ਮਨਦੀਪ ਸਿੰਘ ਸਿੱਧੂ
ਰਾਜਿੰਦਰ ਨਾਥ ਉਰਫ਼ ਰਾਜਿੰਦਰ ਨਾਥ ਮਲਹੋਤਰਾ ਦੀ ਪੈਦਾਇਸ਼ 8 ਜੂਨ 1931 ਨੂੰ ਟੀਕਮਗੜ੍ਹ (ਮੱਧ ਪ੍ਰਦੇਸ਼) ਦੇ ਪੰਜਾਬੀ ਖੱਤਰੀ ਪਰਿਵਾਰ ਵਿੱਚ ਹੋਈ। ਉਨ੍ਹਾਂ ਦੇ ਪਿਤਾ ਦਾ ਨਾਮ ਕਰਤਾਰ ਨਾਥ ਮਲਹੋਤਰਾ ਸੀ ਜੋ ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਇੰਸਪੈਕਟਰ ਜਰਨਲ ਆਫ਼ ਪੁਲੀਸ ਸਨ, ਜਿਨ੍ਹਾਂ ਨੂੰ ‘ਰਾਏ ਬਹਾਦੁਰ’ ਦਾ ਲਕਬ ਵੀ ਮਿਲਿਆ ਸੀ। ਉਂਜ ਇਨ੍ਹਾਂ ਦਾ ਆਬਾਈ ਤਾਲੁਕ ਪੇਸ਼ਾਵਰ (ਪੰਜਾਬ) ਦੇ ਕਰੀਮਪੁਰਾ ਇਲਾਕੇ ਨਾਲ ਸੀ ਜੋ ਪੰਜਾਬ ਵੰਡ ਤੋਂ ਬਾਅਦ ਮੱਧ ਪ੍ਰਦੇਸ਼ ਦੇ ਜਬਲਪੁਰ ਇਲਾਕੇ ਵਿੱਚ ਵੱਸ ਗਏ ਸਨ। ਰਾਜਿੰਦਰ ਨਾਥ ਦੇ ਦੋ ਭਰਾ ਸਨ। ਵੱਡਾ ਭਰਾ ਪ੍ਰੇਮ ਨਾਥ (ਪੇਸ਼ਾਵਰ) ਆਪਣੇ ਦੌਰ ਦਾ ਮਸ਼ਹੂਰ ਹੀਰੋ ਤੇ ਖ਼ਲਨਾਇਕ ਸੀ ਅਤੇ ਛੋਟਾ ਭਰਾ ਨਰਿੰਦਰ ਨਾਥ (ਜਬਲਪੁਰ) ਵੀ ਹਿੰਦੀ ਫ਼ਿਲਮਾਂ ਦਾ ਖ਼ਲ ਅਦਾਕਾਰ ਸੀ। ਰਾਜਿੰਦਰ ਨਾਥ ਦੀਆਂ ਦੋ ਭੈਣਾਂ ਸਨ। ਵੱਡੀ ਭੈਣ ਦਾ ਨਾਮ ਸੀ ਕ੍ਰਿਸ਼ਨਾ ਜੋ ਅਦਾਕਾਰ ਰਾਜ ਕਪੂਰ ਨਾਲ ਵਿਆਹੀ ਹੋਈ ਸੀ ਅਤੇ ਛੋਟੀ ਭੈਣ ਦਾ ਨਾਮ ਹੈ ਉਮਾ ਜੋ ਅਦਾਕਾਰ, ਖ਼ਲਨਾਇਕ ਪ੍ਰੇਮ ਚੋਪੜਾ (ਲਾਹੌਰ) ਨੂੰ ਵਿਆਹੀ ਹੋਈ ਹੈ।
ਰਾਜਿੰਦਰ ਨਾਥ ਨੇ ਸਕੂਲੀ ਤਾਲੀਮ ਰੇਵਾ (ਮੱਧ ਪ੍ਰਦੇਸ਼) ਤੋਂ ਹਾਸਿਲ ਕੀਤੀ, ਜਿੱਥੇ ਇਹ ਐੱਫ. ਐੱਸਸੀ. ਤੱਕ ਪੜ੍ਹੇ। ਪੜ੍ਹਾਈ ਪੂਰੀ ਕਰਦਿਆਂ ਹੀ ਪ੍ਰੇਮ ਨਾਥ ਨੇ ਰਾਜਿੰਦਰ ਨੂੰ ਫ਼ਿਲਮਾਂ ਦੇ ਵੱਡੇ ਮਰਕਜ਼ ਬੰਬੇ ਸੱਦ ਲਿਆ। 1947 ਵਿੱਚ 16 ਵਰ੍ਹਿਆਂ ਦੀ ਉਮਰ ਵਿੱਚ ਉਹ ਪ੍ਰਿਥਵੀਰਾਜ ਕਪੂਰ (ਪੇਸ਼ਾਵਰ) ਦੇ ‘ਪ੍ਰਿਥਵੀ ਥੀਏਟਰ’ ਨਾਟਕ ਕੰਪਨੀ ਵਿੱਚ ਸ਼ਾਮਲ ਹੋ ਗਿਆ। ਇਸ ਤੋਂ ਬਾਅਦ ਉਸ ਨੇ ਪ੍ਰਿਥਵੀ ਥੀਏਟਰ ਦੇ ਮਸ਼ਹੂਰ ਨਾਟਕਾਂ ‘ਪਠਾਨ’, ‘ਦੀਵਾਰ’, ‘ਸ਼ਕੁੰਤਲਾ’ ਤੇ ‘ਅਹੂਤੀ’ ’ਚ ਕੰਮ ਕਰਦਿਆਂ ਅਦਾਕਾਰੀ ਦੀਆਂ ਬਾਰੀਕੀਆਂ ਸਿੱਖੀਆਂ।
ਫ਼ਿਲਮਾਂ ਨਾਲ ਦਿਲਚਸਪੀ ਦੇ ਚੱਲਦਿਆਂ ਜਦੋਂ ਰਾਜਿੰਦਰ ਨਾਥ ਨੇ ਫ਼ਿਲਮ ਸਨਅਤ ਵਿੱਚ ਪ੍ਰਵੇਸ਼ ਕੀਤਾ ਤਾਂ ਵੱਡੇ ਭਰਾ ਪ੍ਰੇਮ ਨਾਥ ਤੇ ਭਾਬੀ ਅਦਾਕਾਰਾ ਬੀਨਾ ਰਾਏ (ਲਾਹੌਰ) ਨੇ ਉਸ ਦੀ ਬੜੀ ਮਦਦ ਕੀਤੀ। ਵੱਡੇ ਭਰਾ ਦੇ ਹੁੰਦਿਆਂ ਰਾਜਿੰਦਰ ਬੇਫ਼ਿਕਰੀ ਨਾਲ ਦਿਨ ਲੰਘਾ ਰਿਹਾ ਸੀ। ਸੁਭਾਅ ਦਾ ਮਖੌਲੀਆ ਰਾਜਿੰਦਰ ਆਪਣੇ ਕੰਮ-ਕਾਰ ਸਬੰਧੀ ਸੰਜੀਦਾ ਨਹੀਂ ਸੀ। ਪ੍ਰੇਮ ਚਾਹੁੰਦਾ ਸੀ ਕਿ ਰਾਜਿੰਦਰ ਫ਼ਿਲਮਾਂ ਵਿੱਚ ਆਪਣੀ ਪਛਾਣ ਬਣਾਵੇ। ਲਿਹਾਜ਼ਾ ਉਸ ਨੂੰ ਸਹਾਇਕ ਹੀਰੋ ਲੈ ਕੇ ਉਸ ਨੇ 2 ਫ਼ਿਲਮਾਂ ਬਣਾਈਆਂ।
ਜਦੋਂ ਪ੍ਰੇਮ ਨਾਥ ਨੇ ਆਪਣੇ ਫ਼ਿਲਮਸਾਜ਼ ਅਦਾਰੇ ਪੀ. ਐੱਨ. ਫ਼ਿਲਮਜ਼, ਬੰਬੇ ਦੇ ਬੈਨਰ ਹੇਠ ਪਹਿਲੀ ਇਤਿਹਾਸਕ ਹਿੰਦੀ ਫ਼ਿਲਮ ‘ਗੋਲਕੁੰਡਾ ਕਾ ਕੈਦੀ’ ਉਰਫ਼ ‘ਪ੍ਰਿਜ਼ਨਰ ਆਫ਼ ਗੋਲਕੁੰਡਾ’ (1954) ਬਣਾਈ ਤਾਂ ਭਰਾ ਰਾਜਿੰਦਰ ਨਾਥ ਨੂੰ ਨਵੇਂ ਸਹਾਇਕ ਹੀਰੋ ਵਜੋਂ ਮੁਤਆਰਿਫ਼ ਕਰਵਾਇਆ ਜਦੋਂ ਕਿ ਮੁੱਖ ਭੂਮਿਕਾ ਵਿੱਚ ਖ਼ੁਦ ਪ੍ਰੇਮ ਨਾਥ ਸਨ। ਕਹਾਣੀ ਤੇ ਮੰਜ਼ਰਨਾਮਾ ਰਾਏ ਸਾਹਿਬ ਕਰਤਾਰ ਨਾਥ (ਪਿਤਾ ਰਾਜਿੰਦਰ ਨਾਥ), ਮੁਕਾਲਮੇ ਹਰੀ ਪ੍ਰਤਾਪ, ਗੀਤ ਅਨਜਾਨ, ਕੈਫ਼ ਇਰਫ਼ਾਨੀ, ਪ੍ਰਕਾਸ਼ ਸਾਥੀ ਅਤੇ ਸੰਗੀਤ ਦੱਤਾ ਦਾਵਜੇਕਰ (ਸਹਾਇਕ ਜਗਨਨਾਥ ਤੇ ਕੁੰਦਨ ਲਾਲ) ਨੇ ਮੁਰੱਤਬਿ ਕੀਤਾ। ਇਹ ਫ਼ਿਲਮ 1952 ਵਿੱਚ ਸ਼ੁਰੂ ਹੋਈ ਤੇ 1954 ਵਿੱਚ ਸੈਂਸਰ, ਪਰ ਇਹ ਫ਼ਿਲਮ ਨਾਕਾਮ ਸਾਬਤ ਹੋਈ। ਪੀ. ਐੱਨ. ਫ਼ਿਲਮਜ਼ ਦੀ ਹੀ ਐੱਚ. ਐੱਸ. ਰਵੇਲ ਨਿਰਦੇਸ਼ਿਤ ਹਿੰਦੀ ਫ਼ਿਲਮ ‘ਸ਼ਗੂਫ਼ਾ’ (1953) ’ਚ ਉਸ ਨੇ ਸਹਾਇਕ ਹੀਰੋ ਦਾ ਪਾਰਟ ਅਦਾ ਕੀਤਾ। ਫ਼ਿਲਮ ਦੇ ਮਰਕਜ਼ੀ ਕਿਰਦਾਰ ਵਿੱਚ ਬੀਨਾ ਰਾਏ ਤੇ ਪ੍ਰੇਮ ਨਾਥ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੇ ਸਨ, ਪਰ ਇਹ ਫ਼ਿਲਮ ਵੀ ਫਲਾਪ ਰਹੀ।
ਜਦੋਂ ਫਿਰ ਵੀ ਉਹ ਜ਼ਿੰਦਗੀ ਨੂੰ ਲੈ ਕੇ ਸੰਜੀਦਾ ਨਹੀਂ ਹੋਇਆ ਤਾਂ ਪ੍ਰੇਮ ਨਾਥ ਨੇ ਗੁੱਸੇ ਵਿੱਚ ਆ ਕੇ ਉਸ ਨੂੰ ਘਰੋਂ ਕੱਢ ਦਿੱਤਾ। ਇਸ ਗੱਲ ਨਾਲ ਰਾਜਿੰਦਰ ਨੂੰ ਧੱਕਾ ਤਾਂ ਜ਼ਰੂਰ ਲੱਗਾ, ਪਰ ਰਹਿਣ ਲਈ ਉਸ ਨੂੰ ਘਰ ਜ਼ਰੂਰ ਦੇ ਦਿੱਤਾ ਕਿਉਂਕਿ ਪ੍ਰੇਮ ਨਾਥ ਦੀ ਚਾਹਤ ਸੀ ਕਿ ਉਹ ਮਿਹਨਤ ਨਾਲ ਆਪਣੀ ਪਛਾਣ ਬਣਾਏ। ਖ਼ੈਰ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਨ ਲਈ ਰਾਜਿੰਦਰ ਨਾਥ ਨੂੰ ਸੰਜੀਦਾ ਹੋਣਾ ਪਿਆ ਜੋ ਉਸ ਦੇ ਭਲੇ ਲਈ ਸੀ। ਬੇਸ਼ੱਕ ਆਪਣੀਆਂ ਪਹਿਲੀਆਂ ਫ਼ਿਲਮਾਂ ਵਿੱਚ ਰਾਜਿੰਦਰ ਨਾਥ ਕੋਈ ਕਮਾਲ ਨਹੀਂ ਵਿਖਾ ਸਕਿਆ, ਪਰ ਬਾਅਦ ਵਿੱਚ ਉਹ ਫ਼ਿਲਮੀ ਪਰਦੇ ’ਤੇ ਛਾ ਗਿਆ।
