ਹਰਦਿਆਲ ਸਿੰਘ ਥੂਹੀ
ਵਧਾਵੇ ਦਾ ਨਾਂ ਉਨ੍ਹਾਂ ਢਾਡੀਆਂ ਵਿਚ ਸ਼ੁਮਾਰ ਹੈ ਜਿਨ੍ਹਾਂ ਨੂੰ ਰਾਜੇ ਮਹਾਰਾਜੇ ਦਾਅਵਤਾਂ ਦੇ ਕੇ ਖ਼ਾਸ ਮੌਕਿਆਂ ’ਤੇ ਸੁਣਿਆ ਕਰਦੇ ਸਨ, ਜੋ ਰਾਜ ਦਰਬਾਰੀ ਜਸ਼ਨਾਂ ਦੀ ਸ਼ਾਨ ਹੁੰਦੇ ਸਨ, ਜਿਨ੍ਹਾਂ ਨੂੰ ਸ਼ਾਹੀ ਸਰਪ੍ਰਸਤੀ ਪ੍ਰਾਪਤ ਸੀ, ਜੋ ਇਨਾਮਾਂ ਅਤੇ ਬਖਸ਼ੀਸ਼ਾਂ ਦੇ ਦਾਅਵੇਦਾਰ ਸਨ। ਭਾਵ ਉਹ ਆਪਣੀ ਰਿਆਸਤ ਦਾ ਮਾਣ ਸੀ, ਸ਼ਿੰਗਾਰ ਸੀ। ਵਧਾਵੇ ਦਾ ਜਨਮ 1870 ਦੇ ਲਗਭਗ ਬਠਿੰਡਾ ਜ਼ਿਲ੍ਹੇ ਦੀ ਤਹਿਸੀਲ ਰਾਮਪੁਰਾ ਫੂਲ ਦੇ ਪਿੰਡ ਢੱਡੇ ਵਿਖੇ ਗਾਇਕੀ ਦੀ ਕਸਬੀ ਜਾਤ ਮਰਾਸੀ ਜਾਤ ਵਿਚ ਹੋਇਆ। ਇਸ ਪ੍ਰਕਾਰ ਉਸ ਨੂੰ ਗੁੜ੍ਹਤੀ ਹੀ ਗਾਇਕੀ ਦੀ ਮਿਲੀ। ਗਾਇਕੀ ਦੀ ਅਲਫ਼, ਬੇ ਪਰਿਵਾਰਕ ਮਦਰੱਸੇ ਵਿਚੋਂ ਪੜ੍ਹ ਕੇ ਇਸ ਦੀਆਂ ਪੀਢੀਆਂ ਗੰਢਾਂ ਨੂੰ ਖੋਲ੍ਹਣ ਲਈ ਉਸ ਨੂੰ ਕਿਸੇ ਕਾਮਲ ਮੁਰਸ਼ਦ ਦੀ ਲੋੜ ਮਹਿਸੂਸ ਹੋਈ। ਸੋ ਆਪਣੀ ਕਲਾ ਨੂੰ ਸੰਪੂਰਨਤਾ ਤਕ ਪਹੁੰਚਾਉਣ ਲਈ ਉਹ ਬੁਢਲਾਢੇ ਦੇ ਨੇੜਲੇ ਪਿੰਡ ਤਲਵੰਡੀ ਵਾਲੇ ਬਰਕਤ ਜੋਗੀ ਦੇ ਚਰਨੀਂ ਜਾ ਪਿਆ। ਉਸਤਾਦ ਦੇ ਆਸ਼ੀਰਵਾਦ ਅਤੇ ਆਪਣੀ ਮਿਹਨਤ ਸਦਕਾ ਵਧਾਵਾ ਥੋੜ੍ਹੇ ਸਮੇਂ ਵਿਚ ਆਪਣੇ ਕਸਬ ਵਿਚ ਨਿਪੁੰਨ ਹੋ ਗਿਆ। ਪੂਰੇ ਬਾਰਾਂ ਸਾਲ ਉਸਤਾਦ ਨਾਲ ਸੰਗਤ ਕੀਤੀ ਅਤੇ ਅਖਾੜਿਆਂ ਵਿਚ ਆਪਣੀ ਕਲਾ ਦੇ ਜੌਹਰ ਦਿਖਾਏ। ਬਰਕਤ ਜੋਗੀ ਨੇ ਖ਼ੁਦ ਹੀਰ ਲਿਖੀ, ਜਿਸ ਨੂੰ ‘ਜੋਗੀਆਂ ਵਾਲੀ ਹੀਰ’ ਕਿਹਾ ਜਾਂਦਾ ਸੀ।
