ਬਹਾਦਰ ਸਿੰਘ ਗੋਸਲ
ਸਦੀਆਂ ਤੋਂ ਗੁਲਾਮ ਰਹੇ ਦੇਸ਼ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਹਾਲਤ ਬਹੁਤ ਖ਼ਰਾਬ ਹੋ ਚੁੱਕੇ ਸਨ। ਇਹ ਹਾਲਾਤ ਦੇਸ਼ ਦੀ ਆਜ਼ਾਦੀ ਆਉਣ ਤੱਕ ਬਣੇ ਰਹੇ। ਪੰਜਾਬ ਭਾਵੇਂ ਕੁੱਝ ਤਰੱਕੀ ਵਾਲਾ ਪ੍ਰਾਂਤ ਰਿਹਾ, ਪਰ ਪੰਜਾਬ ਦੇ ਪਿੰਡਾਂ ਦੇ ਹਾਲਾਤ ਵੀ ਤਰਸਯੋਗ ਹੀ ਸਨ। ਗ਼ਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ ਅਤੇ ਸਿਹਤ ਸਹੂਲਤਾਂ ਦੀ ਘਾਟ ਕਾਰਨ ਲੋਕਾਂ ਦਾ ਰਹਿਣ-ਸਹਿਣ, ਖਾਣ-ਪੀਣ ਬਹੁਤਾ ਚੰਗਾ ਨਹੀਂ ਸੀ ਰਿਹਾ। ਪਿੰਡਾਂ ਦੇ ਲੋਕਾਂ ਕੋਲ ਖੇਤੀ ਜਾਂ ਘਰੇਲੂ ਛੋਟੇ ਧੰਦਿਆਂ ਤੋਂ ਬਿਨਾਂ ਕੋਈ ਆਮਦਨ ਦਾ ਸਾਧਨ ਨਹੀਂ ਸੀ। ਆਵਾਜਾਈ ਦੇ ਸਾਧਨ ਨਾਂਮਾਤਰ ਸਨ ਅਤੇ ਲੋਕਾਂ ਨੂੰ ਆਪਣੀਆਂ ਲੋੜਾਂ ਦੀਆਂ ਵਸਤੂਆਂ ਲੈਣ ਲਈ ਕਈ-ਕਈ ਮੀਲ ਤੁਰ ਕੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ। ਕੱਚੇ ਰਾਹਾਂ ’ਤੇ ਤੁਰਨਾ ਅਤੇ ਮਿੱਟੀ ਘੱਟੇ ਵਿੱਚੋਂ ਲੰਘਣਾ ਹੀ ਪੈਂਦਾ ਸੀ। ਕਾਰਾਂ-ਮੋਟਰਾਂ ਦਾ ਤਾਂ ਸਫ਼ਰ ਕੋਈ ਹੈ ਹੀ ਨਹੀਂ ਸੀ।
