ਮੁੰਬਈ, 4 ਅਪਰੈਲ
ਬੌਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਦਾ ਕਹਿਣਾ ਹੈ ਕਿ ਉਹ ਮਰਹੂਮ ਅਦਾਕਾਰ ਇਰਫਾਨ ਖਾਨ ਦਾ ਵੱਡਾ ਪ੍ਰਸ਼ੰਸਕ ਹੈ ਅਤੇ ਉਹ ਇਰਫਾਨ ਦੀਆਂ ਫਿਲਮਾਂ ਵਰਗੀਆਂ ਫਿਲਮਾਂ ਕਰਨੀਆਂ ਪਸੰਦ ਕਰੇਗਾ। ਉਸ ਨੇ ਕਿਹਾ, ‘ਮੈਂ ਇਰਫਾਨ ਸਰ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਜਿਹੋ ਜਿਹੀਆਂ ਫਿਲਮਾਂ ਉਨ੍ਹਾਂ ਨੇ ਕੀਤੀਆਂ ਅਤੇ ਜਿਹੋ ਜਿਹਾ ਕੰਮ ਉਨ੍ਹਾਂ ਨੇ ਕੀਤਾ, ਮੈਂ ਓਹੋ ਜਿਹਾ ਕੁਝ ਹੀ ਪ੍ਰਾਪਤ ਕਰਨਾ ਚਾਹਾਂਗਾ।’
ਇਰਫਾਨ ਉਨ੍ਹਾਂ ਅਦਾਕਾਰਾਂ ’ਚੋਂ ਇੱਕ ਹੈ, ਜਿਸ ਤੋਂ ਉਹ ਮਾਸਟਰ ਕਲਾਸ ਲੈਣਾ ਪਸੰਦ ਕਰੇਗਾ। ਹਾਲਾਂਕਿ ਰਾਜਕੁਮਾਰ ਨਿਯਮਿਤ ਤੌਰ ’ਤੇ ਆਪਣੇ ਕਿਰਦਾਰਾਂ ਦੀ ਪ੍ਰਸ਼ੰਸਾ ਕਰਦਾ ਹੈ ਪਰ ਉਸ ਨੂੰ ਲੱਗਦਾ ਹੈ ਕਿ ਉਹ ਨਵੇਂ ਅਦਾਕਾਰਾਂ ਨੂੰ ਮਾਸਟਰ ਕਲਾਸ ਦੇਣ ਦੀ ਸਥਿਤੀ ਵਿੱਚ ਨਹੀਂ ਹੈ। ਉਸ ਨੇ ਕਿਹਾ, ‘ਮੇਰੇ ’ਤੇ ਭਰੋਸਾ ਕਰੋ, ਮੈਂ ਅਜਿਹਾ ਕਰਨ ਦੀ ਸਥਿਤੀ ਵਿੱਚ ਨਹੀਂ ਹਾਂ ਅਤੇ ਇਮਾਨਦਾਰੀ ਨਾਲ ਮੈਨੂੰ ਨਹੀਂ ਲੱਗਦਾ ਕਿ ਮਾਸਟਰ ਕਲਾਸ ਦੇਣ ਲਈ ਮੈਂ ਕੁਝ ਖਾਸ ਕੀਤਾ ਹੈ। ਮੈਨੂੰ ਲੱਗਦਾ ਹੈ ਕਿ ਹੋਰ ਬਹੁਤ ਵਧੀਆ ਅਦਾਕਾਰ ਹਨ। ਇੱਥੇ ਹੋਰ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਤੋਂ ਮੈਂ ਮਾਸਟਰ ਕਲਾਸ ਲੈਣੀ ਚਾਹਾਂਗਾ।’ ਹਾਲ ਹੀ ਵਿੱਚ ਆਈ ਫਿਲਮ ‘ਰੂਹੀ’ ਵਿੱਚ ਆਖਰੀ ਵਾਰ ਦਿਖਾਈ ਦੇਣ ਵਾਲਾ ਰਾਜਕੁਮਾਰ ਆਉਂਦੇ ਦਿਨੀਂ ‘ਬਧਾਈ ਦੋ’ ਵਿੱਚ ਨਜ਼ਰ ਆਵੇਗਾ। -ਆਈਏਐੱਨਐੱਸ