ਜਦੋਂ ਫ਼ਿਲਮੀਸਤਾਨ ਲਿਮਟਿਡ, ਬੰਬੇ ਦੀ ਆਈ. ਐੱਸ. ਜੌਹਰ ਨਿਰਦੇਸ਼ਿਤ ਮਜ਼ਾਹੀਆ ਫ਼ਿਲਮ ‘ਹਮ ਸਬ ਚੋਰ ਹੈਂ’ (1956) ਬਣੀ ਤਾਂ ਰਾਜਿੰਦਰ ਨਾਥ ਨੇ ਇਸ ਫ਼ਿਲਮ ’ਚ ‘ਚਿੰਟੂ’ ਨਾਮੀ ਮਜ਼ਾਹੀਆ ਕਿਰਦਾਰ ਨਿਭਾਇਆ ਜਦੋਂਕਿ ਨਲਿਨੀ ਜਯਵੰਤ ਤੇ ਸ਼ਮੀ ਕਪੂਰ ਮੁੱਖ ਭੂਮਿਕਾ ਵਿੱਚ ਸਨ। ਰੌਸ਼ਨੀ ਫ਼ਿਲਮ, ਬੰਬੇ ਦੀ ਐੱਚ. ਐੱਸ. ਰਵੇਲ ਨਿਰਦੇਸ਼ਿਤ ਫ਼ਿਲਮ ‘ਸ਼ਰਾਰਤ’ (1959) ’ਚ ਉਸ ਨੇ ਅਦਾਕਾਰਾ ਕੁਮਕੁਮ ਦੇ ਭਰਾ ਦਾ ਰੋਲ ਕੀਤਾ। ਫ਼ਿਲਮਾਲਯ, ਬੰਬੇ ਦੀ ਨਾਸਿਰ ਹੁਸੈਨ ਨਿਰਦੇਸ਼ਿਤ ਫ਼ਿਲਮ ‘ਦਿਲ ਦੇ ਕੇ ਦੇਖੋ’ (1959) ’ਚ ਉਸ ਦੇ ਕਿਰਦਾਰ ‘ਕੈਲਾਸ਼’ ਨੇ ਉਸ ਨੂੰ ਪਛਾਣ ਦਿੱਤੀ। ਨਾਸਿਰ ਹੁਸੈਨ ਦੇ ਫ਼ਿਲਮਸਾਜ਼ ਅਦਾਰੇ ਦੀ ਨਾਸਿਰ ਹੁਸੈਨ ਨਿਰਦੇਸ਼ਿਤ ਫ਼ਿਲਮ ‘ਜਬ ਪਿਆਰ ਕਿਸੀ ਸੇ ਹੋਤਾ ਹੈ’ (1961) ’ਚ ਉਸ ਵੱਲੋਂ ਨਿਭਾਏ ‘ਪੋਪਟ ਲਾਲ’ ਦੇ ਰੋਲ ਨੇ ਉਸ ਨੂੰ ਫ਼ਿਲਮ ਜਗਤ ਵਿੱਚ ਅਜਿਹਾ ਸਥਾਪਿਤ ਕੀਤਾ ਕਿ ਫਿਰ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਸ ਨੇ 1950 ਦੇ ਦਹਾਕੇ ਵਿੱਚ ਕੁੱਲ 9 ਹਿੰਦੀ ਫ਼ਿਲਮਾਂ, 1960 ਵਿੱਚ 70 ਫ਼ਿਲਮਾਂ, 1970 ਵਿੱਚ 67 ਫ਼ਿਲਮਾਂ, 1980 ਵਿੱਚ 84 ਫ਼ਿਲਮਾਂ, 1990 ਵਿੱਚ 23 ਫ਼ਿਲਮਾਂ ਵਿੱਚ ਆਪਣੀ ਮਜ਼ਾਹੀਆ ਅਦਾਕਾਰੀ ਦੇ ਖ਼ੂਬ ਰੰਗ ਬਿਖੇਰੇ। ਰਾਜਿੰਦਰ ਕੁਮਾਰ ਦੀ ਆਖ਼ਰੀ ਹਿੰਦੀ ਫ਼ਿਲਮ ਕੇ. ਮਨਸੁਖ ਲਾਲ ਦੇ ਫ਼ਿਲਮਸਾਜ਼ ਅਦਾਰੇ ਸੋਨਲ ਫ਼ਿਲਮਜ਼, ਬੰਬੇ ਦੀ ਡਰਾਉਣੀ ਫ਼ਿਲਮ ‘ਲਾਸ਼’ (1998) ਸੀ।
