ਮਨਜੀਤ ਮਾਨ
ਪੰਜਾਬੀ ਸੱਭਿਆਚਾਰ ਵਿੱਚ ਵਿਆਹ ਨਾਲ ਬਹੁਤ ਸਾਰੀਆਂ ਰਸਮਾਂ ਜੁੜੀਆਂ ਹੋਈਆਂ ਹਨ। ਇਹ ਰਸਮਾਂ ਵਿਆਹ ਤੋਂ ਕਈ ਦਿਨ ਪਹਿਲਾਂ ਸ਼ੁਰੂ ਹੋ ਜਾਂਦੀਆਂ ਹਨ ਤੇ ਵਿਆਹ ਹੋਣ ਤੋਂ ਬਾਅਦ ਵੀ ਕਈ ਦਿਨਾਂ ਤੱਕ ਚੱਲਦੀਆਂ ਰਹਿੰਦੀਆਂ ਹਨ। ਇਨ੍ਹਾਂ ਰਸਮਾਂ ਵਿੱਚ ਭਾਵੇਂ ਵਕਤ ਨਾਲ ਥੋੜ੍ਹਾ ਬਹੁਤ ਬਦਲਾਅ ਤਾਂ ਆਉਂਦਾ ਹੀ ਰਹਿੰਦਾ ਹੈ, ਪਰ ਇਹ ਪੂਰੀ ਤਰ੍ਹਾਂ ਬਦਲਦੀਆਂ ਨਹੀਂ ਹੁੰਦੀਆਂ। ‘ਜਾਗੋ ਕੱਢਣੀ’ ਅਜਿਹੀ ਹੀ ਇੱਕ ਰਸਮ ਹੈ ਜੋ ਵਿਆਹ ਵਾਲੇ ਮੁੰਡੇ ਜਾਂ ਕੁੜੀ ਦੇ ਘਰ ਵਿਆਹ ਤੋਂ ਇੱਕ ਰਾਤ ਪਹਿਲਾਂ ਉਸ ਦੇ ਨਾਨਕਿਆਂ ਵੱਲੋਂ ਕੱਢੀ ਜਾਂਦੀ ਹੈ। ਰਾਤ ਨੂੰ ਜਾਗਣ ਕਰਕੇ ਹੀ ਇਸ ਦਾ ਨਾਂ ਜਾਗੋ ਪਿਆ ਹੈ ਕਿਉਂਕਿ ਨਾਨਕਾ ਮੇਲ ਸਾਰੀ ਰਾਤ ਜਾਗ ਕੇ ਜਾਗੋ ਕੱਢਦਾ ਹੈ।
ਜਾਗੋ ਵਿੱਚ ਇੱਕ ਟੋਕਣੀ (ਗਾਗਰ) ਉੱਪਰ ਆਟੇ ਦੇ ਦੀਵੇ ਬਣਾ ਕੇ ਲਗਾਏ ਜਾਂਦੇ ਹਨ ਤੇ ਉਨ੍ਹਾਂ ਵਿੱਚ ਸਰ੍ਹੋਂ ਦਾ ਤੇਲ ਪਾ ਕੇ ਜਗਾਇਆ ਜਾਂਦਾ ਹੈ। ਫਿਰ ਉਸ ਟੋਕਣੀ (ਗਾਗਰ) ਨੂੰ ਵਿਆਹ ਵਾਲੇ ਮੁੰਡੇ ਜਾਂ ਕੁੜੀ ਦੀ ਵੱਡੀ ਮਾਮੀ ਆਪਣੇ ਸਿਰ ਉੱਤੇ ਚੁੱਕ ਕੇ ਨਾਨਕਾ ਮੇਲ ਸਮੇਤ ਪਿੰਡ ਦੀਆਂ ਗਲੀਆਂ ਵਿੱਚ ਗੇੜਾ ਦਿੰਦੀ ਹੈ। ਇੱਕ ਮੋਟੇ ਸੋਟੇ ’ਤੇ ਸ਼ਗਨ ਵਾਲਾ ਲਾਲ ਕੱਪੜਾ ਬੰਨ੍ਹ ਕੇ ਉੱਪਰ ਘੁੰਗਰੂ ਬੰਨ੍ਹੇ ਜਾਂਦੇ ਹਨ ਤੇ ਜਦੋਂ ਉਹ ਸੋਟਾ ਬੋਲੀਆਂ ਨਾਲ ਧਰਤੀ ’ਤੇ ਮਾਰਿਆ ਜਾਂਦਾ ਹੈ ਤਾਂ ਵੱਖਰਾ ਸੰਗੀਤ ਪੈਦਾ ਕਰਦਾ ਹੈ। ਸਾਡੀ ਲੋਕਧਾਰਾ ਵਿੱਚ ਜਾਗੋ ਸਬੰਧੀ ਬਹੁਤ ਸਾਰੀਆਂ ਧਾਰਨਾਵਾਂ ਪ੍ਰਚੱਲਤ ਹਨ। ਇੱਕ ਧਾਰਨਾ ਅਨੁਸਾਰ ਟੋਕਣੀ (ਗਾਗਰ) ਵਿੱਚ ਪਾਣੀ ਭਰ ਕੇ ਉੱਪਰ ਜਗਦੇ ਦੀਵਿਆਂ ਨੂੰ ਰੱਖ ਕੇ ਸਾਰੇ ਪਿੰਡ ਦੀ ਪਰਿਕਰਮਾ ਕੀਤੀ ਜਾਂਦੀ ਸੀ ਤੇ ਇਸ ਤਰ੍ਹਾਂ ਕਰਨ ਨਾਲ ਮੰਨਿਆ ਜਾਂਦਾ ਸੀ ਕਿ ਬਦਰੂਹਾਂ ਤੇ ਪ੍ਰੇਤ ਆਤਮਾਵਾਂ ਪਿੰਡ ਤੋਂ ਦੂਰ ਨੱਸ ਜਾਂਦੀਆਂ ਹਨ।
ਜਾਗੋ ਨੂੰ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਉੱਪਰ ਲਗਾਈਆਂ ਪਾਬੰਦੀਆਂ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਔਰਤਾਂ ਉੱਪਰ ਬਹੁਤ ਸਾਰੀਆਂ ਬੰਦਿਸ਼ਾਂ ਹੁੰਦੀਆਂ ਸਨ ਜਿਨ੍ਹਾਂ ਨੂੰ ਘੱਟ ਕਰਨ ਲਈ ਹੀ ਜਾਗੋ ਵਰਗੇ ਮੌਕੇ ਹੋਂਦ ਵਿੱਚ ਆਏ ਸਨ। ਜਾਗੋ ਕੱਢਣ ਵੇਲੇ ਔਰਤਾਂ ਬੋਲੀਆਂ ਰਾਹੀਂ ਆਪਣੇ ਅੰਦਰ ਦੱਬੀਆਂ ਭਾਵਨਾਵਾਂ ਨੂੰ ਬਾਹਰ ਕੱਢਣ ਦਾ ਇਜ਼ਹਾਰ ਕਰਦੀਆਂ ਸਨ। ਇਸ ਸਮੇਂ ਉਹ ਨੈਤਿਕਤਾ ਤੇ ਮਰਿਯਾਦਾ ਵਾਲੀ ਲਛਮਣ ਰੇਖਾ ਪਾਰ ਕਰ ਜਾਂਦੀਆਂ ਸਨ ਤੇ ਉਨ੍ਹਾਂ ਅੰਦਰਲੀ ਔਰਤ ਜਾਗ ਪੈਂਦੀ ਸੀ। ਵੱਡੀ ਮਾਮੀ ਜਦੋਂ ਆਪਣੇ ਸਿਰ ’ਤੇ ਜਾਗੋ ਚੁੱਕ ਕੇ ਮੜ੍ਹਕ ਨਾਲ ਤੁਰਦੀ ਤਾਂ ਉਹ ਉਸ ਸਮੇਂ ਔਰਤ ਸ਼ਕਤੀ ਦਾ ਪ੍ਰਤੀਕ ਬਣੀ ਹੁੰਦੀ ਹੈ। ਉਹ ਪਿੰਡ ਦੇ ਪੰਚਾਂ ਸਰਪੰਚਾਂ ਨੂੰ ਟਿੱਚ ਕਰਕੇ ਜਾਣਦੀ ਹੈ ਤੇ ਉਨ੍ਹਾਂ ਨੂੰ ਸੰਬੋਧਿਤ ਹੋ ਕੇ ਕਹਿੰਦੀ ਹੈ:
ਏਸ ਪਿੰਡ ਦਿਓ ਪੰਚੋ ਵੇ, ਸਰਪੰਚੋ, ਲੰਬੜਦਾਰੋ
ਬਈ ਮੇਲ ਆਇਆ ਚੰਦ ਕੁਰ ਦੇ
ਜ਼ਰਾ ਹਟ ਕੇ ਪਰਾਂ ਨੂੰ ਲੰਘ ਜਾਇਓ
ਬਈ ਵੱਡੀ ਮਾਮੀ ਜ਼ੈਲਦਾਰਨੀ
ਕਿਤੇ ਮਾਮੀ ਦੇ ਨਾ ਹੱਥ ਲੱਗ ਜਾਇਓ
ਬਈ ਵੱਡੀ ਮਾਮੀ ਜ਼ੈਲਦਾਰਨੀ।
ਇਸ ਤਰ੍ਹਾਂ ਜਾਗੋ ਨਾਲ ਨਾਨਕਾ ਮੇਲ ਦੀਆਂ ਮੇਲਣਾਂ ਪਿੰਡ ਦੀਆਂ ਗਲੀਆਂ ਵਿੱਚ ਗੇੜੇ ਦਿੰਦੀਆਂ ਲੋਕਾਂ ਦੇ ਪਰਨਾਲੇ, ਚੁੱਲ੍ਹੇ, ਕੰਧੋਲੀਆਂ, ਖੁਰਲੀਆਂ ਨੂੰ ਤੋੜ ਕੇ ਪਸ਼ੂਆਂ ਦੇ ਸੰਗਲ ਖੋਲ੍ਹ ਦਿੰਦੀਆਂ ਸਨ। ਰਸਤੇ ਵਿੱਚ ਕਿਸੇ ਛੜੇ ਜਾਂ ਅਮਲੀ ਦਾ ਮੰਜਾ ਮੂਧਾ ਮਾਰ ਦਿੰਦੀਆਂ ਸਨ। ਇਸ ਦੇ ਨਾਲ ਹੀ ਜੇਕਰ ਰਸਤੇ ਵਿੱਚ ਕੋਈ ਹੱਟੀ ਆਉਂਦੀ ਤਾਂ ਉਸ ਵਿੱਚੋਂ ਪਤਾਸੇ, ਰਿਊੜੀਆਂ, ਮਖਾਣੇ ਧੱਕੇ ਨਾਲ ਚੁੱਕ ਲਏ ਜਾਂਦੇ ਸਨ। ਇਸ ਤਰ੍ਹਾਂ ਸਾਮਾਨ ਚੁੱਕੇ ਦਾ ਗੁੱਸਾ ਨਹੀਂ ਕੀਤਾ ਜਾਂਦਾ ਸੀ, ਸਗੋਂ ਸ਼ਗਨ ਮੰਨਿਆ ਜਾਂਦਾ ਸੀ। ਪਿੰਡ ਵਿੱਚ ਮੇਲਣਾਂ ਵੱਲੋਂ ਪੂਰਾ ਘੜਮੱਸ ਪਾਇਆ ਜਾਂਦਾ ਸੀ ਤੇ ਉਹ ਜਿਸ ਘਰ ਕੋਲ ਦੀ ਲੰਘਦੀਆਂ ਉਸ ਬੰਦੇ ਦਾ ਨਾਂ ਲੈ ਕੇ ਬੋਲੀ ਪਾਉਂਦੀਆਂ:
ਲੰਬੜਾ ਜ਼ੋਰੂ ਜਗਾ ਲੈ ਵੇ
ਜਾਗੋ ਆਈ ਆ
ਚੁੱਪ ਕਰ ਬੀਬੀ
