ਮੁੰਬਈ: ਅਦਾਕਾਰ ਪਵਨ ਮਲਹੋਤਰਾ, ਸੁਪ੍ਰਿਆ ਪਾਠਕ ਅਤੇ ਰਣਵੀਰ ਸ਼ੋਰੀ ਆਉਣ ਵਾਲੀ ਵੈੱਬ ਸੀਰੀਜ਼ ‘ਟੱਬਰ’ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ‘ਟੱਬਰ’ ਦਾ ਨਿਰਦੇਸ਼ਨ ਅਜੀਤ ਪਾਲ ਸਿੰਘ ਨੇ ਕੀਤਾ ਹੈ ਅਤੇ ਇਸ ਦੀ ਕਹਾਣੀ ਹਰਮਨ ਵਡਾਲਾ ਨੇ ਲਿਖੀ ਹੈ। ਇਸ ਸੀਰੀਜ਼ ਵਿੱਚ ਅਦਾਕਾਰ ਗਗਨ ਅਰੋੜਾ, ਸਾਹਿਲ ਮਹਿਤਾ, ਪਰਮਵੀਰ ਚੀਮਾ, ਨੁਪੁਰ ਨਾਗਪਾਲ ਅਤੇ ਕੰਵਲਜੀਤ ਸਿੰਘ ਵੀ ਮੁੱਖ ਭੂਮਿਕਾ ਨਿਭਾਉਣਗੇ। ਵੈੱਬ ਸੀਰੀਜ਼ ਵਿੱਚ ਅਦਾਕਾਰਾ ਸੁਪ੍ਰਿਆ ਪਾਠਕ ਮਾਂ ਦਾ ਕਿਰਦਾਰ ਨਿਭਾਵੇਗੀ। ਅੱਜ ਇੱਥੇ ਗੱਲ ਕਰਦਿਆਂ ਸੁਪ੍ਰਿਆ ਨੇ ਕਿਹਾ, ‘‘ਮਾਂ ਦਾ ਕਿਰਦਾਰ ਮੈਂ ਬਹੁਤ ਵਾਰ ਨਿਭਾਇਆ ਪਰ ਬਤੌਰ ਅਦਾਕਾਰ ਸਰਗੁਨ ਦੀ ਭੂਮਿਕਾ ਨਿਭਾਉਣ ਨਾਲ ਮੇਰੇ ਲਈ ਕਈ ਰਾਹ ਖੁੱਲ੍ਹੇ ਹਨ। ਮੈਨੂੰ ਨਿਰਦੇਸ਼ਕ ਅਜੀਤ ਪਾਲ ਸਿੰਘ ਤੇ ਮੇਰੇ ਸਹਿ-ਕਲਾਕਾਰ ਪਵਨ ਮਲਹੋਤਰਾ, ਗਗਨ ਅਤੇ ਬਾਕੀਆਂ ਨਾਲ ਕੰਮ ਕਰ ਕੇ ਬਹੁਤ ਮਜ਼ਾ ਆਇਆ।’’ ਅਦਾਕਾਰ ਪਵਨ ਮਲਹੋਤਰਾ ਸੀਰੀਜ਼ ਵਿੱਚ ਓਮਕਾਰ ਸਿੰਘ ਦਾ ਕਿਰਦਾਰ ਨਿਭਾਅ ਰਿਹਾ ਹੈ, ਜੋ ਪਰਿਵਾਰ ਦਾ ਮੁਖੀ ਹੈ ਤੇ ਇੱਕ ਪਤੀ ਹੋਣ ਦੇ ਨਾਲ ਪਿਤਾ ਵੀ ਹੈ। ਪਵਨ ਨੇ ਕਿਹਾ, ‘‘ਵੈੱਬ ਸੀਰੀਜ਼ ‘ਟੱਬਰ’ ਇੱਕ ਪਰਿਵਾਰ ਦੇ ਇਕੱਠ ਦੀ ਕਹਾਣੀ ਹੈ ਤੇ ਮੈਨੂੰ ਓਮਕਾਰ ਦੀ ਭੂਮਿਕਾ ਨਿਭਾਉਣ ਦਾ ਮੌਕਾ ਦੇਣ ਲਈ ਮੈਂ ਨਿਰਦੇਸ਼ਕ ਦਾ ਧੰਨਵਾਦੀ ਹਾਂ।’’ ਇਸ ਵੈੱਬ ਸੀਰੀਜ਼ ਵਿੱਚ ਗਗਨ ਅਰੋੜਾ ਹੈਪੀ ਦਾ ਕਿਰਦਾਰ ਨਿਭਾਅ ਰਿਹਾ ਹੈ। ਜਾਰ ਪਿਕਚਰਜ਼ ਪ੍ਰੋਡਕਸ਼ਨ ਅਧੀਨ ਬਣੀ ਵੈੱਬ ਸੀਰੀਜ਼ ‘ਟੱਬਰ’ ਜਲਦੀ ਹੀ ਸੋਨੀਐੱਲਆਈਵੀ ’ਤੇ ਦਿਖਾਈ ਜਾਵੇਗੀ। -ਆਈਏਐੱਨਐੱਸ