ਹਰਕੀਰਤ ਕੌਰ
ਕਿਸੇ ਦਾਰਸ਼ਨਿਕ ਨੇ ਕਿਹਾ ਹੈ, ‘ਮਨੁੱਖ ਕੋਲ ਜਿਊਣ ਲਈ ਇੱਕ ਜ਼ਿੰਦਗੀ ਹੈ। ਉਸ ਨੇ ਇਹ ਦੇਖਣਾ ਹੈ ਕਿ ਉਸ ਨੂੰ ਕਿਵੇਂ ਜਿਊਣਾ ਹੈ?’ ਇਸ ਦੇ ਨਾਲ ਇੱਕ ਸਵਾਲ ਹੋਰ ਪੈਦਾ ਹੁੰਦਾ ਹੈ ਕਿ ਮਨੁੱਖ ਨੇ ਇਸ ਜੀਵਨ ਵਿੱਚ ਹਾਸਲ ਕੀ ਕੀਤਾ? ਮੇਰੇ ਅਨੁਸਾਰ ਮਨੁੱਖੀ ਜ਼ਿੰਦਗੀ ਦਾ ਹਾਸਲ ਇਹ ਹੈ ਕਿ ਮਨੁੱਖ ਨੇ ਜ਼ਿੰਦਗੀ ਨੂੰ ਕਿਵੇਂ ਜੀਵਿਆ। ਸਾਡਾ ਧਰਤੀ ’ਤੇ ਆਉਣਾ ਤਾਂ ਹੀ ਸਾਰਥਿਕ ਹੈ ਜੇਕਰ ਅਸੀਂ ਉਸ ਸਮੇਂ ਦੌਰਾਨ ਵੱਧ ਤੋਂ ਵੱਧ ਉਹ ਕਾਰ ਵਿਹਾਰ ਕਰੀਏ ਜਿਨ੍ਹਾਂ ਨਾਲ ਸਾਡੀ ਸ਼ਖ਼ਸੀਅਤ ਵਿੱਚ ਵੀ ਨਿਖਾਰ ਆਵੇ ਅਤੇ ਸਮਾਜ ਦਾ ਵੀ ਭਲਾ ਹੋਵੇ। ਪੁਰਾਣੇ ਸਮਿਆਂ ਵਿੱਚ ਇੱਕ ਅਖਾਣ ਵਰਤਿਆ ਜਾਂਦਾ ਸੀ ‘ਕਿਰਤ ਵਿੱਚ ਸਦਾ ਬਰਕਤਾਂ ਨੇ।’ ਭਾਵ ਕਿਰਤ ਮਨੁੱਖ ਨੂੰ ਆਰਥਿਕ ਪੱਖੋਂ ਹੀ ਨਹੀਂ, ਸਰੀਰਕ ਅਤੇ ਮਾਨਸਿਕ ਪੱਖੋਂ ਵੀ ਸਿਹਤਮੰਦ ਬਣਾਉਂਦੀ ਹੈ। ਕਿਰਤ ਬਾਰੇ ਕਾਰਲ ਮਾਰਕਸ ਨੇ ਲਿਖਿਆ ਹੈ ‘ਕਿਰਤ ਉਹ ਪ੍ਰਕਿਰਿਆ ਹੈ ਜਿਸ ਵਿੱਚ ਮਨੁੱਖ ਅਤੇ ਪ੍ਰਕਿਰਤੀ ਦੋਵੇਂ ਸ਼ਾਮਲ ਹੁੰਦੇ ਹਨ।’
ਅਸੀਂ ਪੰਜਾਬ ਦੇ ਲੋਕ ਜੇ ਕਿਸੇ ਮਹਾਨ ਸ਼ਖ਼ਸੀਅਤ ਨੂੰ ਸਭ ਤੋਂ ਵੱਧ ਮਾਣ ਦਿੰਦੇ ਹਾਂ ਤਾਂ ਉਹ ਹਨ ਗੁਰੂ ਨਾਨਕ ਦੇਵ ਜੀ। ਉਨ੍ਹਾਂ ਦਾ ਪਹਿਲਾ ਉਪਦੇਸ਼ ਹੀ ਕਿਰਤ ਕਰੋ ਦਾ ਹੈ। ਉਨ੍ਹਾਂ ਨੇ ਗੁਰਬਾਣੀ ਦੀਆਂ ਕਈ ਪੰਗਤੀਆਂ ਵਿੱਚ ਕਿਰਤ ਕਰਨ ਦੀ ਮਹਾਨਤਾ ਦਾ ਜ਼ਿਕਰ ਕੀਤਾ ਹੈ। ਜਿਹੜੇ ਸਮਾਜ ਵਿੱਚ ਬਹੁਗਿਣਤੀ ਲੋਕ ਕਿਰਤ ਨਾਲ ਜੁੜੇ ਹੁੰਦੇ ਹਨ, ਉੱਥੇ ਲੋਕਾਂ ਵਿੱਚ ਚੰਗੀਆਂ ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਹੁੰਦਾ ਹੈ। ਇਸ ਦਾ ਪ੍ਰਭਾਵ ਅਗਲੀਆਂ ਪੀੜ੍ਹੀਆਂ ਤੱਕ ਵੀ ਰਹਿੰਦਾ ਹੈ। ਅੱਜ ਲੋਕ ਵੱਡੀ ਗਿਣਤੀ ਵਿੱਚ ਮਾਨਸਿਕ ਤਣਾਅ ਦਾ ਸ਼ਿਕਾਰ ਹਨ। ਕੋਈ ਸਮਾਂ ਸੀ ਜਦੋਂ ਸਮਾਜ ਵਿੱਚ ਮਰਦ ਮਿਲ ਕੇ ਖੇਤੀ ਕਰਦੇ ਸਨ ਅਤੇ ਔਰਤਾਂ ਕਈ ਤਰ੍ਹਾਂ ਦੇ ਘਰ ਦੇ ਕੰਮ ਕਰਦੀਆਂ ਸਨ। ਪਰ ਅੱਜ ਕਿਰਤ ਨਾਲ ਜੁੜੀਆਂ ਸਾਝਾਂ ਲਗਪਗ ਖ਼ਤਮ ਹੋ ਗਈਆਂ ਹਨ। ਕਿਰਤ ਮਨੁੱਖ ਨੂੰ ਪੂਰਨ ਮਨੁੱਖ ਬਣਾਉਣ ਵਿੱਚ ਵੱਡਾ ਰੋਲ ਅਦਾ ਕਰਦੀ ਹੈ। ਅੱਜ ਸਾਡੇ ਦੇਸ਼ ਦੇ ਨੌਜਵਾਨ ਵੱਡੀਆਂ ਰਕਮਾਂ ਖ਼ਰਚ ਕੇ ਵਿਕਸਤ ਦੇਸ਼ਾਂ ਵਿੱਚ ਜਾਣ ਨੂੰ ਬੇਤਾਬ ਹਨ। ਉੱਥੇ ਸਾਡੇ ਨਾਲੋਂ ਕੀ ਵੱਖਰਾ ਹੈ? ਇਸ ਦਾ ਉੱਤਰ ਇਹ ਹੈ ਕਿ ਉੱਥੇ ਕਿਰਤ ਨੂੰ ਸਨਮਾਨ ਮਿਲਦਾ ਹੈ। ਔਖੇ ਭਾਰੇ ਕੰਮ ਕਰਨ ਵਾਲਿਆਂ ਨੂੰ ਵੱਧ ਮਾਣ ਅਤੇ ਮੁਆਵਜ਼ਾ ਮਿਲਦਾ ਹੈ। ਇੱਕ ਪ੍ਰੋਫੈਸਰ ਨਾਲੋਂ ਟਰੱਕ ਡਰਾਈਵਰ ਨੂੰ ਵੱਧ ਮਿਹਨਤਾਨਾ ਮਿਲਦਾ ਹੈ। ਪਰ ਸਾਡੇ ਦੇਸ਼ ਵਿੱਚ ਔਖੇ ਭਾਰੇ ਕੰਮ ਵਾਲਿਆਂ ਨੂੰ ਵੱਧ ਮਾਣ ਅਤੇ ਮੁਆਵਜ਼ਾ ਤਾਂ ਕੀ ਮਿਲਣਾ, ਉਲਟਾ ਉਸ ਨੂੰ ਨੀਵਾਂ ਸਮਝਿਆ ਜਾਂਦਾ ਹੈ।
