ਮੁੰਬਈ: ਬੌਲੀਵੁੱਡ ਅਦਾਕਾਰ ਪਰੇਸ਼ ਰਾਵਲ ਅੱਜ ਰਿਸ਼ੀ ਕਪੂਰ ਦੀ ਭੂਮਿਕਾ ਵਾਲੀ ਫਿਲਮ ‘ਸ਼ਰਮਾਜੀ ਨਮਕੀਨ’ ਦੀ ਅਧੂਰੀ ਸ਼ੂਟਿੰਗ ਨੂੰ ਪੂਰਾ ਕਰਨ ਲਈ ਸੈੱਟ ’ਤੇ ਆਏ। ਰਿਸ਼ੀ ਕਪੂਰ ਦੀ ਥਾਂ ਰੋਲ ਨਿਭਾਉਂਦਿਆਂ ਭਾਵੁਕ ਹੋਏ ਪਰੇਸ਼ ਨੇ ਕਿਹਾ ਕਿ ਉਨ੍ਹਾਂ ਮਰਹੂਮ ਅਦਾਕਾਰ ਦੇ ਰੋਲ ਦੀ ਜ਼ਿੰਮੇਵਾਰੀ ਨੂੰ ਸਨਮਾਨ ਨਾਲ ਅਪਣਾਇਆ। ਅਦਾਕਾਰ ਨੂੰ ਐਕਸਲ ਐਂਟਰਟੇਨਮੈਂਟ ਨੇ ਹਾਲ ਹੀ ਵਿੱਚ ਉਹ ਭੂਮਿਕਾ ਅੱਗੇ ਤੋਰਨ ਦਾ ਮੌਕਾ ਦਿੱਤਾ, ਜੋ ਮਰਹੂਮ ਅਦਾਕਾਰ ਰਿਸ਼ੀ ਕਪੂਰ ਨਿਭਾ ਰਹੇ ਸਨ। ਪਰੇਸ਼ ਨੇ ਕਿਹਾ ਕਿ ਫਿਲਮ ਵਿੱਚ ਰਿਸ਼ੀ ਕਪੂਰ ਵਾਲਾ ਕਿਰਦਾਰ ਨਿਭਾਉਣਾ ਬਹੁਤ ਹੀ ਭਾਵੁਕ ਕਰਨ ਵਾਲੇ ਪਲ ਸਨ। ਰਾਵਲ ਨੇ ਕਿਹਾ, ‘‘ਮੈਂ ਉਨ੍ਹਾਂ ਦੀ ਬਹੁਤ ਇੱਜ਼ਤ ਕਰਦਾ ਹਾਂ। ਉਹ ਮੇਰੇ ਪਸੰਦੀਦਾ ਅਦਾਕਾਰ ਰਣਬੀਰ ਕਪੂਰ ਦੇ ਪਿਤਾ ਸਨ। ਉਨ੍ਹਾਂ ਦੇ ਰੋਲ ਨੂੰ ਅੱਗੇ ਨਿਭਾਉਣਾ ਇੱਕ ਜ਼ਿੰਮੇਵਾਰੀ ਸੀ।’’ ਪਰੇਸ਼ ਨੇ ਰਿਸ਼ੀ ਕਪੂਰ ਨਾਲ ਫਿਲਮ ‘ਦਾਮਿਨੀ’, ‘ਹਥਿਆਰ’ ਅਤੇ ‘ਪਟੇਲ ਕੀ ਪੰਜਾਬੀ ਸ਼ਾਦੀ’ ਵਿੱਚ ਇਕੱਠਿਆਂ ਕੰਮ ਕੀਤਾ ਸੀ। ਫਿਲਮ ‘ਸ਼ਰਮਾਜੀ ਨਮਕੀਨ’ ਵਿੱਚ ਰਿਸ਼ੀ ਕਪੂਰ ਦੀ ਸਹਿ-ਅਦਾਕਾਰ ਜੂਹੀ ਚਾਵਲਾ ਹੈ, ਜਿਸ ਨੇ ਉਸ ਨਾਲ ਪਹਿਲਾਂ ‘ਬੋਲ ਰਾਧਾ ਬੋਲ’, ‘ਈਨਾ ਮੀਨਾ ਡੀਕਾ’ ਅਤੇ ‘ਦਰਾਰ’ ਵਿੱਚ ਕੰਮ ਕੀਤਾ ਸੀ। ਪਰੇਸ਼ ਨੇ ਕਿਹਾ ਕਿ ਇਹ ਬੇਹੱਦ ਦੁਖਦਾਈ ਹੈ ਕਿ ਰਿਸ਼ੀ ਕਪੂਰ ਦੇ ਪਿਛਲੇ ਸਾਲ ਅਪਰੈਲ ਵਿੱਚ ਹੋਏ ਦੇਹਾਂਤ ਕਾਰਨ ਇਹ ਪ੍ਰਾਜੈਕਟ ਪੂਰਾ ਨਹੀਂ ਹੋ ਸਕਿਆ ਸੀ। ‘ਸ਼ਰਮਾਜੀ ਨਮਕੀਨ’ ਫਿਲਮ ਐਕਸਲ ਐਂਟਰਟੇਨਮੈਂਟ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਹੈ ਅਤੇ ਕਾਸਟਿੰਗ ਡਾਇਰੈਕਟਰ ਤੇ ਫਿਲਮਸਾਜ਼ ਹਨੀ ਤਰੇਹਨ ਅਤੇ ਡਾਇਰੈਕਟਰ ਅਭਿਸ਼ੇਕ ਚੌਬੇ ਦੇ ਬੈਨਰ ਮੈਕਗੁਫਿਨ ਪਿਕਚਰਜ਼ ਦੇ ਸਹਿਯੋਗ ਨਾਲ ਬਣਾਈ ਜਾ ਰਹੀ ਹੈ। ਇਸੇ ਦੌਰਾਨ ਪਰੇਸ਼ ਆਪਣੀ ਅਗਲੀ ਕਾਮੇਡੀ ਫਿਲਮ ‘ਹੰਗਾਮਾ 2’ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ, ਜੋ ਕਿ 23 ਜੁਲਾਈ ਨੂੰ ਡਿਜ਼ਨੀ ਪਲੱਸ ਹੌਟਸਟਾਰ ’ਤੇ ਰਿਲੀਜ਼ ਹੋਵੇਗੀ। -ਪੀਟੀਆਈ