ਫ਼ਿਲਮਾਂ ਦੇ ਇਲਾਵਾ ਰਾਜਿੰਦਰ ਨਾਥ ਨੇ ਟੈਲੀਵਿਜ਼ਨ ਕਿਸ਼ਤਵਾਰ ‘ਦੂਸਰਾ ਕੇਵਲ’ (1989), ‘ਭੀਮ ਭਵਾਨੀ’ (1990), ‘ਅਲੀ ਬਾਬਾ’ (1991/ਹਿਦਾਇਤਕਾਰ), ‘ਸਿੱਕਾ ਬਦਲ ਗਿਆ’ (1992/ਹਿਦਾਇਤਕਾਰ) ‘ਹਮ ਪਾਂਚ’ (1995-1999) ਤੇ ‘ਯੇਹ ਹੈ ਝੁਮਰੀ ਤਲੈਯਾ’ (1996) ਵਿੱਚ ਵੀ ਅਦਾਕਾਰੀ ਕੀਤੀ। ਹਿੰਦੀ ਫ਼ਿਲਮਾਂ ਦੇ ਇਲਾਵਾ ਉਸ ਨੇ ਬਤੌਰ ਮਜ਼ਾਹੀਆ ਅਦਾਕਾਰ ਪੰਜਾਬੀ ਫ਼ਿਲਮਾਂ ਵਿੱਚ ਵੀ ਅਦਾਕਾਰੀ ਕੀਤੀ। ਜਦੋਂ ਪੀ. ਐੱਨ. ਸ਼ਰਮਾ ਨੇ ਆਪਣੇ ਫ਼ਿਲਮਸਾਜ਼ ਅਦਾਰੇ ਪੀ. ਐੱਨ. ਫ਼ਿਲਮਜ਼, ਬੰਬੇ ਦੇ ਬੈਨਰ ਹੇਠ ਜੁਗਲ ਕਿਸ਼ੋਰ ਦੀ ਹਿਦਾਇਤਕਾਰੀ ਵਿੱਚ ਫ਼ਿਲਮ ‘ਮੋਰਨੀ’ (1975) ਬਣਾਈ ਤਾਂ ਉਸ ਨੂੰ ਪਹਿਲੀ ਵਾਰ ਪੰਜਾਬੀ ਫ਼ਿਲਮ ਵਿੱਚ ਮੌਕਾ ਦਿੱਤਾ। ਫ਼ਿਲਮ ਵਿੱਚ ਉਸ ਨੇ ਪੋਪਟ ਲਾਲ ਦੀ ਸਰਾਂ ਦੇ ਮਾਲਕ ‘ਜੱਗੂ’ ਦਾ ਮਜ਼ਾਹੀਆ ਪਾਰਟ ਨਿਭਾਇਆ। ਹੰਸ ਰਾਜ ਬਹਿਲ ਦੇ ਸੰਗੀਤ ਵਿੱਚ ਵਰਮਾ ਮਲਿਕ ਦਾ ਲਿਖਿਆ ‘ਕਿਸੇ ਨੇ ਕਿਸੇ ਦੀ…ਮੇਰੀ ਹੋਣ ਵਾਲੀ ਵਹੁਟੀ ਨੂੰ ਕੋਈ ਕੱਢ ਲੈ ਗਿਆ’ (ਮੁਹੰਮਦ ਰਫ਼ੀ, ਐੱਸ. ਬਲਬੀਰ) ਰਾਜਿੰਦਰ ਨਾਥ, ਐੱਸ. ਬਲਬੀਰ ਤੇ ਬ੍ਰਹਮਚਾਰੀ ’ਤੇ ਫ਼ਿਲਮਾਇਆ ਹਿੱਟ ਮਜ਼ਾਹੀਆ ਗੀਤ ਸੀ। ਈਗਲ ਫ਼ਿਲਮਜ਼, ਬੰਬੇ ਦੀ ਏ. ਸਾਲਮ ਨਿਰਦੇਸ਼ਿਤ ਫ਼ਿਲਮ ‘ਚੜ੍ਹੇ ਜਵਾਨੀ ਬੁੱਢੇ ਨੂੰ’ (1976) ’ਚ ਉਸ ਨੇ ਮਹਿਮਾਨ ਅਦਾਕਾਰ ਵਜੋਂ ‘ਹੌਲਦਾਰ’ ਦਾ ਰੋਲ ਕੀਤਾ। ਜਦੋਂ ਸ਼ਾਦ ਨੇ ਆਪਣੇ ਫ਼ਿਲਮਸਾਜ਼ ਅਦਾਰੇ ਬਰਾੜ ਪ੍ਰੋਡਕਸ਼ਨਜ਼, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ (ਨਾਲ ਸੁਰਿੰਦਰ ਸਿੰਘ) ਵਿੱਚ ਪੰਜਾਬੀ ਫ਼ਿਲਮ ‘ਸੱਚਾ ਮੇਰਾ ਰੂਪ ਹੈ’ (1976) ਬਣਾਈ ਤਾਂ ਉਸ ਨੂੰ ‘ਸ਼ਿਕਾਰੀ’ ਦਾ ਮਜ਼ਾਹੀਆ ਰੋਲ ਦਿੱਤਾ, ਜਿਸ ਦੇ ਰੂਬਰੂ ਅਦਾਕਾਰਾ ਮਨੋਰਮਾ ਉਸ ਦੀ ਲੜਾਕੀ ਪਤਨੀ ਦਾ ਪਾਰਟ ਅਦਾ ਕਰ ਰਹੀ ਸੀ। ਵੇਦਪਾਲ ਵਰਮਾ ਦੇ ਸੰਗੀਤ ’ਚ ਕਸ਼ਮੀਰ ਕਾਦਰ ਦਾ ਲਿਖਿਆ ਗੀਤ ‘ਸੁਣ ਓ ਸ਼ਿਕਾਰੀਆ ਜੇ ਕਰਨਾ ਏ ਸ਼ਿਕਾਰ’ (ਮੀਨੂੰ ਪ੍ਰਸ਼ੋਤਮ) ਮਧੂਮਤੀ, ਰਾਜਿੰਦਰ ਨਾਥ, ਵਿਜੈ ਟੰਡਨ, ਸਰਿਤਾ ’ਤੇ ਫ਼ਿਲਮਾਇਆ ਗਿਆ ਸੀ। ਇਸ ਫ਼ਿਲਮ ਦੇ ਈ. ਪੀ. ਰਿਕਾਰਡ ‘ਖ਼ਾਲਸਾ ਮੇਰੋ ਰੂਪ ਹੈ ਖ਼ਾਸ’ ਦੇ ਨਾਮ ਨਾਲ ਜਾਰੀ ਹੋਏ ਸਨ। ਐੱਸ. ਜੇ. ਕੇ. ਪ੍ਰੋਡਕਸ਼ਨਜ਼, ਬੰਬੇ ਦੀ ਸੁਰਿੰਦਰ ਸਿੰਘ ਨਿਰਦੇਸ਼ਿਤ ਫ਼ਿਲਮ ‘ਧਰਤੀ ਸਾਡੀ ਮਾਂ’ (1976) ’ਚ ਵੀ ਉਸ ਨੇ ਆਪਣੇ ਮਜ਼ਾਹੀਆ ਫ਼ਨ ਦੀ ਨੁਮਾਇਸ਼ ਕੀਤੀ।
ਸਤੀਸ਼ ਭਾਖੜੀ ਦੇ ਫ਼ਿਲਮਸਾਜ਼ ਅਦਾਰੇ ਪੀ. ਐੱਲ. ਫ਼ਿਲਮਜ਼ ਇੰਟਰਨੈਸ਼ਨਲ, ਬੰਬੇ ਦੀ ਸਤੀਸ਼ ਭਾਖੜੀ ਨਿਰਦੇਸ਼ਿਤ ਫ਼ਿਲਮ ‘ਲੱਛੀ’ (1977) ’ਚ ਉਸ ਨੇ ‘ਪ੍ਰੀਤਮ ਦੀਵਾਨਾ’ ਦਾ ਕਾਮੇਡੀ ਪਾਰਟ ਅਦਾ ਕੀਤਾ, ਜਿਸ ਦੇ ਸਨਮੁੱਖ ਅਦਾਕਾਰਾ ਰਜਨੀ ਬਾਲਾ ਮੌਜੂਦ ਸੀ। ਫ਼ਿਲਮ ’ਚ ਹੰਸਰਾਜ ਬਹਿਲ ਦੇ ਸੰਗੀਤ ਵਿੱਚ ਇੱਕ ਮਜ਼ਾਹੀਆ ਗੀਤ ‘ਨੀਂ…ਤੂੰ ਸਾਡੇ ਨਾਲ ਕਰ ਲੈ ਵਿਆਹ’ (ਮਹਿੰਦਰ ਕਪੂਰ, ਮਿਹਰ ਮਿੱਤਲ, ਸਵਿਤਾ ਸੁਮਨ) ਰਾਜਿੰਦਰ ਨਾਥ ਤੇ ਮਿਹਰ ਮਿੱਤਲ ’ਤੇ ਫ਼ਿਲਮਾਇਆ ਗਿਆ ਸੀ। ਹਿੰਦੀ ਵਿੱਚ ਇਹ ਫ਼ਿਲਮ ‘ਬਦਮਾਸ਼ੋਂ ਕਾ ਬਦਮਾਸ਼’ (1979) ਦੇ ਸਿਰਲੇਖ ਹੇਠ ਡੱਬ ਹੋਈ। ਸੀ. ਆਰ. ਤ੍ਰਿਵੇਦੀ ਦੇ ਫ਼ਿਲਮਸਾਜ਼ ਅਦਾਰੇ ਵਿਨਾਇਕ ਫ਼ਿਲਮਜ਼, ਬੰਬੇ ਦੀ ਸੋਮ ਹਕਸਰ ਨਿਰਦੇਸ਼ਿਤ ਫ਼ਿਲਮ ‘ਨੱਚਦੀ ਜਵਾਨੀ’ (1977) ਵਿੱਚ ਉਸ ਨੇ ਪੋਪਟ ਪੋਲਟਰੀ ਫਾਰਮ ਵਾਲੇ ‘ਪੋਪਟ ਲਾਲ’ ਦਾ ਕਿਰਦਾਰ ਨਿਭਾਇਆ, ਜਿਸ ਦੇ ਹਮਰਾਹ ਮਨੋਰਮਾ ਅਦਾਕਾਰੀ ਕਰ ਰਹੀ ਸੀ। ਪ੍ਰੇਮ ਨਾਥ ਦੇ ਫ਼ਿਲਮਸਾਜ਼ ਅਦਾਰੇ ਪੀ. ਐੱਨ. ਫ਼ਿਲਮਜ਼, ਬੰਬੇ ਦੀ ਚਮਨ ਨੀਲੈ ਨਿਰਦੇਸ਼ਿਤ ਧਾਰਮਿਕ ਪੰਜਾਬੀ ਫ਼ਿਲਮ ‘ਸਤਿ ਸ੍ਰੀ ਅਕਾਲ’ (1977) ’ਚ ਉਸ ਨੇ ‘ਚਰਨ ਸਿੰਘ’ ਦਾ ਮਖੌਲੀਆ ਪਾਤਰ ਨਿਭਾਇਆ, ਜਿਸ ਦੇ ਰੂਬਰੂ ਅਦਾਕਾਰਾ ਨਾਜ਼ ਕੰਮ ਕਰ ਰਹੀ ਸੀ। ਸਰਦਾਰ ਮਲਿਕ ਤੇ ਪ੍ਰੇਮ ਨਾਥ ਦੇ ਸਾਂਝੇ ਸੰਗੀਤ ਵਿੱਚ ਕਮਰ ਜਲਾਲਾਬਾਦੀ ਦਾ ਲਿਖਿਆ ਗੀਤ ‘ਏਸ ਪਿਆਰ ਨੇ ਯਾਰਾ ਵੇਖੋ ਬਦਲੇ ਰੰਗ ਹਜ਼ਾਰ’ (ਜਸਪਾਲ ਸਿੰਘ, ਆਸ਼ਾ ਭੌਸਲੇ, ਪਾਸਕਲ ਪਾਲ) ਪ੍ਰੀਕਸ਼ਤ ਸਾਹਨੀ, ਜ਼ਾਹਿਰਾ, ਰੀਨਾ ਰਾਏ, ਰਾਜਿੰਦਰ ਨਾਥ ਤੇ ਨਾਜ਼ ’ਤੇ ਫ਼ਿਲਮਾਇਆ ਗਿਆ ਹਿੱਟ ਗੀਤ ਸੀ। ਹਿੰਦੀ ਵਿੱਚ ਇਹ ਫ਼ਿਲਮ ‘ਗਿਆਨੀ ਜੀ’ (1977) ਦੇ ਸਿਰਲੇਖ ਹੇਠ ਡੱਬ ਹੋਈ। ਅਮਰ ਫ਼ਿਲਮਜ਼, ਬੰਬੇ ਦੀ ਬੀ. ਐੱਸ. ਸ਼ਾਦ ਨਿਰਦੇਸ਼ਿਤ ਫ਼ਿਲਮ ‘ਗਿੱਧਾ’ (1978) ’ਚ ਉਸ ਨੇ ‘ਰੌਣਕੀ ਰਾਮ’ ਦਾ ਰੋਲ ਕੀਤਾ, ਜਿਸ ਨਾਲ ਮੌਂਟੋ ਤੇ ਰੰਗੀਲੇ ਨੇ ਖ਼ੂਬ ਕਾਮੇਡੀ ਕੀਤੀ।
ਦੀਪਕਲਾ ਪ੍ਰੋਡਕਸ਼ਨਜ਼, ਨਵੀਂ ਦਿੱਲੀ ਦੀ ਪਵਨ ਦੇਵ ਨਿਰਦੇਸ਼ਿਤ ਫ਼ਿਲਮ ‘ਡੇਰਾ ਆਸ਼ਿਕਾਂ ਦਾ’ (1979) ’ਚ ਉਸ ਨੇ ਹੋਟਲ ਦੇ ਮਾਲਕ ‘ਸੇਠ ਜੀ’ ਦਾ ਪਾਰਟ ਨਿਭਾਇਆ, ਜਿਸ ਨਾਲ ਸੋਨੀਆ ਸਾਹਨੀ ਮੌਜੂਦ ਸੀ। ਅਮਰੀਸ਼ ਐੱਲ. ਭਾਖੜੀ ਦੇ ਫ਼ਿਲਮਸਾਜ਼ ਅਦਾਰੇ ਭਾਖੜੀ ਫ਼ਿਲਮਜ਼, ਬੰਬੇ ਦੀ ਸਤੀਸ਼ ਭਾਖੜੀ ਨਿਰਦੇਸ਼ਿਤ ਫ਼ਿਲਮ ‘ਜੱਟ ਪੰਜਾਬੀ’ (1979) ਵਿੱਚ ਰਾਜਿੰਦਰ ਨਾਥ ਨੇ ‘ਹਕੀਮ ਗੰਡਾਰਾਮ’ ਦਾ ਕਿਰਦਾਰ ਅਦਾ ਕੀਤਾ। ਨਾਨਕ ਮੂਵੀਜ਼, ਅੰਮ੍ਰਿਤਸਰ ਦੀ ਸੁਭਾਸ਼ ਸੀ. ਭਾਖੜੀ ਨਿਰਦੇਸ਼ਿਤ ਫ਼ਿਲਮ ‘ਰਾਂਝਾ ਇੱਕ ਤੇ ਹੀਰਾਂ ਦੋ’ (1979) ’ਚ ਉਸ ਨੇ ‘ਲੋਲੂ’ ਦਾ, ਚਮਨਲਾਲ ਸ਼ੁਗਲ ਨੇ ‘ਭੋਲੂ’ ਦਾ ਮਜ਼ਾਹੀਆ ਰੋਲ ਕੀਤਾ। ਕਵਾਤੜਾ ਮੂਵੀਜ਼, ਬੰਬੇ ਦੀ ਚਮਨ ਨੀਲੈ ਨਿਰਦੇਸ਼ਿਤ ਫ਼ਿਲਮ ‘ਦੋ ਪੋਸਤੀ’ (1981) ’ਚ ਰਾਜਿੰਦਰ ਨਾਥ (ਲੱਖਣ) ਤੇ ਆਈ. ਐੱਸ. ਜੌਹਰ ਨੇ (ਮੱਖਣ) ਦੋ ਪੋਸਤੀਆਂ ਦਾ ਮਜ਼ਾਹੀਆ ਪਾਤਰ ਬਾਖ਼ੂਬੀ ਨਿਭਾਇਆ। ਦਸਮੇਸ਼ ਆਰਟ ਪ੍ਰੋਡਕਸ਼ਨਜ਼, ਲੁਧਿਆਣਾ ਦੀ ਸਤੀਸ਼ ਭਾਖੜੀ ਨਿਰਦੇਸ਼ਿਤ ਫ਼ਿਲਮ ‘ਸੱਸੀ ਪੁਨੂੰ’ (1983) ਰਾਜਿੰਦਰ ਨਾਥ ਦੀ ਆਖ਼ਰੀ ਪੰਜਾਬੀ ਫ਼ਿਲਮ ਕਰਾਰ ਪਾਈ, ਜਿਸ ਵਿੱਚ ਉਸ ਨੇ ਆਸ਼ਿਕ ਦਾ ਕਾਮੇਡੀ ਰੋਲ ਕੀਤਾ।
ਰਾਜਿੰਦਰ ਨਾਥ ਦੇ ਪਰਿਵਾਰ ਵਿੱਚ ਪਤਨੀ ਗੁੱਡੂ ਦੇ ਇਲਾਵਾ ਉਸ ਦਾ ਇੱਕ ਪੁੱਤਰ ਯੁਵਰਾਜ ਨਾਥ ਅਤੇ ਧੀ ਰਾਖੀ ਵੀ ਹੈ। ਆਪਣੇ ਦੋਵਾਂ ਭਰਾਵਾਂ ਪ੍ਰੇਮ ਨਾਥ ਤੇ ਨਰਿੰਦਰ ਨਾਥ ਦੀ ਮੌਤ ਤੋਂ ਬਾਅਦ ਫ਼ਿਲਮ-ਮੱਦਾਹਾਂ ਨੂੰ ਹਸਾਉਣ ਵਾਲਾ ਰਾਜਿੰਦਰ ਨਾਥ ਬੜਾ ਉਦਾਸ ਰਹਿਣ ਲੱਗ ਪਿਆ ਸੀ। ਜ਼ਾਤੀ ਜ਼ਿੰਦਗੀ ਵਿੱਚ ਬੜਾ ਸੰਜੀਦਾ ਤੇ ਨਫ਼ੀਸ ਬੰਦਾ ਰਾਜਿੰਦਰ ਨਾਥ 13 ਫਰਵਰੀ 2008 ਨੂੰ 77 ਸਾਲਾਂ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਅਕਾਲ ਚਲਾਣਾ ਕਰ ਗਿਆ, ਪਰ ਉਹ ਆਪਣੀਆਂ ਫ਼ਿਲਮਾਂ ਜ਼ਰੀਏ ਹਮੇਸ਼ਾਂ ਹਸਾਉਂਦਾ ਰਹੇਗਾ।
ਸੰਪਰਕ: 97805-09545