ਹਰ ਦੇਸ਼ ਦੀ ਪ੍ਰਸ਼ਾਸਨਿਕ ਵਿਵਸਥਾ ਚੰਗੇ ਮਾੜੇ ਸਮਾਜਾਂ ਦੀ ਸਿਰਜਣਾ ਕਰਦੀ ਹੈ। ਅੱਜ ਜੇਕਰ ਸਾਡੇ ਸਮਾਜ ਦੀ ਬਹੁਗਿਣਤੀ ਕਿਰਤ ਵਿਹੂਣੀ ਹੋ ਗਈ ਹੈ ਤਾਂ ਉਸ ਦਾ ਕਾਰਨ ਇਹ ਕਿ ਜਿਸ ਤਰ੍ਹਾਂ ਲੋਕਾਂ ਲਈ ਕਿਰਤ ਦੇ ਵਸੀਲੇ ਪੈਦਾ ਕੀਤੇ ਜਾਣੇ ਸਨ, ਉਹ ਨਹੀਂ ਕੀਤੇ ਗਏ। ਅੱਜਕੱਲ੍ਹ ਸੋਸ਼ਲ ਮੀਡੀਆ ’ਤੇ ਇੱਕ ਪ੍ਰਚਾਰ ਬੜੇ ਜ਼ੋਰ ਸ਼ੋਰ ਨਾਲ ਹੁੰਦਾ ਹੈ ਕਿ ਚੀਨੀ ਸਮਾਨ ਦਾ ਬਾਈਕਾਟ ਕੀਤਾ ਜਾਵੇ। ਪਰ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਚੀਨ ਵਰਗਾ ਮੁਲਕ ਆਪਣੇ ਦੇਸ਼ ਦੀ ਵੱਡੀ ਆਬਾਦੀ ਨੂੰ ਵੱਖ ਵੱਖ ਕੰਮਾਂ ਨਾਲ ਜੋੜ ਕੇ ਆਲਮੀ ਬਾਜ਼ਾਰ ’ਤੇ ਕਾਬਜ਼ ਹੋ ਸਕਦਾ ਹੈ ਤਾਂ ਅਸੀਂ ਭਾਰਤੀ ਕਿਉਂ ਨਹੀਂ? ਪਰ ਸਾਡੇ ਮੁਲਕ ਵਿੱਚ ਲੋਕਾਂ ਨੂੰ ਧਰਮ ਕਰਮ, ਜਾਤਾਂ ਪਾਤਾਂ ਅਤੇ ਰਾਜਨੀਤੀ ਦੀਆਂ ਕੋਝੀਆਂ ਚਾਲਾਂ ਵਿੱਚ ਉਲਝਾਇਆ ਜਾ ਰਿਹਾ ਹੈ। ਸਾਡੇ ਲੋਕਾਂ ਨੂੰ ਕਿਰਤ ਲਈ ਤਿਆਰ ਹੀ ਨਹੀਂ ਕੀਤਾ ਜਾ ਰਿਹਾ।
ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਵੱਖ ਵੱਖ ਅਦਾਰਿਆਂ ਵਿੱਚ ਹੁੰਦੀ ਕਿਰਤ ਦੀ ਲੁੱਟ ਨੂੰ ਰੋਕਣ ਵਿੱਚ ਸਕਾਰਾਤਮਕ ਭੂਮਿਕਾ ਨਿਭਾਵੇ, ਪਰ ਸਾਡੇ ਮੁਲਕ ਵਿੱਚ ਇਸ ਤੋਂ ਉਲਟ ਹੋ ਰਿਹਾ ਹੈ। ਪੜ੍ਹੇ ਲਿਖੇ ਨੌਜਵਾਨਾਂ ਨੂੰ ਪਹਿਲਾਂ ਤਾਂ ਸਰਕਾਰੀ ਨੌਕਰੀ ਮਿਲਦੀ ਨਹੀਂ, ਜੇਕਰ ਮਿਲਦੀ ਵੀ ਹੈ ਤਾਂ ਕਈ ਸਾਲ ਨਿੱਜੀ ਅਦਾਰਿਆਂ ਦੀ ਤਰ੍ਹਾਂ 10 ਹਜ਼ਾਰ ਜਾਂ 15 ਹਜ਼ਾਰ ਰੁਪਏ ਤਨਖਾਹ ਮੁਹੱਈਆ ਕਰਵਾਈ ਜਾਂਦੀ ਹੈ ਜਿਸ ਨਾਲ ਘਰਾਂ ਦਾ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੈ। ਸਰਕਾਰਾਂ ਨੂੰ ਇਸ ਗੱਲ ਵੱਲ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਜੇਕਰ ਬੇਰੁਜ਼ਗਾਰੀ ਤੋਂ ਸਤਾਏ ਨੌਜਵਾਨ ਨਸ਼ਿਆਂ ਵਿੱਚ ਜਾਂ ਗ਼ਲਤ ਸੰਗਤ ਦੇ ਆਦੀ ਹੁੰਦੇ ਹਨ ਤਾਂ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਕਿਰਤ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਜਿੰਨੀ ਦੇਰ ਕਿਰਤ ਸਾਡਾ ਵਿਹਾਰ ਨਹੀਂ ਬਣਦੀ ਅਸੀਂ ਠੀਕ ਅਰਥਾਂ ਵਿੱਚ ਤਰੱਕੀ ਨਹੀਂ ਕਰ ਸਕਦੇ। ਕਿਰਤ ਕਰਨ ਤੋਂ ਬਿਨਾਂ ਕੋਈ ਵੀ ਮਨੁੱਖ ਜ਼ਿੰਦਗੀ ਦੇ ਅਰਥ ਨਹੀਂ ਜਾਣ ਸਕਦਾ ਅਤੇ ਨਾ ਹੀ ਜ਼ਿੰਦਗੀ ਨਾਲ ਮੁਹੱਬਤ ਕਰ ਸਕਦਾ ਹੈ। ਆਪਣੇ ਮਨਫ਼ੀ ਹੋ ਰਹੇ ਕਿਰਤੀ ਸੱਭਿਆਚਾਰ ਨੂੰ ਬਚਾਉਣਾ ਜਿੱਥੇ ਸਾਡੀ ਜ਼ਰੂਰਤ ਹੈ, ਉੱਥੇ ਸਾਡੀ ਜ਼ਿੰਮੇਵਾਰੀ ਵੀ ਹੈ ਕਿਉਂਕਿ ਅਸੀਂ ਮਿਹਨਤੀ ਅਤੇ ਉੱਦਮੀ ਲੋਕਾਂ ਦੇ ਵਾਰਿਸ ਹਾਂ। ਕਿਰਤ ਨੂੰ ਮਹੱਤਵ ਦੇਣ ਨਾਲ ਸਮਾਜ ਵਿੱਚ ਵੱਡੀਆਂ ਤਬਦੀਲੀਆਂ ਆਉਣੀਆਂ, ਜਿਨ੍ਹਾਂ ਨਾਲ ਅਸੀਂ ਖੁਸ਼ਹਾਲ ਹੋਵਾਂਗੇ।
ਸੰਪਰਕ: 97791-18066