ਮੁੰਬਈ, 16 ਜੁਲਾਈ
ਬੌਲੀਵੁੱਡ ਅਦਾਕਾਰਾ ਨੀਨਾ ਗੁਪਤਾ ਨੇ ‘ਬਧਾਈ ਹੋ’ ਦੀ ਸਹਿ-ਅਦਾਕਾਰਾ ਸੁਰੇਖਾ ਸੀਕਰੀ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕਰਦਿਆਂ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ ਹੈ। ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਪਾਈ ਵੀਡੀਓ ਵਿੱਚ ਕਿਹਾ ਕਿ ਉਸ ਨੇ ਨੈਸ਼ਨਲ ਸਕੂਲ ਆਫ ਡਰਾਮਾ ਵਿੱਚ ਪੜ੍ਹਦਿਆਂ ਅਤੇ ‘ਬਧਾਈ ਹੋ’ ਦੇ ਸੈੱਟ ’ਤੇ ਸੀਕਰੀ ਨਾਲ ਕੰਮ ਕਰਦਿਆਂ ਬਹੁਤ ਕੁਝ ਸਿੱਖਿਆ। ਨੀਨਾ ਨੇ ਕਿਹਾ, ‘‘ਮੈਨੂੰ ਅੱਜ ਸਵੇਰੇ ਹੀ ਸੁਰੇਖਾ ਸੀਕਰੀ ਦੇ ਦੇਹਾਂਤ ਦੀ ਦੁਖਦਾਈ ਖ਼ਬਰ ਮਿਲੀ। ਉਹ ਨੈਸ਼ਨਲ ਸਕੂਲ ਆਫ ਡਰਾਮਾ ਦੀ ਰੈਪਰੇਟਰੀ ਕੰਪਨੀ ’ਚ ਮੇਰੀ ਸੀਨੀਅਰ ਸੀ। ਅਸੀਂ ਲੁਕ-ਲੁਕ ਕੇ ਉਨ੍ਹਾਂ ਦੀ ਪੇਸ਼ਕਾਰੀ ਦੇਖਦੇ ਤੇ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ। ਉਨ੍ਹਾਂ ਦਿਨੀਂ ਮੈਂ ਉਨ੍ਹਾਂ ਵਰਗੀ ਅਦਾਕਾਰਾ ਬਣਾ ਚਾਹੁੰਦੀ ਸੀ।’’ ਸੁਰੇਖਾ ਨੇ ‘ਬਧਾਈ ਹੋ’ ਵਿੱਚ ਨੀਨਾ ਦੀ ਸੱਸ ਦੀ ਭੂਮਿਕਾ ਨਿਭਾਈ ਹੈ। -ਆਈਏਐੱਨਐੱਸ