ਸੁਰਜੀਤ ਮਜਾਰੀ
ਜ਼ਿੰਦਗੀ ਦੇ ਸਫ਼ਰ ਵਿਚ ਅਸੀਂ ਚਿੰਤਾ, ਈਰਖਾ ਤੇ ਲਾਲਚ ਦੇ ਕੰਡੇ ਬੀਜ ਕੇ ਸ਼ਾਂਤੀ, ਸਥਿਰਤਾ ਤੇ ਆਨੰਦ ਤੋਂ ਸੱਖਣੇ ਹੋ ਗਏ ਹਾਂ। ਦਿਨ ਰਾਤ ਨਿੱਜਵਾਦ ਭਾਰੂ ਹੋਣ ਨਾਲ ਸਾਕ ਸਬੰਧੀਆਂ ਤੋਂ ਮਿਲਣ ਵਾਲੀ ਅਪਣੱਤ ਵੀ ਮਨਫ਼ੀ ਹੋ ਗਈ ਹੈ। ਇਹੀ ਕਾਰਨ ਹੈ ਕਿ ਅੱਜ ਬਹੁਗਿਣਤੀ ਮਾਨਸਿਕ ਬੋਝ ਢੋਹ ਰਹੀ ਹੈ। ਦੂਜੇ ਬੰਨ੍ਹੇ ਅਮੀਰੀ ਅਤੇ ਮਸ਼ਹੂਰੀ ਦੀ ਦੌੜ ’ਚ ਦਿਲਾਂ ਦੇ ਸਕੂਨ ਨੂੰ ਪਿੱਛੇ ਛੱਡਣਾ ਵੀ ਮੰਦਭਾਗਾ ਹੈ। ਇਸ ਘਾਤਕ ਵਰਤਾਰੇ ਨੂੰ ਮੋੜ ਦੇਣ ਲਈ ਜੀਵਨ ਸਫ਼ਰ ਵਿਚ ਸਾਦਗੀ, ਸਹਿਜਤਾ ਤੇ ਸਾਰਥਿਕਤਾ ਦੇ ਰੰਗ ਭਰਨ ਦੀ ਲੋੜ ਹੈ।
ਵਿਅਕਤੀਗਤ ਤੌਰ ’ਤੇ ਜਨ ਜੀਵਨ ’ਚ ਸਭ ਤੋਂ ਪਹਿਲਾਂ ਤਾਂ ਸਰੀਰਿਕ ਤੰਦਰੁਸਤੀ ਬਣੀ ਰਹਿਣੀ ਜ਼ਰੂਰੀ ਹੈ। ਸਾਨੂੰ ਜ਼ਿੰਦਗੀ ਦੇ ਬਿਹਤਰੀਨ ਪਾਤਰ ਬਣਨ ਲਈ ਚੰਗੇ ਵਿਚਾਰਾਂ ਦੇ ਧਾਰਨੀ, ਸੁਚੱਜਾ ਜੀਵਨ ਸਾਥ, ਦੂਜਿਆਂ ਲਈ ਸਹਿਯੋਗੀ ਭਾਵਨਾ ਅਤੇ ਸਾਂਝੇ ਕਾਰਜਾਂ ਵਿਚ ਸੇਵਾਵਾਂ ਆਦਿ ਗੁਣਾਂ ਵਿਚ ਲਬਰੇਜ਼ ਰਹਿਣਾ ਚਾਹੀਦਾ ਹੈ। ਜੇਕਰ ਅਸੀਂ ਦੂਜਿਆਂ ਕੋਲੋਂ ਹਾਂ ਪੱਖੀ ਵਤੀਰਾ ਚਾਹੁੰਦੇ ਹਾਂ ਤਾਂ ਉਸੇ ਤਰਜ ’ਤੇ ਖ਼ੁਦ ਵੀ ਦੂਜਿਆਂ ਲਈ ਭਲਾਈ ਭਾਵਨਾ ਰੱਖਣੀ ਚਾਹੀਦੀ ਹੈ। ਚੰਗੇ ਮਿਲਵਰਤਣ ਨਾਲ ਰਿਸ਼ਤਾ ਵੀ ਚੰਗਾ ਨਿਭਦਾ ਹੈ, ਨਹੀਂ ਤਾਂ ਇਕ ਵਾਰੀ ਦਿਲ ਤੋਂ ਲਹਿ ਜਾਣ ਵਾਲੇ ਲੋਕ ਚਾਹੇ ਸਾਹਮਣੇ ਖੜ੍ਹੇ ਰਹਿਣ ਤਾਂ ਵੀ ਨਜ਼ਰ ਨਹੀਂ ਆਉਂਦੇ।
