ਮੁੰਬਈ: ‘ਯੇ ਤੇਰੀ ਗਲੀਆਂ’, ‘ਅਪਨਾ ਟਾਈਮ ਭੀ ਆਏਗਾ’ ਅਤੇ ‘ਕਿਉਂ ਉੰਥੇ ਦਿਲ ਛੋੜ ਆਏ’ ਵਰਗੇ ਮਸ਼ਹੂਰ ਸ਼ੋਅ ਕਰਨ ਵਾਲੀ ਅਦਾਕਾਰਾ ਰੇਮਨ ਸਿੰਘ ਦਾ ਕਹਿਣਾ ਹੈ ਕਿ ਟੈਲੀਵਿਜ਼ਨ ਪ੍ਰਤੀ ਵਚਨਬੱਧਤਾ ਨੇ ਉਸ ਨੂੰ ਬੌਲੀਵੁੱਡ ਫਿਲਮਾਂ ਵਿੱਚ ਕਰੀਅਰ ਬਣਾਉਣ ਦੀ ਆਗਿਆ ਨਹੀਂ ਦਿੱਤੀ। ਰੇਮਨ ਨੇ ਅੱਜ ਇੱਥੇ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਬੌਲੀਵੁੱਡ ਪ੍ਰਾਜੈਕਟ ਲੈਣੇ ਬੰਦ ਕਰ ਦਿੱਤੇ ਕਿਉਂਕਿ ਉਦੋਂ ਮੈਂ ਟੀਵੀ ਸ਼ੋਅ ਵਿੱਚ ਮੁੱਖ ਕਿਰਦਾਰ ਨਿਭਾ ਰਹੀ ਸੀ। ਅਤੇ ਜਦੋਂ ਤੁਸੀਂ ਟੈਲੀਵਿਜ਼ਨ ਲਈ ਸ਼ੂਟਿੰਗ ਵਿੱਚ ਰੁੱਝੇ ਹੋ ਤਾਂ ਤੁਹਾਨੂੰ ਸ਼ੂਟ ਕਰਨ ਲਈ ਜ਼ਿਆਦਾਤਰ ਸਮਾਂ ਉਨ੍ਹਾਂ ਨਾਲ ਮੌਜੂਦ ਹੋਣ ਦੀ ਲੋੜ ਹੁੰਦੀ ਹੈ।’’ ਅਦਾਕਾਰਾ ਬੌਲੀਵੁੱਡ ਫਿਲਮਾਂ ‘ਆਰਮੀ’ ਅਤੇ ‘ਘਾਇਲ ਵੰਸ ਅਗੇਨ’ ਦਾ ਹਿੱਸਾ ਵੀ ਰਹੀ ਹੈ। ਹਾਲਾਂਕਿ, ਹੁਣ ਉਹ ਬੌਲੀਵੁੱਡ ਵਿੱਚ ਵਾਪਸੀ ਲਈ ਉਤਸਕ ਹੈ। ਅਦਾਕਾਰਾ ਨੇ ਕਿਹਾ, ‘‘ਹੁਣ ਮੈਂ ਬੌਲੀਵੁੱਡ ਫਿਲਮਾਂ ਵਿੱਚ ਵਾਪਸੀ ਦੀ ਉਡੀਕ ਕਰ ਰਹੀ ਹਾਂ, ਜੇਕਰ ਭੂਮਿਕਾ ਸ਼ਕਤੀਸ਼ਾਲੀ ਅਤੇ ਅਰਥਪੂਰਨ ਹੋਵੇ। ਪਰ ਦੁਬਾਰਾ ਫਿਰ ਮੈਂ ਟੀਵੀ ਨਹੀਂ ਛੱਡਣਾ ਚਾਹੁੰਦੀ। ਮੈਂ ਹਰ ਤਰ੍ਹਾਂ ਦੇ ਮਾਧਿਅਮ ਦਾ ਆਨੰਦ ਲੈਣਾ ਚਾਹੁੰਦੀ ਹਾਂ, ਟੀਵੀ ਹੋਵੇ, ਬੌਲੀਵੁੱਡ ਜਾਂ ਓਟੀਟੀ।’’ -ਆਈਏਐੱਨਐੱਸ