ਲਾਸ ਏਂਜਲਸ: ਪੌਪ ਸਟਾਰ ਬ੍ਰਿਟਨੀ ਸਪੀਅਰਜ਼ ਨੇ ਆਪਣੇ ਲੰਮੇ ਸਮੇਂ ਤੋਂ ਦੋਸਤ ਅਦਾਕਾਰ ਸੈਮ ਅਸਗਰੀ ਨਾਲ ਵਿਆਹ ਕਰਵਾ ਲਿਆ ਹੈ। ਇਹ ਜੋੜਾ ਕੱਲ੍ਹ ਰਾਤੀ ਵਿਆਹ ਬੰਧਨ ਵਿੱਚ ਬੱਝਿਆ। ਅਸਗਰੀ ਦੇ ਨੁਮਾਇੰਦੇ ਬ੍ਰੈਂਡਨ ਕੋਹੇਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕੋਹੇਨ ਨੇ ਆਖਿਆ,‘‘ਮੈਂ ਜਾਣਦਾ ਹਾਂ ਕਿ ਉਹ ਕਾਫੀ ਸਮੇਂ ਤੋਂ ਵਿਆਹ ਕਰਵਾਉਣਾ ਚਾਹੁੰਦਾ ਸੀ। ਮੈਂ ਖੁਸ਼ਕਿਸਮਤ ਹਾਂ ਕਿ ਸੈਮ ਮੇਰੀ ਜ਼ਿੰਦਗੀ ਵਿੱਚ ਆਇਆ ਅਤੇ ਮੈਂ ਉਨ੍ਹਾਂ ਨੂੰ ਇਕੱਠਿਆਂ ਨਵੀਂ ਜ਼ਿੰਦਗੀ ਸ਼ੁਰੂ ਕਰਦਿਆਂ ਦੇਖਣ ਦਾ ਇੰਤਜ਼ਾਰ ਨਹੀਂ ਕਰ ਸਕਦਾ। ਇਸ ਜੋੜੇ ਨੇ ਕੈਲੀਫੋਰਨੀਆ ਦੇ ‘ਥਾਊਜ਼ੈਂਡ ਓਕਸ’ ਸਥਿਤ ਸਪੀਅਰਜ਼ ਦੀ ਰਿਹਾਇਸ਼ ’ਤੇ ਆਪਣੇ ਕਰੀਬੀ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਵਿਆਹ ਕਰਵਾਇਆ। ਵਿਆਹ ਸਮਾਗਮ ਦੌਰਾਨ ਬ੍ਰਿਟਨੀ ਸਪੀਅਰਜ਼ ਦੇ ਪਹਿਲੇ ਪਤੀ ਜੇਸਨ ਅਲੈਗਜੈਂਡਰ ਨੇ ਹੰਗਾਮਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਅਨੁਸਾਰ ਸਪੀਅਰਜ਼ ਤੇ ਅਲੈਗਜੈਂਡਰ ਨੇ ਸਾਲ 2004 ਵਿੱਚ ਵਿਆਹ ਕਰਵਾਇਆ ਸੀ ਤੇ ਇਹ ਮਹਿਜ਼ 55 ਘੰਟੇ ਹੀ ਚੱਲਿਆ ਸੀ। ਇਸ ਤੋਂ ਬਾਅਦ ਬ੍ਰਿਟਨੀ ਨੇ ਫੈਡਰਲਾਈਨ ਨਾਲ ਵਿਆਹ ਕਰਵਾ ਲਿਆ ਸੀ ਪਰ ਉਨ੍ਹਾਂ 2007 ਵਿੱਚ ਤਲਾਕ ਲੈ ਲਿਆ ਸੀ। -ਪੀਟੀਆਈ