ਸੰਨ 1947 ਤੱਕ ਲੋਕਾਂ ਦਾ ਰਹਿਣ-ਸਹਿਣ ਇੰਨਾ ਨੀਵੇਂ ਪੱਧਰ ਦਾ ਸੀ ਕਿ ਉਨ੍ਹਾਂ ਨੂੰ ਮਿੱਟੀ ਦੇ ਬਣੇ ਕੱਚੇ ਮਕਾਨਾਂ ਵਿੱਚ ਜੀਵਨ ਬਸਰ ਕਰਨਾ ਪੈਂਦਾ ਸੀ। ਪਿੰਡਾਂ ਵਿੱਚ ਬਹੁਤੇ ਮਕਾਨ ਕੱਚੇ ਹੀ ਹੁੰਦੇ ਸਨ, ਜੋ ਮੋਟੀਆਂ ਕੰਧਾਂ ਤੋਂ ਬਣੇ ਹੁੰਦੇ ਸਨ ਅਤੇ ਛੱਤਾਂ ਵੀ ਘਾਹ ਫੂਸ ਦੀਆਂ ਬਣੀਆਂ ਹੁੰਦੀਆਂ ਸਨ। ਇੱਟਾਂ ਬਣਾਉਣ ਦੇ ਭੱਠੇ ਬਹੁਤ ਘੱਟ ਸਨ ਅਤੇ ਇੱਟਾਂ ਆਮ ਗ਼ਰੀਬ ਲੋਕਾਂ ਦੀ ਖਰੀਦਣ ਦੀ ਪਹੁੰਚ ਤੋਂ ਕਿਤੇ ਦੂਰ ਸਨ। ਪਿੰਡ ਵਿੱਚ ਕਿਸੇ ਚੰਗੇ ਜ਼ਿਮੀਂਦਾਰ ਜਾਂ ਚੌਧਰੀ ਦੀਆਂ ਹਵੇਲੀਆਂ ਨੂੰ ਹੀ ਇੱਟਾਂ ਲੱਗੀਆਂ ਦੇਖੀਆਂ ਜਾਂਦੀਆਂ ਸਨ ਅਤੇ ਉਹ ਵੀ ਸਰਹਿੰਦੀ ਛੋਟੇ ਆਕਾਰ ਦੀਆਂ ਹੁੰਦੀਆਂ ਸਨ।
ਪਿੰਡਾਂ ਦੇ ਗ਼ਰੀਬ ਲੋਕਾਂ ਲਈ ਤਾਂ ਮਿੱਟੀ ਦੇ ਕੱਚੇ ਘਰ ਹੀ ਰੈਣ ਬਸੇਰਾ ਬਣੇ ਹੋਏ ਸਨ। ਉਨ੍ਹਾਂ ਘਰਾਂ ਵਿੱਚ ਹੀ ਪੂਰੇ ਦਾ ਪੁੂਰਾ ਪਰਿਵਾਰ ਰਹਿ ਰਿਹਾ ਹੁੰਦਾ ਸੀ। ਲੋਕਾਂ ਨੂੰ ਪਸ਼ੂ ਧਨ ਦਾ ਚੰਗਾ ਮੋਹ ਹੁੰਦਾ ਸੀ, ਇਸ ਲਈ ਡੰਗਰਾਂ ਵਾਸਤੇ ਵੱਖਰਾ ਮਿੱਟੀ ਦਾ ਕੱਚਾ ਘਰ ਬਣਾਇਆ ਜਾਂਦਾ ਸੀ, ਕਈ ਗ਼ਰੀਬ ਲੋਕ ਤਾਂ ਆਪਣੇ ਇੱਕ ਘਰ ਵਿੱਚ ਹੀ ਪਸ਼ੂਆਂ ਦੇ ਨਾਲ ਹੀ ਰਿਹਾਇਸ਼ ਰੱਖਦੇ ਅਤੇ ਰਸੋਈ ਦਾ ਕੰਮ ਵੀ ਇੱਕ ਘਰ ਵਿੱਚ ਹੀ ਕਰ ਲੈਂਦੇ। ਇਸ ਲਈ ਇਸ ਕੱਚੇ ਘਰ ਦੀ ਸੰਭਾਲ ਵੀ ਬਹੁਤ ਜ਼ਰੂਰੀ ਬਣ ਜਾਂਦੀ ਖਾਸ ਕਰਕੇ ਬਰਸਾਤ ਦੇ ਦਿਨਾਂ ਵਿੱਚ ਤਾਂ ਕੰਧਾਂ ਜਾਂ ਛੱਤ ਦੇ ਡਿੱਗਣ ਦਾ ਖ਼ਤਰਾ ਬਣਿਆ ਰਹਿੰਦਾ। ਇਨ੍ਹਾਂ ਕੱਚੇ ਘਰਾਂ ਨੂੰ ਬਣਾਉਣ ਲਈ ਵੀ ਪਰਿਵਾਰਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਸੀ। ਪਹਿਲਾਂ ਉਹ ਸੁੱਕੇ ਛੱਪੜਾਂ ’ਚੋਂ ਮਿੱਟੀ ਢੋਅ ਢੋਅ ਕੇ ਇੱਕ ਥਾਂ ਢੇਰ ਲਗਾਉਂਦੇ, ਫਿਰ ਉਸ ਮਿੱਟੀ ਨੂੰ ਮਲ ਮਲ ਕੇ ਮੁਲਾਇਮ ਬਣਾਉਂਦੇ ਅਤੇ ਫਿਰ ਲੱਕੜ ਦੇ ਬਣੇ ਵਿਸ਼ੇਸ਼ ਸਾਂਚਿਆਂ ਦੀ ਮਦਦ ਨਾਲ ਕੱਚੇ ਚੀਰੂ ਬਣਾਉਂਦੇ। ਅੱਜਕੱਲ੍ਹ ਦੇ ਬੱਚਿਆਂ ਜਾਂ ਨੌਜਵਾਨਾਂ ਨੂੰ ਤਾਂ ਚੀਰੂ ਸ਼ਬਦ ਬਾਰੇ ਕੁਝ ਵੀ ਪਤਾ ਨਹੀਂ, ਪਰ ਉਨ੍ਹਾਂ ਦਿਨਾਂ ਵਿੱਚ ਬੱਚੇ ਚੀਰੂ ਬਣਾਉਣ ਵਿੱਚ ਪਰਿਵਾਰਾਂ ਦੀ ਮਦਦ ਕਰਦੇ ਸਨ। ਚੀਰੂ ਅਜੋਕੇ ਭੱਠਿਆਂ ਤੋਂ ਮਿਲਦੀ ਪੱਕੀ ਇੱਟ ਤੋਂ ਕੁੱਝ ਵੱਡਾ ਅਤੇ ਭਾਰਾ ਹੁੰਦਾ ਸੀ। ਫਿਰ ਬਹੁਤ ਗਿਣਤੀ ਵਿੱਚ ਚੀਰੂ ਬਣਾ ਕੇ ਉਨ੍ਹਾਂ ਨੂੰ ਕਈ-ਕਈ ਦਿਨ ਸੁਕਾਇਆ ਜਾਂਦਾ ਸੀ।
ਜਦੋਂ ਚੀਰੂ ਚੰਗੀ ਤਰ੍ਹਾਂ ਸੁੱਕ ਕੇ ਥੋੜ੍ਹੇ ਮਜ਼ਬੂਤ ਬਣ ਜਾਂਦੇ ਤਾਂ ਉਨ੍ਹਾਂ ਦੀ ਵਰਤੋਂ ਕਰਕੇ ਮਕਾਨ ਲਈ ਕੰਧਾਂ ਬਣਾਈਆਂ ਜਾਂਦੀਆਂ। ਇਹ ਕੰਧਾਂ ਮੋਟੀਆਂ ਅਤੇ ਛੱਤ ਦਾ ਭਾਰ ਸਹਿਣ ਯੋਗ ਬਣਾਈਆਂ ਜਾਂਦੀਆਂ ਅਤੇ ਚਾਰੇ ਕੰਧਾਂ ਬਣਨ ਤੋਂ ਬਾਅਦ ਉਨ੍ਹਾਂ ਉੱਤੇ ਮੋਟੇ ਲੱਕੜ ਦੇ ਸ਼ਤੀਰ ਰੱਖ ਕੇ ਛੱਤ ਪਾਈ ਜਾਂਦੀ। ਇੰਨਾ ਹੀ ਨਹੀਂ ਮਕਾਨ ਦੀ ਛੱਤ ਪੈਣ ਤੋਂ ਬਾਅਦ ਕੰਧਾਂ ਨੂੰ ਮਿੱਟੀ ਨਾਲ ਚੰਗੀ ਤਰ੍ਹਾਂ ਲਿੱਪਿਆ ਜਾਂਦਾ ਤਾਂ ਕਿ ਮੀਂਹ ਆਦਿ ਵਿੱਚ ਉਹ ਹੋਰ ਮਜ਼ਬੂਤ ਬਣੀਆਂ ਰਹਿਣ। ਛੱਤਾਂ ਨੂੰ ਵੀ ਤੂੜੀ ਮਿਲੀ ਮਿੱਟੀ ਨਾਲ ਚੰਗੀ ਤਰ੍ਹਾਂ ਲਿੱਪ ਕੇ ਪਾਣੀ ਨਿਕਲਣ ਯੋਗ ਬਣਾਇਆ ਜਾਂਦਾ। ਇਸ ਤਰ੍ਹਾਂ ਇਨ੍ਹਾਂ ਘਰਾਂ ਨੂੰ ਬਣਾਉਣ ਲਈ ਪੂਰੇ ਪਰਿਵਾਰ ਨੂੰ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਤਾਂ ਜਾ ਕੇ ਉਨ੍ਹਾਂ ਨੂੰ ਰਹਿਣ ਲਈ ਇੱਕ ਘਰ ਨਸੀਬ ਹੁੰਦਾ। ਕੱਚੇ ਚੀਰੂਆਂ ਨਾਲ ਬਣਾਇਆ ਮਜ਼ਬੂਤ ਘਰ ਪਰਿਵਾਰ ਦੇ ਮੈਂਬਰਾਂ ਨੂੰ ਠੰਢ ਅਤੇ ਗਰਮੀ ਤੋਂ ਬਚਾ ਕੇ ਬਰਸਾਤ ਵਿੱਚ ਵੀ ਉਨ੍ਹਾਂ ਦੀ ਮਦਦ ਕਰਦਾ। ਬਜ਼ੁਰਗਾਂ ਦਾ ਕਹਿਣਾ ਹੁੰਦਾ ਸੀ ਕਿ ਇਹ ਮਿੱਟੀ ਦੇ ਬਣੇ ਪੁਰਾਣੇ ਘਰ ਅੱਜ ਦੇ ਏਅਰ ਕੰਡੀਸ਼ਨ ਘਰਾਂ ਵਾਂਗ ਹੀ ਠੰਢ ਅਤੇ ਗਰਮੀ ਤੋਂ ਰਾਹਤ ਦਿੰਦੇ ਸਨ। ਉਹ ਲੋਕ ਇਸ ਗ਼ਰੀਬੀ ਭਰੇ ਮਾਹੌਲ ਵਿੱਚ ਕਹਿੰਦੇ ਹੁੰਦੇ ਸਨ:
ਜੋ ਸੁੱਖ ਛੱਜੂ ਦੇ ਚੁਬਾਰੇ
ਨਾ ਬਲਖ ਨਾ ਬੁਖਾਰੇ।
ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ, ਆਜ਼ਾਦੀ ਆਉਣ ’ਤੇ ਲੋਕਾਂ ਦੀ ਆਰਥਿਕ ਸਥਿਤੀ ਥੋੜ੍ਹੀ ਚੰਗੀ ਹੋਣ ਲੱਗੀ, ਲੋਕਾਂ ਨੇ ਆਪਣੇ-ਆਪਣੇ ਘਰਾਂ ਦੀਆਂ ਕੰਧਾਂ ਨੂੰ ਪੱਕਾ ਕਰਨਾ ਸ਼ੁਰੂ ਕਰ ਦਿੱਤਾ। ਉਹ ਕੱਚੇ ਚੀਰੂਆਂ ਦੀ ਥਾਂ ਪੱਕੀਆਂ ਇੱਟਾਂ ਦੀ ਵਰਤੋਂ ਕਰਨ ਲੱਗੇ। ਥਾਂ-ਥਾਂ ਪੱਕੀਆਂ ਇੱਟਾਂ ਬਣਾਉਣ ਲਈ ਭੱਠੇ ਲੱਗਣ ਲੱਗੇ। ਮਿੱਟੀ ਤੋਂ ਚੀਰੂ ਬਣਾਉਣ ਤੋਂ ਲੋਕਾਂ ਨੂੰ ਰਾਹਤ ਮਿਲਣ ਲੱਗੀ ਕਿਉਂਕਿ ਪੱਕੀਆਂ ਇੱਟਾਂ ਤੋਂ ਬਣੇ ਘਰ ਵੱਧ ਮਜ਼ਬੂਤ, ਆਰਾਮਦਾਇਕ, ਟਿਕਾਊ ਅਤੇ ਦੇਖਣ ਨੂੰ ਚੰਗੇ ਲੱਗਦੇ ਸਨ। ਤਾਂ ਸਮਾਂ ਆਇਆ ਕਿ ਗ਼ਰੀਬ ਲੋਕ ਵੀ ਦੇਖੋ-ਦੇਖੀ ਕੱਚੇ ਘਰਾਂ ਨੂੰ ਛੱਡ ਪੱਕੇ ਘਰ ਬਣਾਉਣ ਦੇ ਸੁਪਨੇ ਦੇਖਣ ਲੱਗੇ। ਇਸ ਤਰ੍ਹਾਂ ਹੀ ਇੱਕ ਨਵੀਂ ਵਿਆਹੀ ਮੁਟਿਆਰ ਘਰ ਬਣਾਉਣ ਲਈ ਪ੍ਰੇਰਦੀ ਹੈ ਅਤੇ ਕਹਿੰਦੀ ਹੈ:
ਮੈਂ ਵੀ ਮਾਹੀਆ ਨਹਿਰ ਕਿਨਾਰੇ
ਪੱਕਾ ਚੁਬਾਰਾ ਪਾਉਣਾ
ਰੱਖਣਾ ਜੇ ਤੇਰੀ ਮਰਜ਼ੀ
ਪੇਕੇ ਜਾ ਕੇ ਮੜ੍ਹਕ ਨਾਲ ਆਉਣਾ
ਪਰ ਉਸ ਦੇ ਘਰਵਾਲਾ ਆਪਣੀ ਗ਼ਰੀਬੀ ਦਾ ਵਾਸਤਾ ਪਾਉਂਦਾ ਹੋਇਆ ਕਹਿੰਦਾ ਹੈ:
ਪੱਕਾ ਦੇਖ ਕੇ ਕੱਚਾ ਨਹੀਂ ਢਾਹੁਣਾ
ਰਹਿਣਾ ਏ ਜੇ ਤੇਰੀ ਮਰਜ਼ੀ
ਜਦੋਂ ਫਿਰ ਪਿੰਡਾਂ ਵਿੱਚ ਵੀ ਕੱਚੇ ਮਕਾਨਾਂ ਦੀ ਥਾਂ ਪੱਕੇ ਮਕਾਨ ਬਣਾਉਣ ਦਾ ਰੁਝਾਨ ਪ੍ਰਚੱਲਿਤ ਹੋ ਗਿਆ ਤਾਂ ਪਿੰਡਾਂ ਦੀਆਂ ਬਹੁਤ ਸਾਰੀਆਂ ਔਰਤਾਂ ਨੂੰ ਵੀ ਕੰਧਾਂ ਲਿੱਪਣ ਅਤੇ ਮਕਾਨਾਂ ਦੀਆਂ ਛੱਤਾਂ ਬਨੇਰੇ ਲਿਪਣ ਤੋਂ ਰਾਹਤ ਮਿਲਣ ਲੱਗੀ। ਵਿਆਹ ਕਰਵਾਉਣ ਵਾਲੀ ਹਰ ਮੁਟਿਆਰ ਦੀ ਇੱਛਾ ਹੁੰਦੀ ਕਿ ਉਸ ਦੇ ਸਹੁਰੇ ਘਰ ਦਾ ਮਕਾਨ ਵੀ ਪੱਕਾ ਹੋਵੇ ਅਤੇ ਉਸ ਦਾ ਬਨੇਰੇ ਲਿੱਪਣ ਤੋਂ ਛੁਟਕਾਰਾ ਹੋ ਜਾਵੇ ਤਾਂ ਹੀ ਇਹ ਗੀਤ ਹਰ ਮੁਟਿਆਰ ਦੇ ਬੁੱਲ੍ਹਾਂ ’ਤੇ ਛਾ ਗਿਆ ਸੀ:
ਉਹ ਘਰ ਟੋਲੀਂ ਬਾਬਲਾ
ਜਿੱਥੇ ਲਿੱਪਣੇ ਨਾ ਪੈਣ ਬਨੇਰੇ।
ਕੋਠੇ ਅਤੇ ਕੰਧਾਂ ਲਿੱਪਣ ਦਾ ਕੰਮ ਬਹੁਤ ਮੁਸ਼ਕਿਲ ਹੁੰਦਾ ਸੀ ਅਤੇ ਔਰਤਾਂ ਨੂੰ ਹਰ ਸਾਲ ਇਹ ਕਰਨਾ ਪੈਂਦਾ ਸੀ, ਨਹੀਂ ਤਾਂ ਕੱਚੇ ਕੋਠੇ ਬਰਸਾਤ ਵਿੱਚ ਚੋਅ ਚੋਅ ਕੇ ਸਾਰੇ ਪਰਿਵਾਰ ਲਈ ਮੁਸ਼ਕਿਲ ਪੈਦਾ ਕਰ ਦਿੰਦੇ ਸਨ। ਉਨ੍ਹਾਂ ਦਿਨਾਂ ਵਿੱਚ ਕੱਚੇ ਘਰਾਂ ਦੇ ਅੱਗੇ ਵੱਡੇ ਵਿਹੜੇ ਹੁੰਦੇ ਸਨ ਜਿਨ੍ਹਾਂ ਨੂੰ ਚੀਰੂਆਂ ਦੀ ਮਦਦ ਨਾਲ ਕੱਚੀਆਂ ਕੰਧਾਂ ਬਣਾ ਕੇ ਚਾਰ ਦੀਵਾਰੀ ਦਾ ਰੂਪ ਦੇ ਦਿੱਤਾ ਜਾਂਦਾ ਸੀ। ਪਰ ਇਹ ਮਿੱਟੀ ਦੀਆਂ ਕੰਧਾਂ ਵਾਰ-ਵਾਰ ਲਿੱਪਣ ਜਾਂ ਸੰਵਾਰਨ ’ਤੇ ਵੀ ਬਹੁਤਾ ਸਮਾਂ ਨਾ ਕੱਟਦੀਆਂ ਅਤੇ ਹਰ ਸਾਲ ਆਉਣ ਵਾਲੀਆਂ ਬਰਸਾਤਾਂ ਵਿੱਚ ਖੁਰ-ਖੁਰ ਕੇ ਖ਼ਤਮ ਹੋਣ ਦੇ ਕਿਨਾਰੇ ਪਹੁੰਚ ਜਾਂਦੀਆਂ। ਕਈ ਘਰਾਂ ਦੀਆਂ ਚਾਰ ਦੀਵਾਰੀਆਂ ਦੀਆਂ ਕੰਧਾਂ ਤਾਂ ਬਹੁਤ ਹੀ ਕਮਜ਼ੋਰ ਹੋ ਜਾਂਦੀਆਂ ਅਤੇ ਹਰ ਸਮੇਂ ਡਿੱਗੂੰ-ਡਿੱਗੂੰ ਕਰਦੀਆਂ। ਤਾਂ ਹੀ ਪੰਜਾਬੀ ਸੱਭਿਆਚਾਰ ਵਿੱਚ ਇਨ੍ਹਾਂ ਕਮਜ਼ੋਰ ਕੱਚੀਆਂ ਕੰਧਾਂ ਨੇ ਆਪਣਾ ਥਾਂ ਬਣਾ ਲਿਆ ਅਤੇ ਕਿਸੇ ਵੀ ਗਿੱਧੇ ਦੇ ਪਿੜ ਵਿੱਚ ਇਹ ਬੋਲੀ ਜ਼ਰੂਰ ਸੁਣਨ ਨੂੰ ਮਿਲਦੀ:
ਨੀਂ ਤੂੰ ਨੱਚ ਨੱਚ ਨੱਚ, ਨੀਂ ਤੂੰ ਹੌਲੀ ਹੌਲੀ ਨੱਚ
ਡਿੱਗ ਪਵੇ ਨਾ ਗੁਆਂਢੀਆਂ ਦੀ ਕੰਧ ਬੱਲੀਏ
ਤੇਰਾ ਗਿੱਧਾ ਸਾਰੇ ਪਿੰਡ ਨੂੰ ਪਸੰਦ ਬੱਲੀਏ।
ਕਈ ਵਾਰ ਜਦੋਂ ਕੋਈ ਸੋਹਣੀ ਮੁਟਿਆਰ ਕਿਸੇ ਗ਼ਰੀਬ ਘਰ ਦੇ ਮੁੰਡੇ ਨਾਲ ਵਿਆਹੀ ਜਾਂਦੀ ਤਾਂ ਉਹ ਲੋਕਾਂ ਦੇ ਚੁਬਾਰੇ ਦੇਖ ਕਹਿੰਦੀ:
ਹੋਰਨਾਂ ਨੇ ਪਾਏ ਪੱਕੇ ਚੁਬਾਰੇ
ਤੈਂ ਕਿਉਂ ਪਾਈ ਛੰਨ ਮੁੰਡਿਆ
ਤੇਰੀ ਗੋਹੜੇ ਵਰਗੀ ਰੰਨ ਮੁੰਡਿਆ।
ਪਰ ਕੱਚਿਆਂ ਘਰਾਂ ਦੇ ਉਹ ਕੱਚੇ ਚੀਰੂ ਸਾਡੇ ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਪੰਜਾਬੀ ਸਾਹਿਤ ਵਿੱਚ ਜ਼ਰੂਰ ਅਹਿਮ ਸਥਾਨ ਰੱਖਦੇ ਰਹੇ। ਤਾਂ ਹੀ ਅੱਜ ਦੇ ਸਮੇਂ ਨੂੰ ਦੇਖਦੇ ਹੋਏ ਕਿਸੇ ਕਵੀ ਨੇ ਲਿਖਿਆ ਹੈ:
ਖੁੰਡ ਕਿਧਰੇ ਉਹ ਨਜ਼ਰ ਨਾ ਆਉਂਦੇ।
ਜਿੱਥੇ ਬੈਠੇ ਰਹਿੰਦੇ, ਮੰਗਲ ਤੇ ਵੀਰੂ।
ਏਅਰ ਕੰਡੀਸ਼ਨ ਜਿਹੇ ਕੱਚੇ ਕੋਠੇ ਦੇ
ਕਿਤੋਂ ਨਾ ਮਿਲਦੇ ਕੱਚੇ ਚੀਰੂ।
ਹੁਣ ਤਾਂ ਜ਼ਮਾਨਾ ਹੀ ਬਦਲ ਗਿਆ ਹੈ। ਲੋਕਾਂ ਦੀ ਆਰਥਿਕ ਦਸ਼ਾ ਕਾਫ਼ੀ ਚੰਗੀ ਬਣ ਚੁੱਕੀ ਹੈ। ਸਭ ਕੱਚੇ ਘਰਾਂ ਦੀ ਥਾਂ ਵਧੀਆ ਪੱਕੇ ਮਕਾਨ ਜਾਂ ਸ਼ਾਨਦਾਰ ਕੋਠੀਆਂ ਬਣ ਕੇ ਤਿਆਰ ਹੋ ਚੁੱਕੀਆਂ ਹਨ। ਕੱਚੇ ਰਾਹਾਂ ਦੀ ਥਾਂ ਪੱਕੀਆਂ ਸੜਕਾਂ, ਕੱਚੀਆਂ ਝਿਲਆਨੀਆਂ ਦੀ ਥਾਂ ਪੱਕੀਆਂ ਮਾਡਲ ਰਸੋਈਆਂ, ਕੱਚੇ ਚੁੱਲ੍ਹਿਆਂ ਦੀ ਥਾਂ ਗੈਸ ਚੁੱਲ੍ਹੇ, ਸਭ ਕੁਝ ਹੀ ਤਾਂ ਬਦਲ ਕੇ ਰਹਿ ਗਿਆ ਹੈ। ਹੁਣ ਤਾਂ ਪੰਜਾਬ ਵਿੱਚ ਗ਼ਰੀਬ ਲੋਕ ਵੀ ਆਪਣੇ ਘਰਾਂ ਨੂੰ ਪੱਕਾ ਬਣਾ ਕੇ ਰਹਿੰਦੇ ਸਨ। ਬਿਜਲੀ ਆਉਣ ਨਾਲ ਲਾਈਟ ਦਾ ਪ੍ਰਬੰਧ ਹਰ ਘਰ ਵਿੱਚ ਹੋ ਗਿਆ ਹੈ। ਪਿੰਡ ਦੀਆਂ ਸੜਕਾਂ, ਗਲੀਆਂ, ਚੁਬਾਰੇ ਸਭ ਪੱਕੇ ਹੋ ਗਏ ਹਨ। ਇਸੇ ਲਈ ਸਾਡੇ ਪੰਜਾਬੀ ਸੱਭਿਆਚਾਰ ਨੇ ਵੀ ਰੰਗ ਬਦਲ ਲਿਆ ਹੈ। ਹੁਣ ਉਹ ਕੱਚੇ ਕੋਠਿਆਂ ਦੀ ਗੱਲ ਨਹੀਂ ਕਰਦਾ ਸਗੋਂ ਪੱਕਿਆਂ ਚੁਬਾਰਿਆਂ ਦੀ ਹੀ ਬਾਤ ਪਾਉਂਦਾ ਹੈ:
ਆਰੇ ਆਰੇ ਆਰੇ, ਪੱਕੇ ਕੋਠੇ ਪੱਕੀਆਂ ਸੜਕਾਂ
ਗਲੀਆਂ, ਮਹੱਲ ਚੁਬਾਰੇ ਪੱਕੇ ਸਾਰੇ
ਭੰਗੜਾ ਪਾਓ ਮੁੰਡਿਓ ਹੀਰ ਸੈਨਤਾਂ ਮਾਰੇ।
ਦੂਜੇ ਪਾਸੇ ਅੱਜ ਵੀ ਪੁਰਾਣੇ ਬਜ਼ੁਰਗ, ਪੁਰਾਣੇ ਕੱਚੇ ਘਰਾਂ ਨੂੰ ਯਾਦ ਕਰਕੇ ਗਰਮੀਆਂ ਵਿੱਚ ਕਹਿ ਦਿੰਦੇ ਹਨ, ਬਈ ਉਹ ਕੱਚੇ ਚੀਰੂਆਂ ਵਾਲੇ ਮਕਾਨ ਗਰਮੀ ਵਿੱਚ ਬੜੇ ਠੰਢੇ ਹੁੰਦੇ ਸਨ। ਇਸ ਤਰ੍ਹਾਂ ਭਾਵੇਂ ਕੱਚੇ ਮਕਾਨਾਂ ਦਾ ਜ਼ਮਾਨਾ ਲੱਥ ਗਿਆ ਹੈ, ਪਰ ਉਹ ਸਾਡੇ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਦੀ ਪੁਰਾਣੀ ਯਾਦ ਸਦਾ ਹੀ ਬਣੇ ਰਹਿਣਗੇ।
ਸੰਪਰਕ: 98764-52223