ਨਵੀਂ ਦਿੱਲੀ, 25 ਅਗਸਤ
ਅਦਾਕਾਰ ਨੀਲ ਭੂਪਾਲਮ ਨੇ ਕਿਹਾ ਕਿ ਜਿਵੇਂ ‘ਪ੍ਰਾਈਡ ਐਂਡ ਪ੍ਰੈਜੁਡਿਸ’ ਨਾਵਲ ਵਿੱਚ ਐਲਿਜ਼ਬੈੱਥ ਬੈਨੇਟ ਤੇ ਮਿਸਟਰ ਡਾਰਸੀ ਇਕ ਦੂਜੇ ਨੂੰ ਜਾਣਨ ਮਗਰੋਂ ਨਜ਼ਦੀਕ ਆਏ ਸਨ, ਉਸੇ ਤਰ੍ਹਾਂ ਇਕ ਨਵੀਂ ਲੜੀ ‘ਮਸਾਬਾ ਮਸਾਬਾ’ ਵਿੱਚ ਉਸ ਵੱਲੋਂ ਅਤੇ ਫੈਸ਼ਨ ਡਿਜ਼ਾਈਨਰ ਮਸਾਬਾ ਗੁਪਤਾ ਵੱਲੋਂ ਨਿਭਾਏ ਕਿਰਦਾਰ ਦਰਮਿਆਨ ਹੌਲੀ ਹੌਲੀ ਨਜ਼ਦੀਕੀਆਂ ਵਧਦੀਆਂ ਹਨ। ਇਹ ਨਵੀਂ ਲੜੀ ਮਸਾਬਾ ਦੀ ਜ਼ਿੰਦਗੀ ਦੇ ਅਸਲੀ ਪਲਾਂ ਤੇ ਉਸ ਦੇ ਨਿਵੇਕਲੇ ਪਿਛੋਕੜ ’ਤੇ ਅਧਾਰਿਤ ਹੈ। ਲੜੀ ਵਿੱਚ ਭੂਪਾਲਮ ਨੇ ਧੈਰਿਆ ਰਾਣਾ ਦਾ ਕਿਰਦਾਰ ਨਿਭਾਇਆ ਹੈ, ਜੋ ਇਕ ਉਦਯੋਗਪਤੀ ਹੈ, ਜੋ ਡਿਜ਼ਾਈਨਰ ਦੇ ਲੇਬਲ ਹਾਊਸ ਮਸਾਬਾ ਵਿੱਚ ਨਿਵੇਸ਼ ਕਰਨ ਚਾਹੁੰਦਾ ਹੈ। ਮਸਾਬਾ ਤੇ ਧੈਰਿਆ ਵਿਚਲੇ ਮੱਤਭੇਦ ਲੇਖਕ ਜੇਨ ਆਸਟਿਨ ਦੇ 1813 ਵਿੱਚ ਲਿਖੇ ਸ਼ਾਹਕਾਰ ਨਾਵਲ ਵਿਚਲੇ ਕਿਰਦਾਰਾਂ ਐਲਿਜ਼ਬੈੱਥ ਬੈਨੇਟ ਤੇ ਮਿਸਟਰ ਡਾਰਸੀ ਦੀ ਯਾਦ ਦਿਵਾਉਂਦੇ ਹਨ, ਜੋ ਇਕ ਦੂਜੇ ਦੀਆਂ ਕਮੀਆਂ ਨੂੰ ਭੁਲਾ ਕੇ ਇਕ ਦੂਜੇ ਨਾਲ ਦਿਲ ਲਾ ਬੈਠਦੇ ਹਨ। ਨੈੱਟਫਲਿਕਸ ਲਈ ਬਣਾਈ ਇਸ ਲੜੀ ਵਿੱਚ ਅਦਾਕਾਰਾ ਨੀਨਾ ਗੁਪਤਾ ਦੀ ਧੀ ਮਸਾਬਾ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰ ਰਹੀ ਹੈ। ਉਂਜ ਲੜੀ ਵਿੱਚ ਨੀਨਾ ਗੁਪਤਾ ਨੇ ਵੀ ਇਕ ਕਿਰਦਾਰ ਨੂੰ ਸਾਕਾਰ ਕੀਤਾ ਹੈ। ਭੂਪਾਲਮ ਇਸ ਤੋਂ ਪਹਿਲਾਂ ‘ਐੱਨਐੱਚ10’, ‘ਸ਼ੈਤਾਨ’ ਫ਼ਿਲਮਾਂ ਤੋਂ ਇਲਾਵਾ ਨੈੱਟਫਲਿਕਸ ਦੀ ‘ਲਸਟ ਸਟੋਰੀਜ਼’ ਤੇ ਐਮਾਜ਼ੋਨ ਪ੍ਰਾਈਮ ਵੀਡੀਓ ਦੀ ਲੜੀ ‘ਫੋਰ ਮੋਰ ਸ਼ਾਟਸ ਪਲੀਜ਼!’ ਕਰ ਚੁੱਕਾ ਹੈ। -ਪੀਟੀਆਈ