ਜੱਗਾ ਸਿੰਘ ਆਦਮਕੇ
ਪਿੱਪਲ ਭਾਰਤ ਸਮੇਤ ਏਸ਼ੀਆ ਦੇ ਇੱਕ ਵੱਡੇ ਹਿੱਸੇ ਵਿੱਚ ਪਾਇਆ ਜਾਣ ਵਾਲਾ ਰੁੱਖ ਹੈ। ਇਸ ਦਾ ਵਿਗਿਆਨਕ ਨਾਂ ‘ਫੀਕਸ ਰੇਲੀਜਿਓਸਾ’ (Ficus religiosa) ਹੈ ਅਤੇ ਇਹ ਰੁੱਖ ਬੋਹੜ ਜਾਤੀ ਨਾਲ ਸਬੰਧਤ ਹੈ। ਪਿੱੱਪਲ, ਬੋਹੜ ਵਾਂਗ ਵਿਸ਼ਾਲ ਆਕਾਰ ਅਤੇ ਲੰਬੀ ਉਮਰ ਵਾਲਾ ਰੁੱਖ ਹੈ। ਪਿੱਪਲ ਭਾਰਤੀ ਸੰਸਕ੍ਰਿਤੀ ਵਿੱਚ ਵਿਸ਼ੇਸ਼ ਮਹੱਤਵ ਰੱਖਣ ਦੇ ਨਾਲ ਨਾਲ ਪੰਜਾਬੀ ਜਨ ਜੀਵਨ ਅਤੇ ਸੱਭਿਆਚਾਰ ਵਿੱਚ ਵੀ ਖਾਸ ਮਹੱਤਵ ਰੱਖਦਾ ਹੈ। ਪੰਜਾਬ ਵਿੱਚ ਪਿੱਪਲ ਦੇੇ ਰੁੱਖ ਛੱਪੜਾਂ, ਟੋਭਿਆਂ ਅਤੇ ਦੂਸਰੀਆਂ ਸਾਂਝੀਆਂ ਥਾਵਾਂ ’ਤੇ ਲਗਾਏ ਜਾਣ ਸਬੰਧੀ ਪਰੰਪਰਾ ਰਹੀ ਹੈ। ਅਜਿਹਾ ਹੋਣ ਕਾਰਨ ਪੰਜਾਬ ਦੇ ਛੱਪੜਾਂ, ਟੋਭਿਆਂ ਦੇ ਆਸ ਪਾਸ ਪੁਰਾਣੇ ਅਤੇ ਵੱਡ ਆਕਾਰੀ ਪਿੱਪਲ ਦੇ ਰੁੱਖ ਮੌਜੂਦ ਹਨ। ਪਿੱਪਲ ਦੇ ਹੇਠਾਂ ਬੈਠ ਕੇ ਇਸ ਦੀ ਸੰਘਣੀ ਛਾਂ ਦਾ ਆਨੰਦ ਮਾਣਨ ਲਈ ਪਿੱਪਲਾਂ ਦੁਆਲੇ ਥੜ੍ਹੇ ਬਣਾਏ ਜਾਣ ਦਾ ਵੀ ਵਿਸ਼ੇਸ਼ ਮਹੱਤਵ ਹੈ। ਪਿੱਪਲਾਂ ਦੁਆਲੇ ਥੜ੍ਹੇ ਬਣਾਉਣ ਦਾ ਜ਼ਿਕਰ ਲੋਕਗੀਤਾਂ ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ :
ਥੜ੍ਹਿਆਂ ਬਾਝ ਨਾ ਪਿੱਪਲ ਸੋਂਹਦੇ
ਵੰਗਾਂ ਬਾਝ ਕਲਾਈਆਂ
ਸੱਗੀ ਫੁੱਲ ਸਿਰਾਂ ’ਤੇ ਸੋਂਹਦੇ
ਪੈਰੀਂ ਝਾਂਜਰਾਂ ਪਾਈਆਂ।
ਸੂਬੇਦਾਰਨੀਆਂ ਬਣ ਕੇ ਮੇਲਣਾਂ ਆਈਆਂ।
