ਸੁਖਵਿੰਦਰ ਸਿੰਘ ਮੁੱਲਾਂਪੁਰ
ਪੰਜਾਬੀ ਦੀ ਨਾਮਵਰ ਗਾਇਕਾ ਨਰਿੰਦਰ ਬੀਬਾ ਦਾ ਜਨਮ ਫ਼ਤਹਿ ਸਿੰਘ ਰਾਣਾ ਤੇ ਮਾਤਾ ਮਹਿੰਦਰ ਕੌਰ ਦੇ ਘਰ 13 ਅਪਰੈਲ 1941 ਨੂੰ ਵਿਸਾਖੀ ਵਾਲੇ ਦਿਨ ਅਣਵੰਡੇ ਪੰਜਾਬ ਵਿੱਚ ਜ਼ਿਲ੍ਹਾ ਸਰਗੋਧਾ ਦੇ ਚੱਕ ਨੰਬਰ 120 ਵਿੱਚ ਹੋਇਆ।1947 ਦੀ ਵੰਡ ਮਗਰੋਂ ਇਹ ਪਰਿਵਾਰ ਪਾਕਿਸਤਾਨ ਤੋਂ ਭਾਰਤ ਆ ਗਿਆ ਅਤੇ ਫਤਿਹਗੜ੍ਹ ਸਾਹਿਬ ਦੇ ਪਿੰਡ ਖੁੰਮਣਾ ਵਿਖੇ ਰਹਿਣ ਲੱਗਾ।
ਨਰਿੰਦਰ ਬੀਬਾ ਪਹਿਲਾਂ ਗੁਰਬਾਣੀ ਦੇ ਸ਼ਬਦ ਪੜ੍ਹਿਆ ਕਰਦੀ ਸੀ। ਉਸ ਦੀ ਗਾਇਕੀ ਵੱਲ ਰੁਚੀ ਨੂੰ ਭਾਪਦਿਆਂ ਪਿਤਾ ਨੇ ਉਸ ਨੂੰ ਗਾਇਕੀ ਵੱਲ ਜਾਣ ਦੀ ਖੁੱਲ੍ਹ ਦੇ ਦਿੱਤੀ। ਇਸ ਨੇ ਸੰਗੀਤਕ ਵਿੱਦਿਆ ਕਈ ਪਾਸੇ ਤੋਂ ਲਈ ਸੀ। ਨਰਿੰਦਰ ਬੀਬਾ, ਉਸਤਾਦ ਜਸਵੰਤ ਭੰਵਰਾ ਅਤੇ ਸਾਗਰ ਮਸਤਾਨਾ (ਸਰਦੂਲ ਸਕੰਦਰ ਦੇ ਪਿਤਾ) ਇਹ ਤਿੰਨੇ ਹੀ ਗੁਰ ਭਾਈ ਸਨ। ਇਨ੍ਹਾਂ ਨੇ ਸੰਗੀਤਕ ਵਿਦਿਆ ਸੰਪੂਰਨ ਸਿੰਘ ਮੋਹਣ ਮਾਜਰਾ (ਮੋਰਿੰਡਾ) ਪਾਸੋਂ ਲਈ। ਉਸਤਾਦ ਰਤਨ ਲਾਲ ਦੇ ਸ਼ਾਗਿਰਦ ਹਰੀ ਦੇਵ ਤੋਂ ਨਰਿੰਦਰ ਬੀਬਾ ਨੇ ਸਿੱਖਿਆ ਲੈਣ ਉਪਰੰਤ ਸੰਗੀਤ ਦੀ ਐੱਮ. ਏ. ਕਰ ਲਈ। ਫਿਰ ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਗੁਰੂ ਧਾਰ ਕੇ ਸਟੇਜੀ ਸ਼ੋਅ’ਜ਼ ਲਈ ਉਨ੍ਹਾਂ ਤੋਂ ਸ਼ਾਗਿਰਦੀ ਹਾਸਲ ਕੀਤੀ।
