ਹਰਮੀਤ ਸਿਵੀਆਂ
ਲੋਕ ਗੀਤ ਲੋਕ ਮਨਾਂ ਦੀ ਹੂਕ ਹੁੰਦੇ ਹਨ। ਇਹ ਜਜ਼ਬਿਆਂ ਅਤੇ ਵਲਵਲਿਆਂ ਦਾ ਸੁਰਾਂ ਵਿੱਚ ਬੱਧਾ ਇਜ਼ਹਾਰ ਹੁੰਦਾ ਹੈ। ਲੋਕ ਮਨਾਂ ਨੇ ਜੀਵਨ ਪੰਧ ਵਿੱਚ ਜੋ ਕੁਝ ਹੰਢਿਆ-ਹੰਢਾਇਆ ਹੈ, ਉਸ ਸਭ ਦਾ ਵਰਣਨ ਲੋਕ ਗੀਤਾਂ ਵਿੱਚ ਹੁੰਦਾ ਹੈ। ਇੱਥੇ ਅਸੀਂ ਜਿਹੜੇ ਲੋਕ ਗੀਤਾਂ ਦੀ ਗੱਲ ਕਰ ਰਹੇ ਹਾਂ ਉਹ ਸਾਡੇ ਹਾਰ ਸ਼ਿੰਗਾਰ ਨਾਲ ਸਬੰਧਿਤ ਹਨ ਭਾਵ ਕਿ ਗਹਿਣਿਆਂ ਨਾਲ।
ਗਹਿਣੇ ਜਿੱਥੇ ਸਾਡੀ ਖੂਬਸੂਰਤੀ ਅਤੇ ਸੁਹੱਪਣ ਨੂੰ ਚਾਰ ਚੰਨ ਲਾਉਂਦੇ ਹਨ, ਉੱਥੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀਆਂ ਵਿਸ਼ੇਸ਼ਤਾਵਾਂ ਨੂੰ ਦਰਸਾਉਂਦੇ ਹਨ। ਲੋਕ ਗੀਤਾਂ ਵਿੱਚ ਸੱਭਿਆਚਾਰ ਦੀਆਂ ਬਾਤਾਂ ਪਾਉਂਦੇ ਗਹਿਣੇ ਜਿਵੇਂ ਕਾਂਟੇ, ਡੰਡੀਆਂ, ਸੱਗੀ-ਫੁੱਲ, ਟਿੱਕਾ, ਲੌਂਗ, ਪਿੱਪਲ-ਪੱਤੀਆਂ, ਝੁਮਕੇ, ਬੁੰਦੇ, ਕੋਕਰੂ, ਨੱਤੀਆਂ, ਮਛਲੀਆਂ, ਤਵੀਤ, ਗਾਨੀ, ਨੱਥ, ਮੁੰਦਰੀ, ਛੱਲਾ, ਝਾਂਜਰ ਆਦਿ ਗਹਿਣਿਆਂ ਦੀ ਗੱਲ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਕੰਨਾਂ ਵਿੱਚ ਪਾਏ ਜਾਣ ਵਾਲੇ ਗਹਿਣੇ ਕਾਂਟਿਆਂ ਦੀ ਗੱਲ ਕਰਦੇ ਹਾਂ। ਕਾਂਟੇ ਔਰਤ ਦੇ ਸੁਹੱਪਣ ਨੂੰ ਚਾਰ ਚੰਨ ਲਾਉਂਦੇ ਹਨ। ਸਮੇਂ ਸਮੇਂ ਅਨੁਸਾਰ ਇਸ ਦਾ ਨਾਂ ਅਤੇ ਆਕਾਰ ਬਦਲਦਾ ਰਿਹਾ ਹੈ। ਸਾਡੇ ਲੋਕ ਗੀਤਾਂ ਵਿੱਚ ਕਾਂਟਿਆਂ ਦਾ ਜ਼ਿਕਰ ਇਸ ਤਰ੍ਹਾਂ ਆਉਂਦਾ ਹੈ:
ਕਾਂਟੇ ਵੀ ਕਰਾ ਦੂੰ ਤੈਨੂੰ, ਸੂਟ ਵੀ ਸੰਵਾਦੂੰਗਾ
ਪੂਰੀ ਮੈਂ ਬਣਾਦੂੰਗਾ ਸ਼ੁਕੀਨ ਜੱਟੀਏ।
ਭਾਵੇਂ ਵਿਕ ਜਾਏ, ਮੇਰੀ ਨੀਂ ਜ਼ਮੀਨ ਜੱਟੀਏ।
ਕਾਂਟਿਆਂ ਤੋਂ ਬਾਅਦ ਕੰਨਾਂ ਵਿੱਚ ਪਾਉਣ ਵਾਲੇ ਗਹਿਣਿਆਂ ਦਾ ਆਕਾਰ ਅਤੇ ਨਾਂ ਬਦਲਿਆ ਅਤੇ ‘ਪਿੱਪਲ-ਪੱਤੀਆਂ’ ਪਿਆ ਜੋ ਔਰਤਾਂ ਦਾ ਕਾਫ਼ੀ ਪਸੰਦੀਦਾ ਗਹਿਣਾ ਰਿਹਾ ਹੈ। ਪਿੱਪਲ-ਪੱਤੀਆਂ ਦਾ ਲੋਕ ਗੀਤਾਂ ਵਿੱਚ ਇੰਜ ਜ਼ਿਕਰ ਆਉਂਦਾ ਹੈ:
ਆਹ ਲੈ ਨੱਤੀਆਂ ਕਰਾਲੀਂ ਪਿੱਪਲ-ਪੱਤੀਆਂ
ਕਿਸੇ ਦੇ ਕੋਲੇ ਗੱਲ ਨਾ ਕਰੀਂ
ਹੁਣ ਇੱਕ ਹੋਰ ਗਹਿਣੇ ਦੀ ਗੱਲ ਕਰਦੇ ਹਾਂ ਜਿਸ ਦਾ ਨਾਂ ਵੀ ਸਮੇਂ ਸਮੇਂ ਅਨੁਸਾਰ ਬਦਲਦਾ ਰਿਹਾ ਹੈ, ਉਹ ਹੈ ‘ਲੌਂਗ’। ਇਹ ਔਰਤ ਦੇ ਨੱਕ ਵਿੱਚ ਪਹਿਨਿਆਂ ਜਾਣ ਵਾਲਾ ਗਹਿਣਾ ਹੈ। ਸਾਡੇ ਲੋਕ ਗੀਤਾਂ ਵਿੱਚ ਇਸ ਦੇ ਬਦਲਣ ਬਾਰੇ ਜ਼ਿਕਰ ਆਉਂਦਾ ਹੈ:
ਕੀ ਗੱਲ ਤੈਨੂੰ ਦੱਸਾਂ ਰੂਪ ਤੇਰਾ ਹੋਕਾ ਬਣ ਗਿਆ ਨੀਂ।
ਤੀਲੀ ਤੋਂ ਬਣ ਗਿਆ ਲੌਂਗ
ਲੌਂਗ ਤੋਂ ਕੋਕਾ ਬਣ ਗਿਆ ਨੀਂ।
ਇਸੇ ਹੀ ਤਰ੍ਹਾਂ ਲੋਕ ਗੀਤਾਂ ਵਿੱਚ ਲੌਂਗ ਨਾਲ ਸਬੰਧਿਤ ਅਨੇਕਾਂ ਵੰਨਗੀਆਂ ਮਿਲਦੀਆਂ ਹਨ ਜਿਵੇਂ:
* ਮੈਨੂੰ ਲੌਂਗ ਘੜਵਾ ਦੇ ਵੇ ਮਿੱਤਰਾ,
ਨਰਮੇ ਦੇ ਫੁੱਲ ਵਰਗਾ।
* ਮੇਰੇ ਲੌਂਗ ਦਾ ਪਿਆ ਲਿਸ਼ਕਾਰਾ
ਹਾਲੀਆਂ ਨੇ ਹਲ਼ ਡੱਕ ਲਏ।
ਇਸ ਤੋਂ ਇਲਾਵਾ ਮੱਥੇ ’ਤੇ ਪਾਇਆ ਜਾਣ ਵਾਲਾ ਸੋਨੇ ਜਾਂ ਚਾਂਦੀ ਦਾ ਇੱਕ ਗਹਿਣਾ ਹੈ ‘ਟਿੱਕਾ’। ਇਸ ਸਬੰਧੀ ਵੀ ਕਈ ਗੀਤ ਸੁਣਨ ਨੂੰ ਮਿਲੇ ਹਨ ਜਿਵੇਂ:
ਟਿੱਕਾ ਸਿਉਂ ਤੋਂ ਟਿੱਕਾ ਘੜਾ ਦੇ।
ਮੇਰਿਆ ਸੱਜਣਾ ਨਗ ਜੜਵਾ ਦੇ।
ਟਿੱਕੇ ਦੇ ਨਾਲ ਹੀ ‘ਸੱਗੀ-ਫੁੱਲ’ ਦਾ ਵੀ ਜ਼ਿਕਰ ਆਉਂਦਾ ਹੈ, ਜਿਸ ਸਬੰਧੀ ਇੱਕ ਗੀਤ ਬਹੁਤ ਮਕਬੂਲ ਹੋਇਆ ਸੀ:
ਕੁੜੀਏ ਨੀਂ ਸੱਗੀ-ਫੁੱਲ ਵਾਲੀਏ
ਕੈਂਠੇ ਵਾਲਾ ਪੁੱਛੇ ਤੇਰਾ ਨਾਂ।
ਧਰਤੀ ਨੂੰ ਫੁੱਲ ਜਾਣ ਲੱਗਦੇ
ਪੱਬ ਰੱਖੇ ਜਿਹੜੀ ਜਿਹੜੀ ਥਾਂ।
ਹੁਣ ਥੋੜ੍ਹਾ ਹੇਠਾਂ ਆਉਂਦੇ ਹਾਂ, ਇਹ ਹੈ ਗਾਨੀ। ਗਾਨੀ ਗਲ ਵਿੱਚ ਪਹਿਨਿਆ ਜਾਣ ਵਾਲਾ ਗਹਿਣਾ ਹੈ।
ਸਾਡੇ ਲੋਕ ਗੀਤਾਂ ਵਿੱਚ ਇਹ ਗਹਿਣਾ ਕਾਫ਼ੀ ਚਰਚਿਤ ਰਿਹਾ ਹੈ:
* ਰਾਤੀਂ ਟੁੱਟਗੀ ਨੀਂਦ ਨਾ ਆਈ
ਕਾਲੀ ਗਾਨੀ ਮਿੱਤਰਾਂ ਦੀ।
* ਢਿੱਲੇ ਹੋ ਗਏ ਗਾਨੀ ਦੇ ਮਣਕੇ,
ਲਿੱਸੀ ਹੋ ਗਈ ਤੂੰ ਬਚਨੋ
* ਤੇਰੀ ਵੇਚ ਕੇ ਛੱਡਣਗੇ ਗਾਨੀ
ਵੱਸ ਪੈ ਗਈ ਅੜਬਾਂ ਦੇ।
ਹੁਣ ਅਸੀਂ ਗੱਲ ਕਰਦੇ ਹਾਂ ਇੱਕ ਵਿਲੱਖਣ ਗਹਿਣੇ ‘ਤਵੀਤ’ ਦੀ। ਇਹ ਬਹੁਤ ਹੀ ਪੁਰਾਤਨ ਗਹਿਣਾ ਹੈ। ਇਸ ਗਹਿਣੇ ਦੇ ਨਾਲ ਕਾਫ਼ੀ ਸਾਰੇ ਵਹਿਮ-ਭਰਮ ਵੀ ਜੁੜੇ ਹੋਏ ਹਨ। ਸਾਡੇ ਲੋਕ ਗੀਤਾਂ ਵਿੱਚ ਤਵੀਤ ਦਾ ਜ਼ਿਕਰ ਅਕਸਰ ਹੀ ਆਉਂਦਾ ਹੈ ਜਿਵੇਂ:
* ਡੋਰ ਵੱਟ ਕੇ ਗਲੇ ਦੇ ਵਿੱਚ ਪਾਵਾਂ
ਮਿੱਤਰਾ ਤਵੀਤ ਬਣ ਜਾ
* ਪਰੇ ਹਟ ਜਾ ਬਲਦ ਸਿੰਗ ਮਾਰੂ
ਨੀਂ ਸੋਨੇ ਦੇ ਤਵੀਤ ਵਾਲੀਏ
* ਮੈਨੂੰ ਸੋਨੇ ਦਾ ਤਵੀਤ ਕਰਾ ਦੇ
ਚਾਂਦੀ ਦਾ ਕੀ ਭਾਰ ਚੱਕਣਾ
* ਤੇਰੇ ਦਿਲ ਦੀ ਸਮਝ ਲਾਂ ਸਾਰੀ
ਨੀਂ ਹਿੱਕ ਦਾ ਤਵੀਤ ਬਣ ਕੇ
ਹੁਣ ਅਸੀਂ ਉਸ ਗਹਿਣੇ ਦੀ ਗੱਲ ਕਰਦੇ ਹਾਂ ਜੋ ਅਜੋਕੇ ਸਮੇਂ ਕਾਫ਼ੀ ਪ੍ਰਚੱਲਿਤ ਵੀ ਹੈ। ਇਹ ਗਹਿਣਾ ਸਾਡੇ ਸਮਾਜਿਕ ਵਿਹਾਰਾਂ ਨਾਲ ਵੀ ਸਬੰਧਿਤ ਹੈ, ਇਹ ਹੈ ਮੁੰਦਰੀ, ਇਸ ਦਾ ਜ਼ਿਕਰ ਸਾਡੇ ਲੋਕ ਗੀਤਾਂ ਵਿੱਚ ਇਸ ਤਰ੍ਹਾਂ ਆਉਂਦਾ ਹੈ:
ਤੇਰੀ ਮੁੰਦਰੀ ’ਤੇ ਨਾਂ ਮੇਰਾ
ਗੁੱਸੇ ਗੁੱਸੇ ਕਾਹਤੋਂ ਫਿਰਦੈਂ
ਕੋਈ ਦੱਸ ਦੇ ਗੁਨਾਹ ਮੇਰਾ
ਮੁੰਦਰੀ ਦੇ ਨਾਲ ਹੀ ਮੇਲ ਖਾਂਦਾ ਇੱਕ ਹੋਰ ਗਹਿਣਾ ਹੈ, ਉਹ ਵੀ ਉਂਗਲੀ ਵਿੱਚ ਹੀ ਪਹਿਨਿਆ ਜਾਂਦਾ ਹੈ ਅਤੇ ਇਸ ਨੂੰ ਜ਼ਿਆਦਾਤਰ ਮਰਦ ਪਹਿਨਦੇ ਹਨ, ਉਹ ਗਹਿਣਾ ਹੈ ਛੱਲਾ। ਇਸ ਦਾ ਆਕਾਰ ਮੁੰਦਰੀ ਨਾਲੋਂ ਥੋੜ੍ਹਾ ਛੋਟਾ ਅਤੇ ਇਸ ਵਿੱਚ ਆਮ ਕਰਕੇ ਕੋਈ ਨਗ ਵਗੈਰਾ ਨਹੀਂ ਹੁੰਦਾ। ਇਸ ਦਾ ਜ਼ਿਕਰ ਵੀ ਗੀਤਾਂ ਵਿੱਚ ਆਮ ਹੀ ਆਉਂਦਾ ਹੈ ਜਿਵੇਂ:
* ਤੇਰੇ ਛੱਲੇ ਨੇ ਪੁਆੜੇ ਕੱਲ੍ਹ ਪਾਏ
ਲਿਆ ਭਾਬੀ ਨੇ ਪਛਾਣ ਮਿੱਤਰਾ।
* ਵੇ ਗੱਲ ਸੁਣ ਛੱਲਿਆ, ਢੋਲਾ
ਵੇ ਕਾਹਦਾ ਪਾਇਆ ਈ ਰੌਲਾ।
ਹੁਣ ਗੱਲ ਕਰਦੇ ਹਾਂ ਔਰਤਾਂ ਦੇ ਹੱਥਾਂ ਵਿੱਚ ਪਹਿਨੇ ਜਾਣ ਵਾਲੇ ਗਹਿਣੇ ਚੂੜਾ ਜਾਂ ਚੂੜੀਆਂ ਦਾ। ਇਸ ਦਾ ਜ਼ਿਕਰ ਵੀ ਲੋਕ-ਗੀਤਾਂ ਵਿੱਚ ਆਮ ਹੀ ਆਉਂਦਾ ਹੈ:
* ਟੁੱਟ ਜਾਊਗਾ ਬਲੌਰੀ ਚੂੜਾ
ਮਿੱਤਰਾ ਬਾਂਹ ਛੱਡਦੇ।
* ਮੈਨੂੰ ਚੂੜੀਆਂ ਚੜ੍ਹਾ ਦੇ ਚੰਨ ਵੇ
ਮੈਂ ਛਮ-ਛਮ ਨੱਚਦੀ ਫਿਰਾਂ।
ਪੰਜਾਬੀ ਗਹਿਣਿਆਂ ਵਿੱਚ ਝਾਂਜਰ ਦਾ ਅਹਿਮ ਸਥਾਨ ਹੈ। ਝਾਂਜਰ ਸ਼ਬਦ ਸੁਣਦਿਆਂ ਹੀ ਸਾਡੇ ਕੰਨਾਂ ਵਿੱਚ ਛਣ-ਛਣ ਦੀ ਆਵਾਜ਼ ਪੈਂਦੀ ਪ੍ਰਤੀਤ ਹੁੰਦੀ ਹੈ। ਝਾਂਜਰ ਜਿੱਥੇ ਔਰਤ ਦੀ ਸੁਚੱਜਤਾ ਅਤੇ ਖ਼ੂਬਸੂਰਤੀ ਦਾ ਪ੍ਰਤੀਕ ਹੈ। ਉੱਥੇ ਝਾਂਜਰ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਅਹਿਮ ਸਥਾਨ ਰੱਖਦੀ ਹੈ। ਲੋਕ ਗੀਤਾਂ ਵਿੱਚ ਝਾਂਜਰ ਦਾ ਜ਼ਿਕਰ ਇੰਜ ਆਉਂਦਾ ਹੈ:
* ਪੈਰੀਂ ਝਾਂਜਰਾਂ ਗਲੀ ਦੇ ਵਿੱਚ ਗਾਰਾ,
ਵੇ ਘਰ ਤੇਰਾ ਦੂਰ ਮਿੱਤਰਾ।
* ਹੱਸਦੇ ਹਸਾਉਂਦੇ ਤੈਨੂੰ ਮਾੜਾ ਬੋਲ ਬੈਠੀ
ਸਭ ਭੁੱਲ ਜਾਂ ਪੁਰਾਣੇ ਵੈਰਾਂ ਨੂੰ।
ਵੇ ਜੀਜਾ ਝਾਂਜਰਾਂ ਲਿਆ ਮੇਰੇ ਪੈਰਾਂ ਨੂੰ।
ਉਪਰੋਕਤ ਗਹਿਣਿਆਂ ਤੋਂ ਬਿਨਾਂ ਹੋਰ ਬਹੁਤ ਸਾਰੇ ਗਹਿਣੇ ਹਨ। ਜਿਨ੍ਹਾਂ ਦਾ ਜ਼ਿਕਰ ਇੱਥੇ ਨਹੀਂ ਕੀਤਾ ਗਿਆ ਕਿਉਂਕਿ ਉਨ੍ਹਾਂ ਨੇ ਲੋਕਾਂ ਵਿੱਚ ਕੋਈ ਖਾਸ ਲੋਕਪ੍ਰਿਅਤਾ ਹਾਸਲ ਨਹੀਂ ਕੀਤੀ ਅਤੇ ਕਈ ਸਮੇਂ ਸਮੇਂ ਸਿਰ ਅਲੋਪ ਹੁੰਦੇ ਗਏ।
ਸੰਪਰਕ: 80547-57806