ਮੁੰਬਈ: ਬੌਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਅਦਾਕਾਰ ਵਿੱਕੀ ਕੌਸ਼ਲ ਦੇ ਰਾਜਸਥਾਨ ਵਿੱਚ ਅਗਲੇ ਹਫ਼ਤੇ ਹੋਣ ਵਾਲੇ ਵਿਆਹ ਸਮਾਗਮ ਵਿੱਚ ਮਹਿਜ਼ ਪਰਿਵਾਰਕ ਮੈਂਬਰ ਤੇ ਨਜ਼ਦੀਕੀ ਦੋਸਤ ਹੀ ਸ਼ਿਰਕਤ ਕਰਨਗੇ। ਕੈਟਰੀਨਾ (38) ਅਤੇ ਵਿੱਕੀ (33) ਪਿਛਲੇ ਕਰੀਬ ਇੱਕ ਸਾਲ ਤੋਂ ਵਧ ਸਮੇਂ ਤੋਂ ਇਕੱਠੇ ਸਨ ਪਰ ਉਨ੍ਹਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਜਨਤਕ ਨਹੀਂ ਕੀਤਾ। ਸੂਤਰ ਦੱਸਦੇ ਹਨ ਕਿ ਵਿਆਹ ਸਮਾਗਮ ਦੀ ਸ਼ੁਰੂਆਤ ਸੰਗੀਤ ਤੇ ਮਹਿੰਦੀ ਦੀ ਰਸਮ ਹੋਵੇਗੀ। ਇਹ ਸਮਾਗਮ ਰਾਜਸਥਾਨ ਵਿੱਚ 7 ਤੋਂ 9 ਦਸੰਬਰ ਤਕ ਚੱਲਣਗੇ। ਸੂਤਰਾਂ ਨੇ ਦੱਸਿਆ ਕਿ ਵਿਆਹ ਸਮਾਗਮ ਵਿੱਚ ਸਿਰਫ ਪਰਿਵਾਰਕ ਮੈਂਬਰ ਅਤੇ ਨਜ਼ਦੀਕੀ ਦੋਸਤ-ਮਿੱਤਰ ਹੀ ਸ਼ਿਰਕਤ ਕਰਨਗੇ। ਵਿੱਕੀ ਤੇ ਕੈਟਰੀਨਾ ਆਪਣੇ ਸਿਨੇ ਜਗਤ ਦੇ ਦੋਸਤਾਂ ਅਤੇ ਸ਼ੁਭਚਿੰਤਕਾਂ ਨਾਲ ਵੀ ਖ਼ੁਸ਼ੀ ਸਾਂਝੀ ਕਰਨ ਲਈ ਕਾਹਲੇ ਹਨ ਤੇ ਉਨ੍ਹਾਂ ਨੂੰ ਵੱਖਰੇ ਤੌਰ ’ਤੇ ਪਾਰਟੀ ਕੀਤੀ ਜਾਵੇਗੀ ਜਿਸ ਦੀ ਤਰੀਕ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਇਹ ਵਿਆਹ ਸਵਾਈ ਮਾਧੋਪੁਰ ਦੇ ਚੌਥ ਕਾ ਬਰਵਾੜਾ ਸ਼ਹਿਰ ਸਥਿਤ ‘ਸਿਕਸ ਸੈਂਸਿਜ਼ ਫੋਰਟ’ ਵਿੱਚ ਹੋਵੇਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਵਾਈ ਮਾਧੋਪੁਰ ਦੇ ਡੀਸੀ ਰਾਜੇਂਦਰ ਕ੍ਰਿਸ਼ਨ ਦੀ ਅਗਵਾਈ ਹੇਠ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਚਾਰ ਦਿਨ ਤੱਕ ਚੱਲਣ ਵਾਲੇ ਇਨ੍ਹਾਂ ਸਮਾਗਮਾਂ ਦੌਰਾਨ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਬਾਰੇ ਚਰਚਾ ਹੋਈ ਸੀ। ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਵਿਆਹ ਸਮਾਗਮਾਂ ’ਚ ਆਉਣ ਵਾਲੇ ਹਰ ਮਹਿਮਾਨ ਲਈ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਾਜ਼ਮੀ ਹਨ। ਡੀਸੀ ਨੇ ਆਖਿਆ, ‘‘ਜਿੰਨੀ ਕੁ ਜਾਣਕਾਰੀ ਸਾਨੂੰ ਦਿੱਤੀ ਗਈ ਹੈ ਉਸ ਦੇ ਹਿਸਾਬ ਨਾਲ ਸਮਾਗਮ ’ਚ 120 ਮਹਿਮਾਨ ਆਉਣਗੇ ਤੇ ਇਹ ਸਮਾਗਮ 7 ਤੋਂ 10 ਦਸੰਬਰ ਤੱਕ ਚੱਲਣਗੇ।’’ -ਪੀਟੀਆਈ