ਸਾਂਵਲ ਧਾਮੀ
“ਉਮਰ ਪੰਜਾਹ ਸਾਲ। ਕੱਦ ਮਧਰਾ। ਰੰਗ ਗੋਰਾ। ਉਹ ਅਕਸਰ ਕਾਲੇ ਕੱਪੜੇ ਪਹਿਨਦਾ। ਹੱਥ ’ਚ ਬੰਦੂਕ ਫੜੀ, ਚਿੱਟੇ ਘੋੜੇ ’ਤੇ ਸਵਾਰ ਹੋ ਕੇ ਘੁੰਮਦਾ ਰਹਿੰਦਾ। ਉਸਦਾ ਨਾਂ ਬਲਵੀਰ ਸਿੰਘ ਥਿਆੜਾ ਸੀ। ਉਸਨੇ ਵੀਹ-ਬਾਈ ਕਤਲ ਕੀਤੇ ਸਨ। ਉਜਾੜੇ ਵੇਲੇ ਸਾਨੂੰ ਉਸਨੇ ਬਚਾਇਆ ਸੀ।”
ਨਨਕਾਣਾ ਸਾਹਿਬ ਨੇੜਲੇ ਚੱਕਾਂ ਤੋਂ ਉੱਜੜ ਕੇ ਆਏ ਬੰਦੇ ਉਸਦਾ ਜ਼ਿਕਰ ਕਿਸੇ ਨਾਇਕ ਵਾਂਗ ਕਰਦੇ। ਮੈਂ ਉਸ ਬਾਰੇ ਗੱਲਾਂ ਸੁਣਨ ਲਈ ਉਸਦੇ ਚੱਕ ਦੇ ਬੰਦੇ ਲੱਭਣ ਲੱਗਾ। ਭੋਗਪੁਰ ਨੇੜਲੇ ਪਿੰਡ ਦੋਰਾਵਾਂ ਤੋਂ ਪਤਾ ਲੱਗਿਆ ਕਿ ਉਹ ਹਾਲੇ ਜਿਉਂਦੈ ਤੇ ਆਪਣੇ ਮਰਹੂਮ ਮਿੱਤਰ ਦੇ ਪੁੱਤਰਾਂ ਕੋਲ ਦਰਵੇਸ਼ ਪਿੰਡ ’ਚ ਰਹਿ ਰਿਹਾ ਏ। ਮੈਂ ਉਸਨੂੰ ਮਿਲਣ ਦਰਵੇਸ਼ ਪਿੰਡ ਗਿਆ। ਇਹ ਪਿੰਡ ਫਗਵਾੜਾ-ਨਕੋਦਰ ਰੋਡ ’ਤੇ ਪੈਂਦਾ ਹੈ। ਮੈਂ ਕਮਰੇ ’ਚ ਦਾਖਲ ਹੋਇਆ ਤਾਂ ਉਹ ਮੰਜੇ ’ਤੇ ਵਿਛੀ ਚਾਦਰ ’ਤੇ ਕਲੀਆਂ ਵਿਛਾ ਰਿਹਾ ਸੀ।
“ਬਾਬਾ, ਇਹ ਕਿਉਂ ਵਿਛਾ ਰਿਹਾਂ?” ਮੈਂ ਹੈਰਾਨ ਹੁੰਦਿਆਂ ਪੁੱਛਿਆ।
“ਇਨ੍ਹਾਂ ਦੀ ਖ਼ੁਸ਼ਬੋ ਨਾਲ ਮਨ ਖਿੜਿਆ ਰਹਿੰਦਾ।” ਉਹ ਹੱਸ ਕੇ ਬੋਲਿਆ।
ਉਹ ਬਣ-ਸੰਵਰ ਕੇ ਕੈਮਰੇ ਮੂਹਰੇ ਬੈਠ ਗਿਆ ਤੇ ਆਪਣੀ ਕਹਾਣੀ ਸੁਣਾਉਣ ਲੱਗਾ- ਸਾਡੇ ਬਜ਼ੁਰਗ ਹੁਸ਼ਿਆਰਪੁਰ ਦੇ ਪਿੰਡ ਮਰਨਾਈਆਂ ਤੋਂ ਉੱਠ ਕੇ ਸ਼ੇਖੂਪੁਰੇ ਦੇ ਚੱਕ ‘ਸਿੱਖਾਂ ਦੀ ਕਾਵਾਂ ਵਾਲੀ’ ਗਏ ਸਨ। ਓਥੇ ਪੰਜ-ਸੱਤ ਕੁ ਘਰ ਮੁਸਲਮਾਨਾਂ ਦੇ ਵੀ ਸਨ। ਸੱਤ, ਅੱਠ ਤੇ ਭੋਲਾ ਚੱਕ ਸੈਣੀਆਂ ਦੇ ਸਨ। ਅਸੀਂ ਚਾਰ ਭਰਾ ਸੀ। ਮੈਂ ਸ਼ੁਰੂ ਤੋਂ ਅੱਥਰਾ ਸੀ। ਬਾਪੂ ਮੈਨੂੰ ਛੱਲੀਆਂ ਵਾਂਗੂ ਕੁੱਟਦਾ। ਮਾਂ ਵਿਚਾਰੀ ਵਿਲਕਦੀ ਰਹਿੰਦੀ।
ਥੋੜ੍ਹਾ ਜਵਾਨ ਹੋਇਆ ਤਾਂ ਮੈਂ ਘਰ ਛੱਡ ਦਿੱਤਾ। ਅਸੀਂ ਤਿੰਨ ਜਣਿਆਂ ਨੇ ਟੋਲੀ ਬਣਾ ਲਈ। ਕਿਤੇ ਕੋਈ ਮਸਲਾ ਹੁੰਦਾ ਤਾਂ ਲੋਕ ਸਾਨੂੰ ਸੱਦਦੇ। ਅਸੀਂ ਦੂਰ-ਦੂਰ ਤਕ ਮਸ਼ਹੂਰ ਹੋ ਗਏ। ਸਾਡੀਆਂ ਕਈ ਯਾਰੀਆਂ ਤੇ ਕਈ ਦੁਸ਼ਮਣੀਆਂ ਪੈ ਗਈਆਂ। ਇਕ ਵਾਰ ਗੁਜਰਾਤ ਦੇ ਪਿੰਡ ਭੂਛਾ ਦਾ ਫ਼ਰੋਜ਼ ਗੁੱਜਰ ਮੈਨੂੰ ਮਿਲਣ ਆਇਆ। ਉਸਦੀ ਭੈਣ ਨੂੰ ਪਿੰਡ ਦਾ ਚੌਧਰੀ ਘਰੋਂ ਚੁੱਕ ਕੇ ਲੈ ਗਿਆ ਸੀ। ਮੈਂ ਉਸਦੀ ਮਦਦ ਕਰਨ ਦਾ ਵਾਅਦਾ ਕਰ ਦਿੱਤਾ।
ਮੈਂ ਚੌਧਰੀ ਦੇ ਘਰ ਗਿਆ। ਉਸਨੂੰ ਕਿਹਾ- ਤੂੰ ਫ਼ਰੋਜ਼ ਦੀ ਭੈਣ ਮੋੜ ਦੇ। ਉਹ ਕਹਿੰਦਾ-ਬੱਕ ਨਾ, ਚਲਾ ਜਾਹ ਇੱਥੋਂ। ਮੈਂ ਪਿਛਲ-ਪੈਰੀਂ ਉਸਦੇ ਬੂਹੇ ਤੋਂ ਬਾਹਰ ਆਉਂਦਿਆਂ ਆਖਿਆ-ਤੂੰ ਅੱਜ ਤੋਂ ਬਾਰ੍ਹਵੇਂ ਦਿਨ ਮੇਰੀ ਉਡੀਕ ਕਰੀਂ।
