ਮੁੰਬਈ: ਅਦਾਕਾਰ ਰਿਤੇਸ਼ ਦੇਸ਼ਮੁਖ ਅਤੇ ਫਰਦੀਨ ਖਾਨ ਦੀ ਆਉਣ ਵਾਲੀ ਫਿਲਮ ‘ਵਿਸਫੋਟ’ ਦੀ ਸ਼ੂਟਿੰਗ ਅੱਜ ਸ਼ੁਰੂ ਹੋ ਗਈ ਹੈ। ਇਸ ਫਿਲਮ ਦਾ ਨਿਰਦੇਸ਼ਨ ਕੁਕੀ ਗੁਲਾਟੀ ਕਰ ਰਹੇ ਹਨ ਜਿਨ੍ਹਾਂ ਅਭਿਸ਼ੇਕ ਬੱਚਨ ਦੀ ਅਦਾਕਾਰੀ ਵਾਲੀ ਫਿਲਮ ‘ਦਿ ਬਿਗ ਬੁੱਲ’ ਦਾ ਨਿਰਦੇਸ਼ਨ ਕੀਤਾ ਸੀ। ਸੰਜੈ ਗੁਪਤਾ ਦੇ ‘ਵ੍ਹਾਈਟ ਫੈਦਰ ਫਿਲਮਜ਼’ ਅਤੇ ਭੂਸ਼ਨ ਕੁਮਾਰ ਦੇ ‘ਟੀ ਸਰੀਜ਼’ ਦੇ ਬੈਨਰ ਹੇਠ ਰਿਲੀਜ਼ ਹੋਣ ਵਾਲੀ ਇਹ ਫਿਲਮ 2012 ਵਿੱਚ ਆਈ ਵੈਨਜ਼ੁਏਲਾ ਦੀ ਫਿਲਮ ‘ਰੌਕ, ਪੇਪਰ, ਸੀਜ਼ਰ’ ਦਾ ਰੀਮੇਕ ਹੈ। 2007 ਵਿੱਚ ਆਈ ਫਿਲਮ ‘ਹੇਅ ਬੇਬੀ’ ਤੋਂ ਬਾਅਦ ਰਿਤੇਸ਼ ਤੇ ਫਰਦੀਨ ਖਾਨ ਇਸ ਫਿਲਮ ਵਿੱਚ ਇਕੱਠੇ ਕੰਮ ਕਰਨਗੇ। ਗੁਲਾਟੀ ਨੇ ਇਸ ਸਬੰਧੀ ਇੰਸਟਾਗ੍ਰਾਮ ’ਤੇ ਕਲਿੱਪਬੋਰਡ ਦੀ ਤਸਵੀਰ ਸਾਂਝੀ ਕਰਦਿਆਂ ਪ੍ਰਾਜੈਕਟ ਸ਼ੁਰੂ ਹੋਣ ਦਾ ਐਲਾਨ ਕੀਤਾ। ਨਿਰਮਾਤਾਵਾਂ ਨੇ ਦੱਸਿਆ ਕਿ ਫਰਦੀਨ ਖਾਨ 2010 ਵਿੱਚ ਆਈ ਫਿਲਮ ‘ਦੁਲਹਾ ਮਿਲ ਗਿਆ’ ਤੋਂ ਬਾਅਦ ਵਾਪਸੀ ਕਰ ਰਿਹਾ ਹੈ। -ਪੀਟੀਆਈ