ਮੁੰਬਈ: ਅਦਾਕਾਰ ਜੋੜੀ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫਿਲਮ ‘ਬ੍ਰਹਮਾਸਤਰ ਭਾਗ ਇੱਕ: ਸ਼ਿਵਾ’ ਛੇਤੀ ਹੀ ਓਟੀਟੀ ਪਲੈਟਫਾਰਮ ’ਤੇ ਦੇਖੀ ਜਾ ਸਕੇਗੀ। ਫਿਲਮ ਦੇ ਨਿਰਦੇਸ਼ਕ ਅਯਾਨ ਮੁਖਰਜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਫਿਲਮ ਦਾ ਪੋਸਟਰ ਸਾਂਝਾ ਕਰਦਿਆਂ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਹੈ। ਸਟਾਰ ਸਟੂਡੀਓ ਅਤੇ ਧਰਮਾ ਦੇ ਬੈਨਰ ਹੇਠ ਤਿਆਰ ਹੋਈ ਇਹ ਫਿਲਮ ਡਿਜ਼ਨੀ+ਹੌਟਸਟਾਰ ’ਤੇ 4 ਨਵੰਬਰ ਨੂੰ ਰਿਲੀਜ਼ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਹ ਫਿਲਮ ਅਯਾਨ ਮੁਖਰਜੀ ਦੀ ਫਿਲਮ ਲੜੀ ਦਾ ਪਹਿਲਾ ਹਿੱਸਾ ਹੈ ਅਤੇ ਇਸ ਦੇ ਦੋ ਭਾਗ ਹਾਲੇ ਤਿਆਰ ਕੀਤੇ ਜਾਣੇ ਬਾਕੀ ਹਨ। ਇਸ ਫਿਲਮ ਵਿੱਚ ਰਣਬੀਰ ਅਤੇ ਆਲੀਆ ਤੋ ਇਲਾਵਾ ਸੀਨੀਅਰ ਅਦਾਕਾਰ ਅਮਿਤਾਭ ਬੱਚਨ, ਮੌਨੀ ਰੌਏ ਤੇ ਨਾਗਾਰਜੁਨ ਅਕੀਨੇਨੀ ਨੇ ਵੀ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਸ ਭਾਗ ਵਿੱਚ ਸ਼ਾਹਰੁਖ ਖ਼ਾਨ ਦੀ ਮਹਿਮਾਨ ਭੂਮਿਕਾ ਹੈ ਅਤੇ ਜੇਕਰ ਸੂਤਰਾਂ ਦੀ ਮੰਨੀਏ ਤਾਂ ਅਗਲੇ ਭਾਗ ਵਿੱਚ ਰਣਵੀਰ ਤੇ ਦੀਪਿਕਾ ਦੀ ਜੋੜੀ ਲੈਣ ਦੇ ਚਰਚੇ ਹਨ। ਜ਼ਿਕਰਯੋਗ ਹੈ ਕਿ ਇਸ ਫਿਲਮ ਨੇ ਵਿਸ਼ਵ ਪੱਧਰ ’ਤੇ ਕੁੱਲ 425 ਕਰੋੜ ਰੁਪਏ ਦੀ ਕਮਾਈ ਕੀਤੀ ਹੈ। -ਏਐੱਨਆਈ