ਮਸਾਂ ਸਵਾਈ ਆ
ਲੋਰੀ ਦੇ ਕੇ ਪਾਈ ਆ
ਉੱਠ ਖੜੂਗੀ
ਅੜੀ ਕਰੂਗੀ
ਐਵੇਂ ਲੜੁੂਗੀ
ਚੁੱਕਣੀ ਪਊਗੀ
ਜਾਗੋ ਆਈ ਆ।
ਜਾਗੋ ਦੀਆਂ ਮੇਲਣਾਂ ਜਦੋਂ ਪਿੰਡ ਵਿੱਚ ਗੇੜਾ ਦਿੰਦੀਆਂ ਤਾਂ ਉਨ੍ਹਾਂ ਨੂੰ ਦਾਦਕਿਆਂ ਦੇ ਨਾਲ ਨਾਲ ਪੂਰੇ ਪਿੰਡ ਦਾ ਵੀ ਸਹਿਯੋਗ ਹੁੰਦਾ ਸੀ। ਜਿਸ ਘਰ ਵਿੱਚ ਵੀ ਜਾਗੋ ਜਾਂਦੀ, ਉਹ ਘਰ ਵਾਲੇ ਸ਼ਗਨ ਦਿੰਦੇ ਤੇ ਨਾਲ ਹੀ ਜਾਗੋ ਦੇ ਦੀਵਿਆਂ ਵਿੱਚ ਤੇਲ ਵੀ ਪਾਉਂਦੇ ਸਨ। ਇਸ ਕਰਕੇ ਹੀ ਮੇਲਣਾਂ ਬੋਲੀ ਪਾਉਂਦੀਆਂ:
ਕੋਈ ਪਾਊਗਾ ਨਸੀਬਾਂ ਵਾਲਾ
ਬਈ ਜਾਗੋ ਵਿੱਚੋਂ ਤੇਲ ਮੁੱਕਿਆ।
ਪਰ ਅੱਜ ਦੇ ਸਮੇਂ ਵਿੱਚ ਜਾਗੋ ਦਾ ਰੂਪ ਬਿਲਕੁਲ ਬਦਲ ਗਿਆ ਹੈ ਤੇ ਇਹ ਦਿਖਾਵੇ ਦੀ ਰਸਮ ਜਿਹੀ ਬਣ ਕੇ ਰਹਿ ਗਈ ਹੈ। ਅੱਜ ਦੀ ਜਾਗੋ ਰੇਡੀਮੇਡ ਹੋ ਗਈ ਹੈ। ਉਹ ਬਾਜ਼ਾਰ ਵਿੱਚੋਂ ਤਿਆਰ ਕੀਤੀ ਮਿਲ ਜਾਂਦੀ ਹੈ। ਹਰ ਸ਼ਹਿਰ, ਕਸਬੇ ਵਿੱਚ ਜਾਗੋ ਕੱਢਣ ਲਈ ਸੰਗੀਤ ਮੰਡਲੀਆਂ ਬਣੀਆਂ ਹੋਈਆਂ ਹਨ ਜੋ ਵਿਆਹਾਂ ਵਿੱਚ ਜਾਗੋ ਕੱਢਣ ਲਈ ਕਿਰਾਏ ’ਤੇ ਆਉਂਦੀਆਂ ਹਨ। ਹੁਣ ਟੋਕਣੀ ’ਤੇ ਦੀਵੇ ਨਹੀਂ ਲਗਾਏ ਜਾਂਦੇ ਹਨ, ਸਗੋਂ ਰੰਗ ਬਿਰੰਗੇ ਬਿਜਲਈ ਬਲਬ ਲੱਗੇ ਹੁੰਦੇ ਹਨ। ਇਸ ਤੋਂ ਇਲਾਵਾ ਦੀਵਿਆਂ ਵਿੱਚ ਤੇਲ ਪਾਉਣ ਵਾਲੀ ਭਾਈਚਾਰਕ ਸਾਂਝ ਵੀ ਹੁਣ ਕਿਧਰੇ ਦਿਖਾਈ ਨਹੀਂ ਦਿੰਦੀ। ਅੱਜਕੱਲ੍ਹ ਜਾਗੋ ਨਾਲ ਸਬੰਧਿਤ ਬੋਲੀਆਂ ਵੀ ਨਹੀਂ ਪਾਈਆਂ ਜਾਂਦੀਆਂ। ਡੀਜੇ ’ਤੇ ਗੀਤ ਲਗਾ ਕੇ ਹੀ ਕੰਮ ਸਾਰ ਲਿਆ ਜਾਂਦਾ ਹੈ। ਪੁਰਾਣੀਆਂ ਔਰਤਾਂ ਕੋਲ ਬੋਲੀਆਂ ਦਾ ਅਮੁੱਕ ਭੰਡਾਰ ਹੁੰਦਾ ਸੀ ਜੋ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਇਸ ਤਰ੍ਹਾਂ ਹੀ ਮੌਖਿਕ ਰੂਪ ਵਿੱਚ ਪਹੁੰਚਦਾ ਸੀ, ਪਰ ਅੱਜ ਦੇ ਦੌਰ ਵਿੱਚ ਇੱਥੇ ਵੀ ਖੜੋਤ ਆ ਗਈ ਹੈ। ਹੁਣ ਲੋਕਾਂ ਵਿੱਚ ਸਹਿਣ ਸ਼ਕਤੀ ਵੀ ਬਹੁਤ ਘੱਟ ਗਈ ਹੈ। ਉਨ੍ਹਾਂ ਕੋਲ ਤਨਜ਼ ਭਰਪੂਰ ਗੱਲ ਨੂੰ ਹਜ਼ਮ ਕਰਨ ਦਾ ਮਾਦਾ ਨਹੀਂ ਰਿਹਾ। ਉਹ ਹਾਸੇ ਮਜ਼ਾਕ ਵਾਲੀ ਗੱਲ ’ਤੇ ਹੀ ਲੜਨ ਲਈ ਤਿਆਰ ਹੋ ਜਾਂਦੇ ਹਨ।
ਇਸ ਦੇ ਨਾਲ ਹੀ ਮੈਰਿਜ ਪੈਲੇਸ ਕਲਚਰ ਨੇ ਵੀ ਸਾਡੇ ਵਿਰਾਸਤੀ ਵਿਆਹਾਂ ਦਾ ਤੇ ਰਸਮਾਂ ਦਾ ਬਹੁਤ ਘਾਣ ਕੀਤਾ ਹੈ। ਪੈਲੇਸ ਕਲਚਰ ਕਰਕੇ ਵਿਆਹ ਹੁਣ ਸੁੰਗੜ ਕੇ ਕੁਝ ਘੰਟਿਆਂ ਦੇ ਹੀ ਰਹਿ ਗਏ ਹਨ ਜਿਸ ਕਰਕੇ ਹੁਣ ਜਾਗੋ ਪਿੰਡ ਦੀਆਂ ਗਲੀਆਂ ਵਿੱਚੋਂ ਨਹੀਂ ਕੱਢੀ ਜਾਂਦੀ ਹੈ ਸਗੋਂ ਘਰ ਵਿੱਚ ਜਾਂ ਸਟੇਜ ’ਤੇ ਗੇੜਾ ਜਿਹਾ ਦੇ ਕੇ ਵੀਡੀਓ ਬਣਾ ਲਈ ਜਾਂਦੀ ਹੈ। ਅੱਜ ਲੋੜ ਹੈ ਕਿ ਅਸੀਂ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਦਾ ਯਤਨ ਕਰੀਏ ਤੇ ਜਾਗੋ ਦੇ ਮੁੱਕ ਰਹੇ ਦੀਵਿਆਂ ਵਿੱਚ ਤੇਲ ਪਾਉਣ ਦਾ ਉਪਰਾਲਾ ਕਰੀਏ।
ਸੰਪਰਕ: 70098-98044