ਮਨਦੀਪ ਸਿੰਘ ਸਿੱਧੂ
ਸਿਨੇ ਪੰਜਾਬੀ
ਯਾਦਾਂ ਤੇ ਯਾਦਗਾਰਾਂ
ਅਦਾਕਾਰਾ ਸੋਫ਼ੀਆ ਦੀ ਪੈਦਾਇਸ਼ 12 ਨਵੰਬਰ 1928 ਨੂੰ ਲਾਹੌਰ ਦੇ ਪੰਜਾਬੀ ਮੁਸਲਿਮ ਪਰਿਵਾਰ ਵਿਚ ਹੋਈ। ਇੱਥੋਂ ਹੀ ਉਸ ਨੇ ਪੜ੍ਹਾਈ ਮੁਕੰਮਲ ਕੀਤੀ। ਬਾਲ ਵਰੇਸੇ ਹੀ ਉਸ ਨੂੰ ਫ਼ਿਲਮਾਂ ਨਾਲ ਦਿਲਚਸਪੀ ਹੋ ਗਈ। ਇਸੇ ਸ਼ੌਕ ਦੇ ਚੱਲਦਿਆਂ ਉਸ ਨੇ ਨਾਚ ਕਲਾ ਸਿੱਖੀ। ਇਸ ਤੋਂ ਬਾਅਦ ਉਸ ਦੇ ਮਾਂ-ਪਿਓ ਲਾਹੌਰ ਤੋਂ ਬੰਬੇ ਆਣ ਵੱਸੇ। ਇੱਥੇ ਰਹਿੰਦਿਆਂ ਹੀ ਉਸ ਦੀ ਮੁਲਾਕਾਤ ਮਾਰੂਫ਼ ਹਿਦਾਇਤਕਾਰ ਐੱਮ. ਸਾਦਿਕ ਨਾਲ ਹੋਈ ਤਾਂ ਉਨ੍ਹਾਂ ਨੇ ਸੋਫ਼ੀਆ ਦੀ ਕਲਾ ਤੋਂ ਮੁਤਾਸਿਰ ਹੁੰਦਿਆਂ ਫ਼ਿਲਮਾਂ ’ਚ ਕੰਮ ਦੇਣ ਦਾ ਵਾਅਦਾ ਕੀਤਾ।
ਜਦੋਂ ਐੱਮ. ਸਾਦਿਕ ਨੇ ਕਾਰਦਾਰ ਪ੍ਰੋਡਕਸ਼ਨਜ਼, ਬੰਬੇ ਦੇ ਬੈਨਰ ਹੇਠ ਹਿੰਦੀ ਫ਼ਿਲਮ ‘ਜੀਵਨ’ (1944) ਬਣਾਈ ਤਾਂ ਸੋਫ਼ੀਆ ਨੂੰ ਨਵੀਂ ਅਦਾਕਾਰਾ ਵਜੋਂ ਮੁਤਆਰਿਫ਼ ਕਰਵਾਇਆ। ਫ਼ਿਲਮ ’ਚ ਉਸ ਨੇ ਮਾਡਰਨ ਕੁੜੀ ‘ਵਿੱਦਿਆ’ ਦਾ ਸੋਹਣਾ ਪਾਰਟ ਅਦਾ ਕੀਤਾ। ਫ਼ਿਲਮਸਾਜ਼ ਅਬਦੁੱਲ ਰਸ਼ੀਦ ਕਾਰਦਾਰ, ਕਹਾਣੀ, ਮੰਜ਼ਰਨਾਮਾ ਤੇ ਮੁਕਾਲਮੇ ਐੱਮ. ਸਾਦਿਕ, ਗੀਤ ਦੀਨਾ ਨਾਥ ਮਧੋਕ, ਮਾਹਰ-ਉੱਲ-ਕਾਦਰੀ (ਪਹਿਲੀ ਫ਼ਿਲਮ) ਅਤੇ ਸੰਗੀਤ ਨੌਸ਼ਾਦ ਅਲੀ ਨੇ ਤਾਮੀਰ ਕੀਤਾ। ਫ਼ਿਲਮ ਵਿਚ ਅਦਾਕਾਰਾ ਮਹਿਤਾਬ (ਮੀਰਾ) ਤੇ ਵਾਸਤੀ (ਚੰਦੂ) ਮਰਕਜ਼ੀ ਕਿਰਦਾਰ ਵਿਚ ਸਨ। ਫ਼ਿਲਮ ’ਚ ਸੋਫ਼ੀਆ ’ਤੇ ਫ਼ਿਲਮਾਇਆ ਗੀਤ ‘ਮਾਈ ਡੀਅਰ…ਆਈ ਲਵ ਯੂ, ਮੋਰਾ ਜੀਆ ਨਾ ਲਗੇ’ (ਜ਼ੌਹਰਾ ਬਾਈ ਅੰਬਾਲਾ) ਬੜਾ ਪਸੰਦ ਕੀਤਾ ਗਿਆ। ਇਸ ਫ਼ਿਲਮ ਦਾ ਪਹਿਲਾ ਨਾਮ ‘ਬਹਾਰ’ ਸੀ, ਪਰ ਫ਼ਿਲਮ ‘ਜੀਵਨ’ ਦੇ ਨਾਮ ਨਾਲ ਸੈਂਸਰ ਹੋਈ। ਕਾਰਦਾਰ ਪ੍ਰੋਡਕਸ਼ਨਜ਼, ਬੰਬੇ ਦੀ ਨਜ਼ੀਰ ਅਜਮੇਰੀ ਨਿਰਦੇਸ਼ਿਤ ਫ਼ਿਲਮ ‘ਕੀਮਤ’ (1946) ’ਚ ਉਸ ਨੇ ਸਹਾਇਕ ਅਦਾਕਾਰਾ ‘ਸ਼ਕੁੰਤਲਾ’ ਦਾ ਕਿਰਦਾਰ ਨਿਭਾਇਆ। ਫ਼ਿਲਮਸਾਜ਼ ਪੀ. ਐੱਨ. ਅਰੋੜਾ, ਕਹਾਣੀ, ਮੰਜ਼ਰਨਾਮਾ ਤੇ ਮੁਕਾਲਮੇ ਨਜ਼ੀਰ ਅਜਮੇਰੀ, ਗੀਤ ਮਜਰੂਹ ਸੁਲਤਾਨਪੁਰੀ, ਖੁਮਾਰ ਬਾਰਾਬੰਕਵੀ, ਸ਼ਮਸ਼ ਲਖਨਵੀ (ਇਕ ਗੀਤ) ਅਤੇ ਸੰਗੀਤਕਾਰ ਨੌਸ਼ਾਦ ਅਲੀ (ਸਹਾਇਕ ਗ਼ੁਲਾਮ ਮੁਹੰਮਦ) ਸਨ। ਫ਼ਿਲਮ ਵਿਚ ਅਮਰ ਤੇ ਸੁਲੋਚਨਾ ਚੈਟਰਜੀ ਮੁੱਖ ਭੂਮਿਕਾ ਨਿਭਾ ਰਹੇ ਸਨ। ਕਾਰਦਾਰ ਪ੍ਰੋਡਕਸ਼ਨਜ਼ ਦੀ ਹੀ ਐੱਸ. ਯੂ. ਸਨੀ ਨਿਰਦੇਸ਼ਿਤ ਫ਼ਿਲਮ ‘ਨਾਟਕ’ (1947) ’ਚ ਸੋਫ਼ੀਆ ਨੇ ‘ਸ਼ੋਭਾ’ ਦਾ ਕਿਰਦਾਰ ਨਿਭਾਇਆ, ਜਿਸ ਦੇ ਰੂਬਰੂ ਅਦਾਕਾਰ ਐੱਮ. ਡੀ ਕੰਵਰ ‘ਰਾਜਾ ਸਾਹਬ’ ਦਾ ਪਾਤਰ ਅਦਾ ਕਰ ਰਿਹਾ ਸੀ। ਫ਼ਿਲਮ ਦੀ ਮੁੱਖ ਭੂਮਿਕਾ ’ਚ ਅਦਾਕਾਰਾ ਸੁਰੱਈਆ (ਲਾਹੌਰ) ਤੇ ਅਮਰ ਜੋੜੀਦਾਰ ਸਨ। ਕਹਾਣੀ ਤੇ ਮੁਕਾਲਮੇ ਅਜ਼ਮ ਬਜ਼ੀਦਪੁਰੀ, ਗੀਤ ਖੁਮਾਰ ਬਾਰਾਬੰਕਵੀ, ਸ਼ਕੀਲ ਬਦਾਯੂੰਨੀ, ਮਜਰੂਹ ਸੁਲਤਾਨਪੁਰੀ (ਇਕ ਗੀਤ) ਅਤੇ ਸੰਗੀਤ ਨੌਸ਼ਾਦ ਅਲੀ (ਸਹਾਇਕ ਗ਼ੁਲਾਮ ਮੁਹੰਮਦ) ਨੇ ਮੁਰੱਤਬਿ ਕੀਤਾ। ਕੁਲਦੀਪ ਪਿਕਚਰਜ਼, ਬੰਬੇ ਦੀ ਰਵਿੰਦਰ ਦਵੇ ਨਿਰਦੇਸ਼ਿਤ ਫ਼ਿਲਮ ‘ਚੁਨਰੀਆ’ (1948) ’ਚ ਸੋਫ਼ੀਆ ਮੁੱਖ ਅਦਾਕਾਰਾ ਮਨੋਰਮਾ ਤੇ ਵਾਸਤੀ ਨਾਲ ਸਹਾਇਕ ਅਦਾਕਾਰਾ ਵਜੋਂ ਮੌਜੂਦ ਸੀ। ਮੰਜ਼ਰਨਾਮਾ, ਮੁਕਾਲਮੇ ਤੇ ਗੀਤ ਮੁਲਕ ਰਾਜ ਭਾਖੜੀ, ਤਰਜ਼ਾਂ ਹੰਸਰਾਜ ਬਹਿਲ ਨੇ ਬਣਾਈਆਂ। ਇਹ ਫ਼ਿਲਮ ਪਸ-ਏ-ਪਰਦਾ ਗੁਲੂਕਾਰਾ ਵਜੋਂ ਆਸ਼ਾ ਭੌਸਲੇ ਦੀ ਪਹਿਲੀ ਫ਼ਿਲਮ ਸੀ। ਫ੍ਰੀ ਇੰਡੀਆ ਫ਼ਿਲਮਜ਼, ਬੰਬੇ ਦੀ ਕੇ. ਪੀ. ਸ਼ਾਹਨੀ ਤੇ ਕ੍ਰਿਸ਼ਨ ਅਡਵਾਨੀ ਨਿਰਦੇਸ਼ਿਤ ਫ਼ਿਲਮ ‘ਦੁਨੀਆਦਾਰੀ’ (1948) ਸੋਫ਼ੀਆ ਦੀ ਮੁੱਖ ਹੀਰੋਇਨ ਵਜੋਂ ਪਹਿਲੀ ਫ਼ਿਲਮ ਸੀ, ਜਿਸ ਦੇ ਰੂਬਰੂ ਹੀਰੋ ਦਾ ਮੁੱਖ ਪਾਰਟ ਐੱਸ. ਬਾਬੂਰਾਵ ਨਿਭਾ ਰਹੇ ਸਨ। ਗੀਤ ਅਤੇ ਮੁਕਾਲਮੇ ਵਾਹਿਦ ਕੁਰੈਸ਼ੀ ਤੇ ਪੰਨਾ ਕਪੂਰ ਤੇ ਸੰਗੀਤ-ਨਿਰਦੇਸ਼ਿਕ ਮੋਤੀ ਨਾਥ ਸਨ। ਫ਼ਿਲਮ ਵਿਚ ਸੋਫ਼ੀਆ ਤੇ ਬਾਬੂਰਾਵ ’ਤੇ ਫ਼ਿਲਮਾਏ ‘ਮੇਰੇ ਨੈਨਾ ਹੋ ਮੇਰੇ ਨੈਨਾ ਕਰੇਂ ਇਸ਼ਾਰੇ’ (ਜ਼ੌਹਰਾ ਬਾਈ), ‘ਚਲੀ ਜਾ ਮੇਰੀ ਛੋਟੀ ਸੀ ਨਈਆ ਚਲੀ ਜਾ’ (ਰਾਜਕੁਮਾਰੀ, ਮੋਤੀ ਨਾਥ), ‘ਜੋ ਦਿਨ ਬੀਤ ਗਏ ਮਨੂਆ ਉਨ ਕੋ ਯਾਦ ਨਾ ਕਰ’ (ਸਰੋਜ ਵੇਲਿਨਕਰ) ਆਦਿ ਗੀਤ ਬਹੁਤ ਚੱਲੇ। ਗ੍ਰੇਟਰ ਬੰਬੇ ਪਿਕਚਰਜ਼, ਬੰਬੇ ਦੀ ਐੱਸ. ਆਈ ਹਸਨ ਨਿਰਦੇਸ਼ਿਤ ਫ਼ਿਲਮ ‘ਸ਼ਕਤੀ’ (1948) ਵਿਚ ਸੋਫ਼ੀਆ ਸਹਾਇਕ ਅਦਾਕਾਰਾ ਵਜੋਂ ਕੇ. ਕੈਲਾਸ਼ ਨਾਲ ਅਦਾਕਾਰੀ ਕਰ ਰਹੀ ਸੀ, ਜਦੋਂ ਕਿ ਮਰਕਜ਼ੀ ਕਿਰਦਾਰ ਵਿਚ ਸੁਰੱਈਆ ਤੇ ਕਰਨ ਦੀਵਾਨ ਦੀ ਜੋੜੀ ਸੀ। ਗੀਤ ਅਸਦ ਜਾਫ਼ਰੀ ਅਤੇ ਸੰਗੀਤ ਰਾਮ ਪ੍ਰਸਾਦ ਤੇ ਆਜ਼ਮ ਬੇਗ ਨੇ ਤਿਆਰ ਕੀਤਾ। ਇਹ ਫ਼ਿਲਮ ਲਾਹੌਰ ਵਿਚ ‘ਮੁਸੱਵਿਰ’ (1948) ਦੇ ਨਾਮ ਨਾਲ ਪਰਦਾਪੇਸ਼ ਹੋਈ। ਸੋਫ਼ੀਆ ਦੀ ਮੁੱਖ ਅਦਾਕਾਰਾ ਵਜੋਂ ਦੂਜੀ ਫ਼ਿਲਮ ਏ. ਐੱਮ. ਕੈਫ਼ੀ ਦੇ ਫ਼ਿਲਮਸਾਜ਼ ਅਦਾਰੇ ਕੈਫ਼ੀ ਆਰਟ ਪ੍ਰੋਡਕਸ਼ਨਜ਼, ਬੰਬੇ ਦੀ ਸਫ਼ਦਰ ਮਿਰਜ਼ਾ ਨਿਰਦੇਸ਼ਿਤ ‘ਅਨੋਖੀ ਸੇਵਾ’ (1949) ਸੀ। ਫ਼ਿਲਮ ’ਚ ਉਸ ਨੇ ‘ਸ਼ੋਭਾ’ ਦਾ ਤੇ ਹੀਰੋ ਅਮਾਨ ‘ਵਸੰਤ’ ਦਾ ਰੋਲ ਕਰ ਰਿਹਾ ਸੀ। ਕਹਾਣੀ ਤੇ ਮੁਕਾਲਮੇ ਕੈਫ਼ੀ ਮੁਰਾਦਾਬਾਦੀ, ਮੰਜ਼ਰਨਾਮਾ ਸਫ਼ਦਰ ਮਿਰਜ਼ਾ, ਗੀਤ ਅਜ਼ੀਜ਼ ਸਦੀਕੀ (4 ਗੀਤ) ਤੇ ਵਹਸ਼ੀ ਜੌਨਪੁਰੀ (2 ਗੀਤ) ਅਤੇ ਸੰਗੀਤਕ ਤਰਜ਼ਾਂ ਧੁੰਮੀ ਖ਼ਾਨ ਰਾਮਪੁਰੀ ਤੇ ਐੱਮ. ਸ਼ਫ਼ੀ ਨੇ ਬਣਾਈਆਂ। ਨਿਗਾਰਸਤਾਨ (ਇੰਡੀਆ) ਫ਼ਿਲਮਜ਼, ਬੰਬੇ ਦੀ ਰਾਮ ਨਰਾਇਣ ਦਵੇ ਨਿਰਦੇਸ਼ਿਤ ਫ਼ਿਲਮ ‘ਬਾਂਸਰੀਆ’ (1949) ’ਚ ਸੋਫ਼ੀਆ ਅਦਾਕਾਰਾ ਗੀਤਾ ਬਾਲੀ (ਅੰਮ੍ਰਿਤਸਰ) ਤੇ ਅਦਾਕਾਰ ਰਣਧੀਰ ਨਾਲ ਸਹਾਇਕ ਅਦਾਕਾਰਾ ਵਜੋਂ ਕੰਮ ਰਹੀ ਸੀ। ਕਹਾਣੀਨਵੀਸ, ਫ਼ਿਲਮਸਾਜ਼ ਤੇ ਨਗ਼ਮਾਨਿਗਾਰ ਮੁਲਕ ਰਾਜ ਭਾਖੜੀ ਅਤੇ ਸੰਗੀਤਕਾਰ ਪੰਡਤ ਹੁਸਨਲਾਲ-ਭਗਤਰਾਮ (ਕਾਹਮਾ) ਸਨ। ਕੁਲਦੀਪ ਪਿਕਚਰਜ਼ ਲਿਮਟਿਡ, ਬੰਬੇ ਦੀ ਰਵਿੰਦਰ ਦਵੇ ਨਿਰਦੇਸ਼ਿਤ ਫ਼ਿਲਮ ‘ਨਾਚ’ (1949) ਵਿਚ ਅਦਾਕਾਰਾ ਸੁਰੱਈਆ ਤੇ ਸ਼ਿਆਮ ਨਾਲ ਸੋਫ਼ੀਆ ਸਹਾਇਕ ਅਦਾਕਾਰਾ ਵਜੋਂ ਮੌਜੂਦ ਸੀ। ਕਹਾਣੀ, ਮੁਕਾਲਮੇ ਤੇ ਫ਼ਿਲਮਸਾਜ਼ ਮੁਲਕ ਰਾਜ ਭਾਖੜੀ, ਗੀਤ ਕੈਫ਼ ਇਰਫ਼ਾਨੀ, ਮੁਲਕ ਰਾਜ ਭਾਖੜੀ, ਸਰਸ਼ਾਰ ਸੈਲਾਨੀ, ਨਾਜ਼ਿਮ ਪਾਣੀਪਤੀ ਅਤੇ ਸੰਗੀਤਕਾਰ ਪੰਡਤ ਹੁਸਨਲਾਲ ਭਗਤਰਾਮ ਸਨ। ਉਂਜ ਤਾਂ ਇਸ ਫ਼ਿਲਮ ਦੇ ਤਮਾਮ ਗੀਤ ਬਹੁਤ ਵਧੀਆ ਸਨ, ਪਰ ਫ਼ਿਲਮ ’ਚ ਸੁਰੱਈਆ ਤੇ ਸ਼ਿਆਮ ’ਤੇ ਫ਼ਿਲਮਾਇਆ ਇਕ ਰੁਮਾਨੀ ਗੀਤ ‘ਛਾਯਾ ਸਮਾਂ ਸੁਹਾਨਾ ਹੋ’ (ਸੁਰੱਈਆ, ਮੁਹੰਮਦ ਰਫ਼ੀ) ਬੜਾ ਮਕਬੂਲ ਹੋਇਆ।
ਓਰੀਐਂਟ ਸਾਊਂਡ ਸਟੂਡੀਓਜ਼, ਬੰਬੇ ਦੀ ਮੁਰਤਜ਼ਾ ਚੰਗੇਜ਼ੀ (ਸਹਾਇਕ ਇਸ਼ਰਤ ਬੀ. ਏ.) ਨਿਰਦੇਸ਼ਿਤ ‘ਚਿਲਮਨ’ (1949) ਸੀ। ਇਸ ਫ਼ਿਲਮ ਵਿਚ ਵੀ ਸੋਫ਼ੀਆ ਨੇ ਸਹਾਇਕ ਅਦਾਕਾਰਾ ਦਾ ਕਿਰਦਾਰ ਨਿਭਾਇਆ। ਫ਼ਿਲਮ ਦੀ ਮੁੱਖ ਹੀਰੋਇਨ ਸੀ ਰੇਹਾਨਾ, ਜਿਸ ਦੇ ਰੂਬਰੂ ਸੀ ਨਵਾਂ ਹੀਰੋ ਹਾਮਿਦ ਜੋ ਬਾਅਦ ਵਿਚ ‘ਅਜੀਤ’ ਦੇ ਨਾਮ ਨਾਲ ਫ਼ਿਲਮਾਂ ਦਾ ਨਾਮੀ ਖ਼ਲਨਾਇਕ ਬਣਿਆ। ਇਸ ਫ਼ਿਲਮ ਦਾ ਬੁਕਲੈੱਟ ਪੋਸਟਰ ‘ਜੰਨਤ’ ਤੇ ਫ਼ਿਲਮੀ ਇਸ਼ਤਿਹਾਰ ‘ਗੁਲਸ਼ਨ’ ਦੇ ਨਾਮ ਨਾਲ ਛਪੇ, ਪਰ ਫ਼ਿਲਮ ‘ਚਿਲਮਨ’ ਦੇ ਨਾਮ ਨਾਲ ਸੈਂਸਰ ਤੇ ਰਿਲੀਜ਼ ਹੋਈ। ਸਟੈਂਡਰਡ ਪਿਕਚਰਜ਼ ਕਾਰਪੋਰੇਸ਼ਨ, ਬੰਬੇ ਦੀ ਰਮਨ ਲਾਲ ਦੇਸਾਈ ਨਿਰਦੇਸ਼ਿਤ ਫ਼ਿਲਮ ‘ਰੌਸ਼ਨੀ’ (1949) ’ਚ ਸੋਫ਼ੀਆ ਤੇ ਮੁਮਤਾਜ਼ ਅਲੀ (ਮਹਿਮੂਦ ਦਾ ਪਿਓ) ਦੀ ਜੋੜੀ ਸੀ ਜਦੋਂਕਿ ਮਰਕਜ਼ੀ ਕਿਰਦਾਰ ਵਿਚ ਰੇਹਾਨਾ ਤੇ ਨਿਹਾਲ ਸਨ। ਗੀਤ, ਮੁਕਾਲਮੇ ਤੇ ਮੰਜ਼ਰਨਾਮਾ ਪਿਆਰੇ ਲਾਲ ਸੰਤੋਸ਼ੀ ਅਤੇ ਸੰਗੀਤਕਾਰ ਸੀ. ਰਾਮ ਚੰਦਰ ਸਨ। ਹਿੰਦੋਸਤਾਨ ਚਿੱਤਰ, ਬੰਬੇ ਦੀ ਕਿਸ਼ੋਰ ਸਾਹੂ ਨਿਰਦੇਸ਼ਿਤ ਫ਼ਿਲਮ ‘ਸਾਵਨ ਆਯਾ ਰੇ’ (1949) ’ਚ ਕਿਸ਼ੋਰ ਸਾਹੂ ਤੇ ਰਮੋਲਾ ਨਾਲ ਦੂਜੀ ਹੀਰੋਇਨ ਵਜੋਂ ਸੋਫ਼ੀਆ ਵੀ ਮੌਜੂਦ ਸੀ। ਕਹਾਣੀ, ਮੰਜ਼ਰਨਾਮਾ ਤੇ ਮੁਕਾਲਮੇ ਕਿਸ਼ੋਰ ਸਾਹੂ ਅਤੇ ਸੰਗੀਤ-ਨਿਰਦੇਸ਼ਕ ਪੰਡਤ ਖੇਮਚੰਦ ਪ੍ਰਕਾਸ਼ ਸਨ। ਇਹ ਫ਼ਿਲਮ 13 ਮਈ 1949 ਨੂੰ ਕ੍ਰਿਸ਼ਨਾ ਥੀਏਟਰ, ਬੰਬੇ ’ਚ ਰਿਲੀਜ਼ ਹੋਈ।
ਹਰੀਸ਼ਚੰਦਰ ਪਿਕਚਰਜ਼, ਬੰਬੇ ਦੀ ਐੱਸ. ਐੱਮ. ਯੂਸਫ਼ ਨਿਰਦੇਸ਼ਿਤ ਫ਼ਿਲਮ ‘ਬਹੂਰਾਨੀ’ (1950) ’ਚ ਸੋਫ਼ੀਆ ਅਦਾਕਾਰਾ ਸੁਲੋਚਨਾ ਚੈਟਰਜੀ ਤੇ ਸ਼ੇਖਰ ਨਾਲ ਸਹਾਇਕ ਅਦਾਕਾਰਾ ਵਜੋਂ ਮੌਜੂਦ ਸੀ। ਕਹਾਣੀ ਪ੍ਰਭੂਲਾਲ ਦਿਵੇਦੀ, ਮੰਜ਼ਰਨਾਮਾ ਤੇ ਮੁਕਾਲਮੇ ਹਸਰਤ ਲਖਨਵੀ ਅਤੇ ਸੰਗੀਤਕ ਧੁੰਨਾਂ ਹੰਸਰਾਜ ਬਹਿਲ ਨੇ ਬਣਾਈਆਂ। ਨਿਹਾਲ ਫ਼ਿਲਮ ਕਾਰਪੋਰੇਸ਼ਨ, ਬੰਬੇ ਦੀ ਦੀਪਕ ਆਸ਼ਾ ਉਰਫ਼ ਧਰਮ ਕੁਮਾਰ ਨਿਰਦੇਸ਼ਿਤ ਫ਼ਿਲਮ ‘ਜਲਤੇ ਦੀਪ’ (1950) ’ਚ ਸੋਫ਼ੀਆ ਨੇ ਸਹਾਇਕ ਅਦਾਕਾਰਾ ‘ਊਸ਼ਾ’ ਦਾ ਕਿਰਦਾਰ ਨਿਭਾਇਆ। ਮਰਕਜ਼ੀ ਭੂਮਿਕਾ ਵਿਚ ਨਿੰਮੀ ਤੇ ਅਮਰਨਾਥ ਦੀ ਜੋੜੀ ਮੌਜੂਦ ਸੀ। ਕਹਾਣੀ ਤੇ ਮੰਜ਼ਰਨਾਮਾ ਦੀਪਕ ਆਸ਼ਾ, ਮੁਕਾਲਮੇ ਯੂਸਫ਼ ਮਸ਼ੱਡੀ ਅਤੇ ਸੰਗੀਤਕਾਰ ਸਰਦੂਲ ਕਵਾਤੜਾ (ਸਹਾਇਕ ਭਗਵੰਤ ਸਿੰਘ ਕਵਾਤੜਾ) ਤੇ ਟੀ. ਕੇ ਦਾਸ ਸਨ। ਸੋਫ਼ੀਆ ਦੀ ਸਹਾਇਕ ਅਦਾਕਾਰਾ ਵਜੋਂ ਆਖ਼ਰੀ ਫ਼ਿਲਮ ਬੰਬੇ ਟਾਕੀਜ਼, ਬੰਬੇ ਦੀ ਅਰਵਿੰਦ ਸੇਨ ਨਿਰਦੇਸ਼ਿਤ ‘ਮੁਕੱਦਰ’ (1950) ਸੀ, ਜਿਸ ਦੀ ਮੁੱਖ ਭੂਮਿਕਾ ਵਿਚ ਨਲਿਨੀ ਜਯਵੰਤ ਤੇ ਸੱਜਣ ਸਨ।
ਸੋਫ਼ੀਆ ਦੀ ਸਹਾਇਕ ਅਦਾਕਾਰਾ ਵਜੋਂ ਪਹਿਲੀ ਪੰਜਾਬੀ ਫ਼ਿਲਮ ਕੁਲਦੀਪ ਪਿਕਚਰਜ਼, ਬੰਬੇ ਦੀ ਰਾਜਿੰਦਰ ਸ਼ਰਮਾ (ਸਹਾਇਕ ਕੈਲਾਸ਼ ਭੰਡਾਰੀ ਤੇ ਐੱਮ. ਸਾਦਿਕ) ਨਿਰਦੇਸ਼ਿਤ ‘ਲੱਛੀ’ (1949) ਸੀ। ਫ਼ਿਲਮ ’ਚ ‘ਲੱਛੀ’ ਦਾ ਟਾਈਟਲ ਕਿਰਦਾਰ ਲਾਹੌਰ ਦੀ ਮੁਟਿਆਰ ਮਨੋਰਮਾ ਉਰਫ਼ ਮਿਸ ਏਰਿਨ ਇਸਾਕ ਡੈਨੀਅਲ ਨੇ ਅਦਾ ਕੀਤਾ। ਫ਼ਿਲਮਸਾਜ਼ ਐੱਲ. ਆਰ. ਭਾਖੜੀ ਤੇ ਕੁਲਦੀਪ ਸਹਿਗਲ, ਮੰਜ਼ਰਨਾਮਾ ਤੇ ਮੁਕਾਲਮੇ ਮੁਲਕਰਾਜ ਭਾਖੜੀ, ਗੀਤ ਐੱਮ. ਆਰ. ਭਾਖੜੀ, ਵਰਮਾ ਮਲਿਕ, ਨਾਜ਼ਿਮ ਪਾਣੀਪਤੀ ਅਤੇ ਮੌਸੀਕਾਰ ਹੰਸਰਾਜ ਬਹਿਲ ਸਨ। ਇਹ ਸੁਪਰਹਿੱਟ ਫ਼ਿਲਮ 8 ਅਪਰੈਲ 1949 ਨੂੰ ਨਿਸ਼ਾਤ ਟਾਕੀਜ਼, ਅੰਮ੍ਰਿਤਸਰ ਤੇ ਰੀਗਲ ਟਾਕੀਜ਼, ਮੋਗਾ ’ਚ ਨੁਮਾਇਸ਼ ਹੋਈ।
ਬੰਬੇ ਰਹਿੰਦਿਆਂ 1945 ਵਿਚ ਸੋਫ਼ੀਆ ਦਾ ਵਿਆਹ ਇਕ ਭਾਰਤੀ ਮੁਸਲਿਮ ਨਾਲ ਹੋਇਆ। ਉਸ ਦਾ ਇਕ ਪੁੱਤਰ ਵੀ ਸੀ। 1950 ਵਿਚ ਪਤੀ ਨਾਲ ਤਲਾਕ ਹੋ ਗਿਆ। ਜਦੋਂ ਪੰਜਾਬ ਦੀ ਵੰਡ ਹੋਈ ਤਾਂ ਭਾਰਤੀ ਫ਼ਿਲਮਾਂ ਦੀ ਇਹ ਅਦਾਕਾਰਾ ਭਾਰਤੀ ਫ਼ਿਲਮ ਸਨਅਤ ਨੂੰ ਛੱਡ ਕੇ ਕਰਾਚੀ (ਪਾਕਿਸਤਾਨ) ਚਲੀ ਗਈ। ਪਾਕਿਸਤਾਨ ਫ਼ਿਲਮ ਸਨਅਤ ਵਿਚ ਉਸ ਨੇ ਕਦੇ ਵੀ ਕਿਸੇ ਫ਼ਿਲਮ ਵਿਚ ਕੰਮ ਨਹੀਂ ਕੀਤਾ। ਪਾਕਿਸਤਾਨ ’ਚ ਉਸ ਦਾ ਵਿਆਹ ਕਿਸ ਨਾਲ ਹੋਇਆ, ਕਿੱਥੇ ਰਹੀ, ਕਦੋਂ ਫ਼ੌਤ ਹੋਈ। ਕਾਫ਼ੀ ਤਹਿਕੀਕ ਕਰਨ ਤੋਂ ਬਾਅਦ ਵੀ ਕੁਝ ਪਤਾ ਨਹੀਂ ਲੱਗਾ, ਪਰ ਭਾਰਤੀ ਫ਼ਿਲਮ ਇਤਿਹਾਸ ਵਿਚ ਉਸ ਦੀ ਅਦਾਕਾਰੀ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।
ਸੰਪਰਕ: 97805-09545