ਮੁੰਬਈ: ਬੌਲੀਵੁੱਡ ਦੀ ਉੱਘੀ ਅਦਾਕਾਰਾ ਨੀਤੂ ਕਪੂਰ ਨੇ ਆਪਣੇ ਮਰਹੂਮ ਪਤੀ ਅਦਾਕਾਰ ਰਿਸ਼ੀ ਕਪੂਰ ਨੂੰ ਉਸ ਦੀ ਦੂਜੀ ਬਰਸੀ ’ਤੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ 45 ਸਾਲ ਇਕੱਠਿਆਂ ਨਾਲ ਰਹਿਣ ਵਾਲੇ ਸਾਥੀ ਨੂੰ ਖੋਣਾ ਬਹੁਤ ਔਖਾ ਤੇ ਤਕਲੀਫ਼ਦੇਹ ਸੀ। ਰਿਸ਼ੀ ਕਪੂਰ ਦਾ 69 ਸਾਲ ਦੀ ਉਮਰ ਵਿੱਚ 30 ਅਪਰੈਲ 2020 ਨੂੰ ਕੈਂਸਰ ਕਾਰਨ ਦੇਹਾਂਤ ਹੋ ਗਿਆ ਸੀ। ਨੀਤੂ ਕਪੂਰ ਨੇ ਕਿਹਾ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦੇ ਕੰਮ ਨੇ ਉਸ ਨੂੰ ਧਰਵਾਸ ਦਿੱਤਾ ਤੇ ਸਦਮੇ ’ਚੋਂ ਬਾਹਰ ਨਿਕਲਣ ਵਿੱਚ ਮਦਦ ਕੀਤੀ। ਨੀਤੂ ਨੇ ਆਖਿਆ, ‘‘ਰਿਸ਼ੀ ਜੀ ਨੂੰ ਅੱਜ ਸਾਨੂੰ ਛੱਡ ਕੇ ਗਿਆਂ ਦੋ ਸਾਲ ਹੋ ਗਏ ਹਨ। 45 ਸਾਲ ਇਕੱਠਿਆਂ ਰਹਿਣ ਮਗਰੋਂ ਸਾਥੀ ਨੂੰ ਖੋਣਾ ਬਹੁਤ ਔਖਾ ਤੇ ਦੁਖਦਾਈ ਸੀ। ਮੇਰੇ ਕੋਲ ਉਦੋਂ ਇਸ ਸਦਮੇ ’ਚੋਂ ਉਭਰਨ ਦਾ ਇਕੋ ਰਾਹ ਸੀ ਕਿ ਮੈਂ ਮਾਨਸਿਕ ਤੌਰ ’ਤੇ ਰੁੱਝੀ ਰਹਾਂ। ਇਸ ਕੰਮ ਵਿੱਚ ਫ਼ਿਲਮਾਂ ਤੇ ਟੈਲੀਵਿਜ਼ਨ ਨੇ ਮੇਰੀ ਮਦਦ ਕੀਤੀ ਹੈ।’’ ਅਦਾਕਾਰਾ ਨੇ ਰਿਐਲਿਟੀ ਸ਼ੋਅ ‘ਡਾਂਸ ਦੀਵਾਨੇ ਜੂਨੀਅਰਜ਼’ ਵਿੱਚ ਇਕ ਔਰਤ ਵੱਲੋਂ ਰਿਸ਼ੀ ਕਪੂਰ ਨੂੰ ਸ਼ਰਧਾਂਜਲੀ ਭੇਟ ਕਰਨ ਦੀ ਵੀਡੀਓ ਕਲਿੱਪ ਸਾਂਝੀ ਕਰਦਿਆਂ ਕਿਹਾ, ‘‘ਰਿਸ਼ੀ ਹਮੇਸ਼ਾਂ ਯਾਦ ਰਹਿਣਗੇ ਅਤੇ ਉਹ ਹਰੇਕ ਦੇ ਦਿਲ ਵਿੱਚ ਵਸੇ ਰਹਿਣਗੇ’’। ਰਿਧਿਮਾ ਕਪੂਰ ਨੇ ਵੀ ਆਪਣੇ ਪਿਤਾ ਰਿਸ਼ੀ ਕਪੂਰ ਨਾਲ ਇੱਕ ਪੁਰਾਣੀ ਤਸਵੀਰ ਸਾਂਝੀ ਕਰਦਿਆਂ ਉਸ ਨੂੰ ਯਾਦ ਕੀਤਾ। ਅਦਾਕਾਰ ਰਣਬੀਰ ਕਪੂਰ ਦੀ ਪਤਨੀ ਆਲੀਆ ਭੱਟ ਵੱਲੋਂ ਵੀ ਸਿਨੇ ਜਗਤ ਦੇ ਉੱਘੇ ਸਿਤਾਰੇ ਮਰਹੂਮ ਰਿਸ਼ੀ ਕਪੂਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। -ਪੀਟੀਆਈ