ਮੁੰਬਈ: ਫਿਲਮ ਨਿਰਮਾਤਾ ਐੱਸਐੱਸ ਰਾਜਾਮੌਲੀ ਦੀ ਫਿਲਮ ‘ਆਰਆਰਆਰ’ ਗਲੋਬਲ ਬਾਕਸ ਆਫਿਸ ’ਤੇ 1000 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ। ਅਦਾਕਾਰ ਰਾਮ ਚਰਨ ਅਤੇ ਐੱਨ.ਟੀ. ਰਾਮਾ ਰਾਓ ਜੂਨੀਅਰ ਦੇ ਮੁੱਖ ਕਿਰਦਾਰਾਂ ਵਾਲੀ ਇਹ ਫਿਲਮ 25 ਮਾਰਚ ਨੂੰ ਤੇਲਗੂ, ਤਾਮਿਲ, ਮਲਿਆਲਮ, ਕੰਨੜ ਅਤੇ ਹਿੰਦੀ ਵਿੱਚ ਰਿਲੀਜ਼ ਹੋਈ ਸੀ। ਫਿਲਮ ਦੇ ਹਿੰਦੀ ਸੰਸਕਰਨ ਨੇ ਹੁਣ ਤੱਕ 220 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਪ੍ਰੋਡਕਸ਼ਨ ਹਾਊਸ ਡੀਵੀਵੀ ਐਂਟਰਟੇਨਮੈਂਟ ਨੇ ਇਸ ਬਾਰੇ ਟਵੀਟ ਕੀਤਾ, ‘‘1000 ਕਰੋੜ ਰੁਪਏ ਭਾਰਤ ਦੀ ਕਿਸੇ ਫਿਲਮ ਦੇ ਨਿਰਮਾਤਾਵਾਂ ਲਈ ਇੱਕ ਸੁਫ਼ਨਾ ਹੈ। ਅਸੀਂ ਤੁਹਾਡੇ ਲਈ ਪੂਰੀ ਵਾਹ ਲਾਈ ਅਤੇ ਬਦਲੇ ਵਿੱਚ ਤੁਸੀਂ ਸਾਨੂੰ ਢੇਰ ਸਾਰਾ ਪਿਆਰ ਦਿੱਤਾ। ਭੀਮ (ਐੱਨ.ਟੀ. ਰਾਮਾ ਰਾਓ ਜੂਨੀਅਰ) ਤੇ ਰਾਮਾਰਾਜੂ (ਰਾਮਚਰਨ) ਦੇ ਪ੍ਰਸ਼ੰਸਕਾਂ ਸਮੇਤ ਦੁਨੀਆ ਭਰ ਦੇ ਦਰਸ਼ਕਾਂ ਦਾ ਧੰਨਵਾਦ।’’ ‘ਆਰਆਰਆਰ’ 20ਵੀਂ ਸਦੀ ਦੇ ਦੋ ਸੁਤੰਤਰਤਾ ਸੈਨਾਨੀਆਂ ਦੇ ਜੀਵਨ ’ਤੇ ਆਧਾਰਿਤ ਇੱਕ ਕਾਲਪਨਿਕ ਕਹਾਣੀ ਬਿਆਨ ਕਰਦੀ ਹੈ। ਇਸ ਵਿੱਚ ਰਾਮ ਚਰਨ ਨੇ ਅਲੂਰੀ ਸੀਤਾਰਾਮ ਰਾਜੂ ਅਤੇ ਐੱਨਟੀ ਰਾਮਾ ਰਾਓ ਜੂਨੀਅਰ ਨੇ ਕੁਮਰਾਮ ਭੀਮ ਦੀ ਭੂਮਿਕਾ ਅਦਾ ਕੀਤੀ ਹੈ। ਜ਼ਿਕਰਯੋਗ ਹੈ ਕਿ ‘ਬਾਹੂਬਲੀ: ਦਿ ਬਿਗਨਿੰਗ’ ਅਤੇ ‘ਬਾਹੂਬਲੀ: ਦਿ ਕਨਕਲੂਜ਼ਨ’ ਤੋਂ ਬਾਅਦ ਰਾਜਾਮੌਲੀ ਦੀ ਇਹ ਲਗਾਤਾਰ ਤੀਜੀ ਬਲਾਕਬਸਟਰ ਫਿਲਮ ਹੈ। -ਪੀਟੀਆਈ