ਮੁੰਬਈ: ਮਰਹੂਮ ਅਦਾਕਾਰ ਇਰਫਾਨ ਖਾਨ ਦੇ ਪੁੱਤਰ ਬਾਬਿਲ ਖਾਨ ਨੇ ਅੱਜ ਇੰਸਟਾਗ੍ਰਾਮ ’ਤੇ ਆਪਣੇ ‘ਬਾਬਾ’ ਦੀ ਤਸਵੀਰ ਸਾਂਝੀ ਕਰਦਿਆਂ ਆਖਿਆ ਕਿ ਉਹ ਆਪਣਾ ਰੱਬ ਵਰਗਾ ਆਸਰਾ ਗੁਆਚਣ ’ਤੇ ਦੁਨੀਆ ਵਿੱਚ ਅਸੁਰੱਖਿਅਤ ਤੇ ਸਹਿਮਿਆ ਮਹਿਸੂਸ ਕਰਦਾ ਹੈ। ਉਸ ਵੱਲੋਂ ਸਾਂਝੀ ਕੀਤੀ ਤਸਵੀਰ ਕਿਸੇ ਨਾਟਕ ਦੀ ਜਾਪਦੀ ਹੈ, ਜਿਸ ਵਿੱਚ ਇਰਫਾਨ ਚਿੱਟੇ ਪਹਿਰਾਵੇ ਵਿੱਚ ਨਜ਼ਰ ਆ ਰਿਹਾ ਹੈ ਅਤੇ ਉਸ ਨੇ ਇੱਕ ਹੱਥ ਵਿੱਚ ਬੂਟ ਫੜੇ ਹੋਏ ਹਨ। ਬਾਬਿਲ ਨੇ ਆਖਿਆ, ‘‘ ਰੱਬਾ, ਮੈਂ ਬਰਬਾਦ ਹੋ ਗਿਆ। ਮੈਂ ਦੱਸ ਨਹੀਂ ਸਕਦਾ ਕਿ ਕਿਸ ’ਤੇ ਭਰੋਸਾ ਕਰਾਂ। ਮੈਨੂੰ ਤਾਂ ਖੁਦ ’ਤੇ ਵੀ ਸ਼ੱਕ ਹੋਣ ਲੱਗਿਆ ਹੈ। ਇਸ ਦੁਨੀਆ ਵਿੱਚ ਬਗੈਰ ਆਸਰੇ ਤੋਂ ਮੈਂ ਅਸੁਰੱਖਿਅਤ ਤੇ ਡਰਿਆ ਹੋਇਆ ਹਾਂ। ਮੇਰਾ ਦਿਮਾਗ ਮੇਰੀ ਜ਼ਮੀਰ ਨਾਲ ਲੜਦਾ ਹੈ। ਮੈਂ ਬੇਉਮੀਦ ਖਿਆਲਾਂ ਵਿੱਚ ਗੁਆਚਿਆ ਰਹਿੰਦਾ ਹਾਂ। ਮੈਂ ਅੰਦਰੋਂ ਟੁੱਟ ਗਿਆ ਹਾਂ।’’ ਜ਼ਿਕਰਯੋਗ ਹੈ ਕਿ ਇਰਫਾਨ ਖਾਨ ਦੀ 29 ਅਪਰੈਲ 2020 ਨੂੰ ਕੈਂਸਰ ਕਾਰਨ ਮੌਤ ਹੋ ਗਈ ਸੀ। ਅਨੁਸ਼ਕਾ ਸ਼ਰਮਾ ਦੀ ਫਿਲਮ ‘ਕਾਲਾ’ ਰਾਹੀਂ ਬਾਬਿਲ ਫਿਲਮੀ ਦੁਨੀਆ ਵਿੱਚ ਪੈਰ ਧਰ ਰਿਹਾ ਹੈ। ਉਸ ਨੇ ਫਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਹੈ। -ਆਈਏਐੱਨਐੱਸ