ਮੁੰਬਈ: ਹਾਲ ਹੀ ਵਿੱਚ ‘ਧੀਮੇ ਧੀਮੇ’, ‘ਕੋਕਾ ਕੋਲਾ’ ‘ਕੁੜਤਾ ਪਜਾਮਾ’ ਅਤੇ ‘ਸ਼ੋਨਾ ਸ਼ੋਨਾ’ ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਸੰਗੀਤ ਨਿਰਦੇਸ਼ਕ, ਕੰਪੋਜ਼ਰ ਅਤੇ ਗਾਇਕ ਟੋਨੀ ਕੱਕੜ ਦਾ ਕਹਿਣਾ ਹੈ ਕਿ ਉਸ ਦੀ ਕੋਸ਼ਿਸ਼ ਹਰ ਗੀਤ ਨੂੰ ਪਿਛਲੇ ਗੀਤ ਨਾਲੋਂ ਵੱਡਾ ਤੇ ਬਿਹਤਰ ਬਣਾਉਣ ਦੀ ਹੁੰਦੀ ਹੈ। ਉਸ ਨੇ ਦੱਸਿਆ ਕਿ ਕਿਵੇਂ ਉਸ ਦੀ ਭੈਣ ਨੇਹਾ ਕੱਕੜ ਉਸ ਨੂੰ ਸਖ਼ਤ ਮਿਹਨਤ ਕਰਦੇ ਰਹਿਣ ਅਤੇ ਹਮੇਸ਼ਾ ਕੁੱਝ ਸਿੱਖਦੇ ਰਹਿਣ ਲਈ ਪ੍ਰੇਰਦੀ ਹੈ। ਗਾਇਕ ਨੇਹਾ ਕੱਕੜ ਤੇ ਸੋਨੂੰ ਕੱਕੜ ਦੇ ਭਰਾ ਟੋਨੀ ਕੱਕੜ ਦਾ ‘ਬਿੱਗ ਬਾਸ’ ਸਟਾਰ ਨਿੱਕੀ ਤੰਬੋਲੀ ਨਾਲ ਆਇਆ ਗੀਤ ‘ਨੰਬਰ ਲਿਖ’ ਖਾਸੀ ਪ੍ਰਸਿੱਧੀ ਹਾਸਲ ਕਰ ਰਿਹਾ ਹੈ। ਪਿਛਲੇ ਮਹੀਨੇ ਰਿਲੀਜ਼ ਹੋਇਆ ਇਹ ਗੀਤ ਯੂਟਿਊਬ ’ਤੇ 46,370,460 ਵਾਰ ਦੇਖਿਆ ਜਾ ਚੁੱਕਿਆ ਹੈ ਅਤੇ 9.51 ਲੱਖ ਦੇ ਕਰੀਬ ਲਾਈਕਸ ਮਿਲੇ ਹਨ। ਇਹ 37 ਸਾਲਾ ਗਾਇਕ ਰਿਸ਼ੀਕੇਸ਼ ਦਾ ਰਹਿਣ ਵਾਲਾ ਹੈ। 90ਵਿਆਂ ਵਿੱਚ ਉਸ ਦਾ ਪਰਿਵਾਰ ਦਿੱਲੀ ਆ ਗਿਆ ਅਤੇ ਇੱਥੇ ਟੋਨੀ ਆਪਣੀਆਂ ਭੈਣਾਂ ਸੋਨੂੰ ਤੇ ਨੇਹਾ ਨਾਲ ਜਗਰਾਤਿਆਂ ਵਿੱਚ ਗਾਉਣ ਲੱਗਿਆ। 2012 ਵਿੱਚ ਉਸ ਨੇ ‘ਮਿਸਟਰ ਭੱਟੀ ਆਨ ਛੁੱਟੀ’ ਫਿਲਮ ਰਾਹੀਂ ਸੰਗੀਤ ਨਿਰਦੇਸ਼ਕ ਵਜੋਂ ਬੌਲੀਵੁੱਡ ਵਿੱਚ ਪੈਰ ਧਰਾਵਾ ਕੀਤਾ ਸੀ। ਇੱਕ ਦਹਾਕੇ ਤੋਂ ਘੱਟ ਸਮੇਂ ਵਿੱਚ ਉਸ ਨੇ ‘ਕਾਰ ਮੇਂ ਮਿਊਜ਼ਿਕ ਬਜਾ’, ‘ਦਸ ਕੀ ਕਰਾਂ’, ‘ਬਿਜਲੀ ਕੀ ਤਾਰ’, ‘ਗੋਆ ਬੀਚ, ‘ਚਾਕਲੇਟ’ ਅਤੇ ‘ਤੇਰਾ ਸੂਟ’ ਵਰਗੇ ਹਿੱਟ ਗੀਤ ਦਿੱਤੇ। -ਆਈਏਐੱਨਐੱਸ