ਅੱਜ ਲੋੜ ਹੈ ਅਹਿਸਾਸ ਤੇ ਅਨੁਭਵ ਦਾ ਸੁਮੇਲ ਬਣਾਉਣ ਦੀ। ਇਹ ਸੁਮੇਲ ਜਦੋਂ ਯਥਾਰਥ ਦੇ ਰਾਹ ਤੁਰੇਗਾ ਤਾਂ ਤੇਹ ਮੋਹ ਵਾਲੇ ਰਿਸ਼ਤਿਆਂ ਦੀ ਧਮਾਲ ਦਿਲਾਂ ਦੇ ਵਿਹੜਿਆਂ ਵਿਚ ਰੂਹਾਨੀਅਤ ਦਾ ਸ਼ਾਨਦਾਰ ਮੁਜ਼ਾਹਰਾ ਕਰਦੀ ਹੈ। ਕੋਸ਼ਿਸ਼ ਵੀ ਇਹੀ ਹੋਣੀ ਚਾਹੀਦੀ ਹੈ ਕਿ ਗਿਲੇ ਸ਼ਿਕਵਿਆਂ ਨਾਲ ਰਿਸ਼ਤੇ ਤੋੜਨ ਵੀ ਬਜਾਏ ਵੱਡਾ ਦਿਲ ਰੱਖਦਿਆਂ ਉਨ੍ਹਾਂ ਨੂੰ ਕਾਇਮ ਰੱਖਣ ਦੀ ਪਿਰਤ ਪਾਈ ਜਾਵੇ। ਦਰਦ ਤੋਂ ਸਿਵਾਏ ਕੁਝ ਨਾ ਦੇਣ ਵਾਲੇ ਰਿਸ਼ਤਿਆਂ ਨੂੰ ਆਜ਼ਾਦ ਕਰ ਦੇਣਾ ਸੌਖਾ ਹੱਲ ਤਾਂ ਹੈ, ਪਰ ਹੋ ਸਕਦਾ ਹੈ ਕਿ ਥੋੜ੍ਹਾ ਹੋਰ ਸਮਾਂ ਪਾ ਕੇ ਮੋੜਾ ਪੈ ਜਾਵੇ। ਗ੍ਰਹਿਸਥੀ ਜੀਵਨ ਵਿਚ ਬੁਨਿਆਦੀ ਰਿਸ਼ਤੇ ਵਜੋਂ ਮੋਹਰੀ ਕਤਾਰ ਵਿਚ ਨਿਭਣ ਵਾਲਾ ਰਿਸ਼ਤਾ ਹਮਸਫ਼ਰ ਦਾ ਹੁੰਦਾ ਹੈ। ਇਸ ਬਾਰੇ ਇਹ ਧਾਰਨਾ ਸਰਬਪ੍ਰਮਾਣਿਤ ਹੈ ਕਿ ਜਦੋਂ ਹਮਸਫ਼ਰ ਹਰ ਹਾਲ ’ਚ ਸਾਥ ਦੇਣ ਵਾਲਾ ਹੋਵੇ ਤਾਂ ਹਿੰਮਤ ਟੁੱਟ ਨਹੀਂ ਸਕਦੀ ਤੇ ਨਾ ਹੀ ਰਿਸ਼ਤਾ।
ਸਿਆਣੇ ਕਹਿੰਦੇ ਹਨ ਕਿ ਚੰਗੇ ਰਿਸ਼ਤਿਆਂ ਦਾ ਸਾਥ ਸਭ ਤੋਂ ਵੱਡੀ ਪ੍ਰਾਪਤੀ ਵਿਚ ਗਿਣਿਆ ਜਾਂਦਾ ਹੈ। ਇਹ ਸਾਥ ਆਖ਼ਰੀ ਸਾਹ ਤਕ ਦੁੱਖ ਸੁੱਖ ਦਾ ਭਾਗੀਦਾਰ ਬਣਿਆ ਰਹਿਣਾ ਚਾਹੀਦਾ ਹੈ। ਜੀਵਨ ਸਫ਼ਰ ਤੈਅ ਕਰਦਿਆਂ ਵਕਤ ਤੇ ਹਾਲਾਤ ਤਾਂ ਬਦਲਦੇ ਰਹਿੰਦੇ ਹਨ, ਪਰ ਚੰਗੇ ਰਿਸ਼ਤਿਆਂ ਵਿਚ ਕਿਸੇ ਤਰ੍ਹਾਂ ਦਾ ਬਦਲ ਨਹੀਂ ਆਉਣਾ ਚਾਹੀਦਾ। ਇਸੇ ਕਰਕੇ ਰਿਸ਼ਤਿਆਂ ਦੀ ਸਾਂਝ ਤੋਂ ਪਹਿਲਾਂ ਸੋਚ ਤੇ ਸਾਥ ਦੀ ਪਰਖ ਕਰ ਲੈਣੀ ਹੀ ਉਚਿਤ ਹੈ। ਅਸਲ ਵਿਚ ਅਸੀਂ ਅਪਣੱਤ ਦੇ ਅਰਥਾਂ ਤੋਂ ਹੀ ਅਣਜਾਣ ਹਾਂ। ਅਪਣੱਤ ਦਾ ਸਹੀ ਅਨੁਵਾਦ ਸਹੀ ਅਰਥਾਂ ਵਿਚ ਉੱਥੇ ਹੁੰਦਾ ਹੈ ਜਿੱਥੇ ਅਗਲਾ ਤੁਹਾਡੀ ਮੁਸਕਾਨ ਪਿਛਲੇ ਦਰਦ, ਗੁੱਸੇ ਪਿਛਲੇ ਪਿਆਰ, ਚੁੱਪ ਪਿਛਲੇ ਕਾਰਨ ਤੇ ਸਫਲਤਾ ਪਿਛਲੇ ਸੰਘਰਸ਼ ਨੂੰ ਸਮਝਦਾ ਹੋਵੇ।
ਜ਼ਿੰਦਗੀ ਵਿਚ ਕਈ ਵਾਰ ਇਹ ਵਰਤਾਰਾ ਵੀ ਦੇਖਿਆ ਹੈ ਕਿ ਅਸੀਂ ਕਈ ਵਾਰ ਕਈ ਰਿਸ਼ਤੇ ਹਾਲਾਤ ਦੀ ਮਜਬੂਰੀ ’ਚ ਹੀ ਨਿਭਾ ਕਰ ਰਹੇ ਹੁੰਦੇ ਹਾਂ। ਅਜਿਹਾ ਨਿਭਾ ਥੋੜ੍ਹੇ ਸਮੇਂ ਲਈ ਤਾਂ ਸਹੀ ਅਵਸਥਾ ਵਰਗਾ ਮਾਹੌਲ ਸਿਰਜ ਸਕਦਾ ਹੈ, ਪਰ ਲੰਬੇ ਸਮੇਂ ਲਈ ਇਹ ਦਰਦ ਤਕਲੀਫ਼ ਤੇ ਤੰਗੀ ਦਾ ਹੀ ਰੂਪ ਧਾਰ ਜਾਂਦਾ ਹੈ। ਇਸ ਲਈ ਮਜਬੂਰੀ ਰਹਿਤ ਹੋ ਕੇ ਨਫ਼ੇ ਨੁਕਸਾਨ ਦੀ ਪਰਵਾਹ ਕੀਤੇ ਬਿਨਾਂ ਆਜ਼ਾਦ ਰੂਪ ਵਿਚ ਨਿਭਣਾ ਚਾਹੀਦਾ ਹੈ। ਤੁਸੀਂ ਦੇਖਿਆ ਹੋਣਾ ਕਿ ਕਈ ਵਾਰ ਵੱਡੇ ਪੱਥਰਾਂ ’ਤੇ ਜੁੱਤੀ ਪਾ ਕੇ ਸਫ਼ਰ ਕਰਨ ਵਿਚ ਕੋਈ ਮੁਸ਼ਕਲ ਨਹੀਂ ਆਉਂਦੀ, ਪਰ ਜਦੋਂ ਜੁੱਤੀ ਵਿਚ ਕੰਕਰ ਪੈ ਜਾਵੇ ਤਾਂ ਦੋ ਪੈਰ ਚੱਲਣਾ ਔਖਾ ਹੋ ਜਾਂਦਾ ਹੈ। ਇਹੀ ਹਾਲ ਰਿਸ਼ਤਿਆਂ ਨਾਲ ਤੁਰਨ ਵੇਲੇ ਹੁੰਦਾ ਹੈ। ਜੇ ਕਈ ਵਾਰ ਔਖੀ ਤੋਂ ਔਖੀ ਘੜੀ ਵਿਚ ਵੀ ਰਿਸ਼ਤੇ ਦੀ ਅਪਣੱਤ ਵਿਚ ਸਫ਼ਰ ਤੈਅ ਹੋ ਜਾਂਦਾ ਹੈ, ਤਾਂ ਕਈ ਵਾਰ ਸੁਖਾਲੇ ਪਲਾਂ ਵਿਚ ਵੀ ਕਿਸੇ ਰਿਸ਼ਤੇ ਦਾ ਰੁੱਖਾਪਣ ਬੇਚੈਨ ਕਰ ਜਾਂਦਾ ਹੈ। ਇਸ ਸਥਿਤੀ ਵਿਚ ਜਾਂ ਤਾਂ ਇਨਸਾਨ ਦੀ ਅਹਿਮੀਅਤ ਸਮਝ ਕੇ ਉਸ ਦੀ ਬੁਰੀ ਗੱਲ ਵੀ ਭੁੱਲ ਜਾਵੋ, ਨਹੀਂ ਤਾਂ ਜੇ ਗੱਲ ਚੰਗੀ ਹੈ ਤਾਂ ਉਸ ਇਨਸਾਨ ਦਾ ਮਾੜਾ ਵਿਵਹਾਰ ਭੁੱਲ ਜਾਵੋ।
ਰਿਸ਼ਤਿਆਂ ਦੀ ਦੁਨੀਆਂ ਵਿਚ ਇਸ ਸੱਚਾਈ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਕਿਸੇ ਰਿਸ਼ਤੇ ਦੇ ਟੁੱਟ ਜਾਣ ਨਾਲ ਕੋਈ ਫ਼ਰਕ ਨਹੀਂ ਪੈਂਦਾ, ਪਰ ਜਦੋਂ ਕਿਸੇ ਰਿਸ਼ਤੇ ਦੇ ਹੁੰਦੇ ਹੋਏ ਉਸ ਰਿਸ਼ਤੇ ਦਾ ਅਹਿਸਾਸ ਮਰ ਜਾਂਦਾ ਹੈ ਤਾਂ ਬੜੀ ਤਕਲੀਫ਼ ਹੁੰਦੀ ਹੈ। ਕਈ ਵਾਰ ਦੇਖਿਆ ਕਿ ਆਪਣੇ ਆਪ ਨੂੰ ਸਿਰਮੌਰ ਅਖਵਾਉਣ ਵਾਲਾ ਮਨੁੱਖ ਰਿਸ਼ਤੇ ਨਾਤਿਆਂ ਨਾਲ ਸਾਂਝ ਤੋੜਣ ਦੇ ਮੁੱਦੇ ਤਹਿਤ ਛੋਟੇ ਜਿਹੇ ਨੁਕਤੇ ’ਤੇ ਹੀ ਫੇਲ੍ਹ ਹੋ ਜਾਂਦਾ ਹੈ। ਹਉਮੈ ਦੀ ਬੇਸੁਰਤੀ ਵਿਚ ਉਹ ਜ਼ਿੰਦਗੀ ਵਿਚ ਕਈ ਅਹਿਮ ਮੌਕੇ ਗੁਆ ਬਹਿੰਦਾ ਹੈ।