ਪਿੱਪਲਾਂ ਦੁਆਲੇ ਬਣਾਏ ਜਾਂਦੇ ਥੜ੍ਹੇ ਲੋਕਾਂ ਦੇ ਆਰਾਮ ਕਰਨ ਅਤੇ ਪਿੱਪਲ ਦੇ ਰੁੱਖ ਦੀ ਸੁੰਦਰਤਾ ਵਿੱਚ ਵਾਧਾ ਕਰਨ ਵਾਲੇ ਸਿੱਧ ਹੁੰਦੇ ਹਨ। ਪਿੱਪਲ ਦੇ ਥੜ੍ਹੇ ਦਾ ਗੁਣਗਾਨ ਤੀਆਂ ਵਿੱਚ ਪਾਈਆਂ ਜਾਂਦੀਆਂ ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਹੁੰਦਾ ਹੈ:
ਥੜ੍ਹਿਆਂਂ ਬਾਝ ਨਾ ਪਿੱਪਲ ਸੋਂਹਦੇ
ਫੁੱਲਾਂ ਬਾਝ ਫਲਾਹੀਆਂ
ਧੰਨ ਭਾਗ ਹੋ ਗਏ ਮੇਰੇ
ਆ ਕੁੜੀਆਂ ਪੀਂਘਾਂ ਪਾਈਆਂ।
ਤਬਦੀਲੀ ਕੁਦਰਤ ਦਾ ਨਿਯਮ ਹੈ। ਪੁਰਾਣਿਆਂ ਦੀ ਥਾਂ ਨਵੇਂ ਵਿਚਾਰ, ਸਾਧਨ, ਲੋਕ, ਹਾਲਾਤ ਆਦਿ ਲੈਂਦੇ ਰਹਿੰਦੇ ਹਨ। ਲੋਕ ਗੀਤਾਂ ਵਿੱਚ ਪਿੱਪਲ ਦੇ ਪੱਤਿਆਂ ਰਾਹੀਂ ਅਜਿਹੀ ਤਬਦੀਲੀ ਦੀ ਗੱਲ ਕੁਝ ਇਸ ਤਰ੍ਹਾਂ ਕੀਤੀ ਮਿਲਦੀ ਹੈ:
ਪਿੱਪਲ ਦਿਆ ਪੱਤਿਆ ਵੇ
ਕੇਹੀ ਖੜ ਖੜ ਲਾਈ ਆ।
ਪੱਤ ਝੜੇ ਪੁਰਾਣੇ ਵੇ
ਰੁੱਤ ਨਵਿਆਂ ਦੀ ਆਈ ਆ।
ਪਿੰਡ ਦੇ ਛੱਪੜਾਂ, ਟੋਭਿਆਂ ਕੰਢੇ ਛਾਂ ਆਦਿ ਦੀਆਂ ਜ਼ਰੂਰਤਾਂ ਲਈ ਬੋਹੜ ਤੇ ਪਿੱਪਲਾਂ ਦੇ ਰੁੱਖ ਵੱਡੇ ਪੱਧਰ ’ਤੇ ਲਗਾਏ ਜਾਣ ਦੀ ਪਰੰਪਰਾ ਰਹੀ ਹੈ। ਪਿੱਪਲਾਂ ਨੂੰ ਲਗਾਉਣ ਵਾਲੇ, ਇਨ੍ਹਾਂ ਦੀਆਂ ਛਾਵਾਂ ਮਾਣਨ ਵਾਲੇ, ਖੇਡਣ ਵਾਲੇ ਲੋਕਾਂ ਦਾ ਇਨ੍ਹਾਂ ਨਾਲ ਭਾਵਨਾਤਮਕ ਲਗਾਅ ਹੋਣਾ ਵੀ ਲਾਜ਼ਮੀ ਹੈ। ਇਸ ਦੇ ਅਜਿਹੇ ਪੱਖ ਦਾ ਜ਼ਿਕਰ ਗੀਤਾਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ:
ਪਿੱਪਲਾ ਵੇ ਮੇਰੇ ਪੇਕੇ ਪਿੰਡ ਦਿਆ
ਤੇਰੀਆਂ ਠੰਢੀਆਂ ਛਾਵਾਂ।
ਢਾਬ ਤੇਰੀ ਦਾ ਗੰਧਲਾ ਪਾਣੀ
ਉੱਤੋਂ ਬੂਰ ਹਟਾਵਾਂ।
ਰੁੱਖਾਂ ਵਿੱਚ ਜੀਵਨ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਅਜਿਹਾ ਮਹਿਸੂਸ ਕਰਨ ਵਾਲਿਆਂ ਨੂੰ ਇਹ ਮਨੁੱਖਾਂ ਵਾਂਗ ਖੁਸ਼ੀਆਂ ਗ਼ਮੀਆਂ ਨੂੰ ਪ੍ਰਗਟ ਕਰਦੇ ਲੱਗਦੇ ਹਨ। ਕੁਝ ਇਸ ਤਰ੍ਹਾਂ ਦਾ ਵਰਤਾਰਾ ਗੀਤਾਂ ਵਿੱਚ ਪਿੱਪਲਾਂ ਤੇ ਬੋਹੜਾਂ ਸਬੰਧੀ ਮਿਲਦਾ ਹੈ:
ਪਿੱਪਲ ਗਾਵੇ, ਬੋਹੜ ਗਾਵੇ, ਗਾਵੇ ਤੂਤ।
ਖੜ੍ਹ ਕੇ ਸੁਣ ਰਾਹੀਆ, ਤੇਰੀ ਰੂਹ ਹੋਜੂ ਸੂਤ।
ਕਿਸੇ ਲਈ ਪਿੱਪਲ ਰਾਹ ਦਸੇਰਾ ਵੀ ਮਹਿਸੂਸ ਹੁੰਦਾ ਹੈ ਅਤੇ ਉਸ ਵੱਲੋਂ ਪਿੱਪਲ ਤੋਂ ਕੁਝ ਇਸ ਤਰ੍ਹਾਂ ਵੀ ਪੁੱਛਿਆ ਮਿਲਦਾ ਹੈੈ:
ਵੇ ਦੱਸੀਂ ਪਿੱਪਲਾ, ਕਿਹੜਾ ਰਾਹ ਸੁਰਗਾਂ ਨੂੰ ਜਾਵੇ।
ਲੋਕ ਗੀਤਾਂ ਵਿੱਚ ਪਿੱਪਲ ਦੀ ਵਿਸ਼ਾਲਤਾ ਨਾਲ ਪਰਿਵਾਰ ਦੀ ਵਿਸ਼ਾਲਤਾ ਅਤੇ ਉਸ ਨਾਲ ਸਬੰਧਤ ਗਤੀਵਿਧੀਆਂ ਨੂੰ ਕੁਝ ਇਸ ਤਰ੍ਹਾਂ ਜੋੜਿਆ ਗਿਆ ਮਿਲਦਾ ਹੈ:
ਵੇ ਪਿੱਪਲਾ ਤੂੰ ਆਪ ਵੱਡਾ, ਪਰਿਵਾਰ ਵੱਡਾ
ਪੱਤਿਆਂ ਨੇ ਛਹਬਿਰ ਲਾਈ।
ਵੇ ਡਾਹਣਿਆਂ ਬਾਝ ਤੈਨੂੰ ਸਰਦਾ ਨਾਹੀਂ
ਪੱਤਿਆਂ ਨੇ ਛਹਬਿਰ ਲਾਈ।
ਪਿੱਪਲਾਂ ਤੇ ਬੋਹੜਾਂ ਦੇ ਰੁੱਖ ਸਾਂਝੀਆਂ ਥਾਵਾਂ ’ਤੇ ਲਗਾਉਣੇ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨਾ ਲੋਕਾਂ ਵੱਲੋਂ ਪੁੰਨ ਦਾ ਕੰਮ ਸਮਝਿਆ ਜਾਂਦਾ ਰਿਹਾ ਹੈ। ਲੰਬੀ ਉਮਰ ਵਾਲੇ ਇਨ੍ਹਾਂ ਰੁੱਖਾਂ ਨੂੰ ਲਗਾਉਣ ਵਾਲਿਆਂ ਪ੍ਰਤੀ ਜਾਣਨ ਦੀ ਇੱਛਾ ਵੀ ਕੁਝ ਇਸ ਤਰ੍ਹਾਂ ਲੋਕ ਗੀਤਾਂ ਵਿੱਚ ਮਿਲਦੀ ਹੈ:
ਹਰਿਆ ਭਰਿਆ ਪਿੱਪਲਾ ਮੇਰੇ ਪਿੰਡ ਦਿਆ
ਕਿਸ ਨੇ ਬੀਜਿਆ ਤੈਨੂੰ, ਕਿਸ ਦਿੱਤਾ ਪਾਣੀ?
ਪਿੱਪਲ ਦਾ ਰੁੱਖ ਅਨੇਕਾਂ ਪੱਖਾਂ ਤੋਂ ਮਹੱੱਤਵਪੂਰਨ ਹੈ। ਇਹ ਮਨੁੱਖੀ ਜੀਵਨ ਲਈ ਮੁੱਖ ਜ਼ਰੂਰਤ ਆਕਸੀਜਨ, ਛਾਂ, ਵੱਖ ਵੱਖ ਉਦੇਸ਼ਾਂ ਲਈ ਲੱਕੜ ਆਦਿ ਪ੍ਰਦਾਨ ਕਰਦਾ ਹੈ। ਇਸ ਰੁੱਖ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਦਾ ਚੌਵੀ ਘੰਟੇ ਆਕਸੀਜਨ ਪ੍ਰਦਾਨ ਕਰਦੇ ਰਹਿਣਾ ਹੈ। ਅਜਿਹਾ ਹੋਣ ਕਾਰਨ ਹੀ ਧਾਰਮਿਕ ਪੱਖ ਤੋਂ ਪਿੱਪਲ ਨੂੰ ਖਾਸ ਮਹੱਤਵ ਦਿੱਤਾ ਜਾਂਦਾ ਹੈ। ਇਸ ਦੇ ਨਾਲ ਨਾਲ ਪਿੱਪਲ ਦੇ ਵੱਖ ਵੱਖ ਹਿੱਸੇ ਅਨੇਕਾਂ ਰੋਗਾਂ ਦੀ ਦਵਾਈ ਦੇ ਰੂਪ ਵਿੱਚ ਵੀ ਉਪਯੋਗੀ ਮੰਨੇ ਜਾਂਦੇ ਹਨ। ਛੱਪੜਾਂ ਕੰਢੇ ਲੱਗੇ ਪਿੱਪਲ ਲੋਕਾਂ ਨੂੰ ਜੇਠ ਹਾੜ੍ਹ ਦੇ ਦਿਨਾਂ ਵਿੱਚ ਠੰਢੀ ਛਾਂ ਪ੍ਰਦਾਨ ਕਰਨ ਦੇ ਨਾਲ ਨਾਲ ਸਾਵਣ ਦੇ ਮਹੀਨੇ ਤੀਆਂ ਦੀਆ ਰੌਣਕਾਂ ਦੇ ਗਵਾਹ ਵੀ ਬਣਦੇ ਰਹੇ ਹਨ। ਕੁਝ ਅਜਿਹਾ ਹੋਣ ਕਾਰਨ ਹੀ ਗੀਤਾਂ ਵਿੱਚ ਤੀਆਂ ਵਿੱਚ ਪਿੱਪਲ ਦੇ ਗੁਣ ਗਾਉਣ ਦੀ ਗੱਲ ਕੁਝ ਇਸ ਤਰ੍ਹਾਂ ਹੁੰਦੀ ਹੈ:
ਮੈਂ ਜਸ ਤੀਆਂ ਵਿੱਚ ਗਾਵਾਂ
ਪਿੱਪਲਾ ਵੇ ਮੇਰੇ ਪੇਕੇ ਪਿੰਡ ਦਿਆ।
ਅੱਜ ਸਜਾਵਟੀ ਰੁੱਖ ਲਗਾਉਣ ਦਾ ਰੁਝਾਨ ਹੋਣ ਕਾਰਨ ਪਿੱਪਲ ਵਰਗੇ ਰਵਾਇਤੀ ਰੁੱਖਾਂ ਪ੍ਰਤੀ ਲੋਕ ਅਵੇਸਲੇ ਹੋ ਗਏ ਹਨ। ਜਦੋਂ ਕਿ ਚਾਹੀਦਾ ਇਹ ਹੈ ਕਿ ਅੱਜ ਜਿਵੇਂ ਆਲਮੀ ਤਪਸ਼ ਵਧ ਰਹੀ ਹੈ ਤਾਂ ਪਿੱਪਲ ਵਰਗੇ ਰੁੱਖਾਂ ਦੀ ਜ਼ਿਆਦਾ ਜ਼ਰੂਰਤ ਹੈ। ਆਓ, ਇਸ ਪ੍ਰਤੀ ਸੁਚੇਤ ਹੋਈਏ।
ਸੰਪਰਕ: 81469-24800