ਮੁੰਬਈ, 26 ਜੂਨ
ਅਦਾਕਾਰਾ ਨੀਨਾ ਗੁਪਤਾ ਨੇ ਅੱਜ ਅਤੀਤ ਵਿੱਚੋਂ ਇੱਕ ਯਾਦਗਾਰੀ ਪਲ ਦਰਸ਼ਕਾਂ ਨਾਲ ਸਾਂਝਾ ਕੀਤਾ। ਅਦਾਕਾਰਾ ਨੇ ਬੀਤੇ ਸਮੇਂ ਨੂੰ ਯਾਦ ਕਰਦਿਆਂ ਫਿਲਮਕਾਰ ਸ਼ੇਖਰ ਕਪੂਰ ਨਾਲ ਆਪਣੀ ਇੱਕ ਪੁਰਾਣੀ ਤਸਵੀਰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ ’ਚ ਉਸ ਨੇ ਲਿਖਿਆ, ‘ਯਾਦਾਂ… 1985 ’ਚ ਖ਼ਾਨਦਾਨ ਸੀਰੀਜ਼ ਦੌਰਾਨ ਸ਼ੇਖਰ ਕਪੂਰ ਨਾਲ।’ ‘ਖ਼ਾਨਦਾਨ’ ਦੂਰਦਰਸ਼ਨ ਦੇ ਸਭ ਤੋਂ ਪਹਿਲੇ ਚਰਚਿਤ ਪ੍ਰੋਗਰਾਮਾਂ ਵਿੱਚੋਂ ਇੱਕ ਸੀ। ਇਸ ਹਫ਼ਤਾਵਾਰੀ ਸ਼ੋਅ ਵਿੱਚ ਬਹੁਤ ਸਾਰੇ ਕਲਾਕਾਰ ਸਨ ਅਤੇ ਨੀਨਾ ਗੁਪਤਾ ਦੀ ਇਹ ਪਹਿਲੀ ਟੀਵੀ ਸੀਰੀਜ਼ ਸੀ।
ਅੱਜ ਸਾਂਝੀ ਕੀਤੀ ਤਸਵੀਰ ’ਚ ਨੀਨਾ ਗੁਪਤਾ ਸ਼ੇਖਰ ਕਪੂਰ ਨਾਲ ਖੜ੍ਹੀ ਸ਼ਰਮਾਉਂਦੀ ਨਜ਼ਰ ਆ ਰਹੀ ਅਤੇ ਡਾਇਰੈਕਟਰ ਉਸ ਵੱਲ ਮਾਸੂਮੀਅਤ ਨਾਲ ਦੇਖਦਾ ਨਜ਼ਰ ਆ ਰਿਹਾ ਹੈ।
ਜ਼ਿਕਰਯੋਗ ਹੈ ਕਿ ਨੀਨਾ ਗੁਪਤਾ ਨੇ ਹਾਲ ’ਚ ਹੀ ਆਪਣੀ ਸਵੈਜੀਵਨੀ ‘ਸਚ ਕਹੂੰ ਤੋਂ’ ਲਾਂਚ ਕੀਤੀ ਹੈ। ਕੰਮ ਦੇ ਮੁਹਾਜ਼ ਤੋਂ ਨੀਨਾ ਗੁਪਤਾ ਓਟੀਟੀ ਪਲੈਟਫਾਰਮ ’ਤੇ ਰਿਲੀਜ਼ ਹੋਈ ਫ਼ਿਲਮ ‘ਸਰਦਾਰ ਕਾ ਗਰੈਂਡਸਨ’ ਵਿੱਚ ਦਿਖਾਈ ਦੇ ਰਹੀ ਹੈ ਅਤੇ ਉਹ ਜਲਦੀ ਹੀ ਕਬੀਰ ਖ਼ਾਨ ਦੀ ਕ੍ਰਿਕਟ ਡਰਾਮਾ ਫ਼ਿਲਮ ‘83’ ਅਤੇ ਰੈਂਸਿਲ ਡੀਸਿਲਵਾ ਦੀ ਰੋਮਾਂਚਕਾਰੀ ਫ਼ਿਲਮ ‘ਡਾਇਲ 100’ ਵਿੱਚ ਨਜ਼ਰ ਆਵੇਗੀ। -ਆਈਏਐੱਨਐੱਸ