ਅਸੀਂ ਮਿੱਥੇ ਦਿਨ ’ਤੇ ਚੌਧਰੀ ਦੇ ਘਰ ਪਹੁੰਚ ਗਏ। ਉਹ ਹਜ਼ਾਮਤਾਂ ਕਰਵਾ ਰਹੇ ਸਨ। ਅਸੀਂ ਜਾਂਦਿਆਂ ਸੱਤ ਬੰਦੇ ਠੋਕ ਦਿੱਤੇ। ਚੌਧਰੀ ਬਚ ਗਿਆ। ਮੈਂ ਫ਼ਰੋਜ਼ ਦੀ ਭੈਣ ਨੂੰ ਉਸਦੇ ਪੇਕਿਆਂ ਘਰ ਛੱਡ ਆਇਆ। ਥੋੜ੍ਹੀ ਦੇਰ ਬਾਅਦ ਗੁਜਰਾਤ ਤੋਂ ਪੁਲੀਸ ਚੜ੍ਹ ਆਈ। ਅਸੀਂ ਘੋੜੀਆਂ ’ਤੇ ਚੜ੍ਹ ਕੇ ਲਾਲਾ ਮੂਸਾ ਆ ਗਏ। ਫਿਰ ਅਸੀਂ ਘੋੜਿਆਂ ਸਣੇ ਦਰਿਆ ਪਾਰ ਕੀਤਾ ਤੇ ਸ਼ਾਂਗਲੇ ’ਟੇਸ਼ਣ ਤੋਂ ਰੇਲ-ਗੱਡੀ ਫੜ ਲਈ।
ਆਪਣੇ ਇਲਾਕੇ ’ਚ ਆਇਆਂ ਸਾਨੂੰ ਦਸ ਕੁ ਦਿਨ ਹੋਏ ਸਨ ਕਿ ਇਕ ਸਵੇਰ ਪੁਲੀਸ ਨੇ ਸਾਡਾ ਚੱਕ ਘੇਰ ਲਿਆ। ਮੈਂ ਕਪਾਹਾਂ, ਕਮਾਦਾਂ ਵਿਚ ਦੀ ਹੁੰਦਾ, ਬਚ ਕੇ ਨਿਕਲ ਗਿਆ। ਮੈਂ ਤਿੰਨ ਮਹੀਨੇ ਫਰਾਰ ਰਿਹਾ। ਇਕ ਦਿਨ ਮੇਰਾ ਛੋਟਾ ਭਰਾ ਕਹਿਣ ਲੱਗਾ- ਪੁਲੀਸ ਨੇ ਸਾਡਾ ਜੀਣਾ ਹਰਾਮ ਕੀਤਾ ਹੋਇਆ। ਇਸਦੇ ਨਾਲੋਂ ਚੰਗਾ ਕਿ ਤੂੰ ਸਾਨੂੰ ਵੀ ਗੋਲੀ ਮਾਰ ਦੇ। ਮੈਂ ਪੁਲੀਸ ਅੱਗੇ ਪੇਸ਼ ਹੋ ਗਿਆ। ਉਨ੍ਹਾਂ ਨੇ ਮੈਨੂੰ ਬਤਾਲੀ ਦਿਨ ਰਗੜਾ ਲਾਇਆ। ਮੈਂ ਮਰਨ ਵਾਲਾ ਹੋ ਗਿਆ, ਪਰ ਮੈਂ ਇਕ ਵੀ ਕਤਲ ਨਾ ਮੰਨਿਆ।
ਮੈਨੂੰ ਜੇਲ੍ਹ ’ਚ ਪਤਾ ਲੱਗਿਆ ਕਿ ਫ਼ਰੋਜ਼ ਦੀ ਭੈਣ ਨੂੰ ਚੌਧਰੀ ਫਿਰ ਲੈ ਗਿਆ ਏ। ਮੈਂ ਉਸਨੂੰ ਓਥੋਂ ਸੁਨੇਹਾ ਘੱਲਿਆ ਕਿ ਉਹ ਮੇਰੇ ਬਾਹਰ ਆਉਣ ਤਕ ਜੀ ਲਵੇ। ਗਿਆਰਵੇਂ ਮਹੀਨੇ ਮੈਂ ਬਰੀ ਹੋ ਗਿਆ। ਅਸੀਂ ਫਿਰ ਭੂਛੇ ਪਿੰਡ ਗਏ। ਚੌਧਰੀ ਕਿਸੇ ਹੋਰ ਪਿੰਡ ’ਚ ਰਹਿਣ ਲੱਗ ਪਿਆ ਸੀ। ਅਗਲੀ ਰਾਤ ਅਸੀਂ ਓਸ ਪਿੰਡ, ਓਸ ਘਰ ਪਹੁੰਚ ਗਏ। ਉਹ ਛੱਤ ’ਤੇ ਸੁੱਤਾ ਪਿਆ ਸੀ। ਚੌਧਰੀ ਨਾਲ ਸਾਨੂੰ ਦੋ ਬੰਦੇ ਹੋਰ ਮਾਰਨੇ ਪਏ। ਫ਼ਰੋਜ਼ ਦੀ ਭੈਣ ਹਮੇਸ਼ਾਂ ਲਈ ਆਪਣੇ ਭਰਾ ਦੇ ਘਰ ਆ ਗਈ। ਮੇਰੀ ਦੂਰ-ਦੂਰ ਤਕ ਬੱਲੇ-ਬੱਲੇ ਹੋ ਗਈ ਸੀ।
“ਸੰਤਾਲੀ ’ਚ ਕੀ ਹੋਇਆ?” ਮੈਂ ਸਵਾਲ ਕੀਤਾ।
“ਸੰਤਾਲੀ ’ਚ ਫ਼ਰੋਜ਼ ਮੈਨੂੰ ਹਥਿਆਰ ਦੇਣ ਆਇਆ। ਚਾਰ ਚੱਕ ਅਤੇ ਭੋਲੇ ਚੱਕ ’ਤੇ ਹੋਏ ਹਮਲੇ ਮੈਂ ਹੀ ਮੋੜੇ ਸਨ। ਜਦੋਂ ਅਸੀਂ ਨਨਕਾਣਾ ਸਾਹਿਬ ਆਏ ਤਾਂ ਸਾਨੂੰ ਪਤਾ ਲੱਗਿਆ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਤਾਂ ਪਿੰਡ ਰਹਿ ਗਈਆਂ ਨੇ। ਅਸੀਂ ਤਿੰਨ ਜਣੇ ਘੋੜੀਆਂ ’ਤੇ ਚੜ੍ਹ ਕੇ ਮੁੜ ਪਿੰਡ ਗਏ। ਅਸੀਂ ਲੋਕਾਂ ਨੂੰ ਬੀੜਾਂ ਬਾਰੇ ਪੁੱਛਿਆ। ਉਹ ਕਹਿਣ ਲੱਗੇ-ਤੋਤੀ ਨੂੰ ਪਤਾ ਹੋਣਾ। ਮੈਂ ਉਸਦੇ ਕੋਹਲੂ ’ਤੇ ਪਹੁੰਚ ਗਿਆ। ਮੈਂ ਉਸਨੂੰ ਬੀੜਾਂ ਬਾਰੇ ਪੁੱਛਿਆ ਤਾਂ ਉਹ ਮੈਨੂੰ ਘਰ ਅੰਦਰ ਲੈ ਗਿਆ। ਮੈਂ ਵੇਖਿਆ ਕਿ ਉਸਨੇ ਬੀੜਾਂ ਨੂੰ ਰੁਮਾਲਿਆਂ ’ਚ ਲਪੇਟ ਕੇ ਬੜੇ ਸਤਿਕਾਰ ਨਾਲ ਰੱਖਿਆ ਹੋਇਆ ਸੀ।
ਜਦੋਂ ਅਸੀਂ ਬੀੜਾਂ ਲੈ ਕੇ ਤੁਰਨ ਲੱਗੇ ਤਾਂ ਕੋਈ ਗੱਡਾ ਨਾ ਲੱਭੇ। ਪਤਾ ਲੱਗਾ ਕਿ ਨਬੀਏ ਕੋਲ ਸਿੱਖਾਂ ਦਾ ਲੁੱਟਿਆ ਇਕ ਗੱਡਾ ਹੈਗਾ। ਅਸੀਂ ਗੱਡਾ ਮੰਗਿਆ ਤਾਂ ਉਸਨੇ ਨਾਂਹ ਕਰ ਦਿੱਤੀ। ਮੈਂ ਉਸਦੇ ਰਫ਼ਲ ਦੀ ਬੱਟ ਮਾਰਦਿਆਂ ਕਿਹਾ-ਅਸੀਂ ਹੁਣ ਬੌਲ਼ਦ ਵੀ ਤੇਰੇ ਹੀ ਲਿਜਾਣੇ ਨੇ। ਉਹ ਰੋਣ ਲੱਗ ਪਿਆ। ਮੈਂ ਉਸਨੂੰ ਕਿਹਾ-ਤੂੰ ਫ਼ਿਕਰ ਨਾ ਕਰ। ਇਹ ਗੱਡਾ ਤੇ ਬੌਲ਼ਦ, ਮੈਂ ਤੇਰੇ ਘਰ ਆਪ ਛੱਡ ਕੇ ਜਾਊਂ। ਅਸੀਂ ਤੁਰ ਪਏ। ਨਨਕਾਣਾ ਸਾਹਿਬ ਗੁਰਦੁਆਰੇ ਅੰਦਰ ਬੀੜਾਂ ਰੱਖ ਕੇ ਅਸੀਂ ਸ਼ਾਮ ਨੂੰ ਗੱਡਾ ਨਬੀਏ ਦੇ ਘਰ ਮੂਹਰੇ ਛੱਡ ਆਏ।” ਬਾਬੇ ਦੇ ਚਿਹਰੇ ’ਤੇ ਮਾਣ ਭਰੀ ਮੁਸਕਾਨ ਸੀ।
“ਤੁਹਾਡੀ ਉਮਰ ਕਿੰਨੀ ਏ?” ਮੇਰੇ ਇਸ ਸਵਾਲ ’ਤੇ ਉਹ ਹੱਸ ਪਿਆ।
“ਮੈਂ ਇਕ ਸੌ ਬਾਈ ਸਾਲਾਂ ਦਾ ਆਂ। ਨਨਕਾਣਾ ਸਾਹਿਬ ਵਾਲਾ ਸਾਕਾ ਮੇਰੀਆਂ ਅੱਖਾਂ ਸਾਹਮਣੇ ਹੋਇਆ। ਮੈਂ ਖ਼ੁਦ ਜਥੇ ’ਚ ਗਿਆ ਸਾਂ। ਬੜੀ ਉਮਰ ਭੋਗ ਲਈ ਏ ਮੈਂ। ਹੁਣ ਤਾਂ ਮੈਂ ਨਿੱਤ ਮੌਤ ਮੰਗਦਾਂ, ਪਰ ਰੱਬ ਮੈਨੂੰ ਭੁੱਲ ਗਿਆ ਲੱਗਦਾ।” ਉਸਨੇ ਹੱਥ ਜੋੜਦਿਆਂ ਆਖਿਆ।
ਜਦੋਂ ਇਹ ਵੀਡੀਓ ਯੂ-ਟਿਊਬ ’ਤੇ ਅਪਲੋਡ ਹੋਈ ਤਾਂ ਮੈਨੂੰ ਇਟਲੀ ਤੋਂ ਫੋਨ ਆਇਆ। ਕੋਈ ਬਜ਼ੁਰਗ ਟੁੱਟਵੀਂ ਆਵਾਜ਼ ’ਚ ਬੋਲ ਰਿਹਾ ਸੀ-ਮੈਂ ਭੂਛੇ ਵਾਲੇ ਫ਼ਰੋਜ਼ ਗੁੱਜਰ ਦਾ ਪੁੱਤਰ ਆਂ। ਚੌਧਰੀਆਂ ਦੀ ਸਾਡੇ ਖਾਨਦਾਨ ਨਾਲ ਸੰਨ ਚੁਰਾਨਵੇਂ ਤਕ ਲੜਾਈ ਚੱਲਦੀ ਰਹੀ ਆ। ਸੰਨ ਬਵੰਜਾ ’ਚ ਮੇਰੇ ਅੱਬਾ ਦਾ ਕਤਲ ਹੋ ਗਿਆ ਸੀ। ਮੈਂ ਉਦੋਂ ਦਸ ਵਰ੍ਹਿਆਂ ਦਾ ਸਾਂ। ਤਾਏ ਬਲਵੀਰ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗਿਆ। ਉਹ ਤਿੰਨ ਜਣੇ ਅੱਬਾ ਦਾ ਅਫ਼ਸੋਸ ਕਰਨ ਆਏ। ਮੈਨੂੰ ਬੁੱਕਲ ’ਚ ਲੈ ਕੇ ਤਾਇਆ ਬੜਾ ਰੋਇਆ ਸੀ। ਮੇਰੇ ਲਈ ਪੱਗ ਵੀ ਲੈ ਕੇ ਆਇਆ ਸੀ। ਕਹਿਣ ਲੱਗਾ- ਅਸੀਂ ਚੌਧਰੀਆਂ ਨੂੰ ਦੱਸ ਕੇ ਜਾਣਾ ਕਿ ਫ਼ਰੋਜ਼ ਦੇ ਯਾਰ ਹਾਲੇ ਜਿਉਂਦੇ ਨੇ।
ਉਹ ਚੌਧਰੀਆਂ ’ਤੇ ਹਮਲਾ ਕਰਨ ਦੀ ਤਰਕੀਬ ਬਣਾ ਰਹੇ ਸਨ ਕਿ ਉਨ੍ਹਾਂ ਨੂੰ ਸੂਹ ਲੱਗ ਗਈ। ਉਨ੍ਹਾਂ ਨੇ ਪੁਲੀਸ ਸੱਦ ਲਈ। ਤਾਏ ਹੋਰਾਂ ਨੂੰ ਘੋੜੀਆਂ ਦੇ ਕੇ ਦੁੜਾਉਣਾ ਪਿਆ। ਉਸ ਤੋਂ ਬਾਅਦ ਉਹ ਕਦੇ ਨਾ ਆਏ। ਕੁਝ ਦੇਰ ਚਿੱਠੀਆਂ ਜ਼ਰੂਰ ਆਉਂਦੀਆਂ ਰਹੀਆਂ। ਇੱਥੇ ਇਟਲੀ ਆ ਕੇ ਮੈਂ ਚੜ੍ਹਦੇ ਪੰਜਾਬੀਆਂ ਕੋਲੋਂ ਤਾਏ ਬਲਵੀਰ ਬਾਰੇ ਜ਼ਰੂਰ ਪੁੱਛਦਾ ਰਿਹਾ। ਉਸ ਬਾਰੇ ਮੁੜ ਕੋਈ ਪਤਾ ਨਾ ਲੱਗਿਆ। ਆਹ ਤੁਹਾਡੀ ਵੀਡੀਓ ਨੇ ਤਾਂ ਕਮਾਲ ਕਰ ਦਿੱਤੀ। ਮੈਨੂੰ ਉਨ੍ਹਾਂ ਦਾ ਫੋਨ ਦਿਓ। ਮੈਂ ਉਨ੍ਹਾਂ ਨਾਲ ਗੱਲ ਕਰਨੀ ਚਾਹੁੰਦਾਂ। ਨਾਲੇ ਉਨ੍ਹਾਂ ਨੂੰ ਕੁਝ ਭੇਜਣਾ ਚਾਹੁੰਦਾ।” ਜਦੋਂ ਮੈਂ ਉਸਨੂੰ ਦੱਸਿਆ ਕਿ ਬਾਬਾ ਬਲਵੀਰ ਦੁਨੀਆਂ ਤੋਂ ਜਾ ਚੁੱਕਾ ਹੈ ਤਾਂ ਉਹ ਰੋ ਪਿਆ।
ਉਸ ਦਿਨ ਗੱਲਬਾਤ ਦੌਰਾਨ ਮੈਂ ਬਾਬੇ ਬਲਵੀਰ ਸਿੰਘ ਕੋਲੋਂ ਅਖ਼ੀਰ ’ਚ ਪੁੱਛਿਆ ਸੀ- ਬਾਬਾ ਜੀ, ਤੁਹਾਨੂੰ ਮਾਰੇ ਹੋਏ ਬੰਦਿਆਂ ਦੇ ਨਾਂ ਯਾਦ ਨੇ। ਉਹ ਪਲ ਕੁ ਸੋਚ ਕੇ ਬੋਲਿਆ ਸੀ- ਸਿਰਫ਼ ਇਕ ਦਾ ਨਾਂ ਪਤਾ। ਉਹ ਸਾਡੇ ਟੱਬਰ ’ਚੋਂ ਸੀ। ਉਸਨੂੰ ਮੈਂ ਇੱਧਰ ਆ ਕੇ ਮਾਰਿਆ ਸੀ। ਇਸ ਗੱਲ ਦਾ ਜ਼ਿਕਰ ਮੈਂ ਕਦੇ ਕਿਸੇ ਨਾਲ ਨਹੀਂ ਕੀਤਾ।
