ਮੁੰਬਈ, 19 ਜਨਵਰੀ
ਬੌਲੀਵੁੱਡ ਅਦਾਕਾਰ ਕਬੀਰ ਬੇਦੀ ਦਾ ਕਹਿਣਾ ਹੈ ਕਿ ਉਸ ਦੀ ਆਉਣ ਵਾਲੀ ਸਵੈਜੀਵਨੀ ਕਿਸੇ ਫਿਲਮੀ ਕਹਾਣੀ ਵਰਗੀ ਨਹੀਂ ਹੋਵੇਗੀ, ਸਗੋਂ ਇਹ ਕਾਫੀ ਚੀਜ਼ਾਂ ਦਾ ਖੁਲਾਸਾ ਕਰੇਗੀ। ਉਸ ਨੇ ਦੱਸਿਆ ਕਿ ਉਹ ਇਸ ਸਾਲ ਗਰਮੀਆਂ ਵਿੱਚ ਆਪਣੀ ਸਵੈਜੀਵਨੀ ਰਿਲੀਜ਼ ਕਰਨ ਦੀ ਸੋਚ ਰਿਹਾ ਹੈ। ਅਦਾਕਾਰ ਨੇ ਆਪਣੀ ਜੀਵਨ ਯਾਤਰਾ, ਉਤਰਾਅ-ਚੜ੍ਹਾਅ, ਪ੍ਰਾਪਤੀਆਂ ਅਤੇ ਦੁਖਾਂਤਾਂ ਨੂੰ ਕਲਮਬੱਧ ਕਰਨ ਲਈ ਪਿਛਲੇ ਸਾਲ ਕਰੋਨਾ ਕਾਰਨ ਹੋਈ ਤਾਲਾਬੰਦੀ ਦਾ ਸਮਾਂ ਚੁਣਿਆ। ਉਸ ਨੇ ਕਿਹਾ, ‘‘ਮੈਂ ਕਈ ਸਾਲਾਂ ਤੋਂ ਕਿਤਾਬ ਲਿਖਣਾ ਚਾਹੁੰਦਾ ਸੀ, ਜਿਸ ਦਾ ਸਬੱਬ ਤਾਲਾਬੰਦੀ ਦੌਰਾਨ ਬਣਿਆ। ਮੈਂ ਆਪਣੀ ਕਹਾਣੀ ਲੋਕਾਂ ਨੂੰ ਦੱਸਣ ਬਾਰੇ ਖਾਕਾ ਤਿਆਰ ਕੀਤਾ, ਜੋ ਬਹੁਤ ਮਹੱਤਵਪੂਰਨ ਹੈ। ਕਿਤਾਬ ਲਿਖਣ ’ਚ ਮੈਨੂੰ ਚਾਰ ਮਹੀਨੇ ਲੱਗੇ ਅਤੇ ਅਗਲੇ ਦੋ ਮਹੀਨਿਆਂ ਵਿੱਚ ਇਸ ਨੂੰ ਸੋਧਿਆ।’’ ਕਿਤਾਬ ’ਤੇ ਚਾਨਣਾ ਪਾਉਂਦਿਆਂ ਉਸ ਨੇ ਦੱਸਿਆ, ‘‘ਇਹ ਮੇਰੀ ਜ਼ਿੰਦਗੀ ਦੀ ਗਾਥਾ ਹੈ, ਜੋ ਕਈ ਕਹਾਣੀਆਂ ਜ਼ਰੀਏ ਦੱਸੀ ਗਈ ਹੈ। ਮੈਨੂੰ ਲੱਗਦਾ ਹੈ ਕਿ ਇਹ ਕਿਤਾਬ ਪੜ੍ਹ ਕੇ ਪਾਠਕ ਮੇਰੀ ਸ਼ਖ਼ਸੀਅਤ, ਮੇਰੀਆਂ ਜਿੱਤਾਂ, ਦੁਖਾਂਤਾਂ, ਮੀਲ ਪੱਥਰਾਂ ਅਤੇ ਗ਼ਲਤੀਆਂ ਬਾਰੇ ਚੰਗੀ ਤਰ੍ਹਾਂ ਸਮਝ ਸਕਣਗੇ।’’ ਉਸ ਨੇ ਦੱਸਿਆ, ‘‘ਇਹ ਬਹੁਤ ਇਮਾਨਦਾਰੀ ਨਾਲ ਲਿਖੀ ਗਈ ਕਿਤਾਬ ਹੈ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਮੇਰੇ ਬਹੁਤ ਸਾਰੇ ਦੋਸਤ ਅਤੇ ਪ੍ਰਸ਼ੰਸਕ ਰਹਿੰਦੇ ਹਨ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਲੋਕ ਮੇਰੇ ਜੀਵਨ ਬਾਰੇ ਜਾਨਣ ਦੇ ਚਾਹਵਾਨ ਹੋਣਗੇ ਕਿ ਮੈਂ ਜ਼ਿੰਦਗੀ ਤੋਂ ਕੀ ਸਿੱਖਿਆ ਹੈ।’’ ਅਦਾਕਾਰ ਅਨੁਸਾਰ ਕਿਤਾਬ ਇਸ ਵਾਰ ਗਰਮੀਆਂ ਵਿੱਚ ਛਪ ਕੇ ਆ ਜਾਣੀ ਚਾਹੀਦੀ ਹੈ। ਉਸ ਨੇ ਕਿਹਾ, ‘‘ਇਹ ਕੋਈ ਫਿਲਮੀ ਕਹਾਣੀਆਂ ਵਰਗੀ ਕਿਤਾਬ ਨਹੀਂ ਹੈ, ਮੈਂ ਰਿਸ਼ਤਿਆਂ ਬਾਰੇ ਅਣਘੜ ਭਾਵਨਾਤਮਕ ਤੀਬਰਤਾ ਨਾਲ ਗੱਲ ਕੀਤੀ ਹੈ।’’ -ਆਈਏਐੱਨਐੱਸ