ਉਸ ਨੇ ਬਾਅਦ ਵਿਚ ਆਪਣੇ ਭਤੀਜੇ ਜੋਰੇ ਅਤੇ ਭਾਣਜੇ ਜੰਗੂ ਖਾਂ ਨੂੰ ਨਾਲ ਲਾ ਕੇ ਆਪਣਾ ਜਥਾ ਬਣਾ ਲਿਆ। ਜੰਗੂ ਖਾਂ ਮਰਹੂਮ ਗਾਇਕ ਦਿਲਸ਼ਾਦ ਅਖ਼ਤਰ ਦਾ ਦਾਦਾ ਸੀ। ਵਧਾਵਾ ਖਾਂ ਨੇ ਆਪਣੀ ਕਲਾ ਦੇ ਜ਼ੋਰ ਲੋਕਾਂ ਵਿਚ ਏਨੀ ਪ੍ਰਸਿੱਧੀ ਪ੍ਰਾਪਤ ਕੀਤੀ ਕਿ ਰਾਜ ਦਰਬਾਰ ਤਕ ਚਰਚਾ ਛਿੜ ਗਈ। ਮਹਾਰਾਜਾ ਸੰਗਰੂਰ ਦੁਸਹਿਰੇ ਦੇ ਮੇਲੇ ’ਤੇ ਹਰ ਸਾਲ ਵਿਸ਼ੇਸ਼ ਸੱਦਾ ਦੇ ਕੇ ਅਖਾੜਾ ਲੁਆਉਣ ਲੱਗਾ। ਇਸ ਪ੍ਰਕਾਰ ਸ਼ਾਹੀ ਸਰਪ੍ਰਸਤੀ ਪ੍ਰਾਪਤ ਹੋਈ ਅਤੇ ਵਿਸ਼ੇਸ਼ ਇਨਾਮ ਅਤੇ ਬਖਸ਼ੀਸ਼ਾਂ ਮਿਲਣ ਲੱਗ ਗਈਆਂ।
ਅੰਗਰੇਜ਼ਾਂ ਨੇ ਜਦੋਂ ਰਾਜਧਾਨੀ ਕਲਕੱਤੇ ਤੋਂ ਦਿੱਲੀ ਤਬਦੀਲ ਕੀਤੀ ਤਾਂ ਬਹੁਤ ਵੱਡੇ ਪੱਧਰ ’ਤੇ ਜਸ਼ਨ ਮਨਾਏ ਗਏ। ਬਰਤਾਨਵੀ ਕਿੰਗ ਜਾਰਜ ਪੰਚਮ ਵਿਸ਼ੇਸ਼ ਤੌਰ ’ਤੇ ਇਨ੍ਹਾਂ ਜਸ਼ਨਾਂ ਵਿਚ ਸ਼ਾਮਲ ਹੋਇਆ ਸੀ। ਇਸ ਸਮੇਂ ਦੇ ਜਸ਼ਨਾਂ ਵਿਚ ਹੋਰ ਪ੍ਰੋਗਰਾਮਾਂ ਦੇ ਨਾਲ ਦੇਸ਼ ਦੇ ਉੱਚ ਕੋਟੀ ਦੇ ਕਲਾਕਾਰਾਂ ਨੂੰ ਵੀ ਸ਼ਾਮਲ ਕੀਤਾ ਗਿਆ। ਮਹਾਰਾਜਾ ਸੰਗਰੂਰ ਵੱਲੋਂ ਵਧਾਵੇ ਦੇ ਜਥੇ ਨੂੰ ਇਸ ਸਮਾਗਮ ਵਿਚ ਬਤੌਰ ਗਾਇਕ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਮਾਣ ਪ੍ਰਾਪਤ ਹੋਇਆ। ਇਸ ਗੱਲ ਦਾ ਜ਼ਿਕਰ ਪ੍ਰੋ. ਕਰਮ ਸਿੰਘ ਨੇ ਆਪਣੀ ਪੁਸਤਕ ‘ਢੱਡ ਸਾਰੰਗੀ ਵੱਜਦੀ ਮਾਲਵੇ’ ਵਿਚ ਵੀ ਕੀਤਾ ਹੈ। ਲੋਕ ਢਾਡੀ ਕਲਾ ਦੇ ਇਤਿਹਾਸ ਵਿਚ ਉਸ ਦੀ ਇਹ ਪ੍ਰਾਪਤੀ ਆਪਣੇ ਆਪ ਵਿਚ ਇਕ ਮਿਸਾਲ ਹੈ ਜੋ ਹਮੇਸ਼ਾਂ ਯਾਦ ਰੱਖੀ ਜਾਂਦੀ ਰਹੇਗੀ।
ਵਧਾਵੇ ਦੀ ਆਪਣੇ ਇਲਾਕੇ ਵਿਚ ਪੂਰੀ ਚੜ੍ਹਤ ਸੀ। ਇਲਾਕੇ ਦੇ ਵੱਡੇ ਸਰਦਾਰ ਤਾਂ ਆਪਣੇ ਧੀਆਂ ਪੁੱਤਾਂ ਦੇ ਵਿਆਹਾਂ ਨੂੰ ਵਿਸ਼ੇਸ਼ ਤੌਰ ’ਤੇ ਉਸ ਦਾ ਅਖਾੜਾ ਲਗਵਾਉਂਦੇ ਸਨ। ਸੋਨੇ ਦੀ ਇਕ ਛਾਪ ਤੇ ਛੇ ਵੀਹਾਂ ਰੁਪਈਆ ਉਸ ਦਾ ਨਜ਼ਰਾਨਾ ਹੁੰਦਾ ਸੀ। ਭਾਵੇਂ ਇਹ ਸਰਦਾਰ ਪਟਿਆਲਾ, ਅੰਬਾਲਾ ਜਾਂ ਸੰਗਰੂਰ ਤੋਂ ਨੱਚਣ ਗਾਉਣ ਵਾਲੀਆਂ ਬਾਈਆਂ ਨੂੰ ਵੀ ਮੰਗਵਾਉਂਦੇ ਸਨ, ਪਰ ਸੂਝਵਾਨ ਤੇ ਸਿਆਣੇ ਮਲਵਈ ਇਨ੍ਹਾਂ ਦੇ ਮੁਕਾਬਲੇ ਵਧਾਵੇ ਵਰਗੇ ਗਮੰਤਰੀਆਂ ਨੂੰ ਵੱਧ ਸਤਿਕਾਰ ਦਿੰਦੇ ਸਨ। ਸੰਗਰੂਰ ਜ਼ਿਲ੍ਹੇ ਦੇ ਵੱਡੇ ਪਿੰਡ ਲੌਂਗੋਵਾਲ ਦੀ ਅਜਿਹੀ ਇਕ ਘਟਨਾ ਲੋਕਾਂ ਦੇ ਚੇਤਿਆਂ ਵਿਚ ਸਮਾਈ ਹੋਈ ਹੈ, ਜਿਸ ਦਾ ਜ਼ਿਕਰ ਪ੍ਰੋ. ਕਰਮ ਸਿੰਘ ਬਠਿੰਡਾ ਨੇ ਆਪਣੀ ਪੁਸਤਕ ‘ਢੱਡ ਸਾਰੰਗੀ ਵਜਦੀ ਮਾਲਵੇ’ ਵਿਚ ਵੀ ਕੀਤਾ ਹੈ। ਲੇਖਕ ਕਹਿੰਦਾ ਹੈ, ‘ਮਲਕੀ ਦੇ ਗੌਣ ਵਿਚ ਬ੍ਰਿਹਾ ਵਿਯੋਗ ਦੇ ਕੀਰਨੇ ਹਨ। ਹਰ ਗਮੰਤਰੀ ਮਲਕੀ ਨੂੰ ਸਫਲਤਾ ਨਾਲ ਨਹੀਂ ਸੀ ਗਾ ਸਕਦਾ। ਢੱਡਿਆਂ ਵਾਲਾ ਵਧਾਵਾ ਮਰਾਸੀ ਕਿਸੇ ਖ਼ਾਸ ਮੌਕੇ, ਮੁਕਾਬਲੇ ਤੇ ਮਲਕੀ ਦੀ ਕਲੀ ਲਾ ਕੇ ਸਰੋਤਿਆਂ ਨੂੰ ਖਿੱਚ ਪਾ ਜਾਂਦਾ ਸੀ। ਸੁਣਿਆ ਹੈ ਕਿ ਪਿੰਡ ਲੌਂਗੋਵਾਲ ਕੋਈ ਵੱਡਾ ਸਰਦਾਰ ਢੁਕਿਆ। ਪਟਿਆਲਾ, ਸੰਗਰੂਰ ਤੋਂ ਨੱਚਣ ਵਾਲੀਆਂ ਸਦਾਈਆਂ ਹੋਈਆਂ ਸਨ। ਵਧਾਵਾ ਵੀ ਸਾਈ ’ਤੇ ਸਦਾਇਆ ਹੋਇਆ ਸੀ। ਭਾਵੇਂ ਵਧਾਵਾ ਰਾਠੌੜਾਂ ਦੀਆਂ ਵਾਰਾਂ ਬਹੁਤੀਆਂ ਗਾਉਂਦਾ ਸੀ, ਪਰ ਉਸ ਵੇਲੇ ਭੱਜੇ ਆਉਂਦੇ ਨੇ ਮਲਕੀ ਦੀ ਕਲੀ ਚੁੱਕੀ, ਸਾਰਾ ਮੇਲਾ ਵਧਾਵੇ ਵੰਨੀਂ ਤੁਰ ਗਿਆ। ਬਾਈਆਂ ਵਿਚਾਰੀਆਂ ਸੁੰਨੀਆਂ ਹੀ ਖੜ੍ਹੀਆਂ ਵੇਖਦੀਆਂ ਰਹਿ ਗਈਆਂ।’ (ਪੰਨਾ-25)
ਵਧਾਵਾ ਵੀ ਹੋਰ ਢਾਡੀਆਂ ਵਾਂਗ ਮੁੱਖ ਤੌਰ ’ਤੇ ਤਾਂ ਹੀਰ ਅਤੇ ਮਲਕੀ ਹੀ ਗਾਉਂਦਾ ਸੀ, ਪਰ ਦੂਜੀਆਂ ਲੋਕ ਗਾਥਾਵਾਂ ਖ਼ਾਸ ਕਰ ਬੀਰ ਰਸੀ ਜਿਵੇਂ ਜੈਮਲ ਫੱਤਾ, ਦੁੱਲਾ ਭੱਟੀ, ਜਸਮਤ ਆਦਿ ਵੀ ਉਸ ਦੀਆਂ ਮਸ਼ਹੂਰ ਗਾਥਾਵਾਂ ਸਨ। ਪੂਰਨ ਭਗਤ, ਗੋਪੀ ਚੰਦ ਅਤੇ ਕੌਲਾਂ ਭਗਤਣੀ ਗਾਥਾਵਾਂ ਵੀ ਇਸ ਜਥੇ ਵੱਲੋਂ ਗਾਈਆਂ ਜਾਂਦੀਆਂ ਸਨ। ਇਕ ਦੋ ਖਾਸ ਨਮੂਨੇ ਹਨ:
* ਨਾਮ ਫਕੀਰੀ ਧੱਕਾ ਕਹਿਰ ਦਾ,
ਮੁਸ਼ਕਲ ਘਾਟ ਫ਼ਕੀਰੀ।
ਬਾਰਾਂ ਵਰ੍ਹੇ ਰੋਹੀ ਵਿਚ ਬੈਠੇ ਹੋਗੇ,
ਇਕ ਦਿਨ ਜਾ ਕੇ ਨਗਰੀ ਧੀਰੀ।
* ਫੜ ਕੇ ਚਾਕੂ ਗੋਰਖ ਬੈਠ ਗਿਆ,
ਡੋਲਕੇ, ਕੰਨ ਵਿਚ ਮੁੰਦਰ ਪਾਈ।
ਪੱਕੀ ਸੱਜੇ, ਕੱਚੀ ਖੱਬੇ,
ਤੈਨੂੰ ਅੱਧੀ ਫ਼ਕੀਰੀ ਥਿਆਈ।
* ਲੰਮੀ ਧੌਣ ਕਸੀਦਾ ਕੱਢਦੀਏ ਨੀਂ ਮਲਕੀਏ,
ਕੀਹਦਾ ਰੁਮਾਲ ਬਣਾਵੇਂ
ਤੇਰੇ ਕੀਮੇ ਨੂੰ ਬੰਨ੍ਹ ਦਿੱਲੀ ਨੂੰ ਲੈ ਗੇ,
ਤੂੰ ਕੀਹਦੇ ਸ਼ੌਕ ਹੰਢਾਵੇਂ।
ਭਾਗ ਜਿਨ੍ਹਾਂ ਦੇ ਲਿਖੀ ਫ਼ਕੀਰੀ, ਨੀਂ ਵੈਰਨੇ,
ਅੱਜ ਤਖ਼ਤੀਂ ਕੌਣ ਬਹਾਵੇ।
ਮੱਥੇ ਜਿਨ੍ਹ ਦੇ ਧੁੱਪਾਂ ਲਿਖੀਆਂ,
ਛਾਵੇਂ ਕੌਣ ਬਹਾਵੇ।
ਜਿਨ੍ਹਾਂ ਕਰਮੀਂ ਖੰਨੀ ਲਿਖ ਲੀ,
ਸਾਰੀ ਕੌਣ ਖਵਾਵੇ।
ਵਿਚ ਲੇਖਾਂ ਦੇ ਬਾਂਦਾਂ ਲਿਖੀਆਂ,
ਬੱਝਿਆਂ ਨੂੰ ਕੌਣ ਛੁਡਾਵੇ।
ਬੰਨ੍ਹ ਕੇ ਕੀਮਾ ਦਿੱਲੀ ਨੂੰ ਤੋਰ ਲਿਆ,
ਮੈਂ ਮਰਜਾਂ ਮਲਕੀ ਕੀਮੇ ਦੇ ਹਾਵੇ
ਵਧਾਵੇ ਦੇ ਸਮਕਾਲੀ ਢਾਡੀਆਂ ਵਿਚੋਂ ਉਸ ਨਾਲ ਮੜਿੱਕਣ ਵਾਲਾ ਕੋਈ ਨਹੀਂ ਸੀ। ਉਸ ਦੀ ਪੂਰੀ ਝੰਡੀ ਸੀ। ਵਧਾਵੇ ਦੇ ਤਿੰਨ ਵਿਆਹ ਹੋਏ, ਪਰ ਔਲਾਦ ਉਸ ਦੀ ਇਕ ਪਤਨੀ ਮਾਲ੍ਹਾਂ ਤੋਂ ਹੀ ਹੋਈ। ਇਨ੍ਹਾਂ ਦੇ ਘਰ ਚਾਰ ਪੁੱਤਰਾਂ ਅਤੇ ਇਕ ਧੀ ਨੇ ਜਨਮ ਲਿਆ। ਪੁੱਤਰਾਂ ਦੇ ਨਾਂ ਚੰਦ ਖਾਂ, ਕਾਕਾ ਖਾਂ, ਗੋਗਾ ਖਾਂ ਤੇ ਗਨੀ ਖਾਂ ਸਨ। ਇਹ ਸਾਰੇ ਆਪਣੇ ਪਿਓ ਦੇ ਪਦ ਚਿੰਨ੍ਹਾਂ ’ਤੇ ਚੱਲੇ। 