ ਅਦਾਕਾਰਾ ਸਾਇਰਾ ਬਾਨੋ ਨੇ ਆਪਣੇ ਮਰਹੂਮ ਪਤੀ ਮਹਾਨ ਅਦਾਕਾਰ ਦਲੀਪ ਕੁਮਾਰ ਦੇ 99ਵੇਂ ਜਨਮਦਿਨ ਮੌਕੇ ਅੱਜ ਉਨ੍ਹਾਂ ਨਾਲ ਬਿਤਾਏ 55 ਸਾਲਾਂ ਦੇ ਸਫ਼ਰ ਦੀਆਂ ਯਾਦਾਂ ਤਾਜ਼ਾ ਕੀਤੀਆਂ। ਜ਼ਿਕਰਯੋਗ ਹੈ ਕਿ ਸੀਨੀਅਰ ਅਦਾਕਾਰ ਦਲੀਪ ਕੁਮਾਰ ਦਾ 7 ਜੁਲਾਈ ਨੂੰ ਲੰਮੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ ਸੀ। ਸਾਇਰਾ ਨੇ ਦਲੀਪ ਕੁਮਾਰ ਨੂੰ ਯਾਦ ਕਰਦਿਆਂ ਕਿਹਾ, ‘ਹਾਲਾਂਕਿ ਉਨ੍ਹਾਂ ਦਾ ਇਸ ਵੇਲੇ ਸਰੀਰਕ ਰੂਪ ਵਿੱਚ ਮੇਰੇ ਨਾਲ ਨਾ ਹੋਣਾ ਬੇਹੱਦ ਦੁੱਖਦਾਈ ਹੈ, ਪਰ ਫਿਰ ਵੀ ਮੈਨੂੰ ਇੰਜ ਲੱਗਦਾ ਹੈ ਕਿ ਉਹ ਹਰ ਪਲ ਮੇਰੇ ਨਾਲ ਹੀ ਹਨ। ਅੱਜ ਦਾ ਦਿਨ ਮੈਂ ਉਨ੍ਹਾਂ ਲਈ ਪ੍ਰਾਰਥਨਾ ਕਰਦਿਆਂ ਤੇ ਉਨ੍ਹਾਂ ਨੂੰ ਯਾਦ ਕਰਦਿਆਂ ਸ਼ਾਂਤੀ ਨਾਲ ਗੁਜ਼ਾਰਨਾ ਚਾਹੁੰਦੀ ਹਾਂ। ਮੈਂ ਅੱਜ ਜੁੁਹੂ ਗਾਰਡਨ ਵਿਖੇ ਉਨ੍ਹਾਂ ਦੀ ਕਬਰ ਕੋਲ ਵੀ ਜਾਵਾਂਗੀ।’ ਸਾਇਰਾ ਬਾਨੋ ਨੇ ਦੱਸਿਆ ਕਿ ਦਲੀਪ ਕੁਮਾਰ ਦੇ ਜਨਮ ਦਿਨ ਮੌਕੇ ਹਰ ਸਾਲ ਸਾਰਾ ਘਰ ਗੁਲਦਸਤਿਆਂ ਨਾਲ ਭਰ ਜਾਂਦਾ ਸੀ ਤੇ ਦੁਨੀਆ ਦੇ ਹਰ ਕੋਨੇ ਤੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਸ਼ੁਭਕਾਮਨਾਵਾਂ ਅਤੇ ਜਨਮ ਦਿਨ ਦੀਆਂ ਮੁਬਾਰਕਾਂ ਭੇਜੀਆਂ ਜਾਂਦੀਆਂ ਸਨ।’ ਸੀਨੀਅਰ ਅਦਾਕਾਰਾ ਨੇ ਦੱਸਿਆ, ‘ਘਰ ਦੇ ਹਰ ਕੋਨੇ ਵਿੱਚ ਗੁਲਦਸਤੇ ਪਏ ਹੁੰਦੇ ਸਨ। ਫਰ਼ਸ਼ ’ਤੇ, ਮੇਜ਼ ’ਤੇ, ਪੌੜੀਆਂ ’ਤੇ, ਹਰ ਥਾਂ, ਗੁਲਦਸਤੇ ਰੱਖਣ ਲਈ ਹਰ ਵਾਰ ਥਾਂ ਘੱਟ ਰਹਿ ਜਾਂਦੀ ਸੀ।’ ਉਨ੍ਹਾਂ ਕਿਹਾ, ‘ਲੋਕ ਦਲੀਪ ਕੁਮਾਰ ਨੂੰ ਬਹੁਤ ਪਿਆਰ ਕਰਦੇ ਸਨ ਤੇ ਹੁਣ ਵੀ ਕਰਦੇ ਹਨ।’ -ਪੀਟੀਆਈ