ਸਤਾਰਾਂ ਸਾਲ ਦੀ ਉਮਰ ਵਿੱਚ 1958 ਵਿੱਚ ਜਦੋਂ ਨਰਿੰਦਰ ਬੀਬਾ ਕਾਲਜ ਪੜ੍ਹਦੀ ਸੀ ਤਾਂ ਉਸ ਨੂੰ ਆਲ ਇੰਡੀਆ ਰੇਡੀਓ ਜਲੰਧਰ ਦੇ ਗੁਰਾਇਆ ਟਰਾਂਸਮੀਟਰ ਦੇ ਉਦਘਾਟਨ ’ਤੇ ਗਾਉਣ ਲਈ ਕਿਹਾ ਗਿਆ, ਉੱਥੇ ਉਸ ਨੇ ਗੀਤ ਗਾਇਆ ‘ਖੁਸ਼ੀ ਦੀਆਂ ਵੰਗਾਂ ਨੀਂ ਮੈਂ ਕੱਲ੍ਹ ਨੂੰ ਚੜ੍ਹਾਉਣੀਆਂ।’ 1960 ਵਿੱਚ 19 ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਲੁਧਿਆਣਾ ਦੇ ਜਸਪਾਲ ਸਿੰਘ ਪਾਲੀ ਨਾਲ ਹੋਇਆ। ਉਸ ਨੇ ਨਰਿੰਦਰ ਬੀਬਾ ਦੀ ਗਾਇਕੀ ਵਿੱਚ ਪੂਰਾ ਸਹਿਯੋਗ ਦਿੱਤਾ।
1962 ਵਿੱਚ ਨਰਿੰਦਰ ਬੀਬਾ ਨੇ ਸਭ ਤੋਂ ਪਹਿਲਾਂ ਦੋਗਾਣਿਆਂ ਦੀ ਰਿਕਾਡਿੰਗ ਕਰਵਾਈ। ਇਹ ਗੀਤ ਹਰਚਰਨ ਗਰੇਵਾਲ ਨਾਲ ਐੱਚ.ਐੱਮ. ਵੀ. ਕੰਪਨੀ ਵਿੱਚ ਆਏ ਅਤੇ ਗੁਰਦੇਵ ਸਿੰਘ ਮਾਨ ਦੇ ਲਿਖੇ ਸਨ।
-ੳ, ਅ, ੲ, ਸ, ਹ, ੳ, ਅ. ਵੇ
ਮੈਨੂੰ ਜਾਣ ਦੇ ਸਕੂਲੇ ਇੱਕ ਵਾਰ ਹਾੜ੍ਹਾ ਵੇ
-ਅੱਡੀ ਮਾਰ ਝਾਂਜਰ ਛਣਕਾਈ
ਮਿੱਤਰਾਂ ਦਾ ਬੂਹਾ ਲੰਘ ਕੇ
ਉਸ ਸਮੇਂ ਲੋਕ ਘੱਟ ਪੜ੍ਹੇ ਹੋਣ ਕਰਕੇ ਉੱਪਰਲਾ ਗੀਤ ਲੋਕਾਂ ਨੂੰ ਪੜ੍ਹਨ ਵੱਲ ਪ੍ਰੇਰਦਾ ਸੀ। ਇਸ ਕਰਕੇ ਸਰਕਾਰ ਨੇ ਵੀ ਲੋਕਾਂ ਨੂੰ ਜਾਗੂਰਕ ਕਰਨ ਲਈ ਇਸ ਗੀਤ ਨੂੰ ਸਵੀਕਾਰ ਕਰ ਲਿਆ। ਇਹ ਗੀਤ ਅਕਾਸ਼ਬਾਣੀ ਜਲੰਧਰ ਦਾ ਸ਼ਿੰਗਾਰ ਬਣ ਕੇ ਰੋਜ਼ ਸ਼ਾਮ ਨੂੰ ਰੇਡੀਓ ਤੋਂ ਪ੍ਰਸਾਰਿਤ ਹੋਣ ਲੱਗਾ। ਇਸ ਗੀਤ ਨੇ ਨਰਿੰਦਰ ਬੀਬਾ ਨੂੰ ਵੀ ਲੋਕਾਂ ਵਿੱਚ ਇਕਦਮ ਹਰਮਨ ਪਿਆਰੀ ਬਣਾ ਦਿੱਤਾ।
ਨਰਿੰਦਰ ਬੀਬਾ ਨੇ ਕਈ ਕਲਾਕਾਰਾਂ ਨਾਲ ਦੋਗਾਣੇ ਗਾਏ ਜਿਵੇਂ ਮੁਹੰਮਦ ਸਦੀਕ, ਹਰਚਰਨ ਗਰੇਵਾਲ, ਕਰਮਜੀਤ ਧੂਰੀ, ਕਰਨੈਲ ਗਿੱਲ, ਦੀਦਾਰ ਸੰਧੂ, ਕੇ ਦੀਪ, ਰਮੇਸ਼ ਰੰਗੀਲਾ, ਫਕੀਰ ਸਿੰਘ ਫਕੀਰ, ਗੁਰਦਿਆਲ ਨਿਰਮਾਣ ਧੂਰੀ, ਸੁਰਿੰਦਰ ਛਿੰਦਾ, ਬੀਰ ਚੰਦ ਗੋਪੀ, ਰਣਬੀਰ ਰਾਣਾ, ਸਾਬਰ ਹੁਸੈਨ ਸਾਬਰ, ਅਮੀਰ ਰਾਣਾ, ਗੁਰਚਰਨ ਪੋਹਲੀ, ਜਗਜੀਤ ਜੀਰਵੀ ਆਦਿ। ਉਸ ਨੇ ਬਹੁਤ ਸਾਰੇ ਗੀਤਕਾਰਾਂ ਦੇ ਗੀਤ ਗਾਏ ਜਿਨ੍ਹਾਂ ਵਿੱਚ ਇੰਦਰਜੀਤ ਹਸਨਪੁਰੀ, ਦੇਵ ਥਰੀਕੇ ਵਾਲਾ, ਨੰਦ ਲਾਲ ਨੂਰਪੁਰੀ, ਗੁਰਦੇਵ ਮਾਨ, ਸਾਜਨ ਰਾਏਕੋਟੀ, ਦੀਪਕ ਜੈਤੋਈ, ਚਰਨ ਸਿੰਘ ਸਫ਼ਰੀ, ਬਾਬੂ ਸਿੰਘ ਮਾਨ, ਦੀਦਾਰ ਸੰਧੂ, ਲਾਲ ਸਿੰਘ ਲਾਲੀ, ਹਰਨੇਕ ਸਿੰਘ ਸੋਹੀ, ਚੰਨ ਗੁਰਾਇਆਂ ਵਾਲਾ, ਸਨਮੁਖ ਸਿੰਘ ਆਜ਼ਾਦ, ਗਿੱਲ ਜੱਬੋ ਮਾਜਰੇ ਵਾਲਾ, ਗਿੱਲ ਨੱਥੋਹੇੜੀ ਵਾਲਾ ਆਦਿ।
ਉਸ ਨੇ ਦੋਗਾਣਾ ਗਾਇਕੀ ਦੇ ਨਾਲ ਨਾਲ ਨਾਲ ਸਿੱਖ ਇਤਹਾਸ ਵੀ ਬਹੁਤ ਗਾਇਆ। ਉਸ ਨੇ ਉਪੇਰੇ ਵੀ ਗਾਏ- ਸਾਕਾ ਸਰਹੰਦ, ਸਾਕਾ ਚਮਕੌਰ ਸਾਹਿਬ, ਸਾਕਾ ਚਾਂਦਨੀ ਚੌਕ, ਸਿੰਘਾਂ ਦੀਆਂ ਕੁਰਬਾਨੀਆਂ, ਏਕਤਾ ਦਾ ਪੁਜਾਰੀ ਰਵੀਦਾਸ ਭਗਤ ਅਤੇ ਜੀਵਨੀ ਰਵੀਦਾਸ ਭਗਤ ਆਦਿ। ਇਨ੍ਹਾਂ ਉਪੇਰਿਆਂ ਵਿੱਚ ਨਰਿੰਦਰ ਬੀਬਾ ਦੇ ਨਾਲ ਫਕੀਰ ਸਿੰਘ ਫਕੀਰ, ਰਣਵੀਰ ਰਾਣਾ, ਅਮੀਰ ਰਾਣਾ ਅਤੇ ਸਤਿੰਦਰ ਬੀਬਾ ਨੇ ਸਾਥ ਦਿੱਤਾ। ਨਰਿੰਦਰ ਬੀਬਾ ਨੇ ਬਹੁਤ ਸਾਰੇ ਧਾਰਮਿਕ ਗੀਤ ਵੀ ਗਾਏ ਜਿਨ੍ਹਾਂ ਵਿੱਚ
* ਦੋ ਬੜੀਆਂ ਕੀਮਤੀ ਜਿੰਦਾਂ
ਨੀਹਾਂ ਵਿੱਚ ਆਣ ਖਲੋ ਗਈਆਂ
* ਚੰਨ ਮਾਤਾ ਗੁਜਰੀ ਦਾ
ਸੁੱਤਾ ਕੰਡਿਆਂ ਦੀ ਸੇਜ ਵਿਛਾਈ
* ਕਲਗੀਧਰ ਦਸਮੇਸ਼ ਪਿਤਾ ਜਿਹਾ
ਦੁਨੀਆ ਵਿੱਚ ਕੋਈ ਹੋਇਆ ਨਾ
* ਮਾਤਾ ਗੁਜਰੀ ਨੂੰ ਦੇਵੋ ਨੀਂ ਵਧਾਈਆਂ
1972 ਵਿੱਚ ਚਰਨ ਸਿੰਘ ਸਫ਼ਰੀ ਦਾ ਲਿਖਿਆ ‘ਸਾਕਾ ਸਰਹੰਦ’ ਜਿਸ ਨੂੰ ਕੇਸਰ ਸਿੰਘ ਨਰੂਲਾ ਨੇ ਸੰਗੀਤ ਨਾਲ ਸ਼ਿੰਗਾਰਿਆ ਸੀ, ਨਰਿੰਦਰ ਬੀਬਾ ਦੇ ਭੈਣ, ਭਰਾਵਾਂ ਨੇ ਨਰਿੰਦਰ ਬੀਬਾ ਨਾਲ ਆਵਾਜ਼ ਦਿੱਤੀ ਸੀ। ਬੀਬਾ ਜੀ ਨੇ ਪ੍ਰਸੰਗ ਸਾਹਿਤ ਕਈ ਲੋਕ ਗਥਾਵਾਂ ਗਾਈਆਂ ਜਿਵੇ ਸੱਸੀ ਪੁਨੂੰ, ਸੋਹਣੀ ਮਹੀਂਵਾਲ, ਹੀਰ ਰਾਂਝਾ, ਮਿਰਜ਼ਾ ਸਾਹਿਬਾ ਆਦਿ।
ਨਰਿੰਦਰ ਬੀਬਾ ਦੇ ਪ੍ਰੋਗਰਾਮ ਦੀ ਸ਼ੁਰੂਅਤ ਵੱਖਰੇ ਅੰਦਾਜ਼ ਵਿੱਚ ਸ਼ੁਰੂ ਹੁੰਦੀ ਸੀ। ਸਭ ਤੋਂ ਪਹਿਲਾਂ ਸਟੇਜ ’ਤੇ ਉਨ੍ਹਾਂ ਦੇ ਪਤੀ ਜਸਪਾਲ ਸਿੰਘ ਅਜਿਹਾ ਲੈਕਚਰ ਦਿੰਦੇ ਸਨ ਕਿ ਸਰੋਤੇ ਨਰਿੰਦਰ ਬੀਬਾ ਦੇ ਦਰਸ਼ਨਾਂ ਨੂੰ ਉਤਾਵਲੇ ਹੋ ਜਾਂਦੇ। ਫਿਰ ਨਰਿੰਦਰ ਬੀਬਾ ਸਟੇਜ ’ਤੇ ਦਾਖਲ ਹੁੰਦੀ ਤਾਂ ਬੇਲੀ ਰਾਮ ਅਲਗੋਜ਼ੇ ਵਜਾਉਣੇ ਸ਼ੁਰੂ ਕਰ ਦਿੰਦਾ। ਕੁਝ ਸਮਾਂ ਅਲਗੋਜ਼ੇ ਵੱਜਣ ਤੋਂ ਬਾਅਦ ਨਰਿੰਦਰ ਬੀਬਾ ਲੰਬੀ ਹੇਕ ਭਰਦੀ ਤੇ ‘ਗਗਨ ਦਮਾਮਾ ਵੱਜਿਆ ਸਿੰਘੋ ਸਰਦਾਰੋ…’ ਗੀਤ ਗਾ ਕੇ ਪ੍ਰੋਗਰਾਮ ਦਾ ਆਗਾਜ਼ ਅਜਿਹਾ ਕਰਦੀ ਕਿ ਸਰੋਤਿਆਂ ਵਿੱਚ ਇਕਦਮ ਜੋਸ਼ ਭਰ ਜਾਂਦਾ।
ਦੀਦਾਰ ਸੰਧੂ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਨਰਿੰਦਰ ਬੀਬਾ ਨਾਲ ਗੀਤ ਰਿਕਾਰਡ ਕਰਵਾ ਕੇ ਹੀ ਕੀਤੀ ਸੀ, ਗੀਤ ਦੇ ਬੋਲ ਸਨ ‘ਰੱਬਾ ਮੇਰੇ ਪੱਲੇ ਪੈ ਗਈ ਨਾਰ ਲਫ਼ਾਫੇ ਵਰਗੀ।’ ਕਰਨੈਲ ਗਿੱਲ ਭਾਵੇਂ ਸਭ ਤੋਂ ਪਹਿਲਾਂ ਸੋਲੋ ਗੀਤ ਗਾਉਣ ਨਾਲ ਗਾਇਕੀ ਦੇ ਅਖਾੜੇ ਵਿੱਚ ਪ੍ਰਵੇਸ਼ ਕਰ ਚੁੱਕਾ ਸੀ, ਪਰ 1964 ਵਿੱਚ ਜਦ ਨਰਿੰਦਰ ਬੀਬਾ ਦੀ ਪੂਰੀ ਚੜ੍ਹਤ ਸੀ ਤਾਂ ਕਰਨੈਲ ਗਿੱਲ, ਦੇਵ ਥਰੀਕੇ ਵਾਲੇ ਰਾਹੀਂ ਦੇਵ ਥਰੀਕੇ ਵਾਲੇ ਦੇ ਲਿਖੇ ਦੋ ਗੀਤ ਨਰਿੰਦਰ ਬੀਬਾ ਨਾਲ ਰਿਕਾਰਡ ਕਰਵਾ ਕੇ ਦੋਗਾਣਾ ਗਾਇਕੀ ਵਿੱਚ ਦਾਖਲ ਹੋਇਆ। ਇਹ ਗੀਤ ਸਨ ‘ਸੱਥ ਵਿੱਚ ਲੱਗੀ ਵੇ ਕਚਹਿਰੀ ਮੇਰੇ ਬਾਪ ਦੀ ਵੀਰ ਬੈਠੇ ਸਰਦਾਰ ਮੁੰਡਿਆ’ ਅਤੇ ‘ਕੀਹਨੇ ਤੈਨੂੰ ਭਰੀ ਚੁਕਾਈ ਕੀਹਨੇ ਵੱਢੇ ਪੱਠੇ’। ਕੁਲਦੀਪ ਮਾਣਕ ਭਾਵੇਂ ਹਰਚਰਨ ਗਰੇਵਾਲ ਦਾ ਸ਼ਾਗਿਰਦ ਸੀ, ਪਰ ਸ਼ੁਰੂਆਤ ਨਰਿੰਦਰ ਬੀਬਾ ਤੋਂ ਕੀਤੀ ਸੀ। 