1920-21 ਵਿਚ ਜਨਮਿਆ ਚੰਦ ਖਾਂ ਸਿਰੇ ਦਾ ਸਾਰੰਗੀ ਵਾਦਕ ਹੋਇਆ। ਛੋਟੇ ਭਰਾ ਵੀ ਚੜ੍ਹਦੀ ਉਮਰ ਵਿਚ ਹੀ ਢੱਡਾਂ ਖੜਕਾਉਣ ਲੱਗ ਪਏ ਸਨ। ਦੇਸ਼ ਵੰਡ ਤੋਂ ਦੋ ਸਾਲ ਪਹਿਲਾਂ ਪਝੱਤਰ ਕੁ ਸਾਲ ਦੀ ਉਮਰ ਵਿਚ ਵਧਾਵਾ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਕਹਿ ਗਿਆ। ਹੱਲਿਆਂ ਵੇਲੇ ਇਸ ਪਰਿਵਾਰ ਨੇ ਏਧਰ ਹੀ ਰਹਿਣ ਨੂੰ ਤਰਜੀਹ ਦਿੱਤੀ। ਇਨ੍ਹਾਂ ਰੌਲੇ ਗੌਲਿਆਂ ਵਿਚ ਇਨ੍ਹਾਂ ਨੂੰ ਇਨ੍ਹਾਂ ਦੀ ਭੂਆ ਦਾ ਪੁੱਤ ਜੰਗੂ ਖਾਂ ਵਾਂਦਰ ਜਟਾਣੇ ਲੈ ਗਿਆ। ਤਿੰਨ ਚਾਰ ਸਾਲ ਬਾਅਦ ਕਾਕਾ ਖਾਂ ਦਾ ਨਿਕਾਹ ਬੀਬੀ ਕਾਲੋ ਨਾਲ ਹੋਇਆ। ਹਾਲਾਤ ਸਾਵੇਂ ਹੋਣ ’ਤੇ ਚੰਦ ਖਾਂ ਹੁਰਾਂ ਨੇ ਫੇਰ ਢੱਡ ਸਾਰੰਗੀ ਚੁੱਕ ਲਈ। ਹੁਣ ਇਹ ਪੱਕੇ ਤੌਰ ’ਤੇ ਵਾਂਦਰ ਜਟਾਣੇ ਹੀ ਰਹਿਣ ਲੱਗ ਪਏ। ਲੰਮਾਂ ਸਮਾਂ ਇਨ੍ਹਾਂ ਨੇ ਅਖਾੜਿਆਂ ਵਿਚ ਗਾਇਆ। ਆਪਣੇ ਸਮਕਾਲੀ ਢਾਡੀਆਂ ਨਾਲ ਰਲ ਮਿਲ ਕੇ ਪ੍ਰੋਗਰਾਮ ਕਰਦੇ ਰਹੇ। ਬਾਅਦ ਵਿਚ ਇਨ੍ਹਾਂ ਦਾ ਭਤੀਜਾ ਬਨਾਰਸੀ ਖਾਂ ਇਨ੍ਹਾਂ ਦਾ ਸਾਥ ਦੇਣ ਲੱਗ ਪਿਆ। ਕੁੱਝ ਸਮਾਂ ਇਨ੍ਹਾਂ ਨੇ ਕੀੜੇ ਖਾਂ ਸ਼ੌਕੀਨ ਦੇ ਵੱਡੇ ਭਰਾ ਬਾਬੂ ਖਾਂ ਨਾਲ ਵੀ ਗਾਇਆ। 1973 ਵਿਚ ਬਾਬੂ ਖਾਂ ਅਤੇ ਨੱਥੇ ਖਾਂ ਦੀ ਆਵਾਜ਼ ਵਿਚ ਐੱਚ.ਐੱਮ.ਵੀ. ਕੰਪਨੀ ਵੱਲੋਂ ਰਿਲੀਜ਼ ਕੀਤੇ ਇਕ ਸਾਂਝੇ ਤਵੇ ਵਿਚ ਉਨ੍ਹਾਂ ਦਾ ਸਾਥ ਸਾਰੰਗੀਵਾਦਕ ਵਜੋਂ ਚੰਦ ਖਾਂ ਨੇ ਦਿੱਤਾ ਹੈ।
