ਮੁੰਬਈ: ਰਿਐਲਿਟੀ ਸ਼ੋਅ ‘ਡੀਆਈਡੀ ਲਿਟਲ ਮਾਸਟਰ 5’ ਦੇ ਸੈੱਟ ’ਤੇ ਇਸ ਵਾਰ ਫਿਲਮ ਨਿਰਮਾਤਾ-ਕੋਰੀਓਗ੍ਰਾਫਰ ਅਤੇ ਸ਼ੋਅ ਦੇ ਜੱਜ ਰੈਮੋ ਡਿਸੂਜ਼ਾ ਦਾ ਸਾਥ ਦੇਣ ਲਈ ਫਿਲਮ ‘ਨਿਕੰਮਾ’ ਦੀ ਟੀਮ ਪਹੁੰਚੀ, ਜਿਸ ਵਿੱਚ ਅਦਾਕਾਰਾ ਸ਼ਿਲਪਾ ਸ਼ੈੱਟੀ, ਅਭਿਮੰਨਿਊ ਦਾਸਾਨੀ ਤੇ ਸ਼ਰਲੀ ਸੇਤੀਆ ਸ਼ਾਮਲ ਸਨ। ਸ਼ੋਅ ਦੌਰਾਨ ਮੇਜ਼ਬਾਨ ਜੈ ਭਾਨੂਸ਼ਾਲੀ ਨੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਤਰੀਫ਼ ਕਰਦਿਆਂ ਕਿਹਾ ਕਿ ਉਹ ਪ੍ਰਸਿੱਧੀ ਹਾਸਲ ਕਰਨ ਤੋਂ ਬਾਅਦ ਵੀ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਰੱਖਣ ਦਾ ਯਤਨ ਕਰਦੀ ਹੈ। ਉਪਰੰਤ ਉਸ ਨੇ ਰੈਮੋ ਦੀ ਸ਼ਿਲਪਾ ਨਾਲ ਇੱਕ ਤਸਵੀਰ ਸਾਂਝੀ ਕੀਤੀ। ਇਸ ਤਸਵੀਰ ਨੂੰ ਯਾਦ ਕਰਦਿਆਂ ਸ਼ਿਲਪਾ ਸ਼ੈੱਟੀ ਨੇ ਦੱਸਿਆ ਕਿ ਇਹ ਫਿਲਮ ‘ਔਜ਼ਾਰ’ ਦੀ ਸ਼ੂਟਿੰਗ ਵੇਲੇ ਦੀ ਹੈ ਅਤੇ ਰੈਮੋ ਉਨ੍ਹਾਂ ਦੇ ਡਾਂਸ ਗਰੁੱਪ ਦਾ ਹਿੱਸਾ ਸੀ।’ ਤਸਵੀਰ ਵੱਲ ਇਸ਼ਾਰਾ ਕਰਦਿਆਂ ਅਦਾਕਾਰਾ ਨੇ ਮਜ਼ਾਹੀਆ ਅੰਦਾਜ਼ ਵਿੱਚ ਕਿਹਾ, ‘ਮੈਨੂੰ ਲੱਗਦਾ ਰੈਮੋ ਉਸ ਵੇਲੇ ਵੀ ਵਧੀਆ ਦਿਖਦਾ ਸੀ, ਜ਼ਰਾ ਮੇਰੇ ਵੱਲ ਵੇਖੋ’ (ਇਸ ’ਤੇ ਸਾਰੇ ਹੱਸ ਪੈਂਦੇ ਹਨ)। ਰੈਮੋ ਡਿਸੂਜ਼ਾ ਨੇ ਕਿਹਾ, ‘ਮੈਨੂੰ ਹਾਲੇ ਵੀ ਯਾਦ ਹੈ ਜਦੋਂ ਇਹ ਤਸਵੀਰ ਲਈ ਜਾ ਰਹੀ ਸੀ ਤਾਂ ਮੈਂ ਬਹੁਤ ਖੁਸ਼ ਸੀ। ਇਹ ਮੇਰੀ ਕਿਸੇ ਉੱਘੀ ਸ਼ਖ਼ਸੀਅਤ ਨਾਲ ਪਹਿਲੀ ਤਸਵੀਰ ਸੀ।’ ਜ਼ਿਕਰਯੋਗ ਹੈ ਕਿ ਇਹ ਰਿਐਲਿਟੀ ਸ਼ੋਅ ਜ਼ੀ ਟੀਵੀ ’ਤੇ ਪ੍ਰਸਾਰਿਤ ਹੁੰਦਾ ਹੈ। -ਆਈਏਐੱਨਐੱਸ