ਮੁੱਕਦੀ ਗੱਲ ਕਿ ਰਿਸ਼ਤੇ ਨਾਤਿਆਂ ਦੀ ਵੱਧ ਗਿਣਤੀ ਓਨਾ ਮਾਅਨਾ ਨਹੀਂ ਰਖਾਉਂਦੀ ਸਗੋਂ ਉਨ੍ਹਾਂ ਦੀ ਗੁਣਵੱਤਾ ਹੀ ਸਾਥ ਨਿਭਾਉਂਦੀ ਹੈ। ਦੂਜੇ ਬੰਨੇ ਕਮੀਆਂ ਕਮਜ਼ੋਰੀਆਂ ਲਕਾਉਣ ਲਈ ਪੈਸੇ ਹੱਥ ਪ੍ਰਧਾਨਗੀ ਦੇਣਾ ਵੀ ਅਜਿਹੀ ਪਰਵਿਰਤੀ ਲਈ ਘਾਤਕ ਹੈ। ਸੋ ਜਦੋਂ ਤੁਸੀਂ ਗੁੱਸਾ ਆਉਣ ਦੀ ਸਥਿਤੀ ਵਿਚ ਰੁਕਣਾ ਅਤੇ ਗ਼ਲਤੀ ਕਰਕੇ ਝੁਕਣਾ ਸਿੱਖ ਗਏ ਤਾਂ ਆਪੇ ਸਭ ਕੁਝ ਬਦਲਿਆ ਬਦਲਿਆ ਲੱਗੇਗਾ। ਜੇਕਰ ਕੁਝ ਪਲ ਰੁਕ ਕੇ ਗੁੱਸਾ ਸ਼ਾਂਤ ਹੋਣ ਬਾਅਦ ਲਾਭ ਹੋ ਸਕਦਾ ਹੈ ਜਾਂ ਝੁਕਣ ਨਾਲ ਗ਼ਲਤੀ ਅੱਖੋਂ ਪਰੋਖੇ ਹੋਣ ਦਾ ਵਸੀਲਾ ਬਣ ਸਕਦਾ ਹੈ ਤਾਂ ਇਹਦੇ ਨਾਲ ਦੀ ਕੋਈ ਰੀਸ ਵੀ ਨਹੀਂ। ਇਹ ਵੀ ਸੱਚਾਈ ਹੈ ਕਿ ਰਿਸ਼ਤੇ ਕਦੀ ਵੀ ਕੁਦਰਤੀ ਮੌਤ ਨਹੀਂ ਮਰਦੇ, ਇਨ੍ਹਾਂ ਨੂੰ ਨਫ਼ਰਤ ਦੀ ਘੁਟਣ ਵਿਚ ਹਮੇਸ਼ਾਂ ਅਸੀਂ ਹੀ ਕਤਲ ਕਰਦੇ ਹਾਂ। ਸੋ ਰਿਸ਼ਤਿਆਂ ਨੂੰ ਹਮੇਸ਼ਾਂ ਅਪਣੱਤ ਦੀ ਮਹਿਕ ਦਿਓ। ਖੁਸ਼ ਰਹੋ, ਦੂਜਿਆਂ ਦੀ ਖੁਸ਼ੀ ਦਾ ਸਬੱਬ ਬਣੋ ਅਤੇ ਖੁਦ ਜੀਓ, ਦੂਜਿਆਂ ਨੂੰ ਜੀਣ ਦਿਓ।
ਸੰਪਰਕ: 98721-93237