ਕਾਕਾ ਖਾਂ ਤੇ ਬੀਬੀ ਕਾਲੋ ਦੇ ਤਿੰਨ ਪੁੱਤਰ ਬਨਾਰਸੀ ਖਾਂ, ਕ੍ਰਿਸ਼ਨ ਖਾਂ ਤੇ ਦਰਸ਼ਨ ਖਾਂ ਪੈਦਾ ਹੋਏ। ਬਨਾਰਸੀ ਖਾਂ ਨੇ ਆਪਣੇ ਚਾਚੇ-ਤਾਇਆਂ ਤੋਂ ਢੱਡ ਸਾਰੰਗੀ ਦੀ ਗਾਇਕੀ ਸਿੱਖੀ। ਕ੍ਰਿਸ਼ਨ ਖਾਂ ਤੇ ਦਰਸ਼ਨ ਖਾਂ ਵੀ ਸੰਗੀਤ ਨਾਲ ਜੁੜੇ। ਕ੍ਰਿਸ਼ਨ ਖਾਂ ਨੇ ਬਹੁਤ ਸਾਰੇ ਪ੍ਰਸਿੱਧ ਗਾਇਕਾਂ ਨਾਲ ਹਾਰਮੋਨੀਅਮ ਤੇ ਸੰਗਤ ਕੀਤੀ ਅਤੇ ਹਾਰਮੋਨੀਅਮ ਵਾਦਕ ਵਜੋਂ ਚੰਗਾ ਨਾਂ ਬਣਾਇਆ। ਏਸੇ ਤਰ੍ਹਾਂ ਦਰਸ਼ਨ ਖਾਂ ਨੇ ਢੋਲਕ ਵਾਦਕ ਵਜੋਂ ਨਾਮਣਾ ਖੱਟਿਆ। 1986 ਵਿਚ ਦਰਸ਼ਨ ਖਾਂ ਦਾ ਨਿਕਾਹ ਰਾਣੀ ਨਾਲ ਹੋਇਆ। ਇਨ੍ਹਾਂ ਦੇ ਘਰ ਦੋ ਧੀਆਂ ਤੇ ਦੋ ਪੁੱਤਰਾਂ ਨੇ ਜਨਮ ਲਿਆ। ਧੀਆਂ ਵਿਚ ਗੁਰਲੇਜ਼ ਅਖ਼ਤਰ ਅਤੇ ਜੈਸਮੀਨ ਅਖ਼ਤਰ ਸੰਗੀਤ ਦੇ ਖੇਤਰ ਵਿਚ ਕਿਸੇ ਰਸਮੀ ਜਾਣ ਪਛਾਣ ਦੀਆਂ ਮੁਥਾਜ ਨਹੀਂ। ਏਸੇ ਤਰ੍ਹਾਂ ਪੁੱਤਰ ਸ਼ਹਿਨਾਜ਼ ਅਖ਼ਤਰ ਤੇ ਸਾਹਿਲ ਅਖ਼ਤਰ ਟੀ.ਵੀ. ਕਲਾਕਾਰ ਹਨ। ਇਸ ਤਰ੍ਹਾਂ ਵਧਾਵਾ ਖਾਂ ਦੀ, ਚੌਥੀ ਪੀੜ੍ਹੀ ਵੀ ਕਿਸੇ ਨਾ ਕਿਸੇ ਰੂਪ ਵਿਚ ਸੰਗੀਤ ਜਗਤ ਨਾਲ ਜੁੜੀ ਹੋਈ ਹੈ।
ਸੰਪਰਕ: 84271-00341