“ਉਸਨੂੰ ਕਿਉਂ ਮਾਰਿਆ ਸੀ?” ਮੈਂ ਆਖ਼ਰੀ ਸਵਾਲ ਕੀਤਾ।
“ਰੌਲਿਆਂ ਤੋਂ ਸਾਲ ਕੁ ਪਹਿਲਾਂ ਉਸਨੇ ਤੋਤੀ ਦੇ ਛੋਟੇ ਭਰਾ ਅਕਬਰ ਦਾ ਕਤਲ ਕਰ ਦਿੱਤਾ ਸੀ। ਜਦੋਂ ਅਸੀਂ ਬੀੜਾਂ ਲੈ ਕੇ ਤੁਰੇ ਤਾਂ ਮੈਂ ਤੋਤੀ ਨੂੰ ਬਾਹਵਾਂ ’ਚ ਘੁੱਟਦਿਆਂ ਆਖਿਆ ਸੀ-ਤੋਤੀ ਤੂੰ ਸਾਡੇ ਗੁਰੂ ਦੀਆਂ ਦੇਹਾਂ ਸੰਭਾਲੀਆਂ। ਤੇਰਾ ਇਹ ਅਹਿਸਾਨ ਅਸੀਂ ਉਮਰ ਭਰ ਯਾਦ ਰੱਖਾਂਗੇ। ਮੇਰੀ ਗੱਲ ਸੁਣ ਕੇ ਉਹ ਰੋ ਪਿਆ ਸੀ। ਕਹਿਣ ਲੱਗਾ-ਚਾਚਾ, ਤੂੰ ਸਾਡੇ ਗੁਨਾਹਗਾਰ ਨੂੰ ਤਾਂ ਬਾਹਿਫ਼ਾਜਤ ਨਨਕਾਣਾ ਸਾਹਿਬ ਛੱਡ ਆਇਆਂ। ਮੇਰਾ ਸਿਰ ਸ਼ਰਮ ਨਾਲ ਝੁਕ ਗਿਆ। ਮੈਂ ਉਸ ਨਾਲ ਅਕਬਰ ਦੇ ਕਤਲ ਦਾ ਬਦਲਾ ਲੈਣ ਦਾ ਵਾਅਦਾ ਕਰਕੇ, ਓਥੋਂ ਤੁਰਿਆ ਸਾਂ। ਤੋਤੀ ਨੇ ਸਾਡੇ ਗੁਰੂ ਦੀਆਂ ਦੇਹਾਂ ਨੂੰ ਸੰਭਾਲਿਆ ਸੀ। ਫਿਰ ਉਸਦਾ ਇਸ ਅਹਿਸਾਨ ਦਾ ਬਦਲਾ ਤਾਂ ਚੁਕਾਉਣਾ ਹੀ ਪੈਣਾ ਸੀ। ਹਾਲਾਂਕਿ ਜਿਸਨੂੰ ਮੈਂ ਕਤਲ ਕੀਤਾ ਸੀ ਉਹ ਮੇਰੇ ਯਾਰ ਦਾ ਛੋਟਾ ਭਰਾ ਸੀ।” ਗੱਲ ਮੁਕਾਉਂਦਿਆਂ, ਉਸ ਦੀਆਂ ਬੁੱਢੀਆਂ ਅੱਖਾਂ ਛਲਕ ਗਈਆਂ। ਮੈਂ ਉਸਨੂੰ ਹੈਰਾਨੀ ਨਾਲ ਵੇਖਦਾ ਰਹਿ ਗਿਆ।
ਸੰਪਰਕ: 97818-43444