1972 ਵਿੱਚ ਗੁਰਦਿਆਲ ਨਿਰਮਾਣ ਧੂਰੀ ਨੇ ਵੀ ਨਰਿੰਦਰ ਬੀਬਾ ਨਾਲ ਰਿਕਾਰਡਿੰਗ ਕਰਵਾ ਕੇ ਗਾਇਕੀ ਵਿੱਚ ਪ੍ਰਵੇਸ਼ ਕੀਤਾ। ਉਹ ਗੀਤ ਚਤਰ ਸਿੰਘ ਪਰਵਾਨੇ ਨੇ ਲਿਖੇ ਸਨ ‘ਮੇਰੀ ਛੋਲਿਆਂ ਦੀ ਦਾਲ ਕਰਾਰੀ ਭਾਈ ਜੀ ਦੇ ਮੂੰਹ ਲੱਗ ਗਈ’, ਦੂਸਰਾ ਗੀਤ ‘ਭੱਠੀ ਉੱਤੇ ਖੜ੍ਹ ਕੇ ਦਾਣੇ ਮੈਂ ਭਨਾਉਨੀਆਂ ਤੇਰੀਆਂ ਖਿੱਲਾਂ ਤੇ ਮੇਰੇ ਰੋੜ ਮੁੰਡਿਆ’। ਹੋਰ ਵੀ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਨੇ ਗਾਇਕੀ ਦੀ ਲਿਫਟ ਨਰਿੰਦਰ ਬੀਬਾ ਰਾਹੀਂ ਲੈ ਕੇ ਮੰਜ਼ਲਾਂ ਹਾਸਲ ਕੀਤੀਆਂ।
1975 ਵਿੱਚ ਫਿਲਮ ‘ਤੇਰੀ ਮੇਰੀ ਇੱਕ ਜਿੰਦੜੀ’ ਆਈ। ਇਸ ਦਾ ਟਾਈਟਲ ਦੋਗਾਣਾ ‘ਤੇਰੀ ਮੇਰੀ ਇੱਕ ਜਿੰਦੜੀ’ ਸੀ ਜੋ ਨਰਿੰਦਰ ਬੀਬਾ ਨੇ ਸੀਤਲ ਸਿੰਘ ਸੀਤਲ ਨਾਲ ਗਾਇਆ ਸੀ। ਨਰਿੰਦਰ ਬੀਬਾ ਨੇ ਇਸ ਵਿੱਚ ਮੁਹੰਮਦ ਰਫ਼ੀ ਨਾਲ ‘ਇੰਨੇ ਜ਼ੋਰ ਦੀ ਮਰੋੜੀ ਮੇਰੀ ਬਾਂਹ ਜੱਟ ਨੇ’ ਗਾ ਕੇ ਰਫ਼ੀ ਨਾਲ ਗਾਉਣ ਦੀ ਰੀਝ ਪੂਰੀ ਕੀਤੀ ਸੀ। ਇਸ ਫਿਲਮ ਵਿੱਚ ਉਸ ਨੇ ਪੰਜ ਗੀਤ ਗਾਏ ਸਨ। ਇਸ ਫਿਲਮ ਦੀ ਵਧੀਆ ਗਾਇਕਾ ਹੋਣ ਦਾ ਨਰਿੰਦਰ ਬੀਬਾ ਨੂੰ ਐਵਾਰਡ ਵੀ ਮਿਲਿਆ ਸੀ। ਉਸ ਨੇ ਇਸ ਤੋਂ ਇਲਾਵਾ ਹੋਰ ਫਿਲਮਾਂ ਲਈ ਵੀ ਗੀਤ ਗਾਏ।
ਨਰਿੰਦਰ ਬੀਬਾ ਨੇ ਆਪਣੇ ਬਹੁਤ ਸਾਰੇ ਗੀਤਾਂ ਦੇ ਸੰਗੀਤ ਨੂੰ ਅਲਗੋਜ਼ੇ ਨਾਲ ਸ਼ਿੰਗਾਰਿਆ ਹੈ। ਇਸ ਨਾਲ ਅਲਗੋਜ਼ਾ ਮਾਸਟਰ ਬੇਲੀ ਰਾਮ ਹੁੰਦਾ ਸੀ ਜਿਸ ਨੇ ਨਰਿੰਦਰ ਬੀਬਾ ਦੀ ਗਾਇਕੀ ਦਾ ਸਾਰਾ ਸਮਾਂ ਹੀ ਲਗਭਗ 30 ਸਾਲ ਸਾਥ ਦਿੱਤਾ। ਉਸ ਨੇ ਬਹੁਤ ਸਾਰੇ ਸੋਲੋ ਅਤੇ ਧਾਰਮਿਕ ਗੀਤ ਵੀ ਗਾਏ:
* ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ
ਅਸੀਂ ਨੀਂ ਕਨੌੜ ਝੱਲਣੀ
* ਕਾਹਨੂੰ ਮਾਰਦਾਂ ਚੰਦਰਿਆ ਛਮਕਾਂ
ਮੈਂ ਕੱਚ ਦੇ ਗਲਾਸ ਵਰਗੀ
* ਪਾਸੇ ਹਟਜਾ ਜ਼ਾਲਮਾ ਪੰਜਾਬਣ ਜੱਟੀ ਆਈ
* ਲੁੱਟੇ ਗਏ ਵੈਰੀਆ ਨਾਗ ਲੜ ਵੇ ਗਿਆ
* ਗਲੀ ਗਲੀ ਵਣਜਾਰਾ ਫਿਰਦਾ ਵੰਗਾ ਵੇਚੇ ਕੱਚ ਦੀਆਂ
* ਹੱਥੀਂ ਤੋਰੇ ਸੱਜਣਾਂ ਨੂੰ ਨਾਲੇ ਯਾਦ ਕਰਾਂ ਨਾਲੇ ਰੋਵਾਂ
ਉਸ ਨੇ ਦੀਪਕ ਜੈਤੋਈ ਦਾ ਲਿਖਿਆ ਗੀਤ ‘ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ’ ਅਜਿਹਾ ਗਾਇਆ ਕਿ ਇਸ ਦੀ ਅੱਜ ਵੀ ਸਰਦਾਰੀ ਹੈ। ਉਹ ਸਮਾਜ ਸੇਵਾ ਦੇ ਕੰਮ ਮੂਹਰੇ ਹੋ ਕੇ ਕਰਦੀ ਸੀ ਜਿਵੇਂ ਗ਼ਰੀਬ ਲੜਕੀਆਂ ਦੇ ਵਿਆਹ ਕਰਨਾ, ਗ਼ਰੀਬ ਬੱਚਿਆਂ ਦੀ ਮਦਦ ਕਰਨਾ।
ਇਹ ਗਾਇਕਾ ਸਾਡੇ ਕੋਲੋਂ ਛੇਤੀ ਹੀ ਵਿੱਛੜ ਗਈ। 27 ਜੂਨ 1997 ਨੂੰ 57 ਸਾਲ ਦੀ ਉਮਰ ਵਿੱਚ ਉਸ ਦਾ ਦੇਹਾਂਤ ਹੋ ਗਿਆ, ਪਰ ਉਸ ਦੀ ਆਵਾਜ਼ ਸਾਡੇ ਕੰਨਾਂ ਵਿੱਚ ਸਦਾ ਗੂੰਜਦੀ ਰਹੇਗੀ।
ਸੰਪਰਕ: 99141-84794