ਮਨਦੀਪ ਸਿੰਘ ਸਿੱਧੂ
ਕੈਲਾਸ਼ ਭੰਡਾਰੀ ਉਰਫ਼ ਕੈਲਾਸ਼ ਚੰਦਰ ਭੰਡਾਰੀ ਦੀ ਪੈਦਾਇਸ਼ 23 ਜਨਵਰੀ 1923 ਨੂੰ ਅੰਮ੍ਰਿਤਸਰ ਦੇ ਸ਼ਹਿਰ ਰਾਮਦਾਸ ਦੇ ਪੰਜਾਬੀ ਖੱਤਰੀ ਪਰਿਵਾਰ ਵਿੱਚ ਹੋਈ। ਉਸ ਦੇ ਪਿਤਾ ਦੀਨਾ ਨਾਥ ਭੰਡਾਰੀ ਰਾਮਦਾਸ ਦੇ ਬੜੇ ਅਮੀਰ ਜ਼ਿਮੀਂਦਾਰ ਸਨ। ਕੈਲਾਸ਼ ਨੂੰ ਹਾਈ ਸਕੂਲ ਵਿੱਚ ਪੜ੍ਹਨ ਲਈ ਭੇਜਿਆ ਗਿਆ, ਪਰ ਉਹ ਆਪਣੀ ਤਾਲੀਮ ਮੁਕੰਮਲ ਨਾ ਕਰ ਸਕਿਆ। ਬੇਸ਼ੱਕ ਉਸ ਦੀ ਅਕਾਦਮਿਕ ਯੋਗਤਾ ਘੱਟ ਸੀ, ਪਰ ਜ਼ਿਹਨੀ ਤੌਰ ’ਤੇ ਬੜਾ ਬੁੱਧੀਮਾਨ ਨੌਜਵਾਨ ਸੀ।
ਕੈਲਾਸ਼ ਨੇ ਆਪਣੇ ਫ਼ਨੀ ਸਫ਼ਰ ਦੀ ਸ਼ੁਰੂਆਤ ਲਾਹੌਰ ਤੋਂ ਸ਼ੁਰੂ ਕੀਤੀ। 17 ਵਰ੍ਹਿਆਂ ਦੀ ਉਮਰ ਵਿੱਚ ਉਹ ਅੰਮ੍ਰਿਤਸਰ ਤੋਂ ਲਾਹੌਰ ਚਲਾ ਗਿਆ ਸੀ। ਉੱਥੇ ਜਾ ਕੇ ਉਹ ਲਾਹੌਰ ਦੇ ਰਈਸ ਗੱਭਰੂ ਅਦਾਕਾਰ ਐੱਮ. ਡੀ. ਕੰਵਰ ਉਰਫ਼ ਮਜ਼ਹਰ-ਉਲ-ਦੀਨ ਕੰਵਰ ਨੂੰ ਮਿਲਿਆ, ਜਿਸ ਨੇ ਪੰਜਾਬੀ ਫਿਲਮ ‘ਦੁੱਲਾ ਭੱਟੀ’ ਉਰਫ਼ ‘ਦੁਖੀ ਜਵਾਨੀ’ (1940) ਵਿੱਚ ‘ਦੁੱਲਾ’ ਦਾ ਸ਼ਾਨਦਾਰ ਪਾਰਟ ਅਦਾ ਕੀਤਾ ਸੀ। ਉਸ ਵੇਲੇ ਕੰਵਰ ਦੇ ਦਿਮਾਗ਼ ਵਿੱਚ ਇੱਕ ਪ੍ਰੋਡਕਸ਼ਨ ਪ੍ਰੋਗਰਾਮ ਸ਼ੁਰੂ ਕਰਨ ਦਾ ਖ਼ਿਆਲ ਸੀ ਅਤੇ ਉਸ ਦੇ ਮੁਤਾਬਕ ਹੀ ਉਸ ਨੇ ਲਾਹੌਰ ਵਿੱਚ ਫਿਲਮ ਕਾਰਪੋਰੇਸ਼ਨ ਦੀ ਸਥਾਪਨਾ ਕੀਤੀ ਸੀ। ਇਸ ਕੰਪਨੀ ਨੇ ਇੱਕ ਪੰਜਾਬੀ ਫੀਚਰ ਫਿਲਮ ਬਣਾਉਣ ਦਾ ਐਲਾਨ ਕੀਤਾ, ਜਿਸ ਦਾ ਨਾਮ ਰੱਖਿਆ ‘ਸ਼ਰਾਬੀ’। ਕੰਵਰ ਨੇ ਇਸ ਫਿਲਮ ਵਿੱਚ ਕੈਲਾਸ਼ ਨੂੰ ਹੀਰੋ ਲੈਣ ਦਾ ਵਾਅਦਾ ਕੀਤਾ। ਬਦਕਿਸਮਤੀ ਨਾਲ ਇਸ ਫਿਲਮ ਦਾ ਨਿਰਮਾਣ ਨਹੀਂ ਹੋ ਸਕਿਆ ਅਤੇ ਕੈਲਾਸ਼ ਪਰਦੇ ਉੱਤੇ ਆਉਣ ਦਾ ਮੌਕਾ ਗਵਾ ਬੈਠਿਆ।
ਉਹ ਨਿਰਾਸ਼ ਤਾਂ ਜ਼ਰੂਰ ਹੋਇਆ, ਪਰ ਮਜ਼ਬੂਤ ਇਰਾਦਾ ਗੱਭਰੂ ਨੇ ਹਿੰਮਤ ਨਾ ਹਾਰੀ। ਇਸ ਤੋਂ ਬਾਅਦ ਕੈਲਾਸ਼ ਮਾਮੂਲੀ ਤਨਖ਼ਾਹ ਉੱਤੇ ਇੱਕ ਸਿਨੇ-ਪ੍ਰਯੋਗਸ਼ਾਲਾ ਵਿੱਚ ਡਿਵੈਲਪਰ ਲੱਗ ਗਿਆ। ਇੱਥੇ ਡੇਢ ਸਾਲ ਤੱਕ ਕੰਮ ਕੀਤਾ ਅਤੇ ਫਿਰ ਲਾਹੌਰ ਦੇ ਵੱਡੇ ਫਿਲਮਸਾਜ਼ ਅਦਾਰੇ ਪੰਚੋਲੀ ਪਿਕਚਰਜ਼ ਨਾਲ ਜੁੜ ਗਿਆ। ਫਿਰ 6 ਮਹੀਨੀਆਂ ਬਾਅਦ ਹਿਦਾਇਤਕਾਰ ਕੇ. ਡੀ. ਮਹਿਰਾ (ਕ੍ਰਿਸ਼ਨ ਦੇਵ ਮਹਿਰਾ) ਦੇ ਨਾਲ ਸਹਾਇਕ ਹਿਦਾਇਤਕਾਰ ਵਜੋਂ ਸ਼ਾਮਲ ਹੋ ਗਿਆ। ਇੱਥੇ ਵੀ ਦਿਲ ਨਾ ਲੱਗਿਆ ਤੇ 3 ਮਹੀਨਿਆਂ ਬਾਅਦ ਹੈਰੋਲਡ ਲੂਈਸ ਉਰਫ਼ ਮਜਨੂੰ ਕੋਲ ਸਹਾਇਕ ਹਿਦਾਇਤਕਾਰ ਦੀ ਹੈਸੀਅਤ ਨਾਲ ਪਹੁੰਚ ਗਿਆ। ਉਸ ਵੇਲੇ ਮਜਨੂੰ ਆਪਣੀ ਹਿਦਾਇਤਕਾਰੀ ਵਿੱਚ ਸਤੀਸ਼ ਬੱਤਰਾ ਦੇ ਫ਼ਿਲਮਸਾਜ਼ ਅਦਾਰੇ ਬੱਤਰਾ ਪ੍ਰੋਡਕਸ਼ਨਜ਼, ਲਾਹੌਰ ਦੀ ਪਹਿਲੀ ਹਿੰਦੀ ਫਿਲਮ ‘ਪਾਪੀ’ (1943) ਬਣਾ ਰਿਹਾ ਸੀ। ਉਨ੍ਹਾਂ ਕੈਲਾਸ਼ ਨੂੰ ਆਪਣੇ ਨਾਲ ਸਹਾਇਕ ਹਿਦਾਇਤਕਾਰ ਵਜੋਂ ਸ਼ਾਮਲ ਕਰ ਲਿਆ। ਇਹ ਪਹਿਲਾ ਮੌਕਾ ਸੀ ਜਦੋਂ ਕੈਲਾਸ਼ ਕਿਸੇ ਕੰਪਨੀ ਨਾਲ 3 ਸਾਲਾਂ ਤੱਕ ਜੁੜਿਆ ਰਿਹਾ।
ਜਦੋਂ ਭਾਰਤ ਸਰਕਾਰ ਦੇ ਰਾਅ ਸਿਨਮੈਟੋਗ੍ਰਾਫ਼ ਫਿਲਮ ਕੰਟਰੋਲ ਆਰਡਰ ਦੇ ਐਲਾਨ ਹੋਣ ਨਾਲ ਬੱਤਰਾ ਪ੍ਰੋਡਕਸ਼ਨਜ਼ ਦੀਆਂ ਗਤੀਵਿਧੀਆਂ ਨੂੰ ਰੱਦ ਕਰ ਦਿੱਤਾ ਤਾਂ ਉਸ ਨੂੰ ਇੱਕ ਵਾਰ ਫਿਰ ਕੰਪਨੀ ਛੱਡਣੀ ਪਈ। ਇਸ ਤੋਂ ਬਾਅਦ ਉਹ ਜ਼ਮਾਨ ਪ੍ਰੋਡਕਸ਼ਨਜ਼ ਵਿੱਚ ਸ਼ਾਮਲ ਹੋ ਗਿਆ। ਜਦੋਂ ਗੁਲ ਜ਼ਾਮਨ ਨੇ ਆਪਣੇ ਫਿਲਮਸਾਜ਼ ਅਦਾਰੇ ਜ਼ਮਾਨ ਪ੍ਰੋਡਕਸ਼ਨਜ਼, ਲਾਹੌਰ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿੱਚ ਪੰਜਾਬੀ ਫਿਲਮ ‘ਗੁਲ ਬਲੋਚ’ (1945) ਸ਼ੁਰੂ ਕੀਤੀ ਤਾਂ ਕੈਲਾਸ਼ ਨੇ ਸਹਾਇਕ ਸੰਪਾਦਕ ਵਜੋਂ ਕੰਮ ਕੀਤਾ।
1946-47 ਵਿੱਚ ਐੱਮ. ਐੱਲ. ਗੁਪਤਾ ਨੇ ਅਪਰ ਇੰਡੀਆ ਸਟੂਡੀਓਜ਼, ਲਾਹੌਰ ਵਿੱਚ ਆਪਣੇ ਫਿਲਮਸਾਜ਼ ਅਦਾਰੇ ਨੈਸ਼ਨਲ ਫਿਲਮ ਪ੍ਰੋਡਿਊਸਰਜ਼, ਲਾਹੌਰ ਦੇ ਬੈਨਰ ਹੇਠ ਹਿੰਦੀ ਫਿਲਮ ‘ਬਿਰਹਨ’ ਸ਼ੁਰੂ ਕੀਤੀ। ਇਹ ਫਿਲਮ ਕੈਲਾਸ਼ ਭੰਡਾਰੀ ਦੀ ਆਜ਼ਾਦ ਹਿਦਾਇਤਕਾਰ (ਸਹਾਇਕ ਜ਼ਫ਼ਰ ਤੇ ਕੋਹਲੀ) ਵਜੋਂ ਪਹਿਲੀ ਫਿਲਮ ਸੀ। ਫਿਲਮ ’ਚ ਉਸ ਦੀ ਹਿਦਾਇਤ ਵਿੱਚ ਅਦਾਕਾਰ ਪ੍ਰਾਣ (ਮੁਨੀਸ਼) ਤੇ ਰੂਪਾ (ਕਿਰਨ) ਨੇ ਮਰਕਜ਼ੀ ਕਿਰਦਾਰ ਤੇ ਦੂਜੇ ਜੋੜੀਦਾਰ ਵਜੋਂ ਅਨੂਪ ਜਾਨ (ਡਾਕਟਰ ਅਮਰ) ਤੇ ਬੇਗ਼ਮ ਪਰਵੀਨ (ਨਿਰਮਲਾ) ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੇ ਸਨ। ਕਹਾਣੀ ਬੇਕਲ ‘ਅੰਮ੍ਰਿਤਸਰੀ’, ਗੀਤ ਸਰਸ਼ਾਰ ਸੈਲਾਨੀ ਤੇ ਬੇਕਲ ‘ਅੰਮ੍ਰਿਤਸਰੀ’, ਮੁਕਾਲਮੇ ਆਜ਼ਮ ਮਿਰਜ਼ਾ, ਮੰਜ਼ਰਨਾਮਾ ਵਿਜੈ ਮਹਾਤਰੇ ਅਤੇ ਸੰਗੀਤਕਾਰ ਲੱਛੀ ਰਾਮ ਸਨ। ਫਿਲਮ ’ਚ ਕੁਲ 12 ਗੀਤ ਸਨ, ਜਿਨ੍ਹਾਂ ਨੂੰ ਦਿਲਸ਼ਾਦ ਬੇਗ਼ਮ, ਜ਼ੀਨਤ ਬੇਗ਼ਮ, ਮੁਨੱਵਰ ਸੁਲਤਾਨਾ ਤੇ ਐੱਸ. ਡੀ. ਬਾਤਿਸ਼ ਨੇ ਆਪਣੀਆਂ ਆਵਾਜ਼ਾਂ ਦਿੱਤੀਆਂ। 1947 ਵਿੱਚ ਮੁਲਕ ਵਿੱਚ ਫ਼ਿਰਕੂ-ਫਸਾਦ ਸ਼ੁਰੂ ਹੋ ਗਏ ਅਤੇ ਪਰੇਸ਼ਾਨ ਹੋਇਆ ਗੁਪਤਾ ਇਸ ਦਾ ਮੁਕੰਮਲ ਨੈਗੇਟਿਵ ਲੈ ਕੇ ਬੰਬਈ ਟੁਰ ਗਿਆ। ਬੰਬਈ ਵਿੱਚ ਇਹ ਫਿਲਮ ਨੈਸ਼ਨਲ ਫਿਲਮ ਪ੍ਰੋਡਿਊਸਰਜ਼, ਬੰਬੇ ਦੇ ਬੈਨਰ ਹੇਠ 10 ਜੁਲਾਈ 1948 ਨੂੰ ਸੈਂਸਰ ਹੋਈ, ਜਿਸ ਦਾ ਸੈਂਸਰ ਸਰਟੀਫਿਕੇਟ ਨੰਬਰ ਬੀ-39009 ਹੈ।
1947 ਵਿੱਚ ਹੀ ਕੈਲਾਸ਼ ਭੰਡਾਰੀ ਨੇ ਆਪਣੀ ਹਿਦਾਇਤਕਾਰੀ ਵਿੱਚ ਅਪਰ ਇੰਡੀਆ ਸਟੂਡੀਓ, ਲਾਹੌਰ ਵਿੱਚ ਇੱਕ ਪੰਜਾਬੀ ਫਿਲਮ ‘ਵਸਾਖੀ’ ਸ਼ੁਰੂ ਕੀਤੀ। ਇਸ ਫਿਲਮ ਦੇ ਅਦਾਕਾਰਾਂ ਵਿੱਚ ਰਾਣੀ ਕਿਰਨ ਤੇ ਆਸ਼ਾ ਪੋਸਲੇ (ਦੋਵੇਂ ਭੈਣਾਂ ਤੇ ਭਾਈ ਇਨਾਇਤ ਅਲੀ ਨਾਥ ਦੀਆਂ ਧੀਆਂ), ਅਮਰਨਾਥ ਅਤੇ ਕਲਾਵਤੀ (ਡਾਂਸਰ) ਨੁਮਾਇਆ ਸਨ। ਪੰਜਾਬ ਵੰਡ ਤੋਂ ਬਾਅਦ ਵਕਤ ਹੱਥੋਂ ਨਿਰਾਸ਼ ਹੋਇਆ ਕੈਲਾਸ਼ ਭੰਡਾਰੀ ਫਿਲਮ ਦਾ ਨੈਗੇਟਿਵ ਤੇ ਸਕਰਿਪਟ ਲੈ ਕੇ ਬੰਬਈ ਆ ਗਿਆ।
ਇੱਥੇ ਪਹੁੰਚ ਕੇ ਉਸ ਨੇ ਹਿਦਾਇਤਕਾਰੀ ਕਰਨ ਦੀ ਬਜਾਏ ਬਤੌਰ ਫ਼ਿਲਮਸਾਜ਼ (ਨਾਲ ਜਗਦੀਸ਼) ਨਵੇਂ ਫਿਲਮਸਾਜ਼ ਅਦਾਰੇ ਚਿੱਤਰ ਭੂਮੀ ਲਿਮਟਿਡ, ਬੰਬੇ ਦੀ ਸਥਾਪਨਾ ਕੀਤੀ ਅਤੇ ਇਸ ਦੇ ਬੈਨਰ ਹੇਠ ਰਜਿੰਦਰ ਸ਼ਰਮਾ ਦੀ ਹਿਦਾਇਤਕਾਰੀ ਵਿੱਚ ਪੰਜਾਬੀ ਫਿਲਮ ‘ਵਸਾਖੀ’ ਮੁਕੰਮਲ ਕੀਤੀ ਜੋ 14 ਫਰਵਰੀ 1951 ਨੂੰ ਸੈਂਸਰ ਹੋਈ। ਫਿਲਮ ਦੇ ਮੁਸੱਨਫ਼ ਤੇ ਨਗ਼ਮਾਨਿਗਾਰ ਹਜ਼ਰਤ ਅਜ਼ੀਜ਼ ਕਸ਼ਮੀਰੀ ਤੇ ਸੰਗੀਤਕਾਰ ਹਰਬੰਸ ਲਾਲ ਸ਼ਰਮਾ ਸਨ। ਹੁਣ ਫਿਲਮ ਦੇ ਨਵੇਂ ਅਦਾਕਾਰਾਂ ਵਿੱਚ ਪੁਸ਼ਪਾ ਹੰਸ, ਵਾਸਤੀ, ਮਨੋਰਮਾ, ਪ੍ਰਾਣ, ਮਜਨੂੰ, ਸੁੰਦਰ ਅਚਲਾ ਸਚਦੇਵ ਉਰਫ਼ ਰਜਿੰਦਰ ਕੌਰ (ਪਹਿਲੀ ਪੰਜਾਬੀ ਫਿਲਮ), ਰਾਜਨ ਹਕਸਰ, ਉਮਾ ਦੱਤ, ਕੁਲਦੀਪ ਕੌਰ, ਚੰਦਰ ਕੁਮਾਰੀ, ਸੱਤਯਾਪਾਲ ਨੁਮਾਇਆ ਸਨ। ਫਿਲਮ ’ਚ ਕੁਲ 9 ਗੀਤ ਸਨ, ਜਿਨ੍ਹਾਂ ਨੂੰ ਤਿਰਲੋਕ ਕਪੂਰ, ਸ਼ਮਸ਼ਾਦ ਬੇਗ਼ਮ, ਸਤੀਸ਼ ਬੱਤਰਾ, ਪੁਸ਼ਪਾ ਹੰਸ, ਆਸ਼ਾ ਭੌਸਲੇ ਨੇ ਆਪਣੀਆਂ ਆਵਾਜ਼ਾਂ ਦਿੱਤੀਆਂ। ਇਹ ਫਿਲਮ 9 ਮਾਰਚ 1951 ਨੂੰ ਰੀਜੈਂਟ ਸਿਨਮਾ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ।
ਜਦੋਂ ਕੁਲਦੀਪ ਸਹਿਗਲ (ਨਾਲ ਆਰ. ਐੱਲ. ਭਾਖੜੀ) ਨੇ ਆਪਣੇ ਫਿਲਮਸਾਜ਼ ਅਦਾਰੇ ਕੁਲਦੀਪ ਪਿਕਚਰਜ਼ ਲਿਮਟਿਡ, ਬੰਬੇ ਦੇ ਬੈਨਰ ਹੇਠ ਰਜਿੰਦਰ ਸ਼ਰਮਾ ਦੀ ਹਿਦਾਇਤਕਾਰੀ ਵਿੱਚ ਪੰਜਾਬੀ ਫਿਲਮ ‘ਲੱਛੀ’ (1949) ਸ਼ੁਰੂ ਕੀਤੀ ਤਾਂ ਕੈਲਾਸ਼ ਭੰਡਾਰੀ ਤੇ ਐੱਮ. ਸਾਦਿਕ ਨੇ ਸਹਾਇਕ ਹਿਦਾਇਤਕਾਰ ਦੇ ਫ਼ਰਜ਼ ਨਿਭਾਏ। ਕਹਾਣੀ, ਮੰਜ਼ਰਨਾਮਾ ਤੇ ਮੁਕਾਲਮੇ ਮੁਲਕ ਰਾਜ ਭਾਖੜੀ, ਗੀਤ ਮੁਲਕ ਰਾਜ ਭਾਖੜੀ, ਵਰਮਾ ਮਲਿਕ (ਪਹਿਲੀ ਪੰਜਾਬੀ ਫਿਲਮ), ਸ਼ਰਮਾ (ਇੱਕ ਗੀਤ), ਨਾਜ਼ਿਮ ਪਾਣੀਪਤੀ (ਇੱਕ ਗੀਤ) ਅਤੇ ਸੰਗੀਤਕ ਤਰਜ਼ਾਂ ਹੰਸਰਾਜ ਬਹਿਲ (ਸਹਾਇਕ ਸਰਦੂਲ ਕਵਾਤੜਾ) ਨੇ ਬਣਾਈਆਂ ਸਨ। ਫਿਲਮ ’ਚ ਲਤਾ ਮੰਗੇਸ਼ਕਰ ਦਾ ਗਾਇਆ ‘ਨਾਲੇ ਲੰਬੀ ਤੇ ਨਾਲੇ ਕਾਲ਼ੀ ਹਾਏ ਚੰਨਾ ਰਾਤ ਜੁਦਾਈਆਂ ਵਾਲੀ’ ਗੀਤ ਹੱਦ ਦਰਜਾ ਮਕਬੂਲ ਹੋਇਆ ਸੀ। 158 ਮਿੰਟ ਦੀ ਇਹ ਕਾਮਯਾਬ ਫਿਲਮ 8 ਅਪਰੈਲ 1949 ਨੂੰ ਰੀਗਲ ਸਿਨਮਾ ਮੋਗਾ ਵਿਖੇ ਪਰਦਾਪੇਸ਼ ਹੋਈ। ਫਿਲਮ ’ਚ ‘ਲੱਛੀ’ ਦਾ ਟਾਈਟਲ ਰੋਲ ਲਾਹੌਰ ਦੀ ਪੰਜਾਬਣ ਮੁਟਿਆਰ ਮਨੋਰਮਾ ਨੇ ਨਿਭਾਇਆ ਸੀ।
ਸੀਤਲ ਮੂਵੀਜ਼, ਬੰਬੇ ਦੀ ਕੈਲਾਸ਼ ਭੰਡਾਰੀ ਹਿਦਾਇਤਸ਼ੁਦਾ ਹਿੰਦੀ ਫਿਲਮ ‘ਦੇਖੀ ਤੇਰੀ, ਬੰਬਈ’ (1961) ’ਚ ਪੂਰਨਿਮਾ ਤੇ ਦਲਜੀਤ ਨੇ ਮਰਕਜ਼ੀ ਕਿਰਦਾਰ ਅਦਾ ਕੀਤੇ ਸਨ ਤੇ ਦੀਗ਼ਰ ਫ਼ਨਕਾਰਾਂ ਵਿੱਚ ਸ਼ਮੀ, ਸ਼ੇਖ਼, ਰਾਧਿਕਾ, ਜਗਦੀਸ਼ ਕਮਲ, ਪ੍ਰਕਾਸ਼ ਕੌਰ, ਰਾਮ ਲਾਲ, ਤਿਲਕ ਰਾਜ, ਕਥਾਨਾ ਆਦਿ ਨੁਮਾਇਆ ਸਨ। ਕਹਾਣੀ ਆਸ਼ਾ ਕੁਮਾਰੀ, ਮੰਜ਼ਰਨਾਮਾ ਰੌਸ਼ਨ ਮਹਿਤਾ, ਮੁਕਾਲਮੇ ਤੇ ਗੀਤ ਹਜ਼ਰਤ ਅਜ਼ੀਜ਼ ਕਸ਼ਮੀਰੀ ਅਤੇ ਸੰਗੀਤਕਾਰ ਵਿਨੋਦ (ਮਰਹੂਮ) ਸਨ। ਫਿਲਮ ’ਚ ਕੁਲ 7 ਗੀਤ ਸਨ, ਜਿਨ੍ਹਾਂ ਨੂੰ ਐੱਸ. ਬਲਬੀਰ, ਸੁਧਾ ਮਲਹੋਤਰਾ, ਗੀਤਾ ਦੱਤ ਤੇ ਮੁਬਾਰਕ ਬੇਗ਼ਮ ਨੇ ਗਾਇਆ ਸੀ।
ਜਤਿੰਦਰ ਭੰਡਾਰੀ ਦੇ ਫਿਲਮਸਾਜ਼ ਅਦਾਰੇ ਜਤਿੰਦਰ ਇੰਟਰਪ੍ਰਾਈਸਜ਼, ਬੰਬੇ ਦੀ ਹਿੰਦੀ ਫਿਲਮ ‘ਅਪਨੇ ਦੁਸ਼ਮਨ’ (1975) ’ਚ ਕੈਲਾਸ਼ ਭੰਡਾਰੀ ਦੀ ਹਿਦਾਇਤਕਾਰੀ (ਸਹਾਇਕ ਪ੍ਰਤਾਪ ਸਿੰਘ, ਮੋਹਨ ਲੂੰਬਾ ਤੇ ਸੁਹੇਬ ਪਲੂਬਾ) ’ਚ ਨਰਿੰਦਰ ਤੇ ਰੀਨਾ ਰਾਏ ਨੇ ਮੁੱਖ ਭੂਮਿਕਾ ਤੋਂ ਇਲਾਵਾ ਧਰਮਿੰਦਰ, ਸੰਜੀਵ ਕੁਮਾਰ, ਦੇਵ ਕੁਮਾਰ, ਰਾਕੇਸ਼ ਪਾਂਡੇ, ਇਮਤਿਆਜ਼ ਨੇ ਮਹਿਮਾਨ ਕਿਰਦਾਰ ਨਿਭਾਏ ਸਨ। ਫਿਲਮ ਵਿੱਚ ਕੈਲਾਸ਼ ਭੰਡਾਰੀ ਨੇ ਵਿਕਰਾਂਤ ਮਾਥੁਰ, ਮੋਹਨ ਲੂੰਬਾ ਤੇ ਸੁਭਾਸ਼ ਬਾਲੀ ਨਵੇਂ ਚਿਹਰਿਆਂ ਵਜੋਂ ਮੁਤਆਰਿਫ਼ ਕਰਵਾਏ। ਫਿਲਮ ਦੀ ਕਹਾਣੀ ਨਾਬਾਨ, ਗੀਤ ਕਮਰ ‘ਜਲਾਲਾਬਾਦੀ’, ਵਰਮਾ ਮਲਿਕ, ਸੰਗੀਤ ਕਲਿਆਣਜੀ-ਆਨੰਦਜੀ (ਸਹਾਇਕ ਬਾਬਲਾ, ਜੈਕ ਕੁਮਾਰ, ਫ਼ਰੈਂਕ ਫਰਨਾਂਡਡ) ਅਤੇ ਆਵਾਜ਼ਾਂ ਮੁਹੰਮਦ ਰਫ਼ੀ ਤੇ ਆਸ਼ਾ ਭੌਸਲੇ ਨੇ ਦਿੱਤੀਆਂ। 133 ਮਿੰਟ ਦੀ ਇਹ ਫਿਲਮ 19 ਨਵੰਬਰ 1975 ਨੂੰ ਸੈਂਸਰ ਹੋਈ ਸੀ।
ਜਤਿੰਦਰ ਕੇ. ਭੰਡਾਰੀ ਦੇ ਫਿਲਮਸਾਜ਼ ਅਦਾਰੇ ਸੀਤਲ ਮੂਵੀਜ਼, ਬੰਬੇ ਦੇ ਬੈਨਰ ਹੇਠ ਕੈਲਾਸ਼ ਭੰਡਾਰੀ ਨੇ ਆਪਣੀ ਹਿਦਾਇਤਕਾਰੀ ਵਿੱਚ ਪੰਜਾਬੀ ਫਿਲਮ ‘ਸੈਹਤੀ ਮੁਰਾਦ’ (1979) ਬਣਾਈ। ਮੁਹੱਬਤੀ ਫ਼ਸਾਨੇ ’ਤੇ ਬਣੀ ਇਸ ਫਿਲਮ ਵਿਚ ‘ਸਹਿਤੀ’ ਦਾ ਕਿਰਦਾਰ ਰੀਟਾ ਹਕਸਰ (ਧੀ ਅਦਾਕਾਰਾ ਮਨੋਰਮਾ) ਤੇ ‘ਮੁਰਾਦ’ ਦੇ ਕਿਰਦਾਰ ਵਿੱਚ ਧੀਰਜ ਕੁਮਾਰ ਮੌਜੂਦ ਸੀ ਜਦੋਂ ਕਿ ਅਨਿਲ ਧਵਨ ‘ਰਾਂਝਾ’ ਤੇ ਰੀਤੂ ਕਮਲ ‘ਹੀਰ’ ਦਾ ਪਾਰਟ ਨਿਭਾ ਰਹੀ ਸੀ। ਕਹਾਣੀ ਕੈਲਾਸ਼ ਭੰਡਾਰੀ, ਮੰਜ਼ਰਨਾਮਾ ਕੇ. ਭੰਡਾਰੀ ਤੇ ਰਾਜਦੱਤ, ਮੁਕਾਲਮੇ ਹਕੀਮ ਲਾਟਾ ਤੇ ਕੈਲਾਸ਼ ਭੰਡਾਰੀ, ਗੀਤ ਵਰਮਾ ਮਲਿਕ ਅਤੇ ਮੌਸੀਕੀ ਦੀਆਂ ਤਰਜ਼ਾਂ ਰਾਜ ਸੋਨਿਕ ਨੇ ਤਾਮੀਰ ਕੀਤੀਆਂ ਸਨ। 167 ਮਿੰਟ ਦੀ ਇਹ ਫਿਲਮ 4 ਅਪਰੈਲ 1980 ਨੂੰ ਦੀਪਕ ਸਿਨਮਾ, ਲੁਧਿਆਣਾ ਵਿਖੇ ਨੁਮਾਇਸ਼ ਹੋਈ। ਇਸ ਫਿਲਮ ਦੇ ਗੀਤ ‘ਓ ਐਨੀ ਗੱਲ ਤੋਂ ਗੁਲਾਬੀ ਗੱਲ੍ਹਾਂ ਹੋ ਗਈਆਂ ਨੀਂ ਖਿੜ ਕੇ ਤੂੰ ਫੁੱਲ ਹੋ ਗਈ’ (ਮੁਹੰਮਦ ਰਫ਼ੀ, ਦਿਲਰਾਜ ਕੌਰ) ਅਤੇ ‘ਦੁੱਧ ਰਿੜਕਾਂ ਹਾਏ ਦੁੱਧ ਰਿੜਕਾਂ’ (ਆਸ਼ਾ ਭੌਸਲੇ) ਆਦਿ ਗੀਤ ਬੇਹੱਦ ਮਕਬੂਲ ਹੋਏ।
ਜਤਿੰਦਰ ਫਿਲਮਜ਼ ਪ੍ਰਾਈਵੇਟ ਲਿਮਟਿਡ, ਬੰਬੇ ਦੇ ਬੈਨਰ ਹੇਠ ਕੈਲਾਸ਼ ਭੰਡਾਰੀ ਦੀ ਹਿਦਾਇਤਕਾਰੀ ਵਿੱਚ ਬਣੀ ਆਖ਼ਰੀ ਟੈਲੀਵਿਜ਼ਨ ਪੰਜਾਬੀ ਫਿਲਮ ‘ਆਕੜ ਜਵਾਨੀ ਦੀ’ (1991) ਸੀ। ਫਿਲਮ ’ਚ ਉਨ੍ਹਾਂ ਦੀ ਹਿਦਾਇਤ ਵਿੱਚ ਰਾਕੇਸ਼ ਪਾਂਡੇ (ਬੰਸੀ ਧਰ), ਚਾਂਦਨੀ ਰਿਧੀ (ਫਿਰਕੀ), ਅੰਜਲੀ ਚੱਕਰਵਰਤੀ (ਚਮਕੀ), ਸ਼ਵੇਤਾ ਧਵਨ (ਸ਼ਾਮਲੀ), ਸੂਰਜ (ਰਮੇਸ਼), ਜਤਿੰਦਰ ਜੀਤੂ (ਪ੍ਰੇਮਾ), ਵੇਦ ਗੋਸਵਾਮੀ (ਚਾਚਾ), ਸੁਨੀਲ ਖੋਸਲਾ (ਸਰਪੰਚ), ਮਿਹਰ ਮਿੱਤਲ (ਸੁੰਦਰ) ਆਦਿ ਨੇ ਆਪਣੇ ਕਿਰਦਾਰ ਬਖ਼ੂਬੀ ਨਿਭਾਏ। ਮੰਜ਼ਰਨਾਮਾ ਤੇ ਮੁਕਾਲਮੇ ਕੈਲਾਸ਼ ਭੰਡਾਰੀ ਨੇ ਤਹਿਰੀਰ ਕੀਤੇ ਸਨ।
ਇਸ ਫਿਲਮ ਤੋਂ ਬਾਅਦ ਕੈਲਾਸ਼ ਭੰਡਾਰੀ ਨੇ ਫਿਲਮਾਂ ਤੋਂ ਮੁਕੰਮਲ ਕਿਨਾਰਾਕਸ਼ੀ ਕਰ ਲਈ। ਫਿਰ ਉਹ ਕਿੱਥੇ ਚਲੇ ਗਏ, ਕਦੋਂ ਫੌਤ ਹੋਏ ਅਤੇ ਉਨ੍ਹਾਂ ਦਾ ਪਰਿਵਾਰ ਕਿੱਥੇ ਹੈ? ਕਾਫ਼ੀ ਤਹਿਕੀਕ ਕਰਨ ਦੇ ਬਾਵਜੂਦ ਕੁਝ ਪਤਾ ਨਹੀਂ ਲੱਗ ਸਕਿਆ।
ਸੰਪਰਕ: 97805-09545