ਹਰਕੰਵਲ ਕੰਗ
ਸੰਗੀਤ ਜਗਤ ਵਿਚ ਲਾਲੀ ਧਾਲੀਵਾਲ ਅਜਿਹਾ ਸੰਗੀਤਕਾਰ ਹੈ ਜਿਨ੍ਹਾਂ ਦੇ ਸਿਰ ਪੰਜਾਬ ਦੇ ਅਨੇਕਾਂ ਗਾਇਕਾਂ ਅਤੇ ਸੈਂਕੜੇ ਗੀਤਾਂ ਨੂੰ ਸੁਪਰ ਹਿੱਟ ਕਰਨ ਦਾ ਸਿਹਰਾ ਵੱਝਦਾ ਹੈ। ਲਾਲੀ ਨੇ ਆਪਣੇ ਵੱਡੇ ਭਾਈ ਕਮਲ ਨਾਲ ਮਿਲ ਕੇ ਸੰਗੀਤ ਜਗਤ ’ਚ ਬੁਲੰਦੀਆਂ ਨੂੰ ਛੂਹਿਆ ਹੈ। ਹੁਣ ਉਨ੍ਹਾਂ ਨੇ ਆਪਣੇ ਫਰਜ਼ੰਦ ਸਿਮਰਨ ਧਾਲੀਵਾਲ ਨਾਲ ਨਵੀਂ ਪੁਲਾਂਘ ਪੁੱਟੀ ਹੈ। ਬਹੁਤ ਹੀ ਸਾਦੇ ਤੇ ਗ਼ਰੀਬ ਪਰਿਵਾਰ ਵਿਚ ਜਨਮ ਲੈ ਕੇ ਅੱਜ ਬੁਲੰਦੀਆਂ ਨੂੰ ਛੂਹ ਰਹੇ ਲਾਲ ਕਮਲ ਭਰਾਵਾਂ ਦੀ ਸਫਲਤਾ ਪਿੱਛੇ ਜਿੱਥੇ ਸੰਗੀਤ ਦੀਆਂ ਬਾਰੀਕੀਆਂ ਨੂੰ ਸਿੱਖਣ ਲਈ ਸਖ਼ਤ ਮਿਹਨਤ ਅਤੇ ਲਗਨ ਹੈ, ਉੱਥੇ ਹੀ ਅਤਿ ਦੀ ਨਿਮਰਤਾ, ਹਲੀਮੀ ਤੇ ਸਾਦੇ ਸੁਭਾਅ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਖਾਸ ਗੱਲ ਇਹ ਹੈ ਕਿ ਆਮ ਤੌਰ ਉੱਤੇ ਬੋਹੜ ਥੱਲੇ ਬੂਟਾ ਨਹੀਂ ਹੁੰਦਾ, ਪਰ ਪਰਿਵਾਰ ਦੀ ਵਿਰਾਸਤ ਨੂੰ ਲਾਲੀ ਧਾਲੀਵਾਲ ਦਾ ਪੁੱਤਰ ਸਿਮਰਨ ਧਾਲੀਵਾਲ ਸਾਂਭਣ ਲਈ ਯਤਨਸ਼ੀਲ ਹੈ ਤੇ ਉਹ ਆਪਣੀ ਪਿਤਾ ਪੁਰਖੀ ਇਸ ਕਲਾ ਨੂੰ ਪੂਰੀ ਤਰ੍ਹਾਂ ਪਰਣਾਇਆ ਹੋਇਆ ਹੈ। ਬਾਬਾ ਅਜੀਤ ਸਿੰਘ ਜੁਝਾਰ ਸਿੰਘ ਕਾਲਜ ਬੇਲਾ ਤੋਂ ਆਪਣੀ ਤਾਲੀਮ ਹਾਸਲ ਨਵੀਂ ਪੌਧ ਦੇ ਇਸ ਉੱਭਰਦੇ ਸੰਗੀਤਕਾਰ ਤੋਂ ਬੇਹੱਦ ਆਸਾਂ ਹਨ ਤੇ ਨਵੀਂ ਪੀੜ੍ਹੀ ਦੇ ਸੰਗੀਤਕਾਰਾਂ ਵਿਚ ਉਸ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਚਮਕੌਰ ਸਾਹਿਬ ਦੀ ਧਰਤੀ ’ਤੇ ਵਸਦੇ ਇਸ ਸੰਗੀਤਕਾਰਾਂ ਦੇ ਪਰਿਵਾਰ ਦੀ ਸੁਰਾਂ ਨਾਲ ਪੁਰਾਤਨ ਸਾਂਝ ਹੈ। ਇਨ੍ਹਾਂ ਨੇ ਸੁਰਾਂ ਦੇ ਮਰਹੂਮ ਸਿਕੰਦਰ ਸਰਦੂਲ ਸਿਕੰਦਰ ਤੋਂ ਲੈ ਕੇ ਮਿਸ ਪੂਜਾ, ਸੁਦੇਸ਼ ਕੁਮਾਰੀ, ਬਲਕਾਰ ਸਿੱਧੂ, ਸੁਖਵਿੰਦਰ ਸੁੱਖੀ, ਦੁਰਗਾ ਰੰਗੀਲਾ, ਸੁਰਿੰਦਰ ਛਿੰਦਾ, ਅੰਮ੍ਰਿਤਾ ਵਿਰਕ, ਗੁਰਲੇਜ਼ ਅਖ਼ਤਰ, ਜਸਪਿੰਦਰ ਨਰੂਲਾ, ਜਸਵੰਤ ਸੰਦੀਲਾ, ਪਾਲੀ ਦੇਤਵਾਲੀਆ, ਦੇਬੀ ਮਖਸੂਸਪੁਰੀ, ਆਤਮਾ ਬੁੱਢੇਵਾਲੀਆ, ਹਰਿੰਦਰ ਸੰਧੂ, ਦੀਪ ਢਿੱਲੋਂ, ਲਾਭ ਹੀਰਾ, ਮਨਜੀਤ ਰੂਪੋਵਾਲੀਆ, ਕੇ.ਐੱਸ. ਮੱਖਣ, ਧਰਮਪ੍ਰੀਤ, ਸੁਖਵਿੰਦਰ ਸੁੱਖੀ, ਬਾਈ ਅਮਰਜੀਤ, ਗੁਰਬਖਸ਼ ਸ਼ੌਂਕੀ, ਹਰਦੇਵ ਮਾਹੀਨੰਗਲ, ਅਕਾਸ਼ਦੀਪ, ਮਿੱਟੂ ਧੂਰੀ ਤੇ ਹੋਰ ਬਹੁਤ ਸਾਰੇ ਗਾਇਕਾਂ ਦੀ ਆਵਾਜ਼ ਨੂੰ ਸੰਗੀਤ ’ਚ ਪਰੋਅ ਕੇ ਲੋਕਾਂ ਦੀ ਕਚਹਿਰੀ ਵਿਚ ਪੇਸ਼ ਕੀਤਾ। ਗੱਲ ਕੀ ਲਾਲ ਕਮਲ ਦੇ ਸੰਗੀਤ ਵਿਚ ਆਪਣੀ ਆਵਾਜ਼ ਰਿਕਾਰਡ ਕਰਵਾਉਣ ’ਚ ਕਲਾਕਾਰ ਮਾਣ ਮਹਿਸੂਸ ਕਰਦੇ ਹਨ।
ਲਾਲੀ ਧਾਲੀਵਾਲ ਦੇ ਸੰਗੀਤ ’ਚ ਹਿੱਟ ਗੀਤਾਂ ’ਚ ਮਿਸ ਪੂਜਾ ਦਾ ‘ਮੇਰੇ ਪਿੱਛੇ ਐਂਵੇ ਪੈਟਰੋਲ ਫੂਕਦਾ’, ਬਲਕਾਰ ਸਿੱਧੂ ਦਾ ‘ਤੂੰ ਮੇਰੀ ਖੰਡ ਮਿਸ਼ਰੀ’, ‘ਮਾਝੇ ਦੀਏ ਮੋਬੱਤੀਏ’, ਸੁਖਵਿੰਦਰ ਸੁੱਖੀ ਦਾ ‘ਵੰਗਾਂ ਮੇਚ ਨਾ ਆਈਆਂ’, ‘ਝੋਨਾ ਲਾਉਣਾ ਈ ਛੱਡ ਦੇਣਾ’, ਬਾਈ ਅਮਰਜੀਤ ਦਾ ‘ਪੈੱਗ ਲਾਉਣ ਦੇ ਸੋਹਣੀਏ’, ਮੱਖਣ ਦਾ ‘ਕੱਚ ਦੀ ਗਲਾਸੀ’ ਆਦਿ ਗੀਤ ਸ਼ੁਮਾਰ ਹਨ, ਪਰ ਅੱਜ ਵੀ ਬਹੁਤ ਘੱਟ ਲੋਕ ਜਾਣਦੇ ਹਨ ਕਿ ਲਾਲ ਤੇ ਕਮਲ ਅਸਲ ਵਿਚ ਦੋ ਨਾਂ ਹਨ ਯਾਨੀ ਕਿ ਦੋ ਸਕੇ ਭਰਾ ਹਨ ਜਿਨ੍ਹਾਂ ਵਿਚ ਲਾਲ ਚੰਦ ਉਰਫ਼ ਲਾਲੀ ਧਾਲੀਵਾਲ ਛੋਟਾ ਤੇ ਕਮਲ ਵੱਡਾ ਹੈ। ਦੋਵਾਂ ਨੇ ਸ਼ੁਰੂਆਤ ਇਕੱਠਿਆਂ ਹੀ 1996 ਤੋਂ ਕੀਤੀ ਤੇ ਫਿਰ 2011 ਤਕ ਇਕੱਠਿਆਂ ਕੰਮ ਕੀਤਾ, ਪਰ ਹੁਣ ਦੋਵਾਂ ਭਰਾਵਾਂ ਨੇ ਆਪਸੀ ਸਹਿਮਤੀ ਨਾਲ ਆਪਣੇ ਸਟੂਡੀਓ ਖਰੜ ਵਿਚ ਸਥਾਪਿਤ ਕੀਤੇ ਹਨ।
8 ਮਾਰਚ 1972 ਨੂੰ ਪਿਤਾ ਦਿਆਲ ਚੰਦ ਅਤੇ ਮਾਤਾ ਲਾਖਾ ਦੇਵੀ ਦੀ ਕੁੱਖੋਂ ਸ੍ਰੀ ਚਮਕੌਰ ਸਾਹਿਬ ਵਿਚ ਪੈਦਾ ਹੋਏ ਲਾਲੀ ਧਾਲੀਵਾਲ ਦਾ ਮੰਨਣਾ ਹੈ ਕਿ ਉਸ ਨੇ ਸੰਗੀਤ ਦੀਆਂ ਸਭ ਬਾਰੀਕੀਆਂ ਆਪਣੇ ਵੱਡੇ ਭਰਾ ਕਮਲ ਕੋਲੋਂ ਹੀ ਸਿੱਖੀਆਂ ਹਨ ਤੇ ਉਨ੍ਹਾਂ ਦੀ ਬਦੌਲਤ ਹੀ ਅੱਜ ਉਹ ਇਸ ਮੁਕਾਮ ’ਤੇ ਹਨ। ਪਿਤਾ ਦਿਆਲ ਚੰਦ ਦਾ ਪਿਛੋਕੜ ਖਮਾਣੋ ਖੁਰਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਹੈ ਜੋ ਬਾਅਦ ਵਿਚ ਆ ਕੇ ਸ੍ਰੀ ਚਮਕੌਰ ਸਾਹਿਬ ਵਸ ਗਏ। ਉਹ ਵੀ ਉਸ ਵੇਲੇ ਦੇ ਉੱਚਕੋਟੀ ਦੇ ਬੈਂਡ ਮਾਸਟਰ ਸਨ ਜਿਨ੍ਹਾਂ ਕੋਲੋਂ ਉਨ੍ਹਾਂ ਨੇ ਸੰਗੀਤ ਦੀ ਗੁੜ੍ਹਤੀ ਲਈ ਅਤੇ ਸ੍ਰੀ ਪਰਵੇਜ਼ ਆਲਮ ਨੂੰ ਆਪਣਾ ਗੁਰੂ ਧਾਰ ਕੇ ਸੰਗੀਤ ਦੀ ਸਿੱਖਿਆ ਲਈ। ਇਸ ਵੇਲੇ ਲਾਲੀ ਧਾਲੀਵਾਲ ਦਾ ਬੇਟਾ ਸਿਮਰਨ ਧਾਲੀਵਾਲ ਸੰਗੀਤ ਕੰਪੋਜ਼ ਕਰਨ ਅਤੇ ਸਟੂਡੀਓ ਦਾ ਪੂਰਾ ਕੰਮਕਾਜ ਸੰਭਾਲਣ ਵਿਚ ਮਦਦ ਕਰਦਾ ਹੈ।
ਸੰਪਰਕ: 97819-78123