ਮੁੰਬਈ: ਅਦਾਕਾਰਾ ਰਸਿਕਾ ਦੁੱਗਲ ਦੀ ਫਿਲਮ ‘ਫੇਅਰੀ ਫੋਕ’ ਵੱਕਾਰੀ ਸਿਡਨੀ ਫਿਲਮ ਫੈਸਟੀਵਲ ਵਿੱਚ ਦਿਖਾਈ ਜਾਵੇਗੀ। ‘ਫੇਅਰੀ ਫੋਕ’ ਦਾ ਪ੍ਰੀਮੀਅਰ 8 ਤੋਂ 19 ਤੱਕ ਚੱਲਣ ਵਾਲੇ ਸਿਡਨੀ ਫਿਲਮ ਫੈਸਟੀਵਲ ’ਚ ਹੋਵੇਗਾ। ਕਰਨ ਗੌੜ ਵੱਲੋਂ ਲਿਖੀ ਅਤੇ ਨਿਰਦੇਸ਼ਤ ਇਹ ਫਿਲਮ ਝਗੜਾਲੂ ਜੋੜੇ ਰਿਤਿਕਾ ਅਤੇ ਮੋਹਿਤ ਦੀ ਕਹਾਣੀ ਹੈ। ਇਹ ਫਿਲਮ ਸਾਲਾਨਾ ਉਤਸਵ ਵਿੱਚ ਭਾਰਤੀ ਸਿਨੇਮਾ ਦੀ ਨੁਮਾਇੰਦਗੀ ਕਰੇਗੀ। ਰਸਿਕਾ ਨੇ ਕਿਹਾ, ‘‘ਇੱਕ ਕਲਾਕਾਰ ਲਈ ਕਿਸੇ ਰਸਮੀ ਜਿਹੀ ਫਿਲਮ ਦਾ ਹਿੱਸਾ ਬਣਨਾ ਖੁਸ਼ੀ ਦੀ ਗੱਲ ਹੁੰਦੀ ਹੈ। ਇਸ ਦੀ ਸ਼ੂਟਿੰਗ ਦੀ ਸ਼ੈਲੀ ਨੇ ਸਾਨੂੰ ਅਜਿਹੀਆਂ ਬਹੁਤ ਸਾਰੀਆਂ ਅਜੀਬ ਚੀਜ਼ਾਂ ਦੀ ਪੜਚੋਲ ਦਾ ਮੌਕਾ ਦਿੱਤਾ ਹੈ, ਜੋ ਅਕਸਰ ਲੋਕ ਕਰਦੇ ਹਨ ਅਤੇ ਕਿਸੇ ਅਣਕਿਆਸੀ ਸਥਿਤੀ ਵਿੱਚ ਫਸੇ ਹੋਣ ’ਤੇ ਇਸ ਬਾਰੇ ਗੱਲ ਕਰਦੇ ਹਨ। ਅਜਿਹੀਆਂ ਸੁੰਦਰ ਵਿਲੱਖਣਤਾਵਾਂ, ਜੋ ਕਈ ਵਾਰ ਇੱਕ ਤਰਕ ਭਰਪੂਰ ਕਹਾਣੀ ਲਿਖਣ ਸਮੇਂ ਗੁਆਚ ਜਾਂਦੀਆਂ ਹਨ।’’ ਉਸ ਨੇ ਕਿਹਾ, ‘‘ਇਹ ਇੱਕ ਅਜਿਹੀ ਫਿਲਮ ਹੈ, ਜੋ ਹਰ ਕਲਾਕਾਰ ਦੀ ਜ਼ਿੰਦਗੀ ਵਿੱਚ ਹੋਣੀ ਚਾਹੀਦੀ ਹੈ।’’ ਫਿਲਮ ਵਿੱਚ ਰਸਿਕਾ ਤੋਂ ਇਲਾਵਾ ਨਿਖਿਲ ਦੇਸਾਈ, ਅਸਮਿਤ ਪਠਾਰੇ ਅਤੇ ਚੰਦਰਚੂੜ ਰਾਏ ਸਮੇਤ ਹੋਰ ਕਲਾਕਾਰਾਂ ਨੇ ਕੰਮ ਕੀਤਾ ਹੈ। ਰਸਿਕਾ ਦੇ ਆਉਣ ਵਾਲੇ ਪ੍ਰਾਜੈਕਟਾਂ ਵਿੱਚ ‘ਅਧੂਰਾ’, ‘ਸਪਾਈਕ’, ‘ਦਿੱਲੀ ਕ੍ਰਾਈਮ ਸੀਜ਼ਨ 2’ ਅਤੇ ‘ਲਾਰਡ ਕਰਜ਼ਨ ਕੀ ਹਵੇਲੀ’ ਸ਼ਾਮਲ ਹਨ। -ਆਈਏਐੱਨਐੱਸ