ਲਾਸ ਏਂਜਲਸ, 20 ਜੁਲਾਈ
ਅਦਾਕਾਰਾ ਪ੍ਰਿਅੰਕਾ ਚੋਪੜਾ ਜੋਨਸ ਨੇ ਇੰਸਟਾਗ੍ਰਾਮ ’ਤੇ ਆਪਣੇ ਪੌਪ ਸਟਾਰ ਪਤੀ ਨਿੱਕ ਜੋਨਸ ਨਾਲ ਆਪਣੀ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿੱਚ ਨਿੱਕ ਨੂੰ ਟੈਗ ਕਰਦਿਆਂ ਉਸ ਨੇ ਲਿਖਿਆ ਹੈ, ‘ਮੇਰਾ ਸਭ ਕੁਝ’। ਤਸਵੀਰ ਵਿੱਚ ਦੋਵਾਂ ਨੇ ਇੱਕ ਦੂਜੇ ਦੇ ਹੱਥ ਫੜੇ ਹੋਏ ਹਨ ਤੇ ਉਹ ਇੱਕ ਦੂਜੇ ਦੀਆਂ ਅੱਖਾਂ ਵਿੱਚ ਦੇਖ ਰਹੇ ਹਨ। ਤਸਵੀਰ ਵਿੱਚ ਪ੍ਰਿਅੰਕਾ ਦੀ ਚਮਕਦਾਰ ਹੀਰੇ ਦੀ ਅੰਗੂਠੀ ਸਭ ਦਾ ਧਿਆਨ ਖਿੱਚ ਰਹੀ ਹੈ। ਤਸਵੀਰ ਨਾਲ ਪ੍ਰਿਅੰਕਾ ਨੇ ਲਿਖਿਆ, ‘ਮੇਰਾ ਸਭ ਕੁਝ…ਅੱਜ ਤਿੰਨ ਸਾਲ ਹੋ ਗਏ ਹਨ। ਇਹ ਪਲ ਇੱਕੋ ਸਮੇਂ ਪਲਕ ਝਪਕਣ ਤੇ ਜ਼ਿੰਦਗੀ ਭਰ ਵਾਂਗ ਲੱਗ ਰਿਹਾ ਹੈ। ਮੈਂ ਤੁਹਾਨੂੰ ਪਿਆਰ ਕਰਦੀ ਹਾਂ।’ ਉਨ੍ਹਾਂ ਦੀ ਤਸਵੀਰ ਨੂੰ ਦਸ ਲੱਖ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਪ੍ਰਿਅੰਕਾ ਨੇ 18 ਜੁਲਾਈ ਨੂੰ ਆਪਣੇ ਜਨਮ ਦਿਨ ਦੇ ਜਸ਼ਨ ਦੀ ਝਲਕ ਵੀ ਸਾਂਝੀ ਕੀਤੀ ਹੈ। ਉਸ ਨੇ ਜਨਮ ਦਿਨ ਦੀਆਂ ਵਧਾਈਆਂ ਦੇਣ ਲਈ ਸਭ ਦਾ ਧੰਨਵਾਦ ਕੀਤਾ ਹੈ। ਉਸ ਨੇ ਜਨਮ ਦਿਨ ਨੂੰ ਵਧੀਆ ਬਣਾਉਣ ਲਈ ਪਤੀ ਨਿੱਕ ਦਾ ਵੀ ਧੰਨਵਾਦ ਕੀਤਾ ਹੈ। ਉਸ ਨੇ ਲਿਖਿਆ, ‘ਭਾਵੇਂ ਤੁਸੀਂ ਇੱਥੇ ਨਹੀਂ ਸੀ, ਫਿਰ ਵੀ ਮੇਰੇ ਜਨਮ ਦਿਨ ਨੂੰ ਵਿਸ਼ੇਸ਼ ਬਣਾਉਣ ਲਈ ਧੰਨਵਾਦ @ਨਿੱਕਜੋਨਸ।’ ਉਸ ਨੇ ਜਨਮ ਦਿਨ ’ਤੇ ਸਾਥ ਦੇਣ ਵਾਲੇ ਦੋਸਤਾਂ ਦਾ ਵੀ ਧੰਨਵਾਦ ਕੀਤਾ ਹੈ। -ਆਈਏਐੱਨਐੱਸ