ਮੁੰਬਈ: ਪ੍ਰਸਿੱਧ ਟੀਵੀ ਅਦਾਕਾਰਾ ਰੂਬੀਨਾ ਦਿਲੈਕ ਨੇ ਮੰਗਲਵਾਰ ਨੂੰ ਜਾਣਕਾਰੀ ਸਾਂਝੀ ਕੀਤੀ ਹੈ ਕਿ ਹਾਲ ਹੀ ਵਿੱਚ ਉਸ ਨੇ ਆਪਣੀ ਪਹਿਲੀ ਫ਼ਿਲਮ ‘ਅਰਧ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਗਾਇਕ ਤੇ ਸੰਗੀਤਕਾਰ ਪਲਾਸ਼ ਮੁੱਛਲ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ ਮੁੰਬਈ ਸਥਿਤ ਇੱਕ ਅਦਾਕਾਰਾ ਦੇ ਸੰਘਰਸ਼ ਦੀ ਕਹਾਣੀ ਹੈ। ‘ਬਿੱਗ ਬੌਸ-14’ ਦੀ ਜੇਤੂ ਰਹੀ ਰੂਬੀਨਾ ਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਸਾਂਝੀ ਕੀਤੀ। ‘ਛੋਟੀ ਬਹੂ’, ‘ਸ਼ਕਤੀ-ਅਸਤਿੱਤਵ ਕੇ ਅਹਿਸਾਸ ਕੀ’ ਵਰਗੇ ਟੀਵੀ ਸ਼ੋਅਜ਼ ਵਿੱਚ ਰੂਬੀਨਾ ਦੇ ਕੰਮ ਨੂੰ ਬਹੁਤ ਸਰਾਹਿਆ ਗਿਆ ਹੈ। ਫ਼ਿਲਮ ਦੇ ਨਿਰਦੇਸ਼ਕ ਪਲਾਸ਼ ਨੇ ਕਿਹਾ, ‘ਅਰਧ’ ਮੁੰਬਈ ਵਰਗੇ ਸ਼ਹਿਰ ਵਿੱਚ ਇੱਕ ਅਦਾਕਾਰਾ ਦੇ ਸੰਘਰਸ਼ ਦੀ ਕਹਾਣੀ ਹੈ, ਜਿਸ ਵਿੱਚ ਮੇਰੇ 15 ਸਾਲਾਂ ਦੇ ਸਫ਼ਰ ਦੇ ਤਜਰਬੇ ਸਾਂਝੇ ਕੀਤੇ ਗਏ ਹਨ।’ ਇਸ ਫ਼ਿਲਮ ਵਿੱਚ ਰਾਜਪਾਲ ਯਾਦਵ, ਹਿਤੇਨ ਤੇਜਵਾਨੀ ਤੇ ਕੁਲਭੂਸ਼ਣ ਖਰਬੰਦਾ ਵੀ ਨਜ਼ਰ ਆਉਣਗੇ। ਸੀਨੀਅਰ ਅਦਾਕਾਰ ਕੁਲਭੂਸ਼ਣ ਖਰਬੰਦਾ ਨੇ ਦੱਸਿਆ ਕਿ ਇਸ ਫ਼ਿਲਮ ਵਿੱਚ ਉਨ੍ਹਾਂ ਦੀ ਛੋਟੀ ਪਰ ਦਮਦਾਰ ਭੂਮਿਕਾ ਹੈ। ਤੇਜਵਾਨੀ ਨੇ ਦੱਸਿਆ ਕਿ ਪਲਾਸ਼ ਇੱਕ ਨੌਜਵਾਨ ਫ਼ਿਲਮ ਨਿਰਮਾਤਾ ਹੈ ਤੇ ਊਰਜਾ ਨਾਲ ਭਰਿਆ ਹੋਇਆ ਹੈ। -